ਬਲਵਿੰਦਰ
ਸਾਰੇ ਬਾਖ਼ੂਬੀ ਜਾਣਦੇ ਹਨ ਕਿ ਪੁਰਾਤਨ ਖੁਸ਼ਹਾਲ ਹਿੰਦੋਸਤਾਨ ਉਪਰ ਬਾਹਰੀ ਲੁਟੇਰਿਆਂ ਦੀ ਮਾੜੀ ਅੱਖ ਹਮੇਸ਼ਾ ਹੀ ਰਹੀ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਇਸ ਨੂੰ ਉਨ੍ਹਾਂ ਸਾਰੇ ਲੁਟੇਰਿਆਂ ਦੇ ਵਹਿਸ਼ੀ ਹਮਲਿਆਂ ਦਾ ਸਾਹਮਣਾ ਸਭ ਤੋਂ ਪਹਿਲਾਂ ਕਰਨਾ ਪੈਂਦਾ ਸੀ। ਇਸੇ ਕਾਰਨ ਪੰਜਾਬ ਦਾ ਰਾਜਨੀਤਿਕ ਇਤਿਹਾਸ ਮੁੱਢ ਤੋਂ ਹੀ ਉਥਲ ਪੁਥਲ ਵਾਲਾ ਰਿਹਾ ਹੈ। ਦਲੇਰ ਤੇ ਦਿਲਦਾਰ ਪੰਜਾਬੀਆਂ ਦੀ ਸੂਝ-ਬੂਝ ਦੀ ਦਾਦ ਦੇਣੀ ਪਵੇਗੀ ਕਿ ਅਜਿਹੇ ਅਣਸੁਖਾਵੇਂ ਮਾਹੌਲ ਦੇ ਹੁੰਦਿਆਂ ਵੀ ਉਨ੍ਹਾਂ ਨੇ ਆਪਣੀਆਂ ਕਲਾਤਮਿਕ ਕਿਰਿਆਵਾਂ ਨੂੰ ਸਿਰਫ਼ ਸੰਜੋਅ ਕੇ ਹੀ ਨਹੀਂ ਰੱਖਿਆ ਸਗੋਂ ਉਨ੍ਹਾਂ ਨੂੰ ਨਵੇਂ ਨਵੇਂ ਆਯਾਮ ਦੇਣਾ ਵੀ ਜਾਰੀ ਰੱਖਿਆ।
ਸਾਂਝੇ ਪੰਜਾਬ ਦੇ ਵੱਖ ਵੱਖ ਕਲਾਤਮਿਕ ਪਹਿਲੂਆਂ ਦੇ ਇਤਿਹਾਸ ਨੂੰ ਸੰਜੋਣ ਵਿਚ ਬਹੁਤ ਸਾਰੇ ਦੇਸੀ ਅਤੇ ਵਿਦੇਸ਼ੀ ਇਤਿਹਾਸਕਾਰਾਂ ਦਾ ਯੋਗਦਾਨ ਰਿਹਾ ਹੈ।
ਇਨ੍ਹਾਂ ਇਤਿਹਾਸਕਾਰਾਂ ਦੀ ਸੂਚੀ ਵਿਚ ਡਾਕਟਰ ਬੀ.ਐੱਨ. ਗੋਸਵਾਮੀ ਦਾ ਨਾਂ ਪ੍ਰਮੁੱਖ ਅਤੇ ਵਿਲੱਖਣ ਹੈ। ਗੋਸਵਾਮੀ ਹੋਰਾਂ ਨੇ ਸਥਾਨਕ ਚਿੱਤਰਕਲਾ ਦੇ ਇਤਿਹਾਸ ਦੇ ਵੱਖ ਵੱਖ ਪਹਿਲੂਆਂ ਨੂੰ ਬਾਜ਼ ਵਰਗੀ ਨੀਝ ਨਾਲ ਵੇਖਣ, ਪਰਖਣ ਅਤੇ ਸੰਜੋਣ ਲਈ ਇਕ ਵੱਡੇ ਤਾਮ-ਝਾਮ ਵਾਲੇ ਪ੍ਰਸ਼ਾਸਨਿਕ ਅਹੁਦੇ ਨੂੰ ਤਿਆਗ ਕੇ ਨੀਰਸ ਦਿੱਖ ਵਾਲੇ ਅਧਿਆਪਨ ਦੇ ਪਿੜ ਵਿਚ ਬੜੀ ਸ਼ਿੱਦਤ ਨਾਲ ਪੈਰ ਪਾਇਆ।
ਉਨ੍ਹਾਂ ਨੇ ਪੰਜਾਬ ਵਿਚ ਪਹਿਲੀ ਵਾਰ ਯੂਨੀਵਰਸਿਟੀ ਪੱਧਰ ’ਤੇ ਕਲਾ-ਇਤਿਹਾਸ ਦੇ ਵਿਭਾਗ ਦੀ ਸਥਾਪਨਾ ਤੋਂ ਲੈ ਕੇ ਕਲਾ ਦੇ ਵਿਭਿੰਨ ਪਹਿਲੂਆਂ ਨੂੰ ਦਰਸਾਉਂਦੀਆਂ ਲਗਭਗ 25 ਕਿਤਾਬਾਂ ਲਿਖੀਆਂ ਜਿਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ਵੀ ਮਾਨਤਾ ਪ੍ਰਾਪਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿਚ ਆਧੁਨਿਕ ਕਲਾ ਸੰਗ੍ਰਹਿਆਲਯ ਦੀ ਵੀ ਸਥਾਪਨਾ ਕਾਰਵਾਈ। ਇਸੇ ਸਦਕਾ ਉਨ੍ਹਾਂ ਨੂੰ ਅੱਜ ਤਕ ਕਈ ਕੌਮੀ ਅਤੇ ਕੌਮਾਂਤਰੀ ਪੁਰਸਕਾਰ ਵੀ ਮਿਲੇ ਹਨ ਜਿਨ੍ਹਾਂ ਵਿਚ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਪਦਮ ਸ੍ਰੀ ਅਤੇ ਪਦਮ ਭੂਸ਼ਣ ਸਨਮਾਨ ਵੀ ਸ਼ਾਮਿਲ ਹਨ।
ਬੀ.ਐੱਨ. ਗੋਸਵਾਮੀ ਨੇ ਇਸ ਲੰਮੇ ਸਫ਼ਰ ਦੇ ਸ਼ੁਰੂਆਤੀ ਦਿਨਾਂ ਵਿਚ ਕਈ ਵਰ੍ਹਿਆਂ ਤਕ ਟ੍ਰਿਬਿਊਨ ਦੇ ਕਲਾ ਸਮੀਖਿਅਕ ਦੇ ਰੂਪ ਵਿਚ ਵੀ ਵਡਮੁੱਲਾ ਯੋਗਦਾਨ ਪਾਇਆ। ਇਸ ਸਦਕਾ ਉਨ੍ਹਾਂ ਨੇ ਸਥਾਨਕ ਕਲਾਤਮਿਕ ਸਰਗਰਮੀਆਂ ਦੀ ਨਿਸ਼ਾਨਦੇਹੀ ਕਰਨ ਦੇ ਨਾਲ ਨਾਲ ਉੱਭਰ ਰਹੇ ਕਲਾਕਾਰਾਂ ਨੂੰ ਸੇਧ ਦੇਣ ਦੇ ਕਈ ਸਫ਼ਲ ਯਤਨ ਕੀਤੇ।
ਕਲਾ ਇਤਿਹਾਸ ਸਬੰੰਧੀ ਆਪਣੇ ਖੋਜ ਪੱਤਰਾਂ ਤੇ ਪੁਸਤਕਾਂ ਤੋਂ ਇਲਾਵਾ ਡਾਕਟਰ ਗੋਸਵਾਮੀ ਨੇ 1995 ਵਿਚ ਟ੍ਰਿਬਿਊਨ ਵਿਚ ਹਰ ਪੰਦਰਵਾੜੇ ਛਪਣ ਵਾਲੇ ਇਕ ਕਾਲਮ ਦੀ ਸ਼ੁਰੂਆਤ ਕੀਤੀ ਜੋ ਅੱਜ ਤਕ ਜਾਰੀ ਹੈ। ਇਸ ਕਾਲਮ ’ਚ ਉਨ੍ਹਾਂ ਨੇ ਕਲਾ ਦੇ ਇਤਿਹਾਸਕ ਤੇ ਸਮਾਜਿਕ ਪੱਖਾਂ ਨੂੰ ਹੋਰ ਰੌਚਿਕ ਅਤੇ ਅਨੁਭਵੀ ਬਣਾਉਣ ਲਈ ਇਸ ਦਾ ਦਾਇਰਾ ਹੋਰ ਵੀ ਵਸੀਹ ਕੀਤਾ ਜਿਸ ਵਿਚ ਸਾਰੇ ਦੱਖਣੀ ਏਸ਼ੀਆ ਦੇ ਕਲਾਤਮਿਕ ਦ੍ਰਿਸ਼ਟੀਕੋਣਾਂ ਨੂੰ ਸ਼ਾਮਲ ਕੀਤਾ।
ਡਾਕਟਰ ਗੋਸਵਾਮੀ ਦੀ ਹੱਥਲੀ ਨਵੀਂ ਪੁਸਤਕ ਦਾ ਸਿਰਲੇਖ ‘ਕਨਵਰਸੇਸ਼ਨਜ਼’ (ਸੰਵਾਦ) ਹੈ। ਇਸ ਵਿਚ ਟ੍ਰਿਬਿਊਨ ’ਚ ਛਪੇ ਕੁਝ ਚੋਣਵੇਂ ਲੇਖਾਂ ਦਾ ਸੰਗ੍ਰਹਿ ਹੈ। ਇਸ 506 ਸਫ਼ਿਆਂ ਦੀ ਇਲਸਟ੍ਰੇਟਡ ਕਿਤਾਬ ਨੂੰ ਪੈਂਗੂਇਨ ਨੇ ਬਾਖ਼ੂਬੀ ਪ੍ਰਕਾਸ਼ਿਤ ਕੀਤਾ ਹੈ। ਇਸ ਪੁਸਤਕ ਨੂੰ ਡਾਕਟਰ ਸਾਹਿਬ ਨੇ ਆਪਣੀ ਪ੍ਰਮੁੱਖ ਪ੍ਰੇਰਨਾ ਸਰੋਤ ਅਤੇ ਇਤਿਹਾਸਕਾਰ ਮਰਹੂਮ ਪਤਨੀ ਕਰੁਣਾ ਗੋਸਵਾਮੀ ਨੂੰ ਸਮਰਪਿਤ ਕੀਤਾ ਹੈ।
ਇਸ ਸਮੂਹ ’ਚ ਪਰੋਏ ਬੇਮਿਸਾਲ ਲੇਖ ਨਿੱਜੀ ਹੁੰਦਿਆਂ ਵੀ ਗ਼ੈਰ-ਰਸਮੀ ਹਨ। ਇਹ ਦਾਰਸ਼ਨਿਕ ਵੀ ਹਨ ਪਰ ਪੂਰੀ ਤਰ੍ਹਾਂ ਯੋਜਨਾਬੱਧ ਵੀ ਨਹੀਂ। ਇਸ ਦੇ ਬਾਵਜੂਦ ਇਹ ਸਾਰੇ ਇਕ ਸੂਤਰ ਵਿਚ ਪਰੋਏ ਜਾਪਦੇ ਹਨ ਜੋ ਦਿਲਕਸ਼ ਹੋਣ ਦੇ ਨਾਲ ਨਾਲ ਵਿਲੱਖਣ ਕਲਾਤਮਿਕ ਪ੍ਰਤਿਭਾ ਦੇ ਰੌਚਿਕ ਬਿੰਬ ਪੇਸ਼ ਕਰਦੇ ਹਨ।
ਇਹ ਵਿਲੱਖਣ ਕਿਸਮ ਦੇ ਲੇਖ ਪਾਠਕਾਂ ਤੱਕ ਕਲਾਤਮਿਕ ਗਿਆਨ ਦੀ ਰੌਸ਼ਨੀ ਪਹੁੰਚਾਉਣ ਤੋਂ ਇਲਾਵਾ ਜਿਗਿਆਸਾ ਵੀ ਉਤਪੰਨ ਕਰਦੇ ਹਨ ਤੇ ਮਾਨਸਿਕ ਸੁਹਜ ਨੂੰ ਹੁਲਾਰਾ ਵੀ ਦਿੰਦੇ ਹਨ। ਸ਼ਾਇਦ ਇਸ ਲਈ ਕਿ ਬੀ.ਐੱਨ. ਗੋਸਵਾਮੀ ਦਾ ਕਾਵਿਕ ਲੇਖਣ ਨੀਰਸ ਦਿੱਖ ਵਾਲੇ ਇਤਿਹਾਸਕ ਵਿਸ਼ੇ ਨੂੰ ਵੀ ਦਿਲਚਸਪ ਬਣਾ ਦਿੰਦਾ ਹੈ।