ਦੁੱਖ ’ਕੱਲੀ ਗੇਜੋ ਤੇਰੇ ਘਰ ਹੀ ਨਹੀਂ…। ਨਾਲ ਤੁਰੀ ਜਾਂਦੀ ਪਾਟੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਬਲਬੀਰੋ ਦੀ ਜਾਨ ਕਿਹੜਾ ਸੌਖੀ ਆ। ਜਦ ਦੀ ਵਿਆਹ ਕੇ ਆਈ ਆ ਉਦੋਂ ਤੋਂ ਲੈ ਹੁਣ ਤੀਕਰ ਸਿਰ ਤੋਂ ਕੱਖਾਂ ਦੀ ਪੰਡ ਨਾ ਲਹੀ। ਨਾ ਘਰ ਵਾਲੇ ਭੋਲੇ ਦੇ ਪੈਰ ਬੇਗਾਨੇ ਖੇਤਾਂ ਦੀਆਂ ਵੱਟਾਂ ਤੋਂ ਲਹੇ। ਦੋਨੋਂ ਦਿਨ ਰਾਤ ਹੰਭ ਹੰਭ ਮਰਨ ਵਾਲੇ ਹੋ ਗਏ… ਪਰ ਚੰਦਰੀ ਗ਼ਰੀਬੀ ਨੇ ਖਹਿੜਾ ਨਾ ਛੱਡਿਆ। ਇਹ ਮਾਈਆਂ ਤੁਰੀਆਂ ਜਾਂਦੀਆਂ ਅੱਧਾ ਪੰਧ ਮੁਕਾ ਗਈਆਂ। ਧੁੱਪ ਹੋਰ ਤਿੱਖੀ ਸਿਰ ਚੀਰਦੀ ਜਾਂਦੀ ਆ।
ਗਗਨਦੀਪ ਸਿੰਘ
ਦਾਤੀ ਕੱਪੜਾ ਚੁੱਕੀ ਗੇਜੋ ਚੰਦ ਕੁਰ ਦੇ ਬੂਹੇ ਜਾ ਖਲੋਤੀ। ਥੱਬਾ ਕੱਖਾਂ ਦਾ ਖੋਤਣ ਜਾਣਾ ਸੀ। ਜਾਂਦਿਆਂ ਨੂੰ ਪਹਿਲਾਂ ਹੀ ਬਲਬੀਰੋ ਚਾਹ ਪੀਂਦੀ ਦੁੱਖੜੇ ਰੋ ਰਹੀ ਸੀ। ਧੁੱਪ ਜ਼ਿਆਦਾ ਨਾ ਚੜ੍ਹ ਜਾਵੇ ਫਟਾਫਟ ਚਾਰੇ ਪੰਜੇ ਨਹਿਰੋਂ ਪਾਰ ਚੱਲ ਪਈਆਂ। ਤੁਰੀਆਂ ਜਾਂਦੀਆਂ ਚਾਰ ਪੰਜ ਮੀਲ ਦਾ ਪੰਧ ਰੋਜ਼ ਮੁਕਾ ਜਾਂਦੀਆਂ ਨੇ। ਥੱਕਦੀਆਂ ਨੇ ਕਿ ਨਾ ਪਤਾ ਨਹੀਂ… ਦੁੱਖਾਂ ਦੀਆਂ ਸਿੱਲ੍ਹੀਆਂ ਕਹਾਣੀਆਂ ਥੱਕਣਾ ਭੁਲਾ ਦਿੰਦੀਆਂ ਨੇ।
ਗੇਜੋ ਦੀਆਂ ਦੋ ਕੁੜੀਆਂ ਵਿਆਹੀਆਂ ਹੋਈਆਂ ਨੇ। ਵੱਡੀ ਕੁੜੀ ਕੋਲ ਛੇ ਕੁੜੀਆਂ ਹੋ ਗਈਆਂ… ਮੁੰਡੇ ਦਾ ਮੂੰਹ ਦੇਖਣ ਨੂੰ ਹੰਭੀ ਪਈ ਆ। ਬਥੇਰਾ ਮਨ ਸਮਝਾਉਂਦੀ ਆ ਕਿ ਕੁੜੀਆਂ ਕਿਹੜਾ ਘੱਟ ਨੇ ਪਰ ਸ਼ਰੀਕਾਂ ਦੇ ਬੋਲ ਕਿੱਥੇ ਦਿਲ ਟਿਕਣ ਦਿੰਦੇ ਆ। ਬਥੇਰਾ ਘਰ ਲਾਇਆ ਗੇਜੋ ਨੇ, ਹਰ ਵਾਰੀ ਜਾਪਾ ਆਪ ਕਰਾਉਂਦੀ, ਪਰ ਆਸਾਂ ਨੂੰ ਬੂਰ ਨਹੀਂ ਪੈਂਦਾ ਦਿਸਦਾ। ਮੁੰਡਾ ਵਿਆਹ ਲਿਆ, ਘਰ ਨੂੰਹ ਆ ਗਈ। ਪਹਿਲਾਂ ਪਹਿਲਾਂ ਠੀਕ ਸੀ। ਹੁਣ ਉਹ ਵੀ ਨਣਦ ਕੰਨੀਓਂ ਪਾਸਾ ਵੱਟਣ ਲੱਗ ਪਈ। ਗੇਜੋ ਦਾ ਦਿਲ ਤਾਂ ਮੱਚਦਾ ਕਿ ਸਾਰੀ ਉਮਰ ਕੱਖ ਕੰਡਾ ਢੋਂਹਦੀ ਦਾ ਲੰਘ ਗਿਆ, ਹੁਣ ਓਸੇ ਨੂੰ ਹੀ ਨੀਵਾਂ ਕਿਉਂ ਦਿਖਾਇਆ ਜਾਂਦਾ ਏ।
ਦੁੱਖ ’ਕੱਲੀ ਗੇਜੋ ਤੇਰੇ ਘਰ ਹੀ ਨਹੀਂ…। ਨਾਲ ਤੁਰੀ ਜਾਂਦੀ ਪਾਟੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਬਲਬੀਰੋ ਦੀ ਜਾਨ ਕਿਹੜਾ ਸੌਖੀ ਆ। ਜਦ ਦੀ ਵਿਆਹ ਕੇ ਆਈ ਆ ਉਦੋਂ ਤੋਂ ਲੈ ਹੁਣ ਤੀਕਰ ਸਿਰ ਤੋਂ ਕੱਖਾਂ ਦੀ ਪੰਡ ਨਾ ਲਹੀ। ਨਾ ਘਰ ਵਾਲੇ ਭੋਲੇ ਦੇ ਪੈਰ ਬੇਗਾਨੇ ਖੇਤਾਂ ਦੀਆਂ ਵੱਟਾਂ ਤੋਂ ਲਹੇ। ਦੋਨੋਂ ਦਿਨ ਰਾਤ ਹੰਭ ਹੰਭ ਮਰਨ ਵਾਲੇ ਹੋ ਗਏ… ਪਰ ਚੰਦਰੀ ਗ਼ਰੀਬੀ ਨੇ ਖਹਿੜਾ ਨਾ ਛੱਡਿਆ। ਜਦ ਵਿਆਹੁਲੀ ਆਈ ਸੀ ਤਾਂ ਗਿੱਠ ਗਿੱਠ ਲਾਲੀ ਚੜ੍ਹਦੀ ਸੀ ਚਿਹਰੇ ’ਤੇ। ਨੂਰ ਝਲਕਦਾ ਸੀ। ਘਰ ਵਾਲਾ ਸਾਧ ਰੂਪੀ, ਰੱਬ ਦਾ ਬੰਦਾ ਸੀ। ਹਰ ਪੈਰ ’ਤੇ ਨਾਲ ਖੜ੍ਹੀ ਆਈ ਆ ਹੁਣ ਤੱਕ ਬਲਬੀਰੋ। ਤਿੰਨ ਧੀਆਂ ਤੇ ਦੋ ਪੁੱਤਾਂ ਦੇ ਮਾਂ ਬਾਪ ਸੀ। ਵੱਡਾ ਚੜ੍ਹਦੀ ਉਮਰੇ ਇੱਕੀਆਂ ਸਾਲਾਂ ਦਾ ਕਾਲਜਾ ਕੱਢ ਕੇ ਲੈ ਗਿਆ। ਹਾਲੇ ਵੱਡੀ ਕੁੜੀ ਦਾ ਵਿਆਹ ਹੀ ਕੀਤਾ ਸੀ ਚੁੰਨੀ ਚੜ੍ਹਾਵਾ… ਥੋੜ੍ਹੇ ਦਿਨਾਂ ਬਾਅਦ ਤੁਰ ਗਿਆ। ਮਾਂ ਬਾਪ ਬੁੱਢੀ ਉਮਰਾਂ ਵੱਲ ਨੂੰ ਢੁਕਦੇ ਜਾਂਦੇ ਤੇ ਛੋਟਾ ਮੁੰਡਾ ਹਾਲੇ ਨਿਆਣਾ ਈ ਸੀ। ਕਿਵੇਂ ਨਾ ਕਿਵੇਂ ਕੁੜੀਆਂ ਆਪ ਨਾਲ ਦਿਹਾੜੀ ਦੱਪਾ ਕਰ ਕੇ ਆਪਣਾ ਘਰ ਦਾ ਤੋਰਾ ਚਲਾਉਣ ਜੋਗੀਆਂ ਹੋਈਆਂ।
ਤੁਰੀਆਂ ਜਾਂਦੀਆਂ ਅੱਧਾ ਪੰਧ ਮੁਕਾ ਗਈਆਂ। ਧੁੱਪ ਹੋਰ ਤਿੱਖੀ ਸਿਰ ਚੀਰਦੀ ਜਾਂਦੀ ਆ। ਦਿਆਲੇ ਬਾਬੇ ਕੀ ਪਹੀ ਦੇ ਮੱਥੇ ਲੱਗੀ ਟਾਹਲੀ ਥੱਲੇ ਦਮ ਲੈਣ ਰੁਕ ਗਈਆਂ। ਰੋਡੇ ਕੀ ਤਾਰੋ ਆਲੇ-ਦੁਆਲੇ ਦੂਰ ਤੱਕ ਨਿਗ੍ਹਾ ਮਾਰੇ ਕਿ ਕਿਤੋਂ ਥੱਬਾ ਕੱਖਾਂ ਦਾ ਦਿਸ ਜਾਵੇ। ਪਰ ਕੱਖ ਹੁਣ ਕਿੱਥੇ…?
ਤਾਰੋ ਦੇ ਘਰ ਵਾਲਾ ਵਿਆਹ ਤੋਂ ਸੱਤ ਸਾਲ ਬਾਅਦ ਮਰ ਗਿਆ ਸੀ। ਖੇਤ ਕੰਮ ਕਰਦੇ ਦੇ ਸੱਪ ਨੇ ਡੰਗ ਮਾਰਿਆ… ਤਾਰੋ ਨੂੰ ਵੀ ਸਾਰੀ ਉਮਰ ਦਾ ਰੋਗ ਲਾ ਗਿਆ। ਹੁਣ ਤਾਰੋ ’ਕੱਲੀ ਰਹਿੰਦੀ ਸੀ। ਉਹਦੀ ਇਕ ’ਕੱਲੀ ਕੁੜੀ ਸੀ ਉਹਦੀ ਜਿਹੜੀ ਵਿਆਹ ਦਿੱਤੀ ਸੀ। ਕਿਵੇਂ ਨਾ ਕਿਵੇਂ ਤਰਲੇ ਮਿੰਨਤਾਂ ਕਰ ਕੇ ਆਵਦਾ ਦੋਹਤਾ ਲੈ ਆਈ। ਅੱਗੋਂ ਪ੍ਰਾਹੁਣਾ ਅੜਬ ਸੀ ਮਸਾਂ ਰਿਸ਼ਤੇਦਾਰਾਂ ਮਨਾਇਆ। ਹੁਣ ਜਦ ਤਾਰੋ ਕੱਖਾਂ ਨੂੰ ਆ ਜਾਂਦੀ ਐ ਤਾਂ ਸਾਰੀ ਸੁਰਤ ਦੋਹਤੇ ’ਚ ਰਹਿੰਦੀ ਐ ਕਿੱਥੇ ਹੋਊਗਾ.. ਕਿਤੇ ਭੁੱਖਾ ਨਾ ਰਹਿਜੇ। ਕੱਖ ਕੰਡਾ ਟੋਲਦੀਆਂ ਕਈ ਵੇਰੀਂ ਤਾਂ ਵਾਹਵਾ ਦੂਰ ਲੰਘ ਜਾਂਦੀਆਂ ਨੇ… ਆਉਂਦੀਆਂ ਨੂੰ ਵੇਲਾ ਕੁਵੇਲਾ ਵੀ ਹੋ ਜਾਂਦੈ।
ਚਾਰ ਧੀਆਂ ਤੇ ਇੱਕ ਨਿਆਣੇ ਮੁੰਡੇ ਦੀ ਮਾਂ ਸ਼ਿੰਦਰ ਦੀ ਜ਼ਿੰਦਗੀ ਕਿਹੜਾ ਸੁਖਾਲੀ ਐ। ਘਰ ਵਾਲਾ ਵਿਆਹ ਤੋਂ ਥੋੜ੍ਹੇ ਟਾਈਮ ਬਾਅਦ ਹੀ ਸ਼ਰਾਬੀ ਹੋਣ ਲੱਗ ਗਿਆ ਜਿਹੜਾ ਹੁਣ ਤੱਕ ਦਾਰੂ ਦੀ ਬੋਤਲ ਵਿੱਚ ਡੁੱਬਿਆ ਹੋਇਐ। ਕਿਵੇਂ ਨਾ ਕਿਵੇਂ ਢਿੱਡ ਬੰਨ੍ਹ ਕੇ ਸ਼ਿੰਦਰ ਨੇ ਆਵਦੇ ਜੁਆਕਾਂ ਨੂੰ ਪਾਲਿਆ, ਪੜ੍ਹਾ ਲਿਆ। ਕਣਕਾਂ ਵੱਢਣ ਕੁੜੀਆਂ ਨੂੰ ਨਾਲ ਲੈ ਜਾਣਾ, ਫਿਰ ਬੱਲੀਆਂ ਚੁੱਕਣ ਜਾਣਾ। ਚਾਰ ਸੇਰ ਦਾਣੇ ਹੋਰ ’ਕੱਠੇ ਹੋ ਜਾਂਦੇ। ਫਿਰ ਜੀਰੀਆਂ ਲਾਉਣੀਆਂ, ਫਿਰ ਝਾੜਨ ਜਾਣਾ। ਫਿਰ ਜੀਰੀ ਚੁੱਕਣ ਜਾਣਾ। ਨਾ ਉਨ੍ਹਾਂ ਕਦੇ ਕੋਈ ਆਲੂ ਚੁਗਣ ਦੀ ਦਿਹਾੜੀ ਛੱਡੀ, ਨਾ ਕਦੇ ਕਮਾਦ ਘੜਨਾ ਛੱਡਿਆ। ਦਿਹਾੜੀ ਵੀ ਮਸਾਂ ਸੱਤਰ ਕੁ ਰੁਪਏ ਮਿਲਦੀ ਸੀ। ਚਾਰੇ ਕੁੜੀਆਂ ਅਤੇ ਪੰਜਵੀਂ ਆਪ ਹੁੰਦੀ। ਸਾਰਾ ਦਿਨ ਪੰਜੇ ਖਪ ਖਪ ਕੇ ਤਿੰਨ ਸਾਢੇ ਤਿੰਨ ਸੌ ਮਸਾਂ ਕਮਾਉਂਦੀਆਂ ਤਾਂ ਵੀ ਰੱਬ ਦਾ ਸ਼ੁਕਰ ਕਰਦੀਆਂ। ਘਰੇ ਡੰਗਰ ਮੁੰਡਾ ਸਾਂਭਦਾ ਜਿਹੜਾ ਹਾਲੇ ਖੇਡਣ ਦੀ ਉਮਰ ’ਚ ਸੀ।
ਇੱਕ ਕੈਲੋ ਹੁੰਦੀ ਸੀ ਨਾਲ ਦੀ। ਸਾਰੀ ਉਮਰ ਗ਼ਰੀਬੀ ਕੱਟੀ। ਜਦੋਂ ਵਿਆਹੀ ਆਈ ਸੀ। ਵੰਡ ’ਚ ਸਬ੍ਹਾਤ ਮਿਲੀ ਸੀ। ਉਹੀ ਕਮਰਾ ਜੋ ਵਿਹੜੇ ਨਾਲੋਂ ਢਾਈ ਤਿੰਨ ਫੁੱਟ ਡੂੰਘਾ ਰਹਿ ਗਿਆ ਸੀ। ਹੌਲੀ ਹੌਲੀ ਜੁਆਕਾਂ ਨੇ ਲੱਗ ਲਗਾ ਕੇ ਕਬੀਲਦਾਰੀ ਚੁੱਕੀ। ਕੁੜੀਆਂ ਵਿਆਹ ਦਿੱਤੀਆਂ। ਹੁਣ ਨਵਾਂ ਘਰ ਬਣਾ ਲਿਆ ਸੀ। ਜਦ ਦਿਨ ਚੱਜ ਦੇ ਆਏ ਸੀ ਤਾਂ ਹੁਣ ਚੰਦਰੀ ਦੁੱਖਾਂ ਦਾ ਭਾਰ ਢੋਂਦੀ ਆਪ ਤੁਰ ਗਈ। ਕੌਲੇ ਨਾਲ ਖੜ੍ਹਾ ਉਹਦੇ ਘਰ ਵਾਲਾ ਨਛੱਤਰ ਸਿੰਹੁ ਭੁੱਬਾਂ ਮਾਰ-ਮਾਰ ਰੋਵੇ ਕਿ ਸਾਰੀ ਉਮਰ ਮੇਰੇ ਨਾਲ ਬਰੋਬਰ ਖੜ੍ਹ ਕੇ ਮਾੜੇ ਤੋਂ ਮਾੜਾ ਵੇਲਾ ਕੱਟਿਆ, ਜਦ ਹੁਣ ਜੂਨ ਸੁਧਰੀ ਤੇ ਬੈਠ ਕੇ ਰੋਟੀ ਖਾਣ ਦਾ ਵੇਲਾ ਸੀ ਹੁਣ ਚੰਦਰੀਏ ਤੂੰ ਤੁਰ ਗਈ।
ਚਿੰਤੋ ਮਾਈ ਉਮਰੋਂ ਹੌਲੀ ਆ, ਪਰ ਕਬੀਲਦਾਰੀ ਦੇ ਭਾਰ ਨੇ ਕੱਖੋਂ ਹੌਲੀ ਕਰ ਛੱਡਿਆ। ਛੋਟੀ ਉਮਰੇ ਹੀ ਚਿੱਟੇ ਵਾਲਾਂ ਨੇ ਸਿਰ ਮੱਲ ਲਿਆ। ਘਰ ਵਾਲਾ ਪਹਿਲਾਂ ਦਿਹਾੜੀ ਦੱਪਾ ਕਰਦਾ ਸੀ ਤਾਂ ਪਿੱਠ ਜਵਾਬ ਦੇ ਗਈ। ਡਿੱਗਦਾ ਢਹਿੰਦਾ ਤਿੰਨ ਟਾਇਰੀ ਸਾਈਕਲੀ ਲੈ ਕੇ ਕਬਾੜ ਚੁੱਕਣ ਲੱਗ ਪਿਆ। ਛੇ ਧੀਆਂ ਤੇ ਇੱਕ ਮੁੰਡੇ ਦਾ ਬਾਪ ਸੀ। ਆਏ ਸਾਲ ਇੱਕ ਇੱਕ ਕਰ ਕੇ ਕੁੜੀਆਂ ਦੇ ਵਿਆਹ ਕਰਦਾ ਗਿਆ। ਦੋ ਕੁੜੀਆਂ ਹਾਲੇ ਰਹਿੰਦੀਆਂ ਸੀ। ਚੰਦਰੀ ਕੈਂਸਰ ਦੀ ਬਿਮਾਰੀ ਜ਼ਿੰਦਗੀ ਖਾ ਗਈ। ਚਿੰਤੋ ਮਾਈ ਦੀ ਚਿੰਤਾ ਦੂਣੀ ਚੌਣੀ ਹੋ ਗਈ। ਨਾਲ ਬਰਾਬਰ ਖੜ੍ਹਦੀ ਰਹੀ। ਸਿਰ ’ਤੇ ਪਾਟੀ ਚੁੰਨੀ ਤੇ ਪੈਰਾਂ ਵਿੱਚ ਟੁੱਟੀ ਚੱਪਲ ਜਿਹਦੀ ਬੱਧਰੀ ਟੁੱਟੀ ਹੋਣ ਕਰਕੇ ਲੀਰਾਂ ਨਾਲ ਬੰਨ੍ਹੀ ਹੋਈ ਸੀ, ਵਾਰ ਵਾਰ ਟੁੱਟਦੀ ਜਾਂਦੀ। ਪੋਣੇ ’ਚ ਮਿਰਚ ਦੇ ਅਚਾਰ ਨਾਲ ਚਾਰ ਰੋਟੀਆਂ ਬੰਨ੍ਹ ਲਿਆਉਂਦੀ। ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕੀਤਾ। ਪਰ ਗ਼ਰੀਬੀ ਦਾ ਸੰਗਲ ਨਾ ਲਹਿ ਸਕਿਆ। ਸਿਰ ਦਾ ਸਾਈਂ ਵੀ ਬੀਹੀਆਂ ’ਚ ਹੋਕਾ ਦਿੰਦਾ ਤੁਰ ਗਿਆ। ਕੈਂਸਰ ਨੇ ਜੁਆਕਾਂ ਦਾ ਬਾਪ ਖੋਹ ਲਿਆ। ਹੁਣ ਆਪ ’ਕੱਲੀ ਸਮਾਜ ਵਿੱਚ ਵਿਚਰਦੀ ਐ ਚੁੱਲ੍ਹਾ ਚੌਕਾ ਬਲਦਾ ਰੱਖਣ ਲਈ।
ਗ਼ਰੀਬਾਂ ਦੇ ਚਾਅ ਤਾਂ ਖੇਤਾਂ ਦੀਆਂ ਵੱਟਾਂ ਵਿਚ ਜਾਂ ਕਿਸੇ ਮਿਸਤਰੀ ਦੇ ਬੱਠਲਾਂ ਥੱਲੇ ਹੀ ਦੱਬੇ ਜਾਂਦੇ ਨੇ। ਕੀਹਦੇ ਕੀਹਦੇ ਦੁੱਖ ਫਰੋਲੀਏ…? ਐਨਾ ਦੁੱਖ ਕੱਟ ਕੇ ਵੀ ਮਾਈਆਂ ਵਾਖਰੂ ਵਾਖਰੂ ਕਰਦੀਆਂ ਨੇ। ਰਹਿੰਦਾ ਖੂੰਹਦਾ ਦੁੱਖ ਕੱਖਾਂ ਦਾ ਮਾਰ ਜਾਂਦੈ ਜਦ ਨਹੀਂ ਮਿਲਦੇ। ਵੱਟਾਂ ’ਤੇ ਮਾਲਕ ਸਪਰੇਆਂ ਕਰਨ ਲੱਗ ਪਏ। ਨਾ ਪਹੀਆਂ ’ਤੇ ਕੱਖ ਨਾ ਵੱਟਾਂ ’ਤੇ। ਤਰਲੇ ਮਾਰਦੀਆਂ ਮਾਈਆਂ ਘਰੋਂ ਵੀ ਦੁਖੀ ਤੇ ਖੇਤਾਂ ਵੱਲ ਕੱਖ ਨਾ ਮਿਲਦੇ ਤਾਂ ਵੀ ਦਿਲ ਡੁੱਬਦੇ ਜਾਂਦੇ ਨੇ। ਪਰ ਬਹਾਨੇ ਨਾਲ ਢਿੱਡ ਹੌਲਾ ਕਰ ਲੈਂਦੀਆਂ ਨੇ। ਆਪ ਮੁਹਾਰੇ ਮੂੰਹੋਂ ਨਿੱਕਲ ਜਾਂਦੈ:
ਮੇਰੇ ਪਿੰਡ ਦੀਆਂ ਮਾਸੀਆਂ ਚਾਚੀਆਂ ਤਾਈਆਂ…
ਰੋਂਦੀਆਂ ਜਾਣ ਕੱਖਾਂ ਨੂੰ ਮਾਈਆਂ…!!!
ਸੰਪਰਕ: 92110-10008