ਕੇ.ਐਲ.ਗਰਗ
ਬਚਪਨ ਵੇਲੇ ਇਕ ਤਵਾ ਬੱਜਿਆ ਕਰਦਾ ਸੀ:
‘‘ਮਹਿਮਾਂ ਜੋ ਹਮਾਰਾ ਹੋਤਾ ਹੈ, ਵੋਹ ਜਾਂ ਸੇ ਪਿਆਰਾ ਹੋਤਾ ਹੈ, ਜ਼ਿਆਦਾ ਕੀ ਨਹੀਂ ਜ਼ਰੂਰਤ ਹਮੇਂ, ਥੋੜ੍ਹੇ ਮੇਂ ਗੁਜ਼ਾਰਾ ਹੋਤਾ ਹੈ… ਮਹਿਮਾਂ ਜੋ…।’’
ਅਸੀਂ ਸੰਸਕਾਰੀ ਜੀਵ ਹਾਂ। ਬਜ਼ੁਰਗਾਂ ਦੀ ਨਸੀਹਤ ਦਾ ਭੋਰਾ-ਭੋਰਾ ਪਾਲਣ ਕਰਦੇ ਹਾਂ। ਅਸੀਂ ਆਪਣੇ ਮਹਿਮਾਨ ਨੂੰ ਜੀ-ਜਾਨ ਨਾਲ ਪਿਆਰ ਕਰਦੇ ਹਾਂ। ਉਸ ਦੀ ਰਾਹ ’ਚ ਅੱਖਾਂ ਵਿਛਾਈ ਰੱਖਦੇ ਹਾਂ। ਹਰ ਘੜੀ ਆਪਣੇ ਮਹਿਮਾਨ ਦੀ ਉਡੀਕ ਕਰਦੇ ਹਾਂ।
ਅਸੀਂ ਆਪ ਭਾਵੇਂ ਇਕੋ ਕਮਰੇ ’ਚ ਦਬੜੂੰ-ਘੁਸੜੂੰ ਕਰੀ ਜਾਈਏ। ਤਿੰਨੇਂ ਜੁਆਕਾਂ ਨੂੰ ਇਕੋ ਮੰਜੀ ’ਤੇ ਪਾਈ ਰੱਖੀਏ, ਪਰ ਅਸੀਂ ਆਪਣੇ ਮਹਿਮਾਨ ਲਈ ਵੱਖਰਾ ਕਮਰਾ ਰੱਖਦੇ ਹਾਂ। ਇਸ ਨੂੰ ਅਸੀਂ ਗੈਸਟ-ਰੂਮ ਆਖ-ਆਖ ਚੌੜੇ ਹੋ-ਹੋ ਘਰ ’ਚ ਫਿਰਦੇ ਹਾਂ। ਇਹ ਸਾਡੇ ਗੈਸਟ ਦਾ ਰੈਸਟ ਰੂਮ ਹੁੰਦਾ ਹੈ। ਅਸੀਂ ਉਸ ਦੀ ਸੁਖ-ਸਹੂਲਤ ਦਾ ਪੂਰਾ-ਪੂਰਾ ਖ਼ਿਆਲ ਰੱਖਦੇ ਹਾਂ। ਗਰਮੀਆਂ ਵਾਸਤੇ ਅਸੀਂ ਏ.ਸੀ. ਜਾਂ ਕੂਲਰ ਦਾ ਪ੍ਰਬੰਧ ਕੀਤਾ ਹੋਇਆ ਹੈ। ਸਾਡੇ ਗੈਸਟ ਰੂਪੀ ਭਗਵਾਨ ਨੂੰ ਸਰਦੀ ਨਾ ਲੱਗੇ, ਇਸ ਲਈ ਅਸੀਂ ਹੀਟਰ ਲਾਉਣ ਦਾ ਵੀ ਧਿਆਨ ਰੱਖਿਆ ਹੋਇਆ ਹੈ। ਕਦੇ ਬਹੁਤ ਮੌਜ ’ਚ ਆ ਕੇ ਪਤਨੀ ਨੂੰ ਜੇ ਆਖ ਦੇਈਏ, ‘‘ਭਾਗਵਾਨੇ, ਅੱਜ ਨਵੀਂ ਚਾਦਰ ਈ ਵਿਛਾ ਲੈ ਜਿਹੜੀ ਆਪਾਂ ਕਸ਼ਮੀਰ ਫੇਰੀ ਵੇਲੇ ਲਿਆਏ ਸਾਂ…।’’ ਤਾਂ ਉਹ ਝੱਟ ਤਿੜਕ ਕੇ ਆਖ ਦਿੰਦੀ ਹੈ, ‘‘ਉਹ ਤਾਂ ਜੀ ਮੈਂ ਆਏ-ਗਏ ਲਈ ਸਾਂਭ ਕੇ ਰੱਖੀ ਹੋਈ ਹੈ। ਅਗਲਾ ਕੀ ਕਹੂ ਬਈ ਇਨ੍ਹਾਂ ਕੋਲ ਇਕ ਚਾਦਰ ਵੀ ਨਮੀਂ ਨੀਂ? ਉਹ ਤਾਂ ਮੈਂ ਕਿਸੇ ਚੰਗੇ ਰਿਸ਼ਤੇਦਾਰ ਲਈ ਰੱਖੀ ਹੋਈ ਹੈ।’’ ਆਏ-ਗਏ ਲਈ ਤਾਂ ਅਸੀਂ ਕੰਬਲ-ਖੇਸ ਵੀ ਕੋਰੇ ਰੱਖੇ ਹੋਏ ਹਨ। ਕਿਹੜਾ ਕਿਸੇ ਨੇ ਰੋਜ਼-ਰੋਜ਼ ਆਉਣਾ ਹੁੰਦਾ। ਮਸਾਂ ਤਾਂ ਕੋਈ ਕਿਸੇ ਨੂੰ ਮਿਲਣ ਆਉਂਦੈ। ਕਿਹੜਾ ਕਿਸੇ ਕੋਲ ਏਨੀਂ ਵਿਹਲ ਐ, ਬਈ ਅਗਲਾ ਦਰ-ਦਰ ਜਾ ਕੇ ਕੁੰਡਾ ਖੜਕਾਉਂਦਾ ਫਿਰੇ। ਅਸੀਂ ਕਿੰਨੀ ਦੇਰ ਤੋਂ ਆਪਣੇ ਚੰਡੀਗੜ੍ਹ ਰਹਿੰਦੇ ਛੋਟੇ ਭਰਾ ਨੂੰ ਸੱਦਾ ਦਿੰਦੇ-ਦਿੰਦੇ ਥੱਕ ਗਏ ਹਾਂ। ਅਸੀਂ ਆਖ ਵੀ ਦਿੰਦੇ ਹਾਂ:
‘‘ਉਇ ਭਰਾਵਾ, ਜੱਗ ਜਿਉਂਦਿਆਂ ਦੇ ਮੇਲੇ ਐ। ਆ ਕੇ ਇਕ ਵਾਰ ਤਾਂ ਮਿਲ ਜਾ। ਤੇਰੀ ਵੱਡੀ ਭਰਜਾਈ ਤੈਨੂੰ ਯਾਦ ਕਰਦੀ ਰਹਿੰਦੀ ਐ। ਤੂੰ ਤਾਂ ਬਾਹਲਾ ਈ ਨਮੋਹਾ ਹੋ ਗਿਐਂ ਭਰਾਵਾ।’’
ਭਰਾ, ਜਿਸ ਨੂੰ ਮੈਂ ਬਚਪਨ ’ਚ ਗੋਦੀ ਚੁੱਕ-ਚੁੱਕ ਖਿਡਾਇਆ ਹੁੰਦਾ ਹੈ, ਹਰ ਵਾਰੀ ਨਵੇਂ ਤੋਂ ਨਵਾਂ ਬਹਾਨਾ ਨਾ ਆਉਣ ਦਾ ਘੜ੍ਹ ਲੈਂਦਾ ਹੈ:
‘‘ਵੀਰ ਜੀ, ਚਿੱਤ ਤਾਂ ਬਹੁਤ ਕਰਦੈ। ਪਰ ਕਬੀਲਦਾਰੀ ਦੇ ਐਸੇ ਚਿੱਕੜ ’ਚ ਫਸੇ ਹੋਏ ਆਂ ਕਿ ਇਕ ਵਾਰੀ ਫਸ ਕੇ, ਮੁੜ ਨਿਕਲਿਆ ਈ ਨ੍ਹੀਂ ਜਾਂਦਾ। ਚਿੱਕੜ ’ਚ ਲੱਕ-ਲੱਕ ਤੀਕ ਫਸੇ ਪਏ ਆਂ।’’
ਚੰਡੀਗੜ੍ਹ ’ਚ ਵੀ ਚਿੱਕੜ ਹੈਗਾ? ਅਸੀਂ ਸੋਚ-ਸੋਚ ਚੁੱਪ ਹੋ ਜਾਂਦੇ ਹਾਂ।
ਇਕ ਵਾਰ ਫਿਰ ਫੋਨ ਖੜਕਾਇਆ ਤਾਂ ਰੋਂਦੂ ਆਵਾਜ਼ ’ਚ ਕਹਿਣ ਲੱਗਾ, ‘‘ਵੀਰ ਜੀ, ਕਰੋਨਾ ਈ ਨ੍ਹੀਂ ਸਾਹ ਲੈਣ ਦਿੰਦਾ, ਕਰੀਏ ਤਾਂ ਕੀ ਕਰੀਏ। ਐਤਕੀਂ ਤਾਂ ਆਉਣ ਦੀ ਜਵਾਂ ਤਿਆਰੀ ਸੀ। ਅਟੈਚੀ ਝੋਲੇ ਵੀ ਤਿਆਰ ਕਰ ਲਏ ਸਨ ਕਿ ਬਹਿ ਜੇ ਬੇੜੀ ਇਸ ਕਰੋਨਾ ਦੀ। ਐਨ ਮੌਕੇ ’ਤੇ ਸਿਰ ’ਚ ਠੋਲੇ ਵਾਂਙ ਵੱਜ ਪਿਆ।’’
ਅਸੀਂ ਕਰੋਨਾ ਢੈਲੇ ਪਏ ਤੋਂ ਆਪਣੇ ਇਕ ਪੁਰਾਣੇ ਮਿੱਤਰ ਬਹਾਨਾ ਸ਼ਾਹ ਨੂੰ ਫੋਨ ਮਾਰਿਆ:
‘‘ਯਾਰ, ਕਦੇ ਤਾਂ ਆ ਕੇ ਮੁੂੰਹ ਦਿਖਾ ਜਾ। ਮਰਿਆਂ
ਤੋਂ ਕੀ ਪਤਾ ਲੱਗੂ ਕਿ ਕੀਹਨੇ ਮੂੰਹ ਦੇਖਿਆ,
ਕੀਹਨੇ ਨਹੀਂ ਦੇਖਿਆ। ਮਿਲਣ-ਗਿਲਣ ਤਾਂ ਜਿਉਂਦੇ
ਜੀ ਈ ਹੁੰਦੈ। ਮੋਇਆਂ ਦਾ ਕਾਹਦਾ ਮਿਲਣ-ਗਿਲਣ
ਤੇ ਕੀਹਦਾ ਮਿਲਣ-ਗਿਲਣ…।’’
ਸਾਡੇ ਇਸ ਭਾਵੁਕਤਾ ਭਰੇ ਸੱਦੇ ਦਾ ਜੇ ਅਸੀਂ ਕਿਸੇ ਨਾਟਕ ’ਚ ਇਜ਼ਹਾਰ ਕੀਤਾ ਹੁੰਦਾ ਤਾਂ ਦਰਸ਼ਕਾਂ ਨੇ ਹੰਝੂ ਵਹਾ-ਵਹਾ ਪੰਡਾਲ ਭਿਉਂ ਦੇਣਾ ਸੀ। ਪਰ ਸਾਡੇ ਇਸ ਪੁਰਾਣੇ ਲੰਗੋਟੀਏ ਯਾਰ ’ਤੇ ਇਸ ਦਾ ਇਕ ਤੋਲਾ ਤਾਂ ਕੀ ਮਾਸਾ ਰੱਤੀ ਭਰ ਵੀ ਅਸਰ ਨਹੀਂ ਹੋਇਆ। ਝੱਟ ਰੋਂਦੂ ਜਿਹੀ ਆਵਾਜ਼ ’ਚ ਕਹਿਣ ਲੱਗਾ:
‘‘ਕੀ ਕਰੀਏ ਯਾਰ! ਕੰਮਾਂ ਕਾਰਾਂ ਦੇ ਐਸੇ ਝਮੇਲਿਆਂ ’ਚ ਫਸੇ ਹੋਏ ਆਂ ਕਿ ਸਾਹ ਲੈਣ ਦਾ ਵੀ ਟੈਮ ਨ੍ਹੀਂ। ਕੰਮ ਧੰਦਾ ਝੱਡ ਕੇ ਕਿੱਥੇ ਕਿਤੇ ਆਇਆ ਜਾਇਆ ਜਾਂਦਾ। ਉਂਝ ਘਰੇ ਰਹਿ-ਰਹਿ ਸਰੀਰ ਨੂੰ ਉੱਲੀ ਲੱਗੀ ਪਈ ਐ।’’
ਇਕ ਮਿੱਤਰ ਨੇ ਤਾਂ ਮੂੰਹ ਫਾੜ ਕੇ ਇਹ ਵੀ ਕਹਿ ਦਿੱਤਾ ਹੈ, ‘‘ਯਾਰ, ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ਼ ਨਾ ਬੁਖਾਰੇ।’’ ਅਸੀਂ ਉਸ ਨੂੰ ਜ਼ੋਰ ਦੇ ਕੇ ਆਖਦੇ ਹਾਂ:
‘‘ਯਾਰਾ, ਤੂੰ ਇਕ ਵਾਰੀ ਆ ਤਾਂ ਸਹੀ। ਇੱਥੇ ਵੀ ਤੈਨੂੰ ਛੱਜੂ ਦਾ ਚੁਬਾਰਾ ਈ ਮਿਲੂ। ਤੂੰ ਵੀ ਕੀ ਯਾਦ ਰੱਖੇਂਗਾ ਕਿ ਕਿਸੇ ਯਾਰ-ਮਿੱਤਰ ਕੋਲ ਗਿਆ ਸੈਂ।’’ ਪਰ ਉਹ ਟੱਸ ਤੋਂ ਮੱਸ ਨਹੀਂ ਹੋਇਆ। ਬੱਸ ਇਕ ਫਿੱਕਾ ਜਿਹਾ ਹਾਸਾ ਹੱਸ ਕੇ ਖ਼ਾਮੋਸ਼ ਹੋ ਗਿਆ।
ਹੁਣ ਦੂਸਰਿਆਂ ਦੀ ਤਾਂ ਗੱਲ ਛੱਡੋ, ਆਪਣੇ ਲਹੂ ਦੀ ਸਾਂਝ ਵਾਲੇ ਵੀ ਏਦਾਂ ਦਾ ਈ ਵਤੀਰਾ ਧਾਰੀ ਬੈਠੇ ਨੇ।
ਸਾਡੇ ਗੁਆਂਢੀ ਦੀ ਮੌਤ ਹੋ ਗਈ। ਇਕੋ-ਇੱਕ ਮੁੰਡਾ ਕੈਨੇਡਾ ’ਚ ਐ। ਉਸ ਨੂੰ ਉਸ ਦੇ ਭਾਪੇ ਦੀ ਮੌਤ ਬਾਰੇ ਦੱਸਿਆ ਤਾਂ ਝੱਟ ਕਹਿਣ ਲੱਗਾ, ‘‘ਮੰਮ… ਮੇਰੇ ਕੋਲੋਂ ਨ੍ਹੀਂ ਪਹੁੰਚਿਆ ਜਾਣਾ। ਪੂਰਾ ਮਹੀਨਾ ਮੇਰੇ ਕੋਲ ਵਿਹਲ ਨ੍ਹੀਂ। ਤੁਸੀਂ ਸਸਕਾਰ ਸਸਕੂਰ ਦਾ, ਭੋਗ ਦਾ ਕੰਮ ਨਬਿੇੜ ਲਵੋ, ਮੈਨੂੰ ਜਦੋਂ ਟੈਮ ਮਿਲਿਆ, ਮੈਂ ਜਲਦੀ ਤੋਂ ਜਲਦੀ ਪਹੁੰਚਣ ਦੀ ਕੋੋਸ਼ਿਸ਼ ਕਰੂੰ। ਇਕ ਮਹੀਨਾ ਤਾਂ ਹਾਲੇ ਆਪਣੇ ਮਰਨ ਵਿਹਲ ਹੈਨੀ।’’ ਜਦ ਉਹਨੂੰ ਕਿਹਾ ਗਿਆ ਕਿ ਲਾਂਬੂ ਤਾਂ ਪੁੱਤ ਨੇ ਈ ਲਾਉਣਾ ਹੁੰਦੈ ਤਾਂ ਹੱਸ ਕੇ ਕਹਿਣ ਲੱਗਾ, ‘‘ਅੱਜਕੱਲ੍ਹ ਸਾਰਾ ਕੁਝ ਆਨਲਾਈਨ ਹੋਈ ਜਾਂਦੈ। ਏਦਾਂ ਦਾ ਈ ਕਰ ਲਉ ਕੋਈ ਹੀਲਾ-ਵਸੀਲਾ।’’
ਸਾਡਾ ਮਿਲਖੀ ਬੁੜ੍ਹਾ ਸੱਚ ਆਖਦੈ, ‘‘ਉਇ ਭਾਈ ਅੱਜਕੱਲ੍ਹ ਹਰੇਕ ਦਾ ਮੱਚ ਮਰਿਆ ਪਿਆ। ਲੋਕਾਂ ’ਚ ਪਿਆਰ ਦਾ ਸੋਮਾ ਮੁੱਕ ਗਿਐ। ਬਗ਼ੈਰ ਮੁਹੱਬਤਾਂ ਕਾਹਦਾ ਮਿਲਣ-ਗਿਲਣ। ਕਾਹਦੀ ਮਹਿਮਾਨਨਿਵਾਜ਼ੀ…’’
ਪਰ ਅਸੀਂ ਹਾਲੇ ਵੀ ਆਪਣੇ ਪਿੱਤਰੀ ਸੰਸਕਾਰਾਂ ’ਚ ਅੜੇ ਹੋਏ ਹਾਂ।
ਅਸੀਂ ਮਹਿਮਾਨ ਦੀ ਉਡੀਕ ਕਰ ਰਹੇ ਹਾਂ। ਕਸ਼ਮੀਰੋਂ ਲਿਆਂਦੀ ਨਵੀਂ ਚਾਦਰ ਮਹਿਮਾਨ ਹੇਠਾਂ ਵਿਛਾਉਣ ਲਈ ਸਾਂਭੀ ਪਈ ਐ। ਠੰਢ ਦੇ ਮੌਸਮ ਵਿਚ ਵੀ ਏ.ਸੀ. ਨੂੰ ਘੜੀ ਮੁੜੀ ਚਲਾ ਕੇ ਦੇਖ ਲੈਂਦੇ ਹਾਂ ਕਿ ਠੀਕ ਹਵਾ ਦਿੰਦਾ ਹੈ ਕਿ ਨਹੀਂ। ਮਤੇ ਟੈਮ ’ਤੇ ਧੋਖਾ ਦੇ ਜਾਵੇ ਤੇ ਸਾਡਾ ਮਹਿਮਾਨ ਵਿਚਾਰਾ ਪਰੇਸ਼ਾਨ ਹੁੰਦਾ ਫਿਰੇ। ਅਸੀਂ ਉੱਚੀ-ਉੱਚੀ ਪੁਰਾਣਾ ਗੀਤ ਗਾਉਣ ਦੀ ਕੋਸ਼ਿਸ਼ ਕਰਦੇ ਹਾਂ ‘‘ਮਹਿਮਾਂ ਜੋ ਹਮਾਰਾ ਹੋਤਾ ਹੈ…।’’ ਪਰ ਸਾਡੀ ਆਵਾਜ਼ ਤਾਂ ਇੰਝ ਹੋ ਗਈ ਹੈ ਜਿਵੇਂ ਸੂਈ ਅੜੇ ਰਕਾਟ ਦੀ ਹੁੰਦੀ ਹੈ। ਕੀ ਕਰੀਏ ਮਹਿਮਾਨ ਦੀ ਉਡੀਕ ਜੋ ਕਰ ਰਹੇ ਹਾਂ ਤੇ ਆਉਣ ਵਾਲਾ ਮਹਿਮਾਨ ਬਹਾਨੇ ’ਤੇ ਬਹਾਨਾ ਮਾਰੀ ਜਾ ਰਿਹਾ ਹੈ। ਕਦੇ ਅਸੀਂ ਕਿਹਾ ਕਰਦੇ ਸਾਂ ‘ਸਾਨੂੰ ਸਾਡੇ ਮਹਿਮਾਨਾਂ ਤੋਂ ਬਚਾਉ’। ਹੁਣ ਆਂਹਦੇ ਹਾਂ, ‘‘ਸਾਡੇ ਮਹਿਮਾਨਾਂ ਨੂੰ ਬੁਲਾਉ।’’ ਸਾਡੀਆਂ ਨਵੀਆਂ ਚਾਦਰਾਂ ਉੜਕ-ਉੜਕ ਬੂਹਿਆਂ ਵੱਲ ਝਾਂਕਦੀਆਂ ਹਨ। ਏ.ਸੀ. ਕੂਲਰ ਠੰਢੀ ਵਾਅ ਦੇਣੋਂ ਤਰਸ ਰਹੇ ਹਨ ਤੇ ਮਹਿਮਾਨ… ਗਧੇ ਦੇ ਸਿੰਙਾਂ ਵਾਂਙ ਗਾਇਬ ਨੇ। ਹਾਲੇ ਤਾਂ ਸਾਡੀ ਮਹਿਮਾਨਨਿਵਾਜ਼ੀ ਦਮ ਤੋੜ ਰਹੀ ਏ, ਕੱਲ੍ਹ ਦੀ ਰਾਮ ਜਾਣੇ…। ਆਖ਼ਰ ’ਚ ਮਹਿਮਾਨਾਂ ਲਈ ਇਹੋ ਕਹਿਣਾ ਪਊ: ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦੇ ਜਾਂਦਾ ਜੀ…।
ਸੰਪਰਕ: 94635-37050