ਆਪਣੀ ਸ਼ਾਇਰੀ ਬਾਰੇ ਆਪ ਲਿਖਣਾ ਕਾਫ਼ੀ ਮੁਸ਼ਕਿਲ ਕੰਮ ਹੈ।
ਮਸਤੀ ਤੇ ਹੋਸ਼, ਭਾਵਨਾ ਤੇ ਬੁੱਧੀ, ਆਪ-ਬੀਤੀ ਤੇ ਜਗ ਬੀਤੀ, ਨਿੱਜੀ ਪਿਆਰ ਤੇ ਇਨਕਲਾਬੀ ਲਹਿਰ, ਆਸ, ਨਿਰਾਸ ਤੇ ਚੇਤਨਾ, ਇਨ੍ਹਾਂ ਸਭ ਜਜ਼ਬਿਆਂ ਦੇ ਚੇਤੰਨ ਅਚੇਤ ਸੰਗਮ ਉਤੇ ਕਵਿਤਾ ਦਾ ਜਨਮ ਹੁੰਦਾ ਹੈ। ਕਵਿਤਾ ਜੀਵਨ ਦੀ ਦਰਪਣ ਵੀ ਹੈ ਤੇ ਪੱਥ ਪਰਦਰਸ਼ਕ ਵੀ। ਇਹ ਅੰਤਹਕਰਣ ਦੀਆਂ ਡੂੰਘਾਈਆਂ ਤੋਂ ਲੈ ਕੇ ਸਮੂਹ ਚੇਤਨਾ ਤੱਕ ਦੀ ਪ੍ਰਤੀਕ ਹੈ। ਮੈਂ ਕਿਸੇ ਵੀ ਵਿਸ਼ੇ ਨੂੰ ਵਰਜਿਤ ਨਹੀਂ ਸਮਝਿਆ ਅਤੇ ਨਾ ਕਿਸੇ ਖ਼ਾਸ ਛੰਦ ਨੂੰ ਮਹੱਤਤਾ ਦਿੱਤੀ ਹੈ। ਬਹੁ-ਰੰਗੇ ਜੀਵਨ ਦੇ ਸਭੇ ਰੰਗ ਪ੍ਰੇਰਣਾ ਦਾ ਸ੍ਰੋਤ ਬਣ ਜਾਂਦੇ ਹਨ।
‘ਕਿਹੜਾ ਬੋਲ ਸੁਣਾਵਾਂ’ ਦਾ ਜਨਮ ਲੰਬੀ ਹਲਕੇ ਦੀ ਚੋਣ ਸਮੇਂ ਖੇਤ ਮਜ਼ਦੂਰਾਂ ਦੀ ਇਕ ਮੀਟਿੰਗ ਕਰਾਉਂਦਿਆਂ ਹੋਇਆ। ਜਦੋਂ ਮੈਂ ਮਹਿਸੂਸ ਕੀਤਾ ਕਿ ਮੇਰੇ ਅਤੇ ਉਨ੍ਹਾਂ ਪੇਂਡੂ ਮਜ਼ਦੂਰਾਂ ਵਿਚਕਾਰ ਮੇਰੇ ਆਪਣੇ ਸ਼ਬਦ ਹੀ ਦੀਵਾਰ ਬਣ ਗਏ ਹਨ, ‘‘ਅਰਥਾਂ ਦਾ ਕਿਵੇਂ ਅਰਥ ਕਰਾਂ ਮੈਂ’’ ਉਸ ਮਜਬੂਰੀ ਦਾ ਇਹਸਾਸ ਹੈ। ਐਪਰ ਜਦ ਧਰਤੀ ਦੀ ਗੱਲ ਚੱਲੀ ਹੈ ਤਾਂ ‘‘ਸ਼ਬਦਾਂ ਦੇ ਭੰਡਾਰ ਭਰ ਗਏ’’ ਦਾ ਇਹਸਾਸ ਹੋਇਆ।
‘ਕਦੋਂ ਤੋਰ ਕਿਰਨਾਂ ਨੇ ਛੱਡੀ ਹੈ ਤਿੱਖੀ’ ਟ੍ਰਾਂਸਪੋਰਟ ਮਜ਼ਦੂਰਾਂ ਦੀ ਚਾਰ ਦਿਨਾਂ ਦੀ ਹੜਤਾਲ ਉੱਤੇ ਹੋਏ ਅੰਨ੍ਹੇ ਜ਼ੁਲਮ ਵਿਰੁੱਧ ਪ੍ਰਤੀਕਰਮ ਹੈ। ਹਾਰ ਦੀ ਉਸ ਘੜੀ ਵਿਚ ਮਨ ਨੇ ਪੰਜਾਬ ਦੇ ਮਹਾਨ ਸਪੂਤ ਗੁਰੂ ਗੋਬਿੰਦ ਸਿੰਘ ਦੇ ‘ਜ਼ਫ਼ਰਨਾਮੇ’ ਤਕ ਉਡਾਰੀ ਭਰ ਲਈ।
‘ਅੱਖ ਸਮੇਂ ਦੀ’ ਕੇਰਲਾ ਦੀਆਂ ਚੋਣਾਂ ਵਿਚ ਲੋਕਾਂ ਵੱਲੋਂ ਦਰਸਾਈ ਗਈ ਸੂਝ ਤੇ ਸਿਆਣਪ ਨੂੰ ਸ਼ਰਧਾਂਜਲੀ ਹੈ- ਕਿਵੇਂ ਅੱਜ ਲੋਕ ਆਪਣੇ ਲੱਖ ਝਮੇਲਿਆਂ ਵਿਚ ਡੁੱਬੇ ਰੁੱਝੇ, ਇਤਿਹਾਸਕ ਮੋੜਾਂ ’ਤੇ ਸਚਾਈ ਦੀ ਪਰਖ ਕਰ ਲੈਂਦੇ ਹਨ।
‘ਕਾਰਲ ਮਾਰਕਸ’ ਬਾਰੇ ਕਵਿਤਾ ਮਾਰਕਸ ਦੇ ਮਹਾਨ ਮਾਨਵੀ ਨੁਕਤਾ-ਨਜ਼ਰ ਦੀ ਪ੍ਰਤੀਕ ਹੈ।
ਏਸੇ ਤਰ੍ਹਾਂ ਬਹੁਤ ਸਾਰੀਆਂ ਕਵਿਤਾਵਾਂ ਨਿੱਤ ਦਿਹਾੜੀ ਪੈਦਾ ਹੋਣ ਵਾਲੇ ਵਾਕਿਅਤ ਬਾਰੇ ਪ੍ਰਤੀਕਰਮ ਹਨ- ‘ਨਾਸਰ’, ‘ਚਿੱਟੇ ਝੂਠ ਦੀ ਕਾਲੀ ਗੋਲੀ’, ‘ਬੂੰਦਾਂ ਰੱਤੀਆਂ’ ਆਦਿ।
ਸਨਅਤੀਕਰਨ ਦੇ ਏਸ ਯੁਗ ਵਿਚ ਇਕੱਲੇਪਣ ਦਾ ਇਹਸਾਸ ਬੜੀ ਸ਼ਿੱਦਤ ਨਾਲ ਹੁੰਦਾ ਹੈ। ‘ਪਰਬਤ ਕੰਧਾਂ’, ‘ਸ਼ਿਸ਼ਟਾਚਾਰ ਦੇ ਕੱਫ਼ਣ ਥੱਲੇ’ ਆਦਿ ਮਨੋਵਿਗਿਆਨਕ ਤੇ ਪਿਆਰ ਕਵਿਤਾਵਾਂ ਆਪਣੇ ਆਪ ਵਿਚ ਸਾਫ਼ ਹਨ ਅਤੇ ਉਨ੍ਹਾਂ ਦਾ ਪ੍ਰੇਰਨਾ ਸ੍ਰੋਤ ਮੇਰੇ ਜੀਵਨ ਦੀ ਪਿਆਰ ਕਹਾਣੀ ਹੈ, confessional ਸ਼ਾਇਰੀ ਦਾ ਪ੍ਰਗਟਾਅ ਹੈ। ਸ਼ਾਇਰੀ ਚੰਗੀ ਹੈ ਜਾਂ ਮਾੜੀ, ਇਸ ਦਾ ਫ਼ੈਸਲਾ ਪਾਠਕ ਦੇ ਹੱਥ ਹੈ। ਮੈਂ ਇਕੋ ਗੱਲ ਕਹਿ ਸਕਦਾ ਹਾਂ: ਜਿਵੇਂ ਇਟਲੀ ਦੇ ਮਸ਼ਹੂਰ ਸ਼ਾਇਰ ਨੇ ਕਿਹਾ ਸੀ-
‘‘ਇਕ ਸਤਰ ਐਸੀ ਨਾ ਲਿੱਖਾਂ
ਜੋ ਨਾ ਮੇਰੇ ਦਿਲ ਵਿਚ ਜੰਮੇ।’’
– ਮਦਨ ਦੀਦੀ
ਆਸ ਦੀ ਬੱਤੀ ਉੱਚੀ ਰਖਾਂ
ਨ੍ਹੇਰ ਸਮੇਂ ਦੀ ਰੂਹ ਦਾ ਚਾਨਣ,
ਸਮੇਂ ਦੀ ਉਡਦੀ ਚਾਲ ਪਛਾਨਣ।
ਸ਼ਾਇਰ ਜਗਮਗ ਦੀਪ ਸਮੇਂ ਦੇ,
ਦੂਰ ਤਾਈਂ ਰਾਹਾਂ ਰੁਸ਼ਨਾਵਣ।
ਪਿਆਰਾਂ ਦੀ ਇਸ ਧਰਤੀ ਉੱਤੇ
ਲੱਖਾਂ ਨੇ ਹੈ ਜਾਨ ਗੁਆਈ,
ਲੱਖਾਂ ਦੁਖੜੇ ਤਨ ਤੇ ਜਰ ਗਏ
ਗੀਤ ਦਿਲਾਂ ਦੇ ਸਾਂਝੇ ਕਰ ਗਏ।
ਸਭ ਤੋਂ ਲੈ ਬਾਣੀ ਰਸਵੰਤੀ
ਕੁਝ ਆਪਣਾ ਮੈਂ ਦਰਦ ਰਲਾਵਾਂ,
ਪਲ ਦੋ ਪਲ ਲਈ ਦੀਪ ਜਲਾਵਾਂ
ਨ੍ਹੇਰ ਸਮੇਂ ਨੂੰ ਮੈਂ ਰੁਸ਼ਨਾਵਾਂ।
ਆਸ ਦੀ ਬੱਤੀ ਉੱਚੀ ਰੱਖਾਂ।
2.
ਜਿਨ੍ਹਾਂ ਨੇ ਰੰਗ ਦੀ ਦੁਨੀਆਂ ਹਮੇਸ਼ਾਂ ਰਾਂਗਲੀ ਰੱਖੀ,
ਜਿਨ੍ਹਾਂ ਸੁਰ, ਤਾਲ, ਲੈ ਦੀ ਪਰਖ ਦੀ ਮਸਤੀ ਕਦੇ ਚੱਖੀ,
ਜਿਨ੍ਹਾਂ ਦੇ ਬੋਲ ਸੁੱਚੇ ਨੇ, ਜਿਹਨਾਂ ਦੀ ਨਜ਼ਰ ਹੈ ਉੱਚੀ,
ਉਨ੍ਹਾਂ ਦਾ ਹਾਲ ਕੀ ਦੱਸਾਂ ਗ਼ਮਾਂ ਦੀ ਇਕ ਕਹਾਣੀ ਹੈ,
ਸਮੇਂ ਨੂੰ ਰਾਹ ਜੋ ਦੱਸੇ ਬੜੀ ’ਕੱਲੀ ਜੁਆਨੀ ਹੈ।
ਸਮੇਂ ਦੇ ਰਾਹ ਜਦ ਮੁਕਣ ਦਿਲਾਂ ਦੇ ਰਾਹ ਤੁਰਦੇ ਨੇ,
ਜਦੋਂ ਮੁਕੇ ਉਡਾਰੀ ਸੋਚ ਦੀ ਤਾਂ ਬੋਲ ਫੁਰਦੇ ਨੇ,
ਸਮੇਂ ਦਾ ਜ਼ਹਿਰ ਪੀਂਦੇ ਨੇ ਦਿਲਾਂ ਦੀ ਤੋਰ ਤੁਰਦੇ ਨੇ,
ਬੜਾ ਪੱਥਰ ਦਾ ਜੇਰਾ ਹੈ ਬੜੀ ਦਰਦਾਂ ਦੀ ਬਾਣੀ ਹੈ,
ਸਮੇਂ ਨੂੰ ਰਾਹ ਜੋ ਦੱਸੇ ਬੜੀ ’ਕੱਲੀ ਜੁਆਨੀ ਹੈ।
ਪਤਾ ਨਹੀਂ ਕੀ ਸੁਣਦੇ ਨੇ ਦਿਲਾਂ ਦੇ ਸ਼ੋਰ ਦੇ ਪਿੱਛੇ,
ਭਟਕਦੀ ਰੂਹ ਫਿਰਦੀ ਹੈ ਦਿਲਾਂ ਦੀ ਲੋਰ ਦੇ ਪਿੱਛੇ,
ਦਿਲਾਂ ਦੀ ਤੋਰ ਐਸੀ ਹੈ ਨਾ ਲੱਗੇ ਹੋਰ ਦੇ ਪਿੱਛੇ,
ਸਮੇਂ ਨੂੰ ਰਾਹ ਜੋ ਦੱਸੇ ਬੜੀ ’ਕੱਲੀ ਜੁਆਨੀ ਹੈ,
ਸਮੇਂ ਦੇ ਨਾਲ ਤੁਰਦੀ ਹੈ ਸਮੇਂ ਦੀ ਜ਼ਿੰਦਗਾਨੀ ਹੈ।
* * *
ਆਪਣੇ ਬਾਰੇ
ਇਕ ਬੰਦਾ ਹੈ ਇਸ ਦੁਨੀਆਂ ਵਿਚ
ਜਿਸ ਨੂੰ ਚੌਦਾਂ ਖ਼ੂਨ ਦੀ ਮੁਆਫੀ
ਜਿਸ ਨੂੰ ਪਾਪ ਕਦੇ ਨਾ ਲੱਗਣ,
ਜਿਹੜਾ ਕੋਝ ਕਰੂਪਾਂ ਵਿਚ ਵੀ
ਸਦਾ ਹੀ ਦਿਲ ਨੂੰ ਚੰਗਾ ਲੱਗੇ।
ਛੂੰਹਦੇ ਸਾਰ ਹੀ ਛੂਈ ਮੂਈ ਦੇ ਬੂਟੇ ਵਾਂਗ
ਜੋ ਕੁੰਗੜ ਜਾਵੇ,
ਆਪਾ ਪਿਆਰ ਦਾ ਪਿਆਰਾ ਬਾਲਕ
ਚਰਮ ਬਿੰਦ ਹੈ ਖੁਦਗਰਜ਼ੀ ਦਾ।
ਇਕ ਤਲਵਾਰ ਜੰਗਾਲੀ ਹੋਈ
ਸਾਣ ਤੇ ਲਾਈ, ਸਾਰਿਆਂ ਯਾਰਾਂ
ਹਉਮੈਂ ਦੇ ਸਭ ਪੁਰਜ਼ੇ ਉਡ ਗਏ
ਸੱਚ ਦੀ ਇਕ ਤਲਵਾਰ ਬਣ ਗਿਆ
ਸਮਿਆਂ ਦੀ ਲਲਕਾਰ ਬਣ ਗਿਆ।
* * *
ਪਿਆਰ
ਜਾਣ ਪਛਾਣ ਦੇ ਸਾਗਰ ਅੰਦਰ
ਇਕ ਪਛਾਣ ਜੋ ਮੋਤੀ ਬਣ ਗਈ।
ਰਮਜ਼ਾਂ ਦਾ ਇਕ ਸ਼ੀਸ਼ ਮਹਿਲ ਹੈ
ਨਜ਼ਰ ਬਦਲਦੇ ਸਾਰ ਹੀ ਜਿਹੜਾ
ਚੂਰਾ ਚੂਰਾ ਹੋ ਜਾਂਦਾ ਹੈ।
ਪਿਆਰ ਦੀ ਉਮਰੇ
ਫ਼ਾਸਲਾ ਸਾਰਾ ਦੀ ਸੁਰਗ ਨਰਕ ਦਾ
ਇਕ ਨਜ਼ਰ ਦੀ, ਵਿੱਥ ਮਾਤਰ ਹੈ।
…
ਆਦਰ, ਮਾਨ, ਦਿਆ ਧਰਮਾਂ ਦੀ
ਸੁੱਕੀ ਰੇਤ ਉੱਡੇ,
ਪਿਆਰ ਦੀ ਇਕੋ ਬੂੰਦ ਦੇ ਬਾਝੋਂ
ਜਲ ਥਲ ਕੌਣ ਕਰੇ,
ਪਹਿਲੀ ਛੋਹ, ਬਦਨ ਖੁਸ਼ਬੋਈ
ਭਿੱਜੀ ਨਜ਼ਰ ਕਦੇ
ਇਕੋ ਬੂੰਦ ਸਰੋਵਰ ਦਿਲ ਦਾ
ਕਿੰਨੀ ਵਾਰ ਭਰੇ।
…
ਜਦ ਸੁਣਿਆਂ ਤੁਸੀਂ ਆਵਣ ਵਾਲੇ
ਸਾਡੀ ਨੀਂਦ ਗੁਆਚੀ,
ਆਸ ਗਈ ਮੀਲਾਂ ਤੱਕ ਉੱਡ ਕੇ
ਚੜ੍ਹ ਸਮਿਆਂ ਦੀ ਡਾਚੀ,
ਫਿਰ ਸੁਣਿਆਂ ਤੁਸੀਂ ਨਹੀਓਂ ਆਉਣਾ
ਰੋ ਪਈ ਜਿੰਦ ਨਿਰਾਸੀ,
ਰੀਝ ਦਿਲਾਂ ਦੀ ਕਮਲੀ ਹੋਈ
ਹਰ ਇਕ ਨਜ਼ਰ ਉਦਾਸੀ
ਦੋ ਬੋਲਾਂ ਨੂੰ ਤਰਸ ਰਹੀ ਸੀ,
ਰੂਹ ਉਮਰਾਂ ਦੀ ਪਿਆਸੀ,
ਜਲ ਥਲ ਦਿਲ ਦਾ ਵੇਹੜਾ ਹੋਇਆ
ਬੋਲ ਜਦੋਂ ਸੁਣਿਆ ਸੀ।
…
ਕਿਸੇ ਦੇ ਪੈਰ ਪਾਉਂਦੇ ਹੀ
ਬਿਨਾਂ ਮੌਸਮ ਬਹਾਰ ਆਵੇ
ਉਹ ਜਿਹੜੇ ਥਾਂ ਵੀ ਬੈਠੇ
ਉਸੇ ਨੂੰ ਰੂਪ ਚੜ੍ਹ ਜਾਵੇ,
ਹਜ਼ਾਰਾਂ ਮਹਿਕਦੇ ਫੁੱਲਾਂ ਦੀ ਖੁਸ਼ਬੂ
ਰੂਪ ਦੀ ਨਰਮੀ,
ਕਦੀ ਆ ਛੇੜਦੀ ਦਿਲ ਨੂੰ,
ਕਦੀ ਆਪੇ ਹੀ ਸ਼ਰਮਾਵੇ।
ਸਦਾ ਦਿਲ ਦੇ ਹਨੇਰੇ ’ਚ
ਸਿਤਾਰੇ ਝਿਲਮਿਲਾ ਉੱਠੇ
ਜਦੋਂ ਸੁਪਨਾ ਮੁਹੱਬਤ ਦਾ
ਕਿਤੋਂ ਆ, ਦਿਲ ’ਚ ਲਹਿਰਾਵੇ।
…
ਕਾਲੀਆਂ ਨਾਗਨਾਂ ਘੇਰਿਆ ਇਕ ਫੁਲ ਗੁਲਾਬੀ,
ਲੰਬੀਆਂ ਪਲਕਾਂ ਘੇਰ ਲਏ ਦੋ ਨੈਣ ਸ਼ਰਾਬੀ।
ਕੱਦ ਸਰੂ ਦਾ ਬੂਟੜਾ ਜੋ ਉਡਣਾ ਚਾਹਵੇ,
ਦੇਹ ਇਕ ਟਹਿਣੀ ਬੈਂਤ ਦੀ ਡੋਲੇ ਵਲ ਖਾਵੇ।
ਰੂਪ ਦੀ ਮੂਰਤ ਹੱਸਦੀ ਏਵੇਂ ਸ਼ਰਮਾਵੇ,
ਚੰਨਣ ਬੂਟਾ ਪਿਆਰ ਦਾ ਨਿੱਤ ਮਹਿਕ ਖਿੰਡਾਵੇ।
ਹੋਰ ਗੁਲਾਬੀ ਹੋ ਗਈ ਸੁਣ ਨਾਮ ਕਿਸੇ ਦਾ,
ਯਾਦਾਂ ਅੰਦਰ ਖੋ ਗਈ ਸੁਣ ਨਾਮ ਕਿਸੇ ਦਾ।
ਆਵਣ ਵਾਲੇ ਆਉਣਗੇ ਪਈ ਕਰੇ ਦਲੀਲਾਂ,
ਮਿਲਣਾ ਪਿਆਰ ਦੀ ਰੀਤ ਹੈ ਨਿਤ ਬਣਨ ਸਬੀਲਾਂ।
ਯਾਦ ਕਿਸੇ ਦੀ ਆ ਗਈ ਤਾਂ ਦਿਲ ਬਹਿਲਾਵੇ,
ਦਿਲ ਦੀ ਦੂਰੀ ਚੰਦਰੀ ਝੱਲੀ ਨਾ ਜਾਵੇ।
ਇਕ ਦਿਨ ਅਚਣਚੇਤ ਹੀ ਫਿਰ ਮਹਿਰਮ ਆਏ,
ਧਰਤੀ ਉੱਤੇ ਬਾਵਰੀ ਫਿਰ ਪੈਰ ਨਾ ਲਾਏ।
…
ਤੇਰੇ ਬਾਝ ਦਿਲਾਂ ਦਿਆ ਮਹਿਰਮਾ ਕੋਈ ਸੁਣੇ ਨਾ ਦਿਲ ਦੀ
ਜਦ ਛੱਡ ਤੁਰ ਜਾਏਂ ਮਹਿਫ਼ਲਾਂ ਚਿੱਤ ਉੱਡਣਾ ਚਾਹੇ
ਹਰ ਰੈਣ ਛਿਮਾਸੀ ਰੈਣ ਹੈ ਹਰ ਦਿਨ ਬਣ ਜਾਵੇ
ਜਿਵੇਂ ਆਪਮੁਹਾਰੀ ਹੋ ਗਈ ਤੇਰੇ ਬਾਝ ਸਮੇਂ ਦੀ
ਚਿਤ ਚਰਖੜੀ ਚੜ੍ਹੀ ਉਡੀਕਦੀ ਗਲ ਆਸ ਦੀ ਪਾਈ
ਦੁੱਖ ਵਰਮ ਦਿਲ ਨੂੰ ਚੀਰਦਾ ਜਿਵੇਂ ਚੁੱਭੇ ਕਲੇਜੇ
ਤੂੰ ਅਰਸ਼ ਹੁਲਾਰਾ ਇਸ਼ਕ ਦਾ ਮੈਂ ਥਰ ਥਰ ਕੰਬਦੀ
ਤੇਰੀ ਯਾਦ ਦਿਲਾਂ ਦਿਆ ਮਹਿਰਮਾ ਲਾ ਲਈ ਕਲੇਜੇ
…
ਸੱਜ ਧੱਜ ਤੱਕੀ ਰੂਪ ਦੀ ਤਕਿਆ ਜਦ ਮੂੰਹ ਫੇਰ
ਰੂਪ ਦੀ ਬਿਜਲੀ ਲਿਸ਼ਕਦੀ ਨੂਰੋ ਨੂਰ ਹਨੇਰ
ਬੱਦਲ ਵਿਚੋਂ ਵਰਸਦਾ ਚਾਨਣ ਚਾਰ ਚੁਫ਼ੇਰ
ਪਿਆਰ ‘ਚ ਡੁੱਬੀ ਰਾਂਗਲੀ ਸੌਣ ਦੀ ਜਿਵੇਂ ਸਵੇਰ
ਸਾਂਵਲੇ ਸੌਣ ਨੂੰ ਪੁਛਦੀ ਜੇ ਸੱਚੀ ਤੇਰੀ ਮੇਰ
ਰਿਮ ਝਿਮ ਕਿਉਂ ਨਹੀਂ ਵਰਸਦਾ ਕੀ ਵਰਸਣ ਵਿਚ ਦੇਰ
…
ਫੇਰ ਵਿਛੋੜੇ ਹੌਂਕਣ ਲਗੇ
ਜਿਵੇਂ ਜਹਾਜ਼ ਦਾ ਘੁਗੂ ਰੋਵੇ,
ਆਸਾਂ ਨੇ ਰੁਮਾਲ ਹਿਲਾਏ,
ਫੇਰ ਨਿਰਾਸ਼ਾ ਜਾਗਣ ਲਗੀ।
ਦੂਰੀ ਦਿਲਾਂ ਦੀ ਉਮਰਾਂ ਲੰਮੀ
ਦਰਦ ਕੁਠਾਲੀਆਂ ਅੰਦਰ ਢਲਦੇ,
ਬੋਲ ਸਿਤਾਰੇ ਬਣ ਜਾਂਦੇ ਹਨ
ਜਿਥੋਂ ਚਾਨਣ ਝਰਦਾ ਰਹਿੰਦਾ,
ਵਰਸਾਂ ਤੀਕਣ ਉਮਰਾਂ ਤੀਕਣ।
ਵਰਸਾਂ ਤੀਕਣ ਉਮਰਾਂ ਤੀਕਣ।
…
ਮਨ ਦੇ ਮੀਤ ਮੈਂ ਕਿਉਂ ਲੱਭਦਾ ਹਾਂ,
ਮਨ ਦੇ ਮੀਤ ਜੋ ਛੱਡ ਗਏ ਮੈਨੂੰ,
ਮਨ ਦੇ ਮੀਤ ਜੋ ਮੈਂ ਖੁਦ ਛੱਡੇ,
ਪਿਆਰ ਜੋ ਰਾਹਾਂ ਤੱਕਦੇ ਰਹਿ ਗਏ,
ਪਿਆਰ ਜੋ ਫੇਰ ਕਦੇ ਨਾ ਪਰਤੇ,
ਪਿਆਰ ਜੋ ਹੱਸ ਹੱਸ ਰੋਜ਼ ਬੁਲਾਵਣ,
ਪਿਆਰ ਜਿਨ੍ਹਾਂ ਦੇ ਮੂੰਹ ਸ਼ਰਮੀਲੇ,
ਪਿਆਰ ਜਿਨ੍ਹਾਂ ਦੀ ਉਮਰ ਲੰਮੇਰੀ,
ਅੱਖ ਝਪਕੇ ਵਿਚ ਉਡ ਗਏ ਕਿਧਰੇ,
ਫੇਰ ਵੀ ਆਸ ਦਾ ਦੀਪਕ ਬਾਲੀ,
ਜਾਣੇ ਕਿਸਦੀ ਰਾਹ ਤੱਕਦਾ ਹਾਂ?
…
ਬਾਲ ਉਮਰ ਵਿਚ ਪਿਆਰ ਅਯਾਨਾ,
ਮਾਂ ਦਾ ਪੱਲੂ ਫੜਕੇ ਤੁਰਦਾ
ਨਿੱਘ ਸਨੇਹ ਤੇ ਰੱਖਿਆ ਮੰਗੇ।
ਗੱਭਰੂ ਹੋ ਕੇ ਪਿਆਰ ਅਵੱਲੜਾ,
ਪਿਆਰ ਦੇ ਬਦਲੇ ਪਿਆਰ ਹੈ ਮੰਗਦਾ
ਜੇਕਰ ਪਿਆਰ ਮਿਲਨ ਨਾ ਹੋਵੇ,
ਰੋ ਰੋ ਜਾਨ ਗੁਆ ਦਿੰਦਾ ਹੈ।
ਸਮਝ ਦੀ ਉਮਰੇ ਪਿਆਰ ਦਿਲਾਂ ਦਾ,
ਪਿਆਰ ਸੁਗੰਧੀਆਂ ਸਭ ਨੂੰ ਵੰਡੇ
ਕੁਝ ਨਾ ਮੰਗੇ ਮੀਤ ਦਿਲਾਂ ਦਾ ਬਣ ਜਾਂਦਾ ਹੈ।
* * *
ਬਾਬਲ ਕੰਤ ਸਹੇੜਿਆ
ਬਾਬਲ ਕੰਤ ਸਹੇੜਿਆ ਜਿਉਂ ਪਾਣੀ ਵਿਚ ਲੋਅ
ਕੀ ਕਰਨਾ ਲਿਸ਼ਕਾਰ ਨੂੰ ਨਿੱਘ ਨਾ ਦੇਵੇ ਜੋ।
ਬਾਬਲ ਕੰਤ ਸਹੇੜਿਆ ਜਗ ਦਾ ਆਖਾ ਮੰਨ
ਰੂਪ ਦੀ ਉਜੱਲੀ ਚਾਨਣੀ ਠੰਡਾ ਠੀਕਰ ਚੰਨ।
ਬਾਬਲ ਕੰਤ ਮੈਂ ਚਾਂਵ੍ਹਦੀ ਰੁੱਤ ਬਹਾਰ ਦੀ ਅੱਗ
ਦਿਲ ਦਾ ਗੁਲਸ਼ਨ ਦਹਿਕ ਪਏ ਵੇਖਣ ਆਏ ਜੱਗ।
ਬਾਬਲ ਕੰਤ ਮੈਂ ਚਾਂਵ੍ਹਦੀ ਰੰਗਲੀ ਜਿਵੇਂ ਬਹਾਰ
ਜਨਮ ਮਰਨ ਦਾ ਸਾਥ ਹੋ ਸੱਚਾ ਜਿਸਦਾ ਪਿਆਰ।
ਕੰਤ ਮੈਂ ਆਪ ਸਹੇੜਿਆ ਬਿਜਲੀ ਦੀ ਲਸ਼ਕਾਰ
ਬੱਦਲ ਵਾਂਗੂ ਗਰਜਦਾ ਸੌਣ ਦੀ ਕਦੇ ਫੁਹਾਰ।
ਕੰਤ ਮੈਂ ਆਪ ਸਹੇੜਿਆ ਮਿਠੜੇ ਜਿਸਦੇ ਬੋਲ
ਪੂਰਾ ਕਦੇ ਨ ਤੋਲਦਾ ਜਦ ਤੋਲੇ ਬੇਤੋਲ।
ਕੰਤ ਮੈਂ ਆਪ ਸਹੇੜਿਆ ਚੜ੍ਹਿਆ ਰਹੇ ਅਸਮਾਨ
ਸ਼ਾਇਰ ਬਣ ਗਿਆ ਚੰਦਰਾ ਦੁਖਾਂ ਦਾ ਵਰਦਾਨ।
* * *
ਦੂਰ ਵਤਨ ਤੋਂ
ਦੂਰ ਦੁਰੇਡੜੇ ਹੈ ਦੇਸ ਮੁਹੱਬਤਾਂ ਦਾ, ‘ਵਾਵਾਂ ਵਿਚ ਪਿਆਰ ਪਲੇ,
ਚਾਂਦੀ ਪੰਜਾਂ ਪਾਣੀਆਂ ਦੀ ਖਿਲਰੀ ਹੈ ਦੂਰ ਤਕ ਸੁਰਗਾਂ ਦਾ ਰੂਪ ਢਲੇ।
ਸਾਓਣ ਦੀ ਇਹ ਬੱਦਲੀ ਹੈ, ਧੁੱਪ ਤੱਤੀ ਜੇਠ ਦੀ, ਪੋਹਾਂ ਵਿਚ ਸੀਤ ਚੜ੍ਹੇ,
ਚੇਤਰ ਪਿਆਰ ਦਾ ਹੈ, ਫ਼ਗਣ ਕਰਾਰ ਦਾ ਹੈ, ਜਿੰਦ ਮਾਹੀ ਆਣ ਖੜ੍ਹੇ।
ਵਾਲ ਵਧਾਵੇ ਜਿੰਦ, ਚੌਂਕ ਗੁੰਦਾਵੇ ਕਿਤੇ, ਹੱਸ ਹੱਸ ਵਾਗ਼ ਫੜੇ,
ਨਾਲ ਲੈ ਸਹੇਲੀਆਂ ਨੂੰ, ਪਿੱਛੇ ਲਗ ਭਾਬੀਆਂ ਦੇ, ਖੂਹਾਂ ਉਤੇ ਛਨਣੀ ਭਰੇ।
ਜ਼ੁਲਫਾਂ ਦੀ ਘਟ ਖੋਲ੍ਹੀ, ਰੂਪ ਦੀ ਮਸ਼ਾਲ ਕੋਈ, ਰਾਹਾਂ ਵਿਚ ਦੇਰ ਤੋਂ ਬਲੇ,
ਲਾਜ ਦੀ ਮਾਰੀ ਜਿੰਦ, ਹੱਥ ਲਾਏ ਮੈਲੀ ਹੋਵੇ, ਕੱਚ ਵਾਂਗ ਸੇਕ ਨਾ ਜਰੇ।
ਵੇਲਾ ਆਉਣ ਉਤੇ ਇਹੋ ਜਿੰਦੜੀ ਮਲੂਕ ਜਹੀ ਹੱਥ ਵਿਚ ਖੜਗ ਫੜੇ,
ਜਿੰਦੜੀ ਬਚਾਉਣ ਲਈ, ਅੱਖੀਆਂ ’ਚ ਰੋਹ ਭਰੀ, ਦੁਰਗਾ ਦਾ ਰੂਪ ਲੜੇ।
ਹੁੱਬ ਹੁੱਬ ਬੈਠੇ ਜਿੰਦ, ਡੁੱਬ ਡੁੱਬ ਜਾਏ ਕਦੀ, ਆਓਣ ਵਾਲੇ ਆਓਣਗੇ ਕਦੇ,
ਮਿਟੜੀ ਹੈ ਵਤਨਾਂ ਦੀ, ਵਤਨਾਂ ਤੋਂ ਦੂਰ ਕਿਤੇ, ਵਤਨਾਂ ਨੂੰ ਯਾਦ ਕਰੇ।
* * *
ਕਦੋਂ ਤੋਰ ਕਿਰਨਾਂ ਨੇ ਛੱਡੀ ਹੈ ਤਿੱਖੀ
ਜਦੋਂ ਹਾਰ ਜਿੰਦੜੀ ਦੇ ਪੈ ਜਾਏ ਪਿੱਛੇ
ਜਦੋਂ ਨਾ-ਉਮੀਦੀ ਪਿਛਾਹਾਂ ਨੂੰ ਖਿੱਚੇ,
ਜਦੋਂ ਰਾਤ ਕਾਲੀ ’ਚ ਤਾਰਾ ਨਾ ਦਿੱਸੇ
ਦਿਲਾਂ ਵਾਲਿਆਂ ਨੇ ਜ਼ਫ਼ਰ ਨਾਮੇ ਲਿੱਖੇ।
ਜਦੋਂ ਜਿੰਦ ਮਾਰੂ ਥਲਾਂ ਵਿਚੋਂ ਲੰਘਦੀ
ਕਦੀ ਪ੍ਰੀਤ ਸੁੱਚੀ ਨਾ ਛਾਵਾਂ ਨੂੰ ਮੰਗਦੀ,
ਜਦੋਂ ਜਿੰਦ ਹੰਝੂ ਤੇ ਦੁਖੜੇ ਹੈ ਵੰਡਦੀ
ਸਦਾ ਆਸ ਚੜ੍ਹਦੀ ਹੈ ਸੂਰਜ ਦੇ ਰੰਗ ਦੀ।
ਜਦੋਂ ਜਿੰਦ, ’ਕੱਲੀ ਉਦਾਸੀ ਨਿਰਾਸੀ
ਜਦੋਂ ਰੂਹ ਪਿਆਰਾਂ ਦੀ ਉਮਰਾਂ ਤੋਂ ਪਿਆਸੀ
ਗ਼ਮਾਂ ਘੇਰ ਲਈ ਇਹਨਾਂ ਪਾਏ ਖ਼ਲਾਸੀ
ਸੰਦੇਸਾਂ ਲਈ ਆਪ ਆਈ ਹਯਾਤੀ।
ਕਦੋਂ ਬੂੰਦ ਮਰਨੇ ਤੋਂ ਡਰਨਾ ਹੈ ਸਿੱਖੀ
ਕਦੋਂ ਤੋਰ ਕਿਰਨਾਂ ਨੇ ਛੱਡੀ ਹੈ ਤਿੱਖੀ,
ਸਦਾ ਜ਼ੋਰ ਜ਼ੁਲਮਾਂ ਨੇ ਤਲਵਾਰ ਖਿੱਚੀ
ਸਦਾ ਜ਼ੋਰ ਜ਼ੁਲਮਾਂ ਨੇ ਰਲ ਜਾਣਾ ਮਿੱਟੀ।
* * *
ਬੂੰਦਾਂ ਰੱਤੀਆਂ
(ਫਗਵਾੜੇ ਦੇ ਸ਼ਹੀਦਾਂ ਦੇ ਨਾਂਅ)
ਸੁਣਿਓ ਮੇਰੇ ਵੀਰਨੋਂ ਮੈਂ ਐਨਾ ਰੋਈ
ਹੰਝੂ ਮੇਰੇ ਸੁੱਕ ਗਏ ਮੈਂ ਜਿਉਂਦੀ ਮੋਈ।
ਚੁਪ ਦਰਿਆ ਸਿਰਾਂ ਦਾ ਮੈਂ ਕਿਸ ਨੂੰ ਪੁੱਛਾਂ,
ਕੂਕਾਂ ਕਮਲੀਆਂ ਹੋਈਆਂ, ਮੈਂ ਕਮਲੀ ਹੋਈ।
ਜਿਸ ਲੜ ਲਾਇਆ ਆਪਣੇ ਜੋ ਰਿਹਾ ਸੀ ਮੂਹਰੇ
ਸੂਹੇ ਕੱਫਣ ਲਿਪਟਿਆ ਉਹ ਅਜ ਵੀ ਮੂਹਰੇ।
ਦੂਜਾ ਰਾਧੇ ਸ਼ਾਮ ਸੀ, ਜਿਹਦੀ ਰਾਧਾ ਰੋਵੇ,
ਸੋਲ੍ਹਾਂ ਸਾਲ ਦੀ ਬਾਲੜੀ ਜਦ ਵਿਧਵਾ ਹੋਵੇ।
ਤੀਜਾ ਮਾਂ ਦਾ ਲਾਡਲਾ ਅਜੇ ਮੁੱਛ ਨ ਛੁੱਟੀ,
ਮੌਤ ਹੀ ਖਿੱਚ ਕੇ ਲੈ ਗਈ ਜਦ ਬਿਜਲੀ ਟੁੱਟੀ।
ਧਰਤੀ ਧਾਹੀਂ ਰੋ ਪਈ ਜਦ ਲਾਸ਼ਾਂ ਤੁਰੀਆਂ
ਖੂਨ ਦਿਲਾਂ ਦਾ ਧੋ ਰਿਹਾ ਸਭ ਗੱਲਾਂ ਬੁਰੀਆਂ।
ਖੂਨ ਸ਼ਹੀਦਾਂ ਡੁਲ੍ਹਦਾ ਇਹ ਫੁਲ ਖਿੜਾਵੇ
ਪਥਰ ਬਣਦਾ ਜੰਮ ਕੇ ਦੁਸ਼ਮਣ ਘਬਰਾਵੇ।
ਬੂੰਦ ਲਹੂ ਦੀ ਬਣ ਗਈ ਇਕ ਗੋਲੀ ਤਿੱਖੀ
ਕਾਤਲਾਂ ਸੀਨੇ ਵਜਦੀ ਇਹ ਜਾ ਕੇ ਸਿੱਧੀ।
ਬੂੰਦਾਂ ਤੰਦਾਂ ਰੱਤੀਆਂ ਜੋ ਦਿਲਾਂ ਨੂੰ ਜੋੜਨ
ਬੂੰਦਾਂ ਰੋਹ ਦੀ ਅੱਗ ਹਨ ਜੋ ਬੰਧਨ ਤੋੜਨ।
ਮਾਂਗ ਦਾ ਇਹ ਸੰਧੂਰ ਹਨ ਫੁੱਲਾਂ ਦੀ ਲਾਲੀ
ਖੂਨ ਸ਼ਹੀਦਾਂ ਡੁਲ੍ਹਿਆ ਫੁਲ ਡਾਲੀ ਡਾਲੀ।
* * *
ਚਿੱਟੇ ਝੂਠ ਦੀ ਕਾਲੀ ਗੋਲੀ
(ਮਾਰਟਿਨ ਲੂਥਰ ਦੇ ਕਤਲ ਦੀ ਖ਼ਬਰ ਸੁਣਨ ਤੇ)
ਪਿਆਰ ਸਬਰ ਦਾ ਚੌੜਾ ਸੀਨਾ
ਜਿਸ ਸੀਨੇ ਵਿਚ ਸੁੰਦਰ ਸੁਪਨੇ
ਸਚਾਈ ਆਜ਼ਾਦੀ ਵਾਲੇ
ਆਜ਼ਾਦੀ ਕਾਹਦੀ ਆਜ਼ਾਦੀ?
ਸੜਕਾਂ ਉੱਤੇ ਤੁਰ ਸਕਣ ਦੀ
ਵਿਚ ਸਕੂਲਾਂ ਪੜ੍ਹ ਸਕਣ ਦੀ
ਆਪਣਾ ਕਾਰਜ ਕਰ ਸਕਣ ਦੀ
ਆਪਣਾ ਜੀਵਨ ਜਿਊ ਸਕਣ ਦੀ
ਕਬਰਸਤਾਨ ’ਚ ਸੌਂ ਸਕਣ ਦੀ
ਲੰਮੀ ਗੂੜ੍ਹੀ ਨੀਂਦਰ ਅਬਦੀ
ਜਿੱਥੇ ਗੋਰੀ ਕਾਲੀ ਚਮੜੀ
ਸਾਂਝੀ ਮਿੱਟੀ ਬਣ ਜਾਂਦੀ ਹੈ।
ਕਿੰਨੀ ਆਜ਼ਾਦੀ ਹੈ ਮੰਗਦਾ?
ਨਫ਼ਰਤ ਦੀ ਕੁੱਲ ਦੁਨੀਆ ਚੀਕੀ!
ਚਿੱਟੇ ਝੂਠ ਦੀ ਕਾਲੀ ਗੋਲੀ
ਪਿਆਰ ਸਬਰ ਦੇ ਸੀਨੇ ਮਾਰੀ
ਜੁਆਲਾਮੁਖੀ ਸਬਰ ਦਾ ਫ਼ਟਿਆ
ਲਾਵਾ ਖੂਨ ਦਾ ਵਹਿ ਤੁਰਿਆ ਹੈ
ਜਲ ਜਾਣੀ ਨਫ਼ਰਤ ਦੀ ਦੁਨੀਆਂ
ਜਲ ਜਾਣੀ ਨਫ਼ਰਤ ਦੀ ਦੁਨੀਆਂ।
* * *
ਕਿਹੜਾ ਬੋਲ ਸੁਣਾਵਾਂ ਅੱਜ ਮੈਂ
ਕਿਹੜਾ ਬੋਲ ਸੁਣਾਵਾਂ ਅੱਜ ਮੈਂ
ਅੱਖਰਾਂ ਦਾ ਕਿਵੇਂ ਸੀਨਾ ਚੀਰਾਂ
ਅਰਥਾਂ ਦੇ ਕਿਵੇਂ ਅਰਥ ਕਰਾਂ ਮੈਂ
ਕੀਕਣ ਸਾਰੀ ਗੱਲ ਸਮਝਾਵਾਂ
ਦੁਨੀਆਂ ਦਾ ਸ਼ੀਸ਼ਾ ਦਰਸਾਵਾਂ
ਭੁੱਖੀਆਂ ਸਹਿਮੀਆਂ ਡਰੀਆਂ ਅੱਖੀਆਂ
ਪਲਕਾਂ ਦੇ ਬੂਹੇ ਦੇ ਪਿੱਛੇ
ਕਾਲੀ ਪੁਤਲੀ ਦੇ ਨ੍ਹੇਰੇ ਵਿਚ
ਦਾਸਤਾ ਯੁਗ ਤੇ ਅਰਧ-ਗੁਲਾਮੀ
ਦੀ ਕਾਲੀ ਸਿਆਹ ਰਾਤ ਹੈ ਛਾਈ।
ਇਸ ਦੁਨੀਆ ਵਿਚ ਬੋਲ ਨ ਅੱਖਰ
ਇਸ ਦੁਨੀਆਂ ਵਿਚ ਰੰਗ ਨ ਚਾਨਣ
ਇਸ ਦੁਨੀਆਂ ਵਿਚ ਭੁਖ ਹੀ ਭੁਖ ਹੈ
ਲਖ ਵਰ੍ਹਿਆਂ ਦੀ ਚੰਦਰੀ ਭੁੱਖ ਹੈ।
ਜੋ ਇਕ ਮੁੱਠੀ ਆਟਾ ਮੰਗੇ
ਜੋ ਇਕ ਬੰਦ ਨਸ਼ੇ ਦੀ ਚਾਹਵੇ
ਸੋਹਣੇ ਜਿਹੇ ਲੀੜੇ ਲਈ ਤਰਸੇ
ਜੋ ਮੀਟਰ ਦਾ ਹੂਟਾ ਲੋੜੇ
ਜੋ ਹਥ ਘੁੱਟਣੀ ਤੇ ਨਸ਼ਿਆਵੇ
ਫੋਕੇ ਵਾਅਦਿਆਂ ਤੇ ਫੁੱਲ ਜਾਵੇ
ਮਿੱਟੀ ਦੇ ਭਾਅ ਜਿੰਦ ਵਿਕਾਵੇ।
ਹਰ ਇਕ ਉਤੇ ਬੇ-ਪਰਤੀਤੀ
ਲੱਖ ਵਰ੍ਹਿਆਂ ਨੇ ਪੈਦਾ ਕੀਤੀ।
ਬਲਦ ਤੇ ਬੰਦਾ
ਧਰਤ ਤੇ ਮਿਹਨਤ
ਸਾਰੇ ਇਕੋ ਮੁੱਲ ਵਿਕੇਂਦੇ।
ਧਰਤੀ ਦੀ ਜਦ ਗੱਲ ਤੁਰੀ ਤਾਂ
ਬੋਲਾਂ ਦੇ ਦਰਿਆ ਵਹਿ ਨਿਕਲੇ
ਅੱਖਰਾਂ ਦੇ ਭੰਡਾਰੇ ਭਰ ਗਏ।
ਕਾਲੀ ਪੁਤਲੀ ਦੇ ਨ੍ਹੇਰੇ ਵਿਚ
ਹੀਰੇ ਦੀ ਇਕ ਕਣੀ ਦੇ ਵਾਂਗੂੰ
ਸੱਚ ਦੀ ਇਕ ਚੰਗਿਆੜੀ ਚਮਕੀ
ਚੇਤੰਨਤਾ ਦਾ ਸੂਰਜ ਚੜ੍ਹਿਆ
ਦੁਨੀਆਂ ਦਾ ਸ਼ੀਸ਼ਾ ਚਮਕਾਵੇ
ਧੁਰ ਮੰਜ਼ਿਲ ਦਾ ਸੁਰਗ ਦਿਖਾਵੇ।
* * *
ਧਰਤੀ ਦਾ ਗੀਤ
ਪੱਥਰ ਦੇ ਹਥਿਆਰ
ਤੋਂ ਲੈ ਕੇ
ਅਣੂ ਬੰਬ ਤਕ
ਲੱਖ ਲੜਾਈਆਂ ਧਰਤ ’ਤੇ ਹੋਈਆਂ।
ਆਰੀਆ ਫਿਰ ਮੰਗੋਲ ਹੁਣਾਂ ਨੇ
ਧੁਰ ਪੱਛਮ ਤਕ ਧਾਵੇ ਕੀਤੇ,
ਰੋਮ ਦਾ ਸਿੱਕਾ
ਦੱਖਣ ਤੋਂ ਲੈ
ਧੁਰ ਉੱਤਰ ਤਕ ਕਦੀ ਸੀ ਚਲਦਾ
ਫੇਰ ਯੂਨਾਨੀ ਚੜ੍ਹ ਦੌੜੇ ਸਨ
ਕੁਲ ਦੁਨੀਆਂ ਨੂੰ ਜਿੱਤਣ ਨਿਕਲੇ।
ਫੇਰ ਕਲੀਸਾਂ ਦੀਆਂ ਜੰਗਾਂ ਵਿਚ
ਪੱਛਮ ਪੂਰਬ ਲੁੱਟਣ ਤੁਰਿਆ।
ਸੈਆਂ ਵਰ੍ਹੇ ਤਿਜਾਰਤੀ ਜੰਗਾਂ
ਇਸ ਧਰਤੀ ਦਾ ਸੀਨਾ ਲੂਹਿਆ।
ਕੁਲ ਦੁਨੀਆਂ ਦੀਆਂ ਵੱਡੀਆਂ ਜੰਗਾਂ
ਦੋ ਵਾਰੀ ਧਰਤੀ ਨੂੰ ਕੋਹਿਆ,
ਲੱਖਾਂ ਕਰੋੜਾਂ ਬੰਦੇ ਮੋਏ,
ਅਰਬਾਂ ਖਰਬਾਂ ਧਨ ਵੀ ਖੋਇਆ।
ਦੇਸ ਬਦੇਸੇ
ਅਜ ਤੀਕਰ ਵੀ
ਜੰਗ ਦੀ ਧੂਣੀ ਧੁਖਦੀ ਰਹਿੰਦੀ
ਜੰਗਾਂ ਅੰਦਰ ਮੋਏ ਹੋਏ,
ਪੁੱਤਰਾਂ ਦੇ ਮਾਤਮ ਵਿਚ ਡੁੱਬੀ,
ਕੁੱਖ ਜਲੀ ਇਸ ਧਰਤੀ ਮਾਂ ਨੇ
ਹਰਿਆਲੀ ਮਾਨਵ ਨੂੰ ਬਖਸ਼ੀ
ਆਪਣੇ ਸਾਰੇ ਸੁਖ ਦੇ ਸੋਮੇ
ਮਾਨਵ ਦੇ ਸੁਖ ਉਤੋਂ ਵਾਰੇ।
ਨੀਲ ਗਗਨ ਨੂੰ ਹੁਬ ਹੁਬ ਦੱਸਿਆ
ਪੁੱਤ ਮੇਰੇ ਅੱਜ ਗੱਭਰੂ ਹੋਏ
ਆਪੋ ਵਿਚੀਂ ਹੁਣ ਨਹੀਂ ਲੜਦੇ
ਅਮਨ ਦੀ ਰੱਖਿਆ ਕਰ ਸਕਦੇ ਹਨ।
* * *
ਦੂਜਾ ਹੱਥ
ਮੁਹੱਬਤ ਨੇ ਇੰਜ ਹੱਥ ਮੋਢੇ ਤੇ ਧਰਿਆ
ਪ੍ਰੀਤਾਂ ਨਿਭਾਵਣ ਦਾ ਇਕਰਾਰ ਜਿਵੇਂ
ਅਜੇ ਤਕ,
ਖਾਲੀ ਹੈ ਇਕ ਹੱਥ ਇਸਦਾ
ਜੋ ਇਸ ਸੋਹਣੇ ਜੀਵਨ ਦੀ ਰਖਿਆ ਦੀ ਖ਼ਾਤਿਰ,
ਅਜੇ ਤਾਈਂ
ਧਰਿਆ ਹੈ ਸ਼ਮਸ਼ੀਰ ਨੇੜੇ,
ਮੁਹੱਬਤ ਦਾ ਜ਼ਾਮਨ
ਘਰਾਂ ਦੀ ਖੁਸ਼ੀ ਦਾ।