ਡਾ. ਅਰਵਿੰਦਰ ਸਿੰਘ ਨਾਗਪਾਲ
ਇਕ ਮੱਧਵਰਗੀ ਪਰਿਵਾਰ ਆਪਣੇ ਮੈਂਬਰਾਂ ਨੂੰ ਕੰਜੂਸ ਬਣਨਾ ਸਿਖਾ ਦਿੰਦਾ ਹੈ। ਅਜਿਹੇ ਹੀ ਇਕ ਪਰਿਵਾਰ ਵਿਚ ਜਨਮ ਲੈਣ ਸਦਕਾ ਸਾਨੂੰ ਬਚਪਨ ਵਿਚ ਹੀ ਪੈਸੇ ਦੀ ਮਹੱਤਤਾ ਸਮਝ ਆ ਗਈ ਸੀ। ਘਰ ਦਾ ਬਜਟ ਮਾਂ-ਬਾਪ ਦੀ ਤਨਖ਼ਾਹ ਅਨੁਸਾਰ ਹਰ ਮਹੀਨੇ ਬਣਦਾ ਸੀ। ਹਰ ਖਰਚਾ ਅਹਿਮੀਅਤ ਮੁਤਾਬਿਕ ਅੱਗੇ-ਪਿੱਛੇ ਕੀਤਾ ਜਾਂਦਾ ਸੀ। ਜ਼ਰੂਰੀ ਚੀਜ਼ਾਂ ਦੀ ਕੋਈ ਮਨਾਹੀ ਨਹੀਂ ਸੀ ,ਪਰ ਗ਼ੈਰ-ਜ਼ਰੂਰੀ ਸੌਗਾਤਾਂ ਤੇ ਕੱਪੜੇ ਜੋ ਕੁਝ ਦੇਰ ਬਾਅਦ ਬੇਕਾਰ ਹੋ ਜਾਣੇ ਹੋਣ, ਨਹੀਂ ਲਏ ਜਾਂਦੇ ਸਨ। ਵੱਡੇ ਦੇ ਕੱਪੜੇ ਛੋਟੇ ਨੂੰ, ਵੱਡੇ ਦੀਆਂ ਕਿਤਾਬਾਂ ਛੋਟੇ ਨੂੰ ਦਾ ਰਿਵਾਜ ਹਰ ਘਰ ਵਿਚ ਸੀ। ਕਈ ਵਾਰ ਅਸੀਂ ਪਿਤਾ ਜੀ ਨੂੰ ਕਹਿਣਾ ਕਿ ਮੇਰੇ ਸਹਿਪਾਠੀ ਤਾਂ ਹਰ ਰੋਜ਼ ਨਵੇਂ ਕੱਪੜੇ ਪਾ ਕੇ ਆਉਂਦੇ ਹਨ। ਮੇਰੇ ਪਿਤਾ ਜੀ ਦਾ ਜਵਾਬ ਹੁੰਦਾ ਸੀ ਕਿ ਮੈਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਦਾ ਹਾਂ, ਤੇ ਕੁਝ ਮਾੜੇ ਦਿਨਾਂ ਲਈ ਬਚਾ ਕੇ ਵੀ ਰੱਖਦਾ ਹਾਂ ਕਿਉਂਕਿ ਮਾੜੇ ਦਿਨ ਕਦੇ ਦੱਸ ਕੇ ਨਹੀਂ ਆਉਂਦੇ। ਅਸੀਂ ਸੁਣ ਕੇ ਚੁੱਪ ਹੋ ਜਾਂਦੇ ਸੀ। ਹਾਲਾਂਕਿ ਇਸ ਦੇ ਮਾਇਨੇ ਸਾਨੂੰ ਬਹੁਤ ਬਾਅਦ ਵਿਚ ਸਮਝ ਆਏ।
ਜਦੋਂ ਮੈਂ ਕਾਲਜ ਵਿਚ ਪੜ੍ਹਦਾ ਸੀ ਤਾਂ ਪਿਤਾ ਜੀ ਹਰ ਮਹੀਨੇ ਚਾਰ ਸੌ ਰੁਪਏ ਭੇਜ ਦਿੰਦੇ ਸਨ। ਮੈਂ ਉਸ ਵਿਚੋਂ ਕੁਝ ਬਚਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਮੈਨੂੰ ਪਹਿਲੀ ਵਾਰ 600 ਰੁਪਏ ਮਿਲੇ ਤਾਂ ਮੈਂ ਪਿਤਾ ਜੀ ਨੂੰ ਕਿਹਾ ਕਿ ਹੁਣ ਪੈਸੇ ਭੇਜਣ ਦੀ ਲੋੜ ਨਹੀਂ ਮੈਂ ਆਪਣਾ ਗੁਜ਼ਾਰਾ ਕਰ ਲਵਾਂਗਾ।
ਮੈਂ ਤੇ ਮੇਰੇ ਇਕ ਦੋਸਤ ਨੇ ਡਾਕਟਰੀ ਦਾ ਕੰਮ ਇਕੱਠਾ ਸ਼ੁਰੂ ਕੀਤਾ। ਮੇਰੇ ਕੋਲ ਉਸ ਸਮੇਂ ਸਿਰਫ਼ 15 ਹਜ਼ਾਰ ਰੁਪਏ ਸਨ। ਕਿਸੇ ਕੋਲੋਂ ਪੈਸੇ ਮੰਗਣ ਦੀ ਬਜਾਏ ਮੈਂ ਸੋਚਿਆ ਕਿ ਇੰਨੇ ਨਾਲ ਹੀ ਸ਼ੁਰੂ ਕਰਦੇ ਹਾਂ। ਫਿਰ ਪੰਜ ਸਾਲਾਂ ਵਿਚ ਜੋ ਕਮਾਇਆ ਹਸਪਤਾਲ ਵਿਚ ਲਗਾ ਦਿੱਤਾ। ਮੇਰਾ ਦੋਸਤ ਬਹੁਤ ਵੱਡਾ ਹਸਪਤਾਲ ਖੋਲ੍ਹਣਾ ਚਾਹੁੰਦਾ ਸੀ। ਉਸ ਨੇ ਬੈਂਕ ਤੋਂ ਕਰਜ਼ਾ ਲਿਆ ਅਤੇ ਇਕ ਵੱਡਾ ਹਸਪਤਾਲ ਬਣਾ ਲਿਆ। ਦਸ ਸਾਲਾਂ ਬਾਅਦ ਸਾਡੀ ਮੁਲਾਕਾਤ ਹੋਈ। ਮੈਂ ਉਸ ਨੂੰ ਦੱਸਿਆ ਕਿ ਹੌਲੀ-ਹੌਲੀ ਮੇਰਾ ਹਸਪਤਾਲ ਵੀ ਕਾਫ਼ੀ ਵੱਡਾ ਹੋ ਗਿਆ ਹੈ, ਪਰ ਮੈਂ ਕਿਸੇ ਦਾ ਕਰਜ਼ਾ ਨਹੀਂ ਦੇਣਾ। ਬੈਂਕ ਵਿਚ ਵੀ ਕੁਝ ਪੈਸਾ ਜੋੜ ਲਿਆ ਹੈ। ਜਦੋਂ ਦਿਲ ਕਰਦਾ ਹੈ ਪਰਿਵਾਰ ਨਾਲ ਘੁੰਮਣ-ਫਿਰਨ ਵੀ ਚਲੇ ਜਾਂਦੇ ਹਾਂ। ਮੇਰਾ ਦੋਸਤ ਅਜੇ ਵੀ ਬੈਂਕ ਦੀਆਂ ਕਿਸ਼ਤਾਂ ਉਤਾਰ ਰਿਹਾ ਸੀ। ਉਸ ਨੇ ਕਿਹਾ, ‘‘ਜਦੋਂ ਪਿਛਲਾ ਕਰਜ਼ਾ ਮੁੱਕ ਜਾਂਦਾ ਹੈ ਤਾਂ ਬੈਂਕ ਵਾਲੇ ਹੋਰ ਨਵੀਆਂ ਮਸ਼ੀਨਾਂ ਲਈ ਕਰਜ਼ਾ ਦੇਣ ਲਈ ਭਰਮਾ ਲੈਂਦੇ ਹਨ। ਮੈਂ ਤਾਂ ਹਰ ਮਹੀਨੇ ਕਿਸ਼ਤਾਂ ਮੋੜਨ ਲਈ ਹੀ ਕਮਾਈ ਕਰਦਾ ਰਹਿੰਦਾ ਹਾਂ। ਕਦੀ ਪਰਿਵਾਰ ਨਾਲ ਛੁੱਟੀ ਨਹੀਂ ਮਨਾਈ। ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਬੈਂਕ ਦਾ ਜ਼ਰਖਰੀਦ ਗ਼ੁਲਾਮ ਹੋਵਾਂ।
ਇਕ ਦਿਨ ਮੇਰਾ ਦੋਸਤ ਬਿਮਾਰ ਹੋ ਗਿਆ। ਉਸ ਨੂੰ ਛੇ ਮਹੀਨੇ ਬਿਸਤਰੇ ’ਤੇ ਰਹਿਣਾ ਪਿਆ। ਹਸਪਤਾਲ ਬੰਦ ਹੋ ਗਿਆ। ਕਿਸ਼ਤਾਂ ਮੋੜਨੀਆਂ ਔਖੀਆਂ ਹੋ ਗਈਆਂ। ਬੈਂਕ ਦਾ ਕਰਜ਼ਾ ਮੋੜਨ ਲਈ ਉਸ ਨੂੰ ਆਪਣੀ ਜਾਇਦਾਦ ਘਾਟੇ-ਵਾਧੇ ਵਿਚ ਵੇਚਣੀ ਪਈ।
ਸਾਡੇ ਬੱਚਿਆਂ ਨੂੰ ਕਦੇ ਵੀ ਪੈਸਿਆਂ ਦਾ ਘਾਟਾ ਨਹੀਂ ਰਿਹਾ। ਉਹ ਪੈਸੇ ਦੀ ਮਹੱਤਤਾ ਨੂੰ ਨਹੀਂ ਸਮਝਦੇ। ਕਮਾਉਂਦੇ ਹਨ, ਪਰ ਉਸ ਤੋਂ ਜ਼ਿਆਦਾ ਖ਼ਰਚ ਦਿੰਦੇ ਹਨ। ਕ੍ਰੈਡਿਟ ਕਾਰਡ ਹਮੇਸ਼ਾ ਖਾਲੀ ਹੋਏ ਰਹਿੰਦੇ ਹਨ। ਮਾੜੇ ਦਿਨਾਂ ਵਾਸਤੇ ਬਚਾ ਕੇ ਰੱਖਣ ਦੀ ਸਲਾਹ ਥਿੰਦੇ ਘੜੇ ’ਤੇ ਪਾਣੀ ਵਾਂਗ ਤਿਲ੍ਹਕ ਜਾਂਦੀ ਹੈ। ਸ਼ਾਇਦ ਜ਼ਿੰਦਗੀ ਹੀ ਕਦੀ ਉਨ੍ਹਾਂ ਨੂੰ ਇਹ ਸਬਕ ਸਿਖਾਏਗੀ।
ਮੈਨੂੰ ਯਾਦ ਹੈ ਕਿ ਮੇਰੇ ਦਾਦੀ ਜੀ ਕੋਲ ਇਕ ਸੰਦੂਕ ਹੁੰਦਾ ਸੀ। ਉਸ ਵਿਚ ਉਹ ਆਪਣੇ ਗਹਿਣੇ ਰੱਖਦੇ ਸਨ। ਬੱਚਿਆਂ ਦੇ ਵਿਆਹਾਂ ’ਤੇ ਉਸ ਵਿੱਚੋਂ ਕੁਝ ਆਪਣੀਆਂ ਨੂੰਹਾਂ ਤੇ ਧੀਆਂ ਨੂੰ ਦੇ ਦੇਣਾ ਅਤੇ ਕਹਿਣਾ, “ਇਸ ਨੂੰ ਸੰਭਾਲ ਕੇ ਰੱਖਿਉ। ਕਦੇ ਭੀੜ ਪਈ ਤਾਂ ਵਰਤਿਓ, ਨਹੀਂ ਤਾਂ ਅਗਲੀ ਪੀੜ੍ਹੀ ਨੂੰ ਦੇ ਦੇਣਾ।’’ ਉਨ੍ਹਾਂ ਦਿਨਾਂ ਵਿਚ ਘਰੇਲੂ ਔਰਤਾਂ ਕੁਝ ਪੈਸੇ ਰਸੋਈ ਦੇ ਬਰਤਨਾਂ ਵਿਚ ਵੀ ਲੁਕੋ ਕੇ ਰੱਖਦੀਆਂ ਹੁੰਦੀਆਂ ਸਨ। ਜਦੋਂ ਦੇਸ਼ ਵਿਚ ਨੋਟਬੰਦੀ ਹੋਈ ਤਾਂ ਉਹ ਸਾਰਾ ਪੈਸਾ ਕੰਮ ਆਇਆ। ਤਾਲਾਬੰਦੀ ਤੇ ਤਨਖ਼ਾਹਾਂ ਦੀ ਥੋੜ ਵਿਚ ਵੀ ਇਹ ਬੱਚਤ ਬਹੁਤਿਆਂ ਦੇ ਕੰਮ ਆਈ। ਮੈਂ ਆਪਣੇ ਬੱਚਿਆਂ ਨੂੰ ਇਹ ਸਲਾਹ ਜ਼ਰੂਰ ਦੇਣਾ ਚਾਹੁੰਦਾ ਹਾਂ, “ਜ਼ਿੰਦਗੀ ਦਾ ਆਨੰਦ ਲਓ, ਪਰ ਆਪਣੇ ਨਾਲ ਦੇ ਵੱਲ ਕਦੇ ਨਾ ਦੇਖੋ। ਮੁਸ਼ਕਲ ਵੇਲੇ ਤੁਹਾਡੀ ਆਰਥਿਕ ਮਦਦ ਕਿਸੇ ਨੇ ਨਹੀਂ ਕਰਨੀ। ਮਾੜੇ ਦਿਨਾਂ ਲਈ ਬਚਾ ਕੇ ਰੱਖੋ ਕਿਉਂਕਿ ਮਾੜੇ ਦਿਨ ਕਦੇ ਦੱਸ ਕੇ ਨਹੀਂ ਆਉਂਦੇ।’’
ਸੰਪਰਕ: 98151-77324