ਹਰਦੀਪ ਸਿੰਘ ਸੋਢੀ
ਬਿਸ਼ਨ ਸਿੰਘ ਨੇ ਬੀ.ਐੱਡ. ਤੋਂ ਬਾਅਦ ਕੰਪਿਊਟਰ ਕੋਰਸ ਵੀ ਕਰ ਲਿਆ। ਨੌਕਰੀ ਦੀ ਕੋਈ ਗੱਲ ਨਾ ਬਣੀ। ਥੱਕ ਹਾਰ ਕੇ ਆਪਣੇ ਪਿਤਾ ਨੂੰ ਕਹਿਣ ਲੱਗਾ, ‘‘ਇਕ ਲੰਮਾ ਜਿਹਾ ਚੋਲਾ ਸਵਾ ਦਿਉ, ਉਸ ਨੂੰ ਵੀਹ ਜੇਬ੍ਹਾਂ ਲਵਾ ਦਿਉ ਤੇ ਪੰਜ ਸੌ ਰੁਪਏ ਦੇ ਦਿਉ। ਕੋਈ ਆਪਣਾ ਰੁਜ਼ਗਾਰ ਕਰਦੇ ਹਾਂ।’’ ਉਸ ਦੇ ਪਿਤਾ ਨੇ ਕਿਹਾ, ‘‘ਪੁੱਤ, ਕਮਲਾ ਨਾ ਬਣ। ਕਿਸੇ ਬੂਬਨੇ ਸਾਧ ਦੇ ਡੇਰੇ ਵੜੇਂਗਾ ਤਾਂ ਸਾਰੀ ਜ਼ਿੰਦਗੀ ਖਰਾਬ ਕਰ ਲਵੇਂਗਾ!’’
ਬਿਸ਼ਨਾ ਜ਼ਿੱਦ ’ਤੇ ਅੜਿਆ ਰਿਹਾ ਤੇ ਆਖ਼ਰ ਜ਼ਿੱਦ ਮਨਵਾ ਲਈ। ਇਕ ਦਿਨ ਸਾਧਾਰਨ ਕੱਪੜਿਆਂ ਵਿਚ ਰੇਲਵੇ ਸਟੇਸ਼ਨ ਗਿਆ ਤੇ ਨਜ਼ਦੀਕ ਦੇ ਸਟੇਸ਼ਨ ਦੀਆਂ ਵੀਹ ਟਿਕਟਾਂ ਲੈ ਲਈਆਂ। ਵੱਡਾ ਚੋਲਾ ਪਾਇਆ। ਉਸ ਦੀਆਂ ਜੇਬ੍ਹਾਂ ਵਿਚ ਇਕ ਇਕ ਟਿਕਟ ਪਾ ਲਈ ਤੇ ਵਾਲ ਖੋਲ੍ਹ ਕੇ ਗੱਡੀ ਵਿਚ ਬਹਿ ਗਿਆ। ਟਿਕਟਾਂ ਚੈੱਕ ਕਰਨ ਵਾਲੇ ਨੇ ਆ ਕੇ ਟਿਕਟ ਪੁੱਛੀ ਤਾਂ ਉਸ ਨੂੰ ਰਮਲਾ ਕਮਲਾ ਜਿਹਾ ਬਣ ਕੇ ਕਹਿੰਦਾ, ‘‘ਕਾਹਦੀ ਟਿਕਟ ਬੱਚਾ? ਅਸੀਂ ਫੱਕਰ ਲੋਕ ਰੱਬ ਦੇ ਪ੍ਰਾਹੁਣੇ ਹਾਂ। ਅਸੀਂ ਨਹੀਂ ਲੈਂਦੇ ਟਿਕਟਾਂ ਟੁਕਟਾਂ।’’ ਟੀ.ਟੀ.ਈ. ਨੇ ਬਹੁਤ ਸਮਝਾਇਆ, ਪਰ ਬਾਬਾ ਬਣਿਆ ਬਿਸ਼ਨਾ ਕਿੱਥੇ ਸੁਣੇ। ਟੀ.ਟੀ.ਈ. ਨੇ ਪੁਲੀਸ ਬੁਲਾ ਲਈ। ਪੁਲੀਸ ਨੂੰ ਵੇਖ ਕੇ ਉਹ ਤਾਅ ਵਿਚ ਆ ਗਿਆ। ਸੀਟ ’ਤੇ ਖਲੋ ਕੇ ਕਹਿੰਦਾ, ‘‘ਬਮ ਬਮ ਬੂਮ ਬੂਮ ਅਲੱਖ ਨਿਰੰਜਣ…।’’ ਨਾਲ ਹੀ ਜੇਬ੍ਹਾਂ ਵਿਚ ਹੱਥ ਮਾਰ ਮਾਰ ਕੇ ਟਿਕਟਾਂ ਕੱਢ ਕੱਢ ਕੇ ਦਈ ਜਾਵੇ, ‘‘ਆਹ ਲੈ ਟਿਕਟ, ਆਹ ਲੈ ਟਿਕਟ,’’ ਹੁਣ ਬਾਬਾ ਜੀ ਨੂੰ ਕਰੋਧ ਵਿਚ ਆਏ ਵੇਖ ਕੇ ਟੀ.ਟੀ.ਈ. ਤੇ ਪੁਲੀਸ ਵਾਲਿਆਂ ਨੂੰ ਪਸੀਨਾ ਆ ਗਿਆ। ਕਿਸੇ ਰੱਬੀ ਕਹਿਰ ਤੋਂ ਡਰਦੇ ਉਹ ਬਾਬਾ ਜੀ ਅੱਗੇ ਹੱਥ ਜੋੜਨ। ਬਾਬਾ ਜੀ ਹੋਰ ਚੌੜੇ ਹੋਈ ਜਾਣ। ਨਤੀਜਾ ਇਹ ਹੋਇਆ ਕਿ ਟੀ.ਟੀ.ਈ. ਤੇ ਪੁਲੀਸ ਵਾਲਿਆਂ ਨੇ ਆਪਣੀਆਂ ਜੇਬ੍ਹਾਂ ਵਿਚੋਂ ਸੌ ਸੌ ਰੁਪਏ ਕੱਢੇ ਤੇ ਬਾਬਾ ਜੀ ਨੂੰ ਮੱਥਾ ਟੇਕਿਆ। ਬਾਬਾ ਜੀ ਕੁਝ ਢੈਲੇ ਪਏ ਵੇਖ ਕੇ ਰੀਸੋ-ਰੀਸ ਸਵਾਰੀਆਂ ਨੇ ਵੀ ਦਸ ਦਸ ਵੀਹ ਵੀਹ ਮੱਥਾ ਟੇਕ ਦਿੱਤਾ। ਕਨਸੋਅ ਲੱਗਦੇ ਨਾਲ ਦੇ ਡੱਬਿਆਂ ਵਿਚੋਂ ਵੀ ਸੰਗਤਾਂ ਮੱਥਾ ਟੇਕ ਕੇ ਜਨਮ ਸਫ਼ਲ ਕਰ ਗਈਆਂ। ਕਿਸੇ ਵੱਡੇ ਸਟੇਸ਼ਨ ’ਤੇ ਬਾਬਾ ਜੀ ਨੂੰ ਸਤਿਕਾਰ ਸਹਿਤ ਉਤਾਰਿਆ ਗਿਆ। ਟੀ.ਟੀ.ਈ. ਪੁਲੀਸ ਵਾਲੇ ਤੇ ਕੁਝ ਮੁਸਾਫ਼ਰਾਂ ਨੇ ਮੱਥਾ ਟੇਕ ਬਾਬਾ ਜੀ ਨੂੰ ਸਟੇਸ਼ਨ ’ਤੇ ਲੱਗੇ ਬੈਂਚ ’ਤੇ ਬਿਠਾਉਣਾ ਚਾਹਿਆ, ਪਰ ਬਾਬਾ ਜੀ ਨੇ ਭੁੰਜੇ ਆਸਣ ਲਾਉਣ ਦੀ ਇੱਛਾ ਜ਼ਾਹਿਰ ਕੀਤੀ। ਵੇਖਾ ਵੇਖੀ ਇਕ ਦੋ ਅਮਲੀ ਟਾਈਪ ਬੰਦੇ ਆ ਕੇ ਬਾਬਾ ਜੀ ਦੇ ਗੋਡੇ ਘੁੱਟਣ ਲੱਗੇ। ਕੁਝ ਮਾਇਆ ਹੋਰ ਆ ਗਈ। ਉਹ ਮਾਇਆ ਬਾਬਾ ਜੀ ਨੇ ਗੋਡੇ ਘੁੱਟਣ ਵਾਲਿਆਂ ਨੂੰ ਦੇ ਦਿੱਤੀ। ਉਹ ਸੁਲਫਾ ਸੂਟਾ ਲਾ ਕੇ ਫਿਰ ਬਾਬੇ ਦੇ ਚਰਨਾਂ ਵਿਚ ਆ ਬੈਠੇ।
ਰਾਤ ਲੰਘੀ ਤੜਕਸਾਰ ਇਕ ਜ਼ਿਮੀਦਾਰ ਕਲਕੱਤੇ ਤੋਂ ਆਉਂਦੀ ਰੇਲਗੱਡੀ ਤੋਂ ਉਤਰਨ ਵਾਲੇ ਪਰਵਾਸੀ ਮਜ਼ਦੂਰ ਲੈਣ ਆਇਆ ਬਾਬਿਆਂ ਨੂੰ ਟਰਾਲੀ ਵਿਚ ਬਿਠਾ ਕੇ ਲੈ ਗਿਆ ਤੇ ਪਿੰਡੋਂ ਬਾਹਰ ਸ਼ਾਮਲਾਤ ਵਿਚ ਡੇਰਾ ਲਵਾ ਦਿੱਤਾ। ਸਵੇਰੇ ਸ਼ਾਮ ਪਿੰਡ ’ਚੋਂ ਦੁੱਧ ਤੇ ਪ੍ਰਸ਼ਾਦੇ ਆਉਣ ਲੱਗੇ। ਬਾਬਾ ਜੀ ਨੂੰ ਲੋਕ ਬਾਬੇ ਟਿਕਟਾਂ ਵਾਲੇ ਦੇ ਨਾਮ ਨਾਲ ਜਾਣਨ ਲੱਗੇ। ਕਰਨੀ ਰੱਬ ਦੀ, ਚੋਣਾਂ ਦੇ ਦਿਨਾਂ ਵਿਚ ਐਮ.ਐਲ.ਏ. ਬਣਨ ਦਾ ਚਾਹਵਾਨ ਸੱਜਣ ਕਿਸੇ ਦੇ ਦੱਸੇ ਦਸਾਏ ਆ ਹਾਜ਼ਰ ਹੋਇਆ, ‘‘ਬਾਬਾ ਜੀ, ਅਰਦਾਸ ਕਰੋ ਮੈਨੂੰ ਫਲਾਣੀ ਪਾਰਟੀ ਦੀ ਟਿਕਟ ਮਿਲ ਜਾਵੇ।’’ ਬਾਬਾ ਜੀ ਥਾਪੜਾ ਦੇ ਕੇ ਕਹਿੰਦੇ, ‘‘ਬੱਚਾ, ਜਾ ਤੇਰੀ ਟਿਕਟ ਵੀ ਪੱਕੀ ਤੇ ਸੀਟ ਤੋਂ ਜਿੱਤ ਵੀ ਪੱਕੀ।’’ ਸਬੱਬੀਂ ਟਿਕਟ ਉਸ ਨੂੰ ਮਿਲ ਗਈ ਤੇ ਚੋਣ ਵੀ ਜਿੱਤ ਗਿਆ।
ਹੁਣ ਬਾਬੇ ਦੀ ਬੱਕਰੀ ਗੁੱਲਾਂ ’ਤੇ ਅਤੇ ਕੁੱਤੀ ਗਹੀਰਿਆਂ ’ਤੇ। ਐਮ.ਐਲ.ਏ. ਨੇ ਟਿਕਟ ਪੱਕੀ ਕਰਾਉਣ ਦੇ ਇਵਜ਼ ਵਿਚ ਡੇਰਾ ਪੱਕਾ ਕਰਵਾ ਦਿੱਤਾ। ਘਰੇ ਖੜ੍ਹੀ ਕਾਰ ਬਾਬਾ ਜੀ ਨੂੰ ਭੇਟ ਕਰ ਦਿੱਤੀ। ਹੁਣ ਬਾਬਿਆਂ ਨੇ ਕਾਰ ਉੱਤੇ ‘ਸ੍ਰੀਮਾਨ ਬਾਬਾ ਬਿਸ਼ਨ ਜੀ ੧੦੦੮ ਟਿਕਟਾਂ ਵਾਲੇ’ ਲਿਖਵਾ ਲਿਆ। ਗਲ ਵਿਚ ਵੱਡੀ ਸਾਰੀ ਮਾਲਾ ਅਤੇ ਵਿਦੇਸ਼ੋਂ ਆਏ ਮੂਰਖ ਵੱਲੋਂ ਦਿੱਤੀ ਹੀਰੇ ਦੀ ਮੁੰਦਰੀ ਅੰਗੂਠੇ ਨਾਲ ਦੀ ਉਂਗਲ ਵਿਚ ਚਮਕਾਰੇ ਮਾਰਦੀ ਹੈ। ਵੱਡੇ ਵੱਡੇ ਮੰਤਰੀ ਵੀ ਗੇੜੇ ਮਾਰਦੇ ਹਨ।
ਬਾਬਾ ਜੀ ਜਨਤਾ ਵਿਚੋਂ ਕਿਸੇ ਦਾ ਬੱਚਾ ਥਾਣੇਦਾਰ, ਕਿਸੇ ਦਾ ਤਹਿਸੀਲਦਾਰ ਤੇ ਕਿਸੇ ਦਾ ਬੀ.ਡੀ.ਉ. ਲਵਾਉਣ ਦੀ ਅਰਦਾਸ ਕਰਦੇ ਦਿਸਦੇ ਹਨ।
ਸਟੇਸ਼ਨ ’ਤੇ ਪੈਰ ਘੁੱਟਣ ਵਾਲੇ ਵੱਖਰਾ ਧੂਣਾ ਲਾ ਕੇ ਗੱਦੀਨਸ਼ੀਨ ਬਣਨ ਦੀ ਝਾਕ ਵਿਚ ਆਉਣ ਵਾਲੇ ਸ਼ਰਧਾ ਉੱਲੂਆਂ ਨੂੰ ਹੋਰ ਵੀ ਮੂਰਖ ਬਣਾਉਂਦੇ ਹਨ ਤੇ ਪੈਰ ਘੁੱਟਣ ਹੁਣ ਹੋਰ ਬੰਦੇ ਬੀਬੀਆਂ ਆਉਂਦੇ ਹਨ।
ਸੰਪਰਕ: 480-794-0325