ਹਰਿਭਜਨ ਸਿੰਘ
ਵੇ ਮੈਂ ਭਰੀ ਸੁਗੰਧੀਆਂ ਪੌਣ
ਸਜਨ ਤੇਰੇ ਬੂਹੇ
ਵੇ ਤੂੰ ਇਕ ਵਾਰੀ ਤਕ ਲੈ ਕੌਣ
ਸਜਨ ਤੇਰੇ ਬੂਹੇ
ਮੇਰੀ ਕਚੜੀ ਪਹਿਲ ਵਰੇਸ
ਸੰਗ ਤੇਰਾ ਚਾਹੇ
ਮੇਰੇ ਸੁਚੜੇ ਸੁਚੜੇ ਅੰਗ
ਕੇਸ ਅਣਵਾਹੇ
ਹਿਕ ਧੁਖੇ ਪਹਿਲੜੀ ਰੀਝ
ਵੇਸ ਮੇਰੇ ਸੂਹੇ
ਮੇਰੀ ਸੁਫ਼ਨੇ ਵਰਗੀ ਜਿੰਦ
ਆਸ-ਜਹੀ ਸੋਹਣੀ
ਵੇ ਮੈਂ ਉਹ ਸਰ ਆਈ ਨ੍ਹਾ
ਨਾਉਂ ਜਿਹਦਾ ਹੋਣੀ
ਮੈਨੂੰ ਭਲਕੇ ਦੀ ਪਰਭਾਤ
ਸਜਨ ਅਜ ਛੂਹੇ
ਮੈਂ ਖੜੀ ਸਜਨ ਤੇਰੇ ਦੁਆਰ
ਝੋਲ ਤਕਦੀਰਾਂ
ਮੇਰੀ ਰੁਸ ਨਾ ਜਾਏ ਸੁਗੰਧ
ਉਡੀਕ ਅਖੀਰਾਂ
ਕਰੀ ਤਤੜੀ ਤਤੜੀ ’ਵਾ
ਮੇਰਾ ਤਨ ਲੂਹੇ
ਵੇ ਮੈਂ ਭਰੀ ਸੁਗੰਧੀਆਂ ਪੌਣ
ਸਜਨ ਤੇਰੇ ਬੂਹੇ
ਵੇ ਤੂੰ ਇਕ ਵਾਰੀ ਤਕ ਲੈ ਕੌਣ
ਸਜਨ ਤੇਰੇ ਬੂਹੇ
ਅੱਧੀ ਅੱਧੀ ਰਾਤੀਂ ਖਿੜੇ ਮੋਤੀਆ
ਡੁਲ੍ਹ ਡੁਲ੍ਹ ਪੈਂਦੇ ਚਾਅ
ਅੱਧੀ ਅੱਧੀ ਰਾਤ ਹਵਾ ਦੇ ਹੋਏ
ਗੀਤਾਂ ਵਰਗੇ ਸਾਹ
ਅੱਧੀ ਅੱਧੀ ਰਾਤੀਂ ਨਗਨ ਚਾਨਣੀ
ਨਰਮ ਸਰੋਵਰ-ਸੇਜ
ਪਰਸ ਪੌਣ ਦਾ ਪੋਲਾ ਪੋਲਾ
ਜਾਵੇ ਲਖ ਵਲ ਖਾ
ਅੱਧੀ ਅੱਧੀ ਰਾਤੀਂ ਪੌਣ ਜੁ ਲੰਘੇ
ਚੁੰਮ ਅੰਬੀਆਂ ਦੇ ਬੂਰ
ਕਿਸ ਪੰਛੀ ਦਾ ਸੁਪਨ ਗੁਆਚੇ
ਨੀਂਦ ਪਏ ਕੁਰਲਾ
ਰੰਗ ਪੌਣ ਦਾ ਗੋਰਾ ਚਾਨਣ
ਚੰਨਣ-ਚੰਨਣ ਸਾਹ
ਅੰਗ ਪੌਣ ਦੇ ਡੰਗ ਪਰੁਚਿਆ
ਸੁਪਨ ਗੁਆਚੇ ਦਾ
ਸੁਪਨ ਢੁੰਡੇਂਦੀ ਪੌਣ ਵਿਚਰਦੀ
ਸਰਕੰਡਿਆਂ ਦੇ ਦੇਸ
ਏਸ ਦਰਦ ਨੂੰ ਕੋਈ ਨਾ ਜਾਣੇ
ਮੇਰੀ ਨਜ਼ਰ ਸਿਵਾ
ਅੱਧੀ ਅੱਧੀ ਰਾਤੀਂ ਖਿੜੇ ਮੋਤੀਆ
ਡੁਲ੍ਹ ਡੁਲ੍ਹ ਪੈਂਦੇ ਚਾਅ
ਅੱਧੀ ਅੱਧੀ ਰਾਤ ਹਵਾ ਦੇ ਹੋਏ
ਮਹਿਕਾਂ ਵਰਗੇ ਸਾਹ
ਰਾਹ ਵਿਚ ਆਈ ਰਾਤ ਚਾਨਣੀ
ਪੈਰ ਨਾ ਪੁੱਟਿਆ ਜਾਏ
ਕਿਸ ਵੈਰੀ ਨੇ ਪੋਟਾ ਪੋਟਾ
ਭੌਂ ਤੇ ਸਿਹਰ ਵਿਛਾਏ?
ਰਾਹਾਂ ਦੇ ਵਿਚ ਚਾਨਣ ਸੁੱਤਾ
ਧਰਤ ਸੁਹਾਗਣ ਹੋਈ
ਵਸਲਾਂ ਵਰਗੀ ਮਿੱਟੀ ਤੇ ਅੱਜ
ਕਿਹੜਾ ਪੈਰ ਟਿਕਾਏ!
ਘੜੀ ਪਲਾਂ ਲਈ ਬਿਰਛਾਂ ਤਾਈਂ
ਬੂਰ ਕਿਸਮ ਦਾ ਲੱਗਾ
ਮੈਂ ਨਾ ਤੁਰਾਂ ਮਤੇ ’ਵਾ ਡੋਲੇ
ਬੂਰ ਹੁਣੇ ਝੜ ਜਾਏ
ਪਾਣੀ ਦੇ ਬੁਲ੍ਹਾਂ ਤੇ ਚਾਨਣ
ਚੁੰਮਣ ਹੁਣੇ ਸੁਆਏ
ਪਾਣੀ ਪੈਰ ਨਾ ਪਾ, ਚੁੰਮਣ ਦੀ
ਅੱਖ ਮਤੇ ਹੁੰਗਲਾਏ
ਸੱਭੇ ਰਾਹ ਚਾਨਣ ਨੇ ਮੱਲੇ
ਦਸ ਕਿਹੜੇ ਰਾਹ ਆਵਾਂ
ਚਾਨਣ ਦੀ ਬਰਸਾਤ ’ਚ ਤੇਰੇ
ਮੇਰੇ ਅੰਗ ਤਿਹਾਏ
ਰਾਹ ਵਿਚ ਆਈ ਰਾਤ ਚਾਨਣੀ
ਪੈਰ ਨਾ ਪੁੱਟਿਆ ਜਾਏ
ਕਿਸ ਵੈਰੀ ਨੇ ਪੋਟਾ ਪੋਟਾ
ਭੌਂ ਤੇ ਸਿਹਰ ਵਿਛਾਏ?
ਨੀ ਸਈਓ ਸੂਰਜ ਕੌਣ ਬੁਝਾਏ
ਪਿਆਰ ਦਾ ਚੰਬਾ ਖਿੜੇ ਹਨੇਰੇ
ਲੋਅ ਲਗਿਆਂ ਕੁਮਲਾਏ
ਸੇਜ ਸਜਣ ਦੀ ਜਿੰਦ ਵਿਛਾਈ
ਦੀਵੇ ਕੁਲ ਬੁਝਾ ਕੇ
ਮਹਿਕ-ਜਹੀ ਸਾਹਾਂ ਤੋਂ ਸਹਿਜੇ
ਪਾਈ ਬਾਤ ਲਜਾ ਕੇ
ਅਜੇ ਹੁੰਗਾਰੇ ਫੁਰੇ ਨਾ ਸਈਓ,
ਅਜੇ ਨਾ ਲੱਥੇ ਝਾਕੇ
ਸਾਹਾਂ ਗਲ ਸਾਹ ਮਿਲਦੇ ਰਹਿ ਗਏ
ਕਿਰਨਾਂ ਪਾਟਕ ਪਾਏ
ਨੀ ਸਈਓ ਸੂਰਜ ਕੌਣ ਬੁਝਾਏ
ਧੂਫ਼ ਵਾਂਗ ਮੇਰੀ ਧੁਖੇ ਜਵਾਨੀ
ਹੰਢੇ ਬਣ ਖੁਸ਼ਬੋਆਂ
ਸਜਨ ਮੇਰਾ ਪੌਣਾਂ ਦਾ ਬੁੱਲਾ
ਮੰਗਦਾ ਰੋਆਂ ਰੋਆਂ
ਜੇ ਕੁਲ ਉਮਰਾ ਹੋਇ ਹਨੇਰਾ
ਸਗਲੀ ਤੈੜੀ ਹੋਆਂ
ਚਾਨਣ ਵਿਚ ਹਰ ਪੰਧ ਲੰਮੇਰਾ
ਸ਼ੌਕ ਮੇਰਾ ਲਲਚਾਏ
ਨੀ ਸਈਓ ਸੂਰਜ ਕੌਣ ਬੁਝਾਏ
ਅੰਬਰਾ ਵੇ ਤੇਰੇ ਤਾਰੇ ਡੋਬਾਂ
ਸੋਹ ਸਮੁੰਦਰ ਖਾਰੇ
ਭੋਏਂ ਨੀ ਤੇਰੇ ਨੈਣ ਬੁਝਾਵਾਂ
ਨਿੰਦਿਆਂ ਦੇ ਵਣਜਾਰੇ
ਚੰਨ ਧੁਆਂਖਾਂ, ਦੀਪ ਹਿਸਾਵਾਂ
ਕਰਾਂ ਹਨੇਰਾ ਸਾਰੇ
ਇਕ ਚਾਨਣ ਮੇਰੇ ਲੂੰ ਲੂੰ ਜਾਗੇ
ਉਸ ਨੂੰ ਕੌਣ ਸੁਆਏ
ਨੀ ਸਈਓ ਸੂਰਜ ਕੌਣ ਬੁਝਾਏ
ਮੈਂ ਕਰ ਕਰ ਜਤਨਾਂ ਹਾਰੀ,
ਰਾਮ, ਨਹੀਂ ਮੁਕਦੀ ਫੁਲਕਾਰੀ।
ਲੈ ਕੇ ਲੱਖ ਅਜਬ ਸੁਗਾਤਾਂ,
ਸੈ ਰੁੱਤ-ਮਹੀਨੇ ਆਏ;
ਕਰ ਉਮਰਾਂ ਦੀ ਪਰਦੱਖਣਾ,
ਸਭ ਤੁਰ ਗਏ ਭਰੇ ਭਰਾਏ;
ਸਾਨੂੰ ਕੱਜਣ ਮੂਲ ਨ ਜੁੜਿਆ,
ਸਾਡੀ ਲੱਜਿਆ ਨੇ ਝਾਤ ਨ ਮਾਰੀ;
ਰਾਮਾ, ਨਹੀਂ ਮੁਕਦੀ ਫੁਲਕਾਰੀ।
ਜਿੰਦ ਨਿਕੜੀ ਤੇ ਹਾੜ੍ਹ ਮਹੀਨਾ,
ਤਨ ਤਪੇ ਪਸੀਨਾ ਚੋਏ;
ਅਸਾਂ ਮਹਿੰਗੇ ਮੁਲ ਦੇ ਮੋਤੀ,
ਜਿੰਦ ਪਤਲੀ ਦੇ ਪੱਟ ਪਰੋਏ;
ਇੰਜ ਮਿਹਨਤ ਦੇ ਵਿਚ ਬੀਤੀ
ਸਾਡੀ ਖੇਡਣ ਦੀ ਰੁਤ ਸਾਰੀ;
ਰਾਮਾ, ਨਹੀਂ ਮੁਕਦੀ ਫੁਲਕਾਰੀ।
ਫਿਰ ਹੁੱਲ ਕੇ ਆਈ ਜਵਾਨੀ
ਜਿਵੇਂ ਅੰਬਰ ਬਦਲੀ ਕਾਲੀ;
ਉਹ ਰੋਵੇ ਮੈਂ ਵੀ ਰੋਵਾਂ
ਅਸਾਂ ਜਿੰਦ ਵਿਚ ਬਿਜਲੀ ਪਾਲੀ;
ਉਹਦੇ ਅੱਥਰਾਂ ਪਾਏ ਕਸੀਦੇ
ਸਾਡੀ ਮਿਹਨਤ ਗਈ ਨਕਾਰੀ।
ਰਾਮਾ, ਨਹੀਂ ਮੁਕਦੀ ਫੁਲਕਾਰੀ।
ਰਾਤੀਂ ਤਾਰਿਆਂ ਦੇ ਨਾਲ
ਅਸਾਂ ਗੱਲਾਂ ਕੀਤੀਆਂ
ਸਾਡੀ ਗੱਲ ਸੁਣ ਅੰਬਰਾਂ ਦੀ
ਅੱਖ ਡੁਲ੍ਹ ਗਈ
ਤਾਰਾ ਡਿੱਗਾ ਉਹਦੀ ਅਗ ਵਾਲੀ
ਗੰਢ ਖੁਲ੍ਹ ਗਈ
ਕਹਿੰਦਾ ਨਿਕੀ ਜਿਹੀ ਜਿੰਦ ਤੇਰੀ
ਕਿਵੇਂ ਰੁਲ ਗਈ
ਕਿਵੇਂ ਮਿੱਟੀ ਤੇਰੀ ਮੁਹਰੇ
ਦੀਆਂ ਬੁੱਕਾਂ ਪੀਤੀਆਂ
ਰਾਤੀਂ ਤਾਰਿਆਂ ਦੇ ਨਾਲ
ਅਸਾ ਗੱਲਾਂ ਕੀਤੀਆਂ
ਸਾਡੇ ਅੰਗ ਅੰਗ ਤਾਰਿਆਂ
ਨੇ ਲੋਆਂ ਗੁੰਦੀਆਂ
ਹੰਝੂ ਵਾਲਿਆਂ ਨੂੰ ਲੋਆਂ
ਦੀਆਂ ਲੋੜਾਂ ਹੁੰਦੀਆਂ
ਲੈ ਕੇ ਅੱਗ ਅਸਾਂ ਅੱਖੀਆਂ
ਨ ਕਦੇ ਮੁੰਦੀਆਂ
ਹੰਝੂ ਦੇ ਕੇ ਅਸਾਂ ਚਿਣਗਾਂ
ਵਿਹਾਝ ਲੀਤੀਆਂ
ਰਾਤੀਂ ਤਾਰਿਆਂ ਦੇ ਨਾਲ
ਅਸਾਂ ਗੱਲਾਂ ਕੀਤੀਆਂ
ਸੁਣਿਆ ਏ ਤਾਰੇ ਸੁੰਦਰ ਨੇ
ਹੋਵਣਗੇ
ਅਪਣੀ ਦੁਨੀਆਂ ਵਿਚ ਜੋ ਕੁਛ ਸੁੰਦਰ ਹੈ,
ਸੁਪਨਾ ਹੈ
ਜਿਸ ਦੀ ਜੋ ਬਾਤ ਕਰਾਂ
ਅੰਗਾਂ ਦੇ ਵਿਚ ਲਾਜ ਸੁਲਗ਼ਦੀ ਹੈ
ਅਪਣੇ ਹੀ ਮਨ ਤੋਂ ਅਪਣੇ ਤਨ ਦਾ
ਪਰਦਾ ਲਹਿ ਜਾਂਦਾ ਹੈ
ਅਪਣੀ ਦੁਨੀਆਂ ਵਿਚ ਜੋ ਕੁਛ ਸੁੰਦਰ ਹੈ
ਚੋਰੀ ਹੈ
ਜੋ ਉਘੜ ਜਾਏ ਤਾਂ ਉਮਰਾਂ ਦਾ ਹਰ
ਸ੍ਵਾਸ ਕਲੰਕੀ ਹੈ
ਜੇ ਕਰ ਤਾਰੇ ਵੀ ਏਦਾਂ ਸੁੰਦਰ ਨੇ
ਤਾਂ ਆਪਣੀ ਦੁਨੀਆਂ ਮਹਾਂ ਅਭਾਗੀ ਹੈ
ਸੁਣਿਆ ਏਂ ਤਾਰੇ ਸੁੰਦਰ ਨੇ
ਹੋਵਣਗੇ
ਮਾਂ ਤੇਰੇ ਸਦਕੇ
ਮਾਂ ਤੈਥੋਂ ਵਾਰੀ
ਮਾਂ ਤੇਰੇ ਜੋਗੀ
ਮਾਂ ਤੁਧਵੰਤੀ
ਜਦੋਂ ਜਦੋਂ ਤੈਨੂੰ ਭੁੱਖ ਵੇ ਸਤਾਏ
ਟੁਕਰ ਬਿਗਾਨਾ ਤੈਥੋਂ ਮੰਗਿਆ ਨ ਜਾਏ
ਚੁੱਪਚਾਪ ਚਾਂਗਰ ਚਿਚਲਾਏ
ਉਦੋਂ ਉਦੋਂ ਹਾਜ਼ਰ
ਮਾਂ ਦੁਧਵੰਤੀ
ਮੁਲਕ ਤੇ ਮੌਸਮ ਜਿਸ ਦਮ ਕਾਲੇ
ਰਾਹ ਨ ਰਸਤੇ ਦੇਣ ਵਿਖਾਲੇ
ਕੋਈ ਨ ਕਿਧਰੇ ਬੱਤੀ ਬਾਲੇ
ਉਦੋਂ ਉਦੋਂ ਬਲਦੀ
ਮਾਂ ਸੁਧਵੰਤੀ
ਵੈਰ ਜਦੋਂ ਮਹਿਫ਼ਿਲ ਵਿਚ ਬੋਲੇ
ਕੂੜ ਕਮਾਏ ਫੱਕੜ ਤੋਲੇ
ਬੋਲ ਵੀ ਤੇਰੇ ਹੋਣ ਅਬੋਲੇ
ਉਦੋਂ ਉਦੋਂ ਬੋਲੇ
ਮਾਂ ਬੁਧਵੰਤੀ
ਕਿਰਤਘਣਾਂ ਜਦੋਂ ਤੇਗਾਂ ਫੜੀਆਂ
ਪਿਆਰ ਤੇ ਬਣੀਆਂ ਪੁਠੀਆਂ ਘੜੀਆਂ
ਮੈਂ ਹਾਜ਼ਰ ਤੇਰੇ ਸੰਗ ਮੈਂ ਖੜੀਆਂ
ਜੂਝ ਮਰੇ ਤੇਰੀ
ਮਾਂ ਜੁਧਵੰਤੀ
ਵੀਰਾ ਰਾਹੀਆ
ਜੇ ਚਲਿਐਂ ਤੂੰ ਦੇਸ ਬੰਗਾਲੇ
ਇਕ ਦੋ ਲੜੇ ਝਨਾਂ ਸਾਡੇ ਦੇ ਲੈਂਦਾ ਜਾਈ
ਵਰ੍ਹਿਆਂ ਤੋਂ ਅਣਵਰਤੇ ਪਾਣੀ ਇਸ਼ਕ
ਝਨਾਂ ਦੇ
ਲੋਕਾਂ ਭਾਣੇ ਬੁਸ ਚੱਲੇ ਨੇ
ਇਸ ਦਰਿਆ ਦੇ ਕੰਢੇ ਉਤੇ ਵਸਦੇ ਬੰਦੇ
ਅਪਣੇ ਆਪ ਤੋਂ ਰੁਸ ਚੱਲੇ ਨੇ
ਮੈਂ ਸੁਣਿਆ ਹੈ ਦੇਸ ਬੰਗਾਲੇ
ਥਾਣੀ ਸਾਡੇ ਲੋਕੀਂ ਲੰਘੇ
ਹੱਥਿਓਂ ਟੁੱਟੇ ਟੋਕੇ ਵਾਂਗੂੰ
ਗਏ ਕੁਤਰਦੇ ਓਥੋਂ ਦੇ ਲੋਕਾਂ ਨੂੰ
ਪੱਠਿਆਂ ਦੱਬਿਆਂ ਵਾਂਗੂੰ
ਰਾਹਾਂ ਉਪਰ ਲੇਥੂੰ ਪੇਥੂੰ ਮਿੱਝ ਮਾਸ ਦੀ
ਤੱਤੀ ਘਾਣੀ
ਸੜਕਾਂ ਉਪਰ ਨੰਗੀ ਪਈ ਨਮੋਸ਼ੀ ਸਾਡੀ
ਵੀਰਾ ਰਾਹੀਆ
ਉਹਨੀਂ ਰਾਹੀਂ ਡੁੱਲ੍ਹਣ ਦੇਵੀਂ ਇਸ ਦਰਿਆ ਨੂੰ
ਵਰ੍ਹਿਆਂ ਤੋਂ ਅਣਵਰਤੇ ਪਾਣੀ
ਲੱਗਣ ਦੇਵੀਂ ਅਪਣੀ ਆਹਰੇ
ਆਪੇ ਲੋਕ ਪਛਾਣ ਲੈਣਗੇ
ਇਸ਼ਕ ਕਦੇ ਨਾ ਜਾਣ ਜੰਗਾਲੇ
ਅਜੇ ਝਨਾਂ ਦੇ ਕੰਢੇ ਵੱਸਣ ਬੰਦੇ ਮਿਹਰ ਮੁਹੱਬਤ ਵਾਲੇ
ਵੀਰਾ ਰਾਹੀਆ
ਜੇ ਚਲਿਐਂ ਤੂੰ ਦੇਸ ਬੰਗਾਲੇ
ਇਕ ਦੋ ਲੜੇ ਝਨਾਂ ਸਾਡੇ ਦੇ ਲੈਂਦਾ ਜਾਈਂ
ਸਾਨੂੰ ਆਪਣੇ ਪਾਣੀ ਉਤੇ ਬੜੀ ਆਸ ਹੈ
ਆਪਣਾ ਸਿਰ ਕਟਾ ਕੇ
ਤਲੀ ’ਤੇ ਟਿਕਾ ਕੇ
ਜੀਣਾ ਬਹੁਤ ਮੁਸ਼ਕਿਲ ਹੈ
ਪਰ ਆਪਣੇ ਮੱਥੇ ਵਿਚ
ਜੋਤ ਇਕ ਜਗਾ ਕੇ
ਦੁਨੀਆਂ ਦੇ ਝੱਖੜ ’ਚੋਂ
ਅਣਬੁਝੇ ਹੀ ਲੰਘ ਜਾਣਾ
ਇਹ ਵੀ ਕਿਹੜਾ ਸੌਖਾ ਹੈ?
ਖੰਡੇ ਦੀ ਨੋਕ ਨਾਲ
ਦੁਨੀਆਂ ਨੂੰ ਚੀਰਦੀ ਹੋਈ
ਜੋ ਲਕੀਰ ਖਿੱਚੀ ਗਈ
ਉਸ ਦੇ ਉਰਵਾਰ ਪਾਰ
ਮੈਂ ਕਿਤੇ ਖਲੋਤਾ ਨਹੀਂ
ਜ਼ਾਲਮ ਮਜ਼ਲੂਮ ਤੋਂ ਬਗ਼ੈਰ
ਵਖਰੀ ਵੀ ਦੁਨਆਂ ਹੈ
ਨਿੱਕਾ ਜਿਹਾ ਵਰਤਮਾਨ
ਬੀਤ ਚੁਕੇ ਵੈਰੀ ਦੇ ਲੇਖੇ ਨਹੀਂ ਲਗ ਸਕਦਾ
ਵਿਛੜ ਗਏ ਮਿੱਤਰਾਂ ਨੂੰ ਅਰਪਣ ਨਹੀਂ
ਹੋ ਸਕਦਾ
ਅਪਣੇ ਅਣਕੱਟੇ ਸਿਰ ਦਾ ਸਫ਼ਰ ਅਜੇ ਮੁੱਕਾ ਨਹੀਂ
ਕਿਸੇ ਦੇ ਕਟੇ ਸਿਰ ਨੂੰ
ਤਲੀ ’ਤੇ ਟਿਕਾ ਕੇ
ਕਰਾਮਾਤ ਕਰਨ ਲਈ ਮੈਂ ਅਜੇ ਨਹੀਂ ਰੁਕ ਸਕਦਾ
ਅਪਣੀ ਅਪਣੀ ਮੁਸ਼ਕਲ ਹੀ
ਅਪਣੀ ਅਪਣੀ ਦੌਲਤ ਹੈ
ਕਰਾਮਾਤ ਤੋਂ ਬਗ਼ੈਰ ਅਗਨ ਸਹਿਤ ਜੀਣਾ ਹੈ
ਜਿਤਨਾ ਵੀ ਜ਼ਹਿਰ ਹੈ ਆਪਣੀ ਡੀਕ ਪੀਣਾ ਹੈ
ਅਪਣੀ ਅਪਣੀ ਜੰਗ ਦਾ
ਅਪਣਾ ਹਥਿਆਰ ਹੈ
ਬੀਤ ਗਿਆ ਖੰਡਾ
ਮੇਰੇ ਕਿਸ ਕੰਮ ਆਏਗਾ
ਅਜ ਤਾਂ ਉਹੀ ਜੂਝੇਗਾ
ਅਪਣੇ ਮੱਥੇ ਵਿਚ
ਅਪਣੀ ਜੋਤ ਜੋ ਜਗਾਏਗਾ
ਅਪਣਾ ਸਿਰ ਕਟਾ ਕੇ
ਤਲੀ ’ਤੇ ਟਿਕਾ ਕੇ
ਜੀਣਾ ਬਹੁਤ ਮੁਸ਼ਕਿਲ ਹੈ
ਪਰ, ਅਪਣੇ ਮੱਥੇ ਵਿਚ
ਜੋਤ ਇਕ ਜਗਾ ਕੇ
ਦੁਨੀਆਂ ਦੇ ਝੱਖੜ ’ਚੋਂ,
ਅਣਬੁਝੇ ਹੀ ਲੰਘ ਜਾਣਾ
ਇਹ ਵੀ ਕਿਹੜਾ ਸੌਖਾ ਹੈ?
ਅਸੀਂ ਨਾ ਮਰੇ ਜਦੋਂ
ਮਰਨ ਦਾ ਵੇਲਾ ਸੀ
ਤੱਤੀ ਤਵੀ ਜਹੇ ਸੂਹੇ ਸੁਰਖ਼ ਮੌਕੇ
ਆਏ ਤੇ ਚਲੇ ਗਏ ਦੀਵਾਨ ਸਜਾ ਕੇ
ਅਸੀਂ ਨਾ ਬੈਠੇ ਉਹਨਾਂ ਦੀ ਬੈਠਕੇ
ਬਸ ਪੁੱਛਣ ਪੁੱਛਣ ਕਰਦੇ ਰਹੇ:
ਗੁਰੂ ਕਦੋਂ ਹੋਈਦੈ
ਤਵੀ ਤੇ ਬੈਠਣ ਤੋਂ ਪਹਿਲਾਂ ਜਾਂ ਪਿੱਛੋਂ?
ਜਗਮਗ ਨਾ ਜਗੇ
ਜਦੋਂ ਜਗਣ ਦਾ ਵੇਲਾ ਸੀ
ਸੂਰਜ ਤਾਂ ਕਿੰਨਾ ਚਿਰ ਦਸਤਕ ਬਣ ਖੜਾ
ਰਿਹਾ
ਕੂਕਦਾ ਵੰਗਾਰਦਾ
ਅਸੀਂ ਚੁਪਚਾਪ ਰਹੇ ਬੂਹਿਆਂ ਦੇ ਉਹਲੇ
ਬੂਹੇ ਨਾ ਖੋਲ੍ਹੇ
ਰਹਿ ਗਏ ਉਡੀਕਦੇ:
ਅੰਤ ਵਾਰ ਸੂਰਜ ਦੇ ਬੁਝਣ ਦਾ ਵੇਲਾ
ਉਦੈ ਨਾ ਹੋਏ
ਜਦੋਂ ਉਦੈ ਦਾ ਵੇਲਾ ਸੀ
ਹੁਣ ਅਸੀਂ ਚਾਹੁੰਦੇ ਹਾਂ
ਸੂਲੀ ਤੇ ਚੜ੍ਹੇ ਪੈਗ਼ੰਬਰ ਵਾਂਗ ਬੋਲੀਏ
ਜਦੋਂ ਉਨ੍ਹਾਂ ਗੱਡੀ ਸੀ ਚੌਰਾਹੇ ਵਿਚ ਸੂਲੀ
ਪਦਵੀ ਰਸੂਲੀ ਅਸਾਂ ਉਦੋਂ ਨਾ ਕਬੂਲੀ
ਸਾਡੀ ਥਾਂ ਝੂਲ ਗਏ
ਬੰਜਰ ਵਿਚ ਉਗੇ ਹੋਏ ਘਾਹ ਜਹੇ ਬੰਦੇ
ਉਹਨਾਂ ਦੀ ਛਾਵੇਂ
ਪਰਛਾਵੇਂ ਰਹੇ ਸੋਚਦੇ:
ਰੱਸੇ ਤੇ ਝੂਲਦਾ ਆਖ਼ਰੀ ਬੰਦਾ
ਜਦੋਂ ਚੁੱਪ ਹੋ ਜਾਏਗਾ
ਉਦੋਂ ਕੌਣ ਮੰਨੇਗਾ
ਸਾਡੇ ਵੀ ਮੂੰਹ ਵਿਚ ਕਦੇ ਤਾਂ ਜ਼ਬਾਨ ਸੀ
ਅਸੀਂ ਨਾ ਬੋਲੇ
ਜਦੋਂ ਬੋਲਣ ਦਾ ਵੇਲਾ ਸੀ।
ਚਲ ਖ਼ੁਸ਼ਬੋਏ
ਹੁਣ ਹੋਰ ਕਿਤੇ ਚੱਲੀਏ
ਬਹੁਤ ਚਿਰ ਬੈਠ ਲਿਆ
ਹੁਣ ਏਥੋਂ ਹੱਲੀਏ
ਕਿਹਦੀਆਂ ਉਡੀਕਾਂ
ਏਥੇ ਕਿਸੇ ਨਹੀਉਂ ਆਵਣਾ
ਕੱਲਿਆਂ ਦੀ ਜੂਨ
ਉਠ ਭੋਗ ਲੈ ਨੀ ਕੱਲੀਏ
ਹਉਕੇ ਵਾਂਗੂੰ ਉੱਠ ਜਾ
ਤੇ ਹੰਝੂ ਹੋ ਕੇ ਡੁਲ੍ਹ ਜਾ
ਤੂੰਬਾ ਤੂੰਬਾ ਟੁਟਦੀ ਜਾ
ਬੈਠ ਨਾ ਨਿਚੱਲੀਏ
ਥਾਵਾਂ ਵਾਲੇ ਥਾਓਂ ਥਾਈਂ
ਏਥੇ ਬੈਠੇ ਰਹਿਣਗੇ
ਅਸੀਂ ਤਾਂ ਨਿਥਾਵੇਂ
ਐਵੇਂ ਥਾਵਾਂ ਕਾਹਨੂੰ ਮੱਲੀਏ
ਦੂਰ ਜਦੋਂ ਕੋਈ ਦੁਖੀ
ਹੋਵੇ ਵਾਜਾਂ ਮਾਰਦਾ
ਆਪ ਤੁਰ ਜਾਈਏ
ਕਿਸੇ ਹੋਰ ਨੂੰ ਨ ਘੱਲੀਏ
ਮਾਣਸ ਜਨਮ ਦੁਬਾਰਾ ਪਾਵਾਂ
ਏਸ ਹੀ ਦੇਸ ਪੰਜਾਬ ’ਚ ਆਵਾਂ
ਵੱਢੀ-ਟੁੱਕੀ ਧਰਤੀ ਤੇ ਵੱਢੇ-ਟੁੱਕੇ ਘਰ ਵਿਚ
ਵੱਢੀ-ਟੁੱਕੀ ਜਾਤ ਦਾ ਮੈਂ ਅਖਵਾਵਾਂ
ਬਿਰਛ ਨਿਪਤਰੇ ਤੇ ਪੰਛੀ ਚੰਦਰਾ
ਉਹੀਓ ਗੀਤ ਵਿਗੋਚੇ ਦੇ ਗਾਵਾਂ
ਮਸਿਆ ਦਿਹਾੜੇ ਹਰਿ-ਸਰ ਜਾਵਾਂ
ਪੁੰਨਿਆਂ ਨੂੰ ਇਸ਼ਕ-ਝਨਾਂ ਵਿਚ ਨ੍ਹਾਵਾਂ