ਗੁਰਮਾਨ ਸੈਣੀ
ਨਿਆਣਮੱਤ ’ਚ ਜਦੋਂ ਮੈਂ
ਤੈਨੂੰ ਪਹਿਲੀ ਵਾਰ ਵੇਖਿਆ ਬਾਪੂ
ਤੂੰ ਤੇ ਬੇਬੇ ਟਬਿੜੀ ਵਾਲੇ
ਸ਼ਿਵ ਜੀ ਦੇ ਮੰਦਰ ਦੇ ਰਾਹ ਤੋਂ
ਅੰਬਾਲਿਓਂ ਤਰੀਕ ਭੁਗਤ ਕੇ
ਮੁੜੇ ਆਉਂਦੇ ਸੀ
ਸਾਡੇ ਲਈ
ਘਰ ਦੀਆਂ ਕੰਧਾਂ ਨੂੰ ਬਚਾਉਣ ਖ਼ਾਤਰ
ਲੰਬੜਾਂ ਨਾਲ ਹਿੱਕ ਠੋਕ ਕੇ।
ਤੇ ਦੂਜੀ ਵਾਰ ਦੀ ਜਦੋਂ ਦੀ ਯਾਦ ਹੈ
ਤਾਂ ਬਸ ਇੰਨੀ ਹੀ
ਕਿ ਮੈਂ ਤੇਰੇ ਕੰਧਾੜੇ ਚੜ੍ਹਿਆ
ਧੱਨੂੰ ਕੀ ਬਾਗੜੀ ’ਚੋਂ ਲੰਘਦਿਆਂ
ਮੇਰਾ ਠੁਕਿਆ ਪੈਰ ਮਲਵਾਉਣ ਲਈ
ਦਰਿੰਦੇ ਕੋਲ ਜਾਂਦਿਆਂ।
ਫੇਰ ਬਹੁਤ ਦੇਰ ਬਾਅਦ
ਮੈਂ ਤੇਰੇ ਹਲ ਦੇ ਪਿੱਛੇ
ਮੱਕੀ ਤੇ ਮੂੰਗਫਲੀ ਕੇਰਨਾ
ਤੇ ਜਾਂ ਪਲਾਂਕਵਾਲਾ ਤੇ ਦੌਂਕਵਾਲਾ
ਤੇਰੇ ਲਈ
ਦੁਪਹਿਰ ਦੀ ਰੋਟੀ ਲੈ ਕੇ ਜਾਣਾ।
ਤੇ ਜਾਂ ਫਿਰ
ਗੱਡੇ ’ਤੇ ਫ਼ਸਲ ਸੁੱਟਣ ਡੇਰਾਬਸੀ ਜਾਣਾ
ਜਾਂ ਅੰਮਰਤੀਆਂ ਖਾਣ ਦੇ ਵਾਅਦੇ
ਹਾਲੇ ਵੀ ਮੇਰੇ ਜ਼ਿਹਨ ਵਿੱਚ
ਤਰੋ-ਤਾਜ਼ਾ ਹਨ, ਮੇਰੇ ਜਨਮਦਾਤਾ।
ਤੇਰੇ ਨਾਲ ਕਣਕ ਗਾਹੁਣ ਲਈ
ਗਾਹ ਛੇੜਨਾ
ਕਾਲੇ ਤੇ ਫੂਲ ਬਲਦ ਨੂੰ ਲੈ ਕੇ
ਸੁਹਾਗਾ ਫੇਰਨਾ
ਹਾਲੇ ਵੀ ਮੇਰੀ ਸਿਮਰਤੀ ’ਚ
ਵਸਿਆ ਪਿਆ ਹੈ, ਬਾਪੂ!
ਬਸ ਵਕਤ ਬਦਲ ਗਿਆ ਹੈ
ਹੁਣ ਮੈਂ ਤੇਰੇ ਨਾਲ ਨਹੀਂ…
ਹੁਣ ਮੇਰੇ ਨਾਲ ਹੁੰਦੀ ਹੈ
ਤੇਰੀ ਪਿਆਰੀ ਪੋਤਰੀ…
ਜਿਹਦਾ ਬੜੇ ਚਾਵਾਂ ਨਾਲ
ਰੱਖਿਆ ਸੀ ਤੂੰ ਨਾਮ
ਭਾਰਤੀ।
ਹੁਣ ਮੈਂ ਲੈ ਕੇ ਜਾਂਦਾ ਹਾਂ ਉਸਨੂੰ
ਉਸਦੀ ਨਿੱਕੀ ਮੋਟੀ ਪ੍ਰੇਸ਼ਾਨੀ ਬਦਲੇ
ਆਪਣੇ ਕੰਧਾੜੇ ਦੀ ਥਾਂ,
ਸਕੂਟਰ ਕਾਰ ’ਤੇ
ਮੱਕੀ ਮੂੰਗਫਲੀ ਕੇਰਨ ਦੀ ਥਾਂ
ਸਕੂਲ ਕਾਲਜ ਵਿੱਚ
ਤੇਰੇ ਉਸ ਸੁਪਨੇ ਨੂੰ ਕਰਨ ਲਈ ਸਾਕਾਰ
ਜਿਹੜਾ ਤੂੰ ਲੋਚਦਾ ਸੀ
ਮੇਰੇ ਅੰਦਰ।
ਬਾਪੂ…
ਬਾਪੂ ਕਦੇ ਨਹੀਂ ਮਰਦੇ
ਬਸ ਸ਼ਮਾਂ ਤੇ ਸ਼ਕਲ ਬਦਲਦੀ ਹੈ
ਤੇਰੇ ਸੁਪਨੇ
ਮੈਂ ਓਸ ਅੰਦਰ ਰੋਪ ਦਿੱਤੇ ਹਨ
ਬਸ ਇੰਤਜ਼ਾਰ ਹੈ
ਸਮਾਂ ਬਦਲਣ ਦਾ…
ਕਿਉਂਕਿ…
ਬਾਪੂ ਕਦੇ ਨਹੀਂ ਮਰਦੇ।
ਸੰਪਰਕ: 92563-46906
ਕਿਸਾਨ
ਜਸਨੂਰ ਕੌਰ
ਹਾਂ ਅੰਨ ਦਾਤਾ, ਅਖਵਾਉਂਦਾ ਜੇ ਮੈਂ,
ਦਾਤਾ ਸਾਥ ਫਿਰ ਕਿਉਂ ਨਹੀਂ ਦਿੰਦਾ।
ਜਾਂ ਤੂੰ ਕਹਿਰ ਬਰਸਾ ਦਿੰਦਾ ਜਾਨ ’ਤੇ,
ਦੂਜਾ ਕਰਜ਼ਾ ਸਾਨੂੰ ਸੌਣ ਨਹੀਂ ਦਿੰਦਾ।
ਇਕ ‘ਚਿੱਟਾ’ ਖਾ ਗਿਆ ਜਵਾਨੀ ਸਾਡੀ,
ਦੂਜਾ ‘ਚਿੱਟੇ ਮੱਛਰ’ ਆਣ ਆਫ਼ਤ ਫ਼ੈਲਾਈ।
ਕਰਜ਼ੇ ਮਾਰੇ ਰੋਜ਼ ਹਾਂ ਮੈਂ ਮਰਦਾ,
ਪਰ ਕਿਉਂ ਨਾ ਸੰਸਦਾਂ ’ਚ ਜਾਗੇ ਭਲਾਈ।
ਮਿੱਟੀ ਦੇ ਨਾਲ ਮਿੱਟੀ ਹੋ ਕੇ ਮੈਂ,
ਆਪਣਾ ਜੀਵਨ ਮਿੱਟੀ ਨੂੰ ਸੌਂਪ ਦਿਆਂ।
ਅਣਜਾਣ ਨਕਲੀ ਬੀਜਾਂ ਸਪਰੇਆਂ ਤੋਂ ਮੈਂ,
ਦੱਸੋ ਕਿਵੇਂ ਇਨ੍ਹਾਂ ਦੀ ਵਰਤੋਂ ਰੋਕ ਦਿਆਂ।
ਹਾਰ ਗਿਆ ਹਾਂ ਇਸ ਦੁਨੀਆਂ ਦੇ ਖੇਡ ਵਿਚ
ਹੋਰ ਕਰਜ਼ੇ ਦੀ ਮਾਰ ਤੋਂ ਦਿਲ ਮੇਰਾ ਡਰਦਾ ਏ।
ਫੁੱਲਾਂ ਵਰਗੇ ਪਰਿਵਾਰ ਨੂੰ ਛੱਡ ਕੇ ਦੱਸੋ
ਫਾਹਾ ਲੈਣ ਨੂੰ ਕਿਹਦਾ ਦਿਲ ਕਰਦਾ ਏ।
ਸੰਪਰਕ: 98728-83465
ਗ਼ਜ਼ਲ
ਗੁਰਜੰਟ ਸਿੰਘ ਚਾਹਲ
ਕਰਦੇ ਜੋ ਕੁਰਬਾਨੀਆਂ ਬਣ ਜਾਂਦੇ ਸਰਦਾਰ
ਰਣ ’ਚੋਂ ਜੋ ਭੱਜ ਜਾਂਵਦੇ ਹੁੰਦੇ ਲੋਕ ਗਦਾਰ।
ਝੋਲ਼ੀ ਚੁੱਕ ਪਾ ਬੈਠਦੇ ਅਹੁਦਿਆਂ ਨਾਲ ਪਿਆਰ
ਅਣਖਾਂ ਵਾਲੇ ਤਾਜ ਨੂੰ ਦਿੰਦੇ ਠੋਕਰ ਮਾਰ।
ਕੁਝ ਕੁ ਭੁੱਖੇ ਸੌਂਵਦੇ ਰੱਖਣ ਸਬਰ ਸੰਤੋਖ
ਤਿੰਨ ਵੇਲੇ ਖਾ ਚੋਪੜੀ ਮਾਰਨ ਕਈ ਡਕਾਰ।
ਮੁੱਲ ਨਾ ਮਿਲਦੀਆਂ ਇੱਜ਼ਤਾਂ ਠੱਗੀ ਠੋਰੀ ਨਾਲ
ਕਰਦੇ ਸੁੱਚੀ ਕਿਰਤ ਜੋ ਪਾ ਲੈਂਦੇ ਸਤਿਕਾਰ।
ਅਹੁਦਿਆਂ ਵੇਲ਼ੇ ਭੁੱਲਦੇ ਆਪਣੀ ਜੋ ਔਕਾਤ
ਅੰਤ ’ਕੱਲੇ ਰਹਿ ਜਾਂਵਦੇ ਕੋਈ ਨਾ ਲੈਂਦਾ ਸਾਰ।
ਕਦਰਦਾਨ ਜੋ ਹੋਂਵਦੇ ਮੁੱਲ ਹੁਨਰ ਦਾ ਪਾਉਣ
ਕੁਝ ਕੁ ਰੁਤਬੇ ਦੇਖਦੇ ਦੇਖਣ ਨਾ ਕਿਰਦਾਰ।
ਛੱਡ ਮਨਾਂ ਤੂੰ ਈਰਖਾ ਦੇਖ ਸੁਨਹਿਰੀ ਖ਼ੁਆਬ
‘ਚਾਹਲ’ ਵੰਡ ਸੁਗੰਧੀਆਂ ਰੱਖ ਨਾ ਦਿਲ ’ਚ ਖਾਰ।
ਸੰਪਰਕ: 98771-29452
ਆਸਰਾ
ਜਸਵੀਰ ਕੌਰ
ਪੇਕੇ ਘਰ ਆਪਣੇ ਧੀ ਹੁੰਦੀ ਹੈ ਸਭ ਦੀ ਲਾਡਲੀ,
ਕਿੰਨੇ ਹੀ ਚਾਵਾਂ ਤੇ ਅਰਮਾਨਾਂ ਨਾਲ ਹੈ ਜਾਂਦੀ ਪਾਲ਼ੀ।
ਇੱਕ ਦਿਨ ਬਾਬੁਲ ਦੇ ਘਰ ਤੋਂ ਹੋ ਜਾਂਦੀ ਹੈ ਵਿਦਾ,
ਲੈ ਕੇ ਆਪਣੇ ਮਨ ’ਚ ਸਹੁਰੇ ਘਰ ਬਾਰੇ ਕਈ ਚਾਅ।
ਖ਼ੁਸ਼ਕਿਸਮਤੀ ਨਾਲ ਹੀ ਹੋਣ ਆਸਾਂ ਉਹਦੀਆਂ ਪੂਰੀਆਂ,
ਨਹੀਂ ਤਾਂ ਪੈ ਜਾਂਂਦਾ, ਬਸ, ਮਜਬੂਰੀਆਂ ਨਾਲ ਵਾਹ।
ਕਈ ਵਾਰ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰਦੀ ਭਾਵੇਂ ਉਹ ਅਥਾਹ,
ਪਰ ਅਕਸਰ ਹੀ ਦਿੱਤਾ ਜਾਂਦਾ, ਉਸ ਦੀ ਹਰ ਕੋਸ਼ਿਸ਼ ਨੂੰ ਦਬਾਅ।
ਫੇਰ, ਆਪਣੇ ਬੱਚਿਆਂ ਦੀ ਖ਼ਾਤਰ ਕਰ ਲੈਂਦੀ ਹੈ ਸਮਝੌਤਾ,
ਵਾਪਸ ਮੁੜਨਾ ਪੇਕੇ ਵੀ ਕਿਉਂ ਜੋ ਨਹੀਂ ਰਹਿ ਜਾਂਦਾ ਸੌਖਾ।
ਚੰਗੇ ਕਰਮਾਂ ਨਾਲ ਹੀ ਮਿਲਦਾ ਫੇਰ, ਨੂੰਹਾਂ-ਜੁਆਈਆਂ ਦਾ ਸੁੱਖ।
ਮਾੜੇ ਭਾਗੀਂ ਵੇਖਣਾ ਪੈ ਜਾਂਦਾ, ਬਿਰਧ ਆਸ਼ਰਮਾਂ ਦਾ ਰਾਹ।
ਧੀਆਂ ਨੇ ਵੇਖ ਲਿਆ ਏ, ਜ਼ਮਾਨੇ ਦਾ ਦਸਤੂਰ,
ਖ਼ੁਦ ਲਈ ਲੜਨਾ ਪੈਣਾ, ਆਪਣੇ ਹੀ ਆਸਰੇ ਜ਼ਰੂਰ।
ਸੰਪਰਕ: 78144-77645