ਪ੍ਰਿੰਸੀਪਲ ਵਿਜੈ ਕੁਮਾਰ
ਸਕੂਲ ਬੰਦ ਹੋਣ ਕਾਰਨ ਬੱਚਿਆਂ ਕੋਲ ਹੁਣ ਕਾਫ਼ੀ ਸਮਾਂ ਸੀ| ਉਹ ਸਵੇਰੇ ਜਲਦੀ ਉੱਠ ਕੇ ਘਰ ਦੇ ਵਿਹੜੇ ਦੀ ਠੰਢੀ ਹਵਾ ਵਿਚ ਬੈਠ ਜਾਂਦੇ| ਕਦੇ- ਕਦੇ ਉਨ੍ਹਾਂ ਦਾ ਧਿਆਨ ਆਸਮਾਨ ’ਚ ਉੱਡਦੇ ਪੰਛੀਆਂ ਵੱਲ ਚਲਾ ਜਾਂਦਾ| ਇਕ ਦਿਨ ਹਰੀ ਨੂੰ ਆਪਣੇ ਘਰ ਦੇ ਵਿਹੜੇ ਵਿਚ ਮੰਜੇ ’ਤੇ ਬੈਠਿਆਂ ਯਾਦ ਆਇਆ ਕਿ ਉਨ੍ਹਾਂ ਦੇ ਪੰਜਾਬੀ ਅਧਿਆਪਕ ਨੇ ਉਨ੍ਹਾਂ ਨੂੰ ਪਿਛਲੀ ਜਮਾਤ ਵਿਚ ਪੰਛੀਆਂ ਨਾਲ ਦੋਸਤੀ ਦਾ ਪਾਠ ਪੜ੍ਹਾਇਆ ਸੀ| ਉਸ ਪਾਠ ਵਿਚ ਬੱਚੇ ਪੰਛੀਆਂ ਨੂੰ ਆਪਣੇ ਦੋਸਤ ਬਣਾਉਣ ਲਈ ਆਪਣੇ ਘਰ ਦੀ ਛੱਤ ਉੱਤੇ ਚੜ੍ਹ ਕੇ ਪੰਛੀਆਂ ਨੂੰ ਦਾਣਾ, ਰੋਟੀ ਦੇ ਟੁਕੜੇ ਅਤੇ ਹੋਰ ਕਈ ਕੁਝ ਪਾਉਂਦੇ| ਹੌਲੀ-ਹੌਲੀ ਪੰਛੀ ਉਨ੍ਹਾਂ ਦੇ ਮਿੱਤਰ ਬਣ ਗਏ| ਉਨ੍ਹਾਂ ਦੇ ਘਰ ਦੇ ਬਨੇਰੇ ਉਨ੍ਹਾਂ ਦੀ ਬੈਠਣ ਦੀ ਥਾਂ ਬਣਨ ਲੱਗ ਪਈ| ਲੰਬਾ ਸਮਾਂ ਬੈਠਣ ਕਾਰਨ ਉਨ੍ਹਾਂ ਦੀ ਦੋਸਤੀ ਗੂੜ੍ਹੀ ਹੋ ਗਈ| ਉਹ ਇਕ ਦੂਜੇ ਨਾਲ ਕਾਫ਼ੀ ਘੁਲ-ਮਿਲ ਗਏ| ਉਹ ਇਕ ਦੂਜੇ ਨਾਲ ਗੱਲਾਂ ਵੀ ਕਰਨ ਲੱਗ ਪਏ|
ਇਕ ਦਿਨ ਹਰੀ ਨੇ ਆਪਣੀ ਭੈਣ ਪੂਜਾ ਅਤੇ ਭਰਾ ਪਰਮੀਤ ਨੂੰ ਉਸ ਕਹਾਣੀ ਬਾਰੇ ਦੱਸ ਕੇ ਪੰਛੀਆਂ ਨਾਲ ਦੋਸਤੀ ਪਾਉਣ ਦੀ ਗੱਲ ਕਹੀ| ਪੂਜਾ ਅਤੇ ਪਰਨੀਤ ਉਸ ਨਾਲ ਸਹਿਮਤ ਹੋ ਗਏ| ਹਰੀ ਆਪਣੀ ਕਿਤਾਬ ਦੀ ਕਹਾਣੀ ਵਾਂਗ ਦਾਣੇ ਅਤੇ ਰੋਟੀ ਦੇ ਟੁਕੜੇ ਲੈ ਕੇ ਉਨ੍ਹਾਂ ਦੋਹਾਂ ਨਾਲ ਆਪਣੇ ਘਰ ਦੀ ਛੱਤ ਉੱਤੇ ਚੜ੍ਹ ਕੇ ਕਾਫ਼ੀ ਸਮੇਂ ਤਕ ਬੁਲਾਉਂਦਾ ਰਹਿੰਦਾ| ਕਾਫ਼ੀ ਦਿਨਾਂ ਤਕ ਉਹ ਪੰਛੀਆਂ ਨੂੰ ਆਪਣੇ ਕੋਠੇ ਉੱਤੇ ਬੁਲਾਉਂਦਾ ਰਿਹਾ, ਪਰ ਇਕ ਵੀ ਪੰਛੀ ਉਨ੍ਹਾਂ ਦੀ ਛੱਤ ’ਤੇ ਨਾ ਆਇਆ| ਉਹ ਥੱਕ ਹਾਰ ਕੇ ਆਪਣੇ ਨਾਲ ਲੈ ਕੇ ਗਏ ਦਾਣੇ ਅਤੇ ਰੋਟੀ ਦੇ ਟੁਕੜੇ ਛੱਤ ਉੱਤੇ ਹੀ ਖਿਲਾਰ ਆਉਂਦੇ| ਦੂਜੇ ਦਿਨ ਛੱਤ ਉੱਤੇ ਦਾਣੇ ਅਤੇ ਰੋਟੀ ਦੇ ਟੁਕੜੇ ਉਵੇਂ ਹੀ ਪਏ ਹੁੰਦੇ| ਕੁਝ ਦਿਨ ਇਸ ਤਰ੍ਹਾਂ ਕਰਨ ਤੋਂ ਬਾਅਦ ਵੀ ਕੋਈ ਪੰਛੀ ਨਾ ਉਨ੍ਹਾਂ ਦਾ ਦਾਣਾ ਖਾਣ ਆਇਆ ਤੇ ਨਾ ਹੀ ਮਿੱਤਰ ਬਣਿਆ|
ਇਕ ਦਿਨ ਹਰੀ, ਪਰਮੀਤ ਅਤੇ ਪੂਜਾ ਨੂੰ ਸਵੇਰੇ ਪੰਛੀਆਂ ਨੂੰ ਦਾਣਾ ਪਾਉਣ ਲਈ ਛੱਤ ਉੱਤੇ ਜਾਣ ਲਈ ਕਹਿ ਰਿਹਾ ਸੀ| ਪੂਜਾ ਤਾਂ ਉਸ ਨਾਲ ਜਾਣ ਨੂੰ ਤਿਆਰ ਸੀ, ਪਰ ਪਰਮੀਤ ਨੇ ਉਸ ਨੂੰ ਕਿਹਾ- ‘ਮੈਂ ਨਹੀਂ ਜਾਣਾ ਤੇਰੇ ਨਾਲ| ਕਹਾਣੀਆਂ ਵਿਚ ਹੀ ਪੰਛੀ ਮਿੱਤਰ ਬਣਦੇ ਨੇ, ਆਪਾਂ ਐਵੇਂ ਹੀ ਘਰ ਦੀ ਛੱਤ ਉੱਤੇ ਆਪਣਾ ਸਮਾਂ ਖ਼ਰਾਬ ਕਰਨ ਲੱਗੇ ਹਾਂ|’ ਪਰਮੀਤ ਦੀ ਗੱਲ ਸੁਣਕੇ ਪੂਜਾ ਬੋਲੀ- ‘ਹਰੀ ਵੀਰ ਜੀ, ਮੈਨੂੰ ਵੀ ਪਰਮੀਤ ਦੀ ਗੱਲ ਕਿਸੇ ਹੱਦ ਤਕ ਠੀਕ ਲੱਗਦੀ ਹੈ|’
ਉਨ੍ਹਾਂ ਕੋਲ ਬੈਠੇ ਉਨ੍ਹਾਂ ਦੇ ਤਾਇਆ ਜੀ ਬੋਲੇ – ‘ਬੱਚਿਓ!, ਤੁਸੀਂ ਤਾਂ ਬਹੁਤ ਛੇਤੀ ਹੌਸਲਾ ਛੱਡ ਗਏ| ਅਜੇ ਪੰਛੀਆਂ ਨਾਲ ਤੁਹਾਡੀ ਨੇੜਤਾ ਨਹੀਂ ਬਣੀ| ਅਜੇ ਉਨ੍ਹਾਂ ਦੇ ਮਨਾਂ ਵਿਚ ਇਹ ਡਰ ਹੈ ਕਿ ਤੁਸੀਂ ਉਨ੍ਹਾਂ ਨੂੰ ਫੜ ਨਾ ਲਓ| ਜਦੋਂ ਤੁਸੀਂ ਉਨ੍ਹਾਂ ਦਾ ਵਿਸ਼ਵਾਸ ਜਿੱਤ ਲਵੋਗੇ, ਉਸ ਦਿਨ ਤੋਂ ਹੀ ਉਹ ਤੁਹਾਡੇ ਮਿੱਤਰ ਬਣ ਜਾਣਗੇ|’ ਆਪਣੇ ਤਾਇਆ ਜੀ ਦੀਆਂ ਗੱਲਾਂ ਸੁਣ ਕੇ ਪਰਮੀਤ ਬੋਲੀ-‘ਤਾਇਆ ਜੀ ਸਾਨੂੰ ਪੰਛੀਆਂ ਦਾ ਵਿਸ਼ਵਾਸ ਜਿੱਤਣ ਲਈ ਕੀ ਕਰਨਾ ਪਵੇਗਾ| ਤੁਸੀਂ ਸਾਨੂੰ ਦੱਸੋ ਅਸੀਂ ਉਹ ਕੁਝ ਜ਼ਰੂਰ ਕਰਾਂਗੇ|’ ਤਾਇਆ ਜੀ ਨੇ ਅੱਗੋਂ ਕਿਹਾ – ‘ਬੱਚਿਓ!, ਤੁਸੀਂ ਪੰਛੀਆਂ ਨੂੰ ਦਾਣਾ ਬਗੈਰਾ ਪਾਉਂਦੇ ਰਹੋ| ਉਨ੍ਹਾਂ ਨੂੰ ਡਰਾਓ ਨਾ, ਇਕ ਦਿਨ ਅਜਿਹਾ ਆਵੇਗਾ ਕਿ ਉਹ ਤੁਹਾਡੇ ਮਿੱਤਰ ਬਣ ਜਾਣਗੇ|’ ਉਹ ਆਪਣੇ ਤਾਇਆ ਜੀ ਦਾ ਕਹਿਣਾ ਮੰਨ ਕੇ ਪੰਛੀਆਂ ਨੂੰ ਦਾਣਾ ਪਾਉਂਦੇ ਰਹੇ| ਕੁਝ ਦਿਨਾਂ ਮਗਰੋਂ ਉਨ੍ਹਾਂ ਨੇ ਇਕ ਦੋ ਪੰਛੀਆਂ ਨੂੰ ਦਾਣਾ ਚੁਗਦਿਆਂ ਵੇਖਿਆ| ਪੰਛੀਆਂ ਨੂੰ ਆਪਣੇ ਘਰ ਦੀ ਛੱਤ ’ਤੇ ਦਾਣਾ ਖਾਂਦਿਆਂ ਵੇਖ ਉਹ ਖ਼ੁਸ਼ੀ ਨਾਲ ਝੂਮ ਉੱਠੇ| ਉਨ੍ਹਾਂ ਨੇ ਆਪਣੇ ਘਰ ਦੀ ਛੱਤ ’ਤੇ ਪੰਛੀਆਂ ਦੀ ਆਮਦ ਦੀ ਗੱਲ ਆਪਣੇ ਤਾਇਆ ਜੀ ਨੂੰ ਵੀ ਦੱਸੀ| ਤਾਇਆ ਜੀ ਨੇ ਉਨ੍ਹਾਂ ਨੂੰ ਅੱਗੋਂ ਕਿਹਾ-‘ਬੱਚਿਓ!, ਤੁਸੀਂ ਪੰਛੀਆਂ ਨੂੰ ਪਹਿਲਾਂ ਵਾਂਗ ਦਾਣਾ ਪਾਉਂਦੇ ਰਹੋ| ਉਨ੍ਹਾਂ ਨੂੰ ਇੰਜ ਨਾ ਲੱਗੇ ਕਿ ਉਨ੍ਹਾਂ ਨੂੰ ਕੋਈ ਫੜਨਾ ਚਾਹੁੰਦਾ ਹੈ| ਜਦੋਂ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗ ਪੈਣਗੇ, ਉਦੋਂ ਉਹ ਤੁਹਾਡੇ ਨੇੜੇ ਆਉਣਾ ਸ਼ੁਰੂ ਕਰ ਦੇਣਗੇ| ਉਹ ਛੱਤਾਂ ਤੋਂ ਬਨੇਰਿਆਂ ’ਤੇ ਬੈਠਣਾ ਸ਼ੁਰੂ ਕਰ ਦੇਣਗੇ| ਤੁਹਾਨੂੰ ਆਪਣੀਆਂ ਆਵਾਜ਼ਾਂ ਨਾਲ ਆਪਣੇ ਮਨ ਦੀ ਗੱਲ ਕਹਿਣ ਲੱਗ ਪੈਣਗੇ|’
ਪੂਜਾ ਨੇ ਆਪਣੇ ਤਾਇਆ ਜੀ ਨੂੰ ਵਿਚੋਂ ਸਵਾਲ ਕੀਤਾ- ‘ਤਾਇਆ ਜੀ, ਸਾਨੂੰ ਪੰਛੀਆਂ ਦੀ ਭਾਸ਼ਾ ਅਤੇ ਬੋਲੀ ਕਿਵੇਂ ਸਮਝ ਆਵੇਗੀ?’ ਤਾਇਆ ਜੀ ਨੇ ਅੱਗੋਂ ਕਿਹਾ- ‘ਬੱਚਿਓ!, ਪੰਛੀਆਂ ਅਤੇ ਸਾਡੇ ਵਿਚ ਫ਼ਰਕ ਇਨ੍ਹਾਂ ਹੀ ਹੈ ਕਿ ਉਹ ਸਾਡੇ ਵਾਂਗ ਬੋਲ ਨਹੀਂ ਪਾਉਂਦੇ, ਪਰ ਸਮਝਦੇ ਸਾਰਾ ਕੁਝ ਨੇ| ਜਦੋਂ ਸਾਡੇ ਨਾਲ ਘੁਲ ਮਿਲ ਜਾਂਦੇ ਹਨ ਤਾਂ ਉਹ ਅਤੇ ਅਸੀਂ ਇਕ ਦੂਜੇ ਦੀ ਸਮਝਣ ਵੀ ਲੱਗ ਪੈਂਦੇ ਹਾਂ|’ ਤਾਇਆ ਜੀ ਦੀ ਗੱਲ ਸੱਚ ਵੀ ਹੋਈ| ਹੌਲੀ- ਹੌਲੀ ਪੰਛੀਆਂ ਦੀ ਗਿਣਤੀ ਵਧਣ ਲੱਗ ਪਈ| ਪੰਛੀ ਛੱਤਾਂ ਤੋਂ ਬਨੇਰਿਆਂ ’ਤੇ ਆ ਗਏ| ਹੌਲੀ-ਹੌਲੀ ਪੰਛੀਆਂ ਨੂੰ ਯਕੀਨ ਹੋ ਗਿਆ ਕਿ ਬੱਚੇ ਉਨ੍ਹਾਂ ਨਾਲ ਦੋਸਤੀ ਪਾਉਣ ਦੇ ਚਾਹਵਾਨ ਹਨ| ਉਹ ਸਵੇਰੇ ਆ ਕੇ ਉਨ੍ਹਾਂ ਦੇ ਬਨੇਰੇ ’ਤੇ ਬੈਠ ਜਾਂਦੇ| ਉਹ ਆਪਣੀ ਬੋਲੀ ਵਿਚ ਬੱਚਿਆਂ ਨੂੰ ਦਾਣਾ ਪਾਉਣ ਨੂੰ ਕਹਿੰਦੇ| ਤੋਤਾ ਚੂਰੀ ਮੰਗਦਾ|
ਬੱਚਿਆਂ ਦੇ ਉਨ੍ਹਾਂ ਨਾਲ ਸੰਵਾਦ ਹੋਣੇ ਸ਼ੁਰੂ ਹੋ ਗਏ| ਬੱਚਿਆਂ ਨੇ ਉਨ੍ਹਾਂ ਦੇ ਨਾਂ ਰੱਖ ਲਏ| ਉਨ੍ਹਾਂ ਦੀ ਆਪਸੀ ਨੇੜਤਾ ਵਧਣ ਨਾਲ ਪੰਛੀ ਕਦੇ-ਕਦੇ ਉਨ੍ਹਾਂ ਦੇ ਵਿਹੜੇ ਵਿਚ ਵੀ ਆ ਬੈਠਦੇ| ਸਮਾਂ ਮਿਲਣ ’ਤੇ ਬੱਚੇ ਉਨ੍ਹਾਂ ਨਾਲ ਖੇਡਦੇ ਅਤੇ ਗੱਲਾਂ ਕਰਦੇ| ਇਕ ਦਿਨ ਪੂਜਾ ਨੂੰ ਬੁਖਾਰ ਹੋ ਗਿਆ, ਉਦੋਂ ਸਾਰੇ ਪੰਛੀ ਉਦਾਸ ਹੋ ਗਏ| ਘਰ ਦੇ ਵਿਹੜੇ ਦੀ ਰੌਣਕ ਫਿੱਕੀ ਪੈ ਗਈ| ਜਦੋਂ ਪੂਜਾ ਦਾ ਬੁਖਾਰ ਠੀਕ ਹੋ ਗਿਆ ਤਾਂ ਪੰਛੀਆਂ ਨੂੰ ਬੱਚੇ ਹੱਸਦੇ ਖੇਡਦੇ ਨਜ਼ਰ ਆਏ| ਪੰਛੀਆਂ ਵਿਚੋਂ ਚਿੜੀ ਨੇ ਉਨ੍ਹਾਂ ਨੂੰ ਕਿਹਾ- ਜੇਕਰ ਤੁਸੀਂ ਤੋਤੇ ਦੀ ਗੱਲ ਮੰਨ ਕੇ ਆਪਣਾ ਧਿਆਨ ਰੱਖਿਆ ਹੁੰਦਾ ਤਾਂ ਪੂਜਾ ਨੇ ਬਿਮਾਰ ਨਹੀਂ ਪੈਣਾ ਸੀ| ਅੱਜ ਤੋਂ ਤੁਸੀਂ ਸਾਡੇ ਨਾਲ ਵਾਅਦਾ ਕਰੋ ਕਿ ਤੁਸੀਂ ਆਪਣਾ ਧਿਆਨ ਰੱਖੋਗੇ| ਸਾਰੇ ਬੱਚਿਆਂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਹ ਅੱਗੇ ਤੋਂ ਆਪਣਾ ਧਿਆਨ ਰੱਖਣਗੇ|
ਸੰਪਰਕ : 98726-27136