ਕੁਲਵੰਤ ਘੋਲੀਆ
ਹਨੇਰਾ ਹਾਲੇ ਗੂੜ੍ਹਾ ਨਹੀਂ ਸੀ।
ਸ਼ਬਿੂ ਪੀੜ ਨਾਲ ਫਿਰ ਕਰਾਹਿਆ, ‘‘ਓਏ … ਥੋਨੂੰ ਰਤਾ ਵੀ ਸ਼ਰਮ ਨਾ ਆਈ, ਆਹ ਕਾਰਾ ਕਰਦਿਆਂ। ਉਏ ਰੱਬ ਨੂੰ ਕੀ ਮੂੰਹ ਦਿਖਾਉਗੇ!’’
ਪਹਿਲੀ ਰਾਤ ਦੀ ਹਨੇਰਗਰਦੀ ਨਾਲ ਢਾਣੀ ’ਚ ਸੋਗ ਘੱਟ ਤੇ ਸਹਿਮ ਜ਼ਿਆਦਾ ਸੀ। ਸਭ ਤਿੱਤਰ ਦੀਆਂ ਡਾਰਾਂ ਵਾਂਗ ਬਿਖਰ ਗਏ। ਹੌਲੀ ਹੌਲੀ ਰਾਤ ਵੀ ਗੂੰਗੀ ਤੇ ਬੋਲੀ ਹੋਣ ਲੱਗੀ। ਰਾਤ ਦੇ ਸੰਨਾਟੇ ਨੇ ਜਿਵੇਂ ਟਿੱਬਿਆਂ ਨੂੰ ਅੱਖੋਂ ਅੰਨ੍ਹੇ ਕਰ ਦਿੱਤਾ ਹੋਵੇ।
ਵੱਖੀ ਨਾਲ ਬੰਨ੍ਹਿਆ ਮੈਲਾ ਜਿਹਾ ਪਰਨਾ। ਲਹੂ ਨਾਲ ਗੜੁੱਚ ਸੀ। ਸ਼ਬਿੂ ਨੇ ਟਿੱਬੇ ਦੀ ਢਾਲ ਵਾਲੇ ਪਾਸੇ ਜੰਡ ਦਾ ਆਸਰਾ ਲੈ ਰੱਖਿਆ ਸੀ। ਕਦੇ ਕਦੇ ਕਾਲੇ ਬੱਦਲਾਂ ਨੂੰ ਚੀਰ ਕੇ ਚੰਨ ਦੀ ਚਾਨਣੀ ਆਣ ਧੀਰੋ ਦੇ ਮੂੰਹ ’ਤੇ ਪੈ ਜਾਂਦੀ ਤਾਂ ਜਾਪਦਾ ਜਿਵੇਂ ਤਾਰਿਆਂ ਨੇ ਕਾਲੇ ਬੱਦਲਾਂ ਦੀ ਲੱਪ ਭਰ, ਧੀਰੋ ਦੀਆਂ ਅੱਖਾਂ ਵਿੱਚ ਲੋਅ ਭਰ ਦਿੱਤੀ ਹੋਵੇ। ਸ਼ਬਿੂ ਰੇਤ ’ਤੇ ਸਰਕਦਾ ਹੋਰ ਨੇੜੇ ਹੋ ਗਿਆ।
‘‘ਤੂੰ ਸੁਣਦੀ ਏਂ ਧੀਰੋ?’’ ਸ਼ਬਿੂ ਨੇ ਮੋਢੇ ਨੂੰ ਹਲੂਣ ਕੇ ਆਖਿਆ।
ਬਿਨਾਂ ਹੁੰਗਾਰਾ ਭਰੇ, ਧੀਰੋ ਸ਼ਬਿੂ ਵੱਲ ਅੱਖ ਭਰ ਤੱਕੀ।
‘‘ਆਹਾ, ਗੱਲਾਂ ਤਾਂ ਹੋਣੀਆਂ ਹੀ ਸੀ।’’
ਕਿਸੇ ਸ਼ੀਤਲ ਚਸ਼ਮੇ ਦਾ ਪ੍ਰਤੀਕ ਸਨ ਧੀਰੋ ਦੀਆਂ ਅੱਖਾਂ। ਜਿਵੇਂ ਤਪਦੀ ਰੇਤ ਉੱਤੇ ਬੇਮੌਸਮੀ ਵਰਖਾ ਹੁੰਦੀ ਹੋਵੇ। ਸਭ ਰੀਤੀ ਰਿਵਾਜਾਂ ਮੁਤਾਬਿਕ ਹੋਣ ਲੱਗਾ। ਸ਼ਬਿੂ ਨਾਲ ਆਏ ਮਿਹਰੂ ਨੇ ਉਸ ਦੇ ਵੱਖੀ ਹੁੱਝ ਮਾਰੀ।
‘‘ਉਏ ਦੇਖ ਤਾਂ ਲੈ, ਬੰਦਾ ਬਣ ਬੰਦਾ, ਪਾਣੀ ਪਾਣੀ ਹੋਈ ਜਾਨਾ। ਊਂ ਤਾਂ ਬਥੇਰਾ ਟਿੱਬਿਆਂ ਵਾਂਗੂੰ ਤਪਿਆ ਰਹਿਨਾ।’’
ਸ਼ਬਿੁੂ ਨੇ ਧੀਰੋ ਨੂੰ ਇੱਕ ਵਾਰ ਅੱਖ ਭਰ ਵੇਖ ਕੇ ਹੀ ਗੱਲ ਸਿਰੇ ਲਗਾ ਦਿੱਤੀ। ਉਚੇਚੇ ਤੌਰ ’ਤੇ ਊਠ ਵਾਲੀ ਗੱਡੀ ਫੁੱਲਾਂ ਨਾਲ ਸਜਾ ਉਸ ਨੂੰ ਉਹ ਆਪਣੀ ਢਾਣੀ ਲੈ ਆਇਆ।
ਦੋਵੇਂ ਪੂਰਬ ਪੱਛਮ ਟਿੱਬਿਆਂ ਨਾਲ ਢਕੇ ਪਏ ਸੀ। ਵਿਚਕਾਰ ਦੀ ਜਾਂਦੀ ਚਹੁੰ ਮਾਰਗੀ ਸੜਕ ਦੇ ਕੰਢੇ ਕੰਢੇ ਨਿੱਕੀਆਂ ਨਿੱਕੀਆਂ ਬਰਾਦਰੀਆਂ ਦੇ ਕਿੰਨੇ ਸਾਰੇ ਪਿੰਡ।
ਬੱਕਰੀਆਂ, ਭੇਡਾਂ ਤੇ ਹੋਰ ਕਿੰਨੇ ਨਿੱਕੇ ਨਿੱਕੇ ਕਿੱਤਿਆਂ ਨਾਲ ਜੁੜੇ ਲੋਕਾਂ ਦੀ ਜੂਨ, ਟਿੱਬਿਆਂ ਤੋਂ ਕਦੇ ਲੁਕੀ ਨਹੀਂ ਸੀ।
‘‘ਬੱਕਰੀਆਂ ਭੇਡਾਂ ਨਾਲ ਗੁਜ਼ਾਰਾ ਨਹੀਂ ਹੁੰਦਾ ਬਾਪੂ। ਆਹ ਟਿੱਬਿਆਂ ਦੀ ਹਿੱਕ ਪਾੜ ਉਪਜਾਊ ਮਿੱਟੀ ਤਾਂ ਮੈਂ ਕੱਢ ਲਊਂ। ਪਰ ਬਾਪੂ ਊਠ ਤੋਂ ਬਿਨਾਂ ਕੋਹਾਂ ਮੀਲ ਤੋਂ ਪਾਣੀ ਲਿਆਉਣਾ ਤਾਂ ਔਖੈ।’’ ਸ਼ਬਿੂ ਆਪਣੇ ਕਬੀਲੇ ਲਈ ਫ਼ਿਕਰਮੰਦ ਸੀ। ਦਿਨ ਦੇ ਛਿਪਾਅ ਨਾਲ ਸਾਰਾ ਕਬੀਲਾ ਇਕੋ ਥਾਈਂ ਇਕੱਠਾ ਹੋ ਜਾਂਦਾ। ਸੁਰ ਸਾਜ਼, ਰੀਤੀ ਰਿਵਾਜਾਂ ਤੇ ਕਬੀਲੇ ਦੀਆਂ ਔਰਤਾਂ ਤੇ ਮਰਦਾਂ ਦੀਆਂ ਪੋਸ਼ਾਕਾਂ ਦੇ ਆਪਸੀ ਤਾਲਮੇਲ ਨਾਲ ਟਿੱਬਿਆਂ ਦੀ ਰਾਤ ਹੋਰ ਵੀ ਰੰਗੀਨ ਜਾਪਣ ਲੱਗਦੀ। ਦੂਰ ਦੂਰ ਟਿੱਬਿਆਂ ’ਤੇ ਨਜ਼ਰੀਂ ਪੈਂਦੇ ਵੱਡੇ ਵੱਡੇ ਜੰਡਾਂ ਦੇ ਰੁੱਖ ਇਨ੍ਹਾਂ ਟਿੱਬਿਆਂ ਦੇ ਪੁੱਤਾਂ ਲਈ ਸਦਾ ਆਸਰਾ ਬਣਦੇ।
ਸ਼ਬਿੁੂ ਤੇ ਉਸ ਦਾ ਦੋਸਤ ਮਿਹਰੂ ਅਕਸਰ ਹੀ ਇਕੱਠੇ ਟਿੱਬਿਆਂ ਵਿੱਚ ਬੱਕਰੀਆਂ ਤੇ ਭੇਡਾਂ ਚਾਰਨ ਲੈ ਜਾਂਦੇ। ਕਿਸੇ ਉੱਚੇ ਜਿਹੇ ਟਿੱਬੇ ’ਤੇ ਵੱਡੇ ਸਾਰੇ ਜੰਡ ਦੀ ਛਾਵੇਂ ਜਾ ਬੈਠਦੇ।
‘‘ਉਹ ਦੇਖ ਮੇਰੂ।’’
‘‘ਕੀ ਆ?’’ ਮੱਥੇ ’ਤੇ ਹੱਥ ਰੱਖ ਮਿਹਰੂ ਦੂਰ ਤੱਕ ਵੇਖ ਆਖਦਾ, ‘‘ਮੈਨੂੰ ਤਾਂ ਕੁਝ ਦਿਸਦਾ ਨੀਂ।’’
ਸ਼ਬਿੂ ਗੁੱਸੇ ਨਾਲ ਅੱਗ ਬਗੂਲਾ ਹੋ ਉੱਠਿਆ, ‘‘ਓਏ ਅੰਨ੍ਹੇ ਹੋਗੇ ਅੰਨ੍ਹੇ ਤੁਸੀਂ।
ਆਹ ਟਿੱਬਿਆਂ ਦੀ ਹਿੱਕ ਖੁਰਚ ਖੁਰਚ ਸਾਡੇ ਦਾਦੇ ਪੜਦਾਦੇ ਜ਼ਮੀਨਾਂ ਵਧਾਉਂਦੇ ਵਧਾਉਂਦੇ ਮਰ ਖਪ ਗਏ।’’
‘‘ਕਿੰਨੀਆਂ ਕੁ ਜ਼ਮੀਨਾਂ ਆਪਣੇ ਕੋਲ?’’
‘‘ਬਸ ਜੂਨ ਬੰਸਰੀ ਆ, ਟਿੱਬਿਆਂ ਵਿੱਚ। ਉਹ ਦੇਖ ਸ਼ਹਿਰ ਦੀਆਂ ਚਿਮਨੀਆਂ ਤੇ ਪੱਥਰਾਂ ਨਾਲ ਭਰੀਆਂ ਗੱਡੀਆਂ ਟਿੱਬਿਆਂ ਦੀ ਹਿੱਕ ’ਤੇ ਕਿਵੇਂ ਭਾਰ ਧਰ ਰਹੀਆਂ ਨੇ। ਜੰਗਲ ਦੀ ਅੱਗ ਕਦੇ ਕਿਸੇ ਦੇ ਮਿੱਤ ਨਹੀਂ ਹੁੰਦੀ, ਮੇਰੂ। ਤੂੰ ਦੇਖ ਲਈਂ, ਇੱਕ ਦਿਨ ਇਨ੍ਹਾਂ ਸਾਡਾ ਸਭ ਕੁਝ ਖੋਹ ਲੈਣਾ। ਕੋਈ ਸੁਣਵਾਈ ਨਹੀਂ ਹੋਣੀ ਇੱਥੇ ਟਿੱਬਿਆਂ ਵਿੱਚ। ਜਾਂ ਤਾਂ ਲੜ ਕੇ ਮਰਾਂਗੇ ਤੇ ਜਾਂ ਫਿਰ ਭੱਜ ਜਾਵਾਂਗੇ।’’ ਸ਼ਬਿੂ ਦੀਆਂ ਅੱਖਾਂ ਵਿੱਚ ਟਿੱਬਿਆਂ ਦੀ ਤਪਸ਼ ਤੋਂ ਵੱਧ ਉਬਾਲ ਸੀ।
ਸ਼ਾਮ ਢਲਣ ਲੱਗੀ।
ਸੂਰਜ ਦੀ ਆਖ਼ਰੀ ਕਿਰਨ ਨਾਲ ਸ਼ਬਿੂ ਨੇ ਫਿਰ ਦੂਰ ਤਕ ਨਜ਼ਰ ਦੌੜਾਈ।
ਮਿਹਰੂ ਦੀ ਮਾਰੀ ਲੰਬੀ ਹਾਕ ਨੇ ਪਹਿਲੀ ਵਾਰੀ ਵੱਗ ਇਕੱਠਾ ਕਰ ਲਿਆ।
ਸ਼ਬਿੂ ਦੀਆਂ ਗੱਲਾਂ ਸੁਣ ਕਦੇ ਕਦੇ ਮਿਹਰੂ ਨੂੰ ਵੀ ਅੱਚਵੀ ਜਿਹੀ ਲੱਗ ਜਾਂਦੀ।
ਸ਼ਬਿੂ ਚੁੱਪਚਾਪ ਤੁਰਿਆ ਜਾ ਰਿਹਾ ਸੀ ਤੇ ਮਿਹਰੂ ਵੀ ਸਾਰਾ ਵੱਗ ਲੈ ਪਿੱਛੇ ਪਿੱਛੇ ਹੋ ਤੁਰਿਆ।
ਟਿੱਬਿਆਂ ਵਿੱਚ ਉਪਜਾਊ ਜ਼ਮੀਨ ਦਾ ਹੋਣਾ ਸਮੁੰਦਰ ਵਿੱਚ ਮੋਤੀ ਬਰਾਬਰ ਸੀ। ਸ਼ਬਿੁੂ ਦੇ ਕਬੀਲੇ ਕੋਲ ਜਿੰਨੀ ਕੁ ਜ਼ਮੀਨ ਸੀ, ਬਹੁਤ ਵਧੀਆ ਤੇ ਉਪਜਾਊ ਸੀ, ਪਰ ਵੱਡੀ ਗੱਲ ਇਹ ਸੀ ਕਿ ਕੁਝ ਦੂਰੀ ’ਤੇ ਜਾਂਦੀ ਦੋ ਰਾਜਾਂ ਨੂੰ ਪਾੜਦੀ ਨਦੀ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਸੀ।
ਢਾਣੀਆਂ ਵਿੱਚ ਰਹਿ ਕੇ ਊਠ ਖ਼ਰੀਦਣਾ ਵੱਡੀ ਗੱਲ ਸੀ। ਨਿੱਕੇ ਹੁੰਦਿਆਂ ਸ਼ਬਿੂ ਅਕਸਰ ਕਬੀਲੇ ਦੇ ਵੱਡੇ ਬਜ਼ੁਰਗਾਂ ਦੀਆਂ ਗੱਲਾਂ ਸੁਣਦਾ।
‘‘ਅੱਗੇ ਸਮਾਂ ਮਾੜਾ ਆਵੇਗਾ। ਖ਼ੁਦ ਦੀ ਰੱਖਿਆ ਲਈ ਹਥਿਆਰ ਰੱਖਣੇ ਜ਼ਰੂਰੀ ਹੋ ਜਾਣੇ ਨੇ।’’ ਪੁਰਖਿਆਂ ਦੀਆਂ ਗੱਲਾਂ ਉਸ ਨੂੰ ਅੱਜ ਵੀ ਬੇਚੈਨ ਕਰਦੀਆਂ। ਉਸ ਨੇ ਕੁਝ ਪੈਸੇ ਜੋੜ ਦੂਜੀ ਢਾਣੀ ਦੇ ਸਰਦਾਰ ਨਾਲ ਗੱਲ ਕਰ ਊਠ ਖ਼ਰੀਦ ਲਿਆ। ਹੁਣ ਪਾਣੀ ਦੀ ਕੋਈ ਕਿੱਲਤ ਨਾ ਰਹੀ। ਉਹ, ਧੀਰੋ ਤੇ ਬਾਕੀ ਕਬੀਲੇ ਵਾਲੇ ਦਿਨ ਰਾਤ ਮਿਹਨਤ ਕਰਦੇ।
ਸ਼ਬਿੁੂ ਦੀ ਆਪਣੇ ਭਵਿੱਖ ਬਾਰੇ ਚਿੰਤਾ ਸਹੀ ਸੀ। ਅੱਗ ਘਰਾਂ ਤਕ ਅੱਪੜਨ ਲੱਗੀ। ਵੱਡੇ ਕਾਰੋਬਾਰੀਆਂ ਅਤੇ ਪੁਲੀਸ ਦੀਆਂ ਗੱਡੀਆਂ ਆ ਉਨ੍ਹਾਂ ਦੀ ਢਾਣੀ ਰੁਕ ਗਈਆਂ।
ਦਬਦਬਾ ਕਾਇਮ ਕੀਤਾ ਗਿਆ। ਲਾਲਚ ਦਿੱੱਤਾ ਗਿਆ, ਡਰਾਇਆ ਗਿਆ, ਪਰ ਉਸ ਦੇ ਕਬੀਲੇ ਵਾਲੇ ਡਟੇ ਰਹੇ।
‘‘ਇਹ ਜ਼ਮੀਨ ਸਾਡੇ ਪੁਰਖਿਆਂ ਦੀ ਏ, ਇਨ੍ਹਾਂ ਵਿਚ ਸਾਡੇ ਪੁਰਖਿਆਂ ਦੀ ਰੂਹ ਏ।’’ ਉਹ ਏਨਾ ਆਖ ਅੱਗ ਬਗੂਲਾ ਹੋ ਉੱਠਿਆ।
‘‘ਜਨਾਬ ਰਹਿਣ ਦਿਉ। ਕਿਧਰੇ ਲੈਣੇ ਦੇ ਦੇਣੇ ਨਾ ਪੈ ਜਾਣ।’’ ਸਿਪਾਹੀ ਬਿੱਕਰ ਸਿੰਘ ਨੇ ਜਾ ਵੱਡੇ ਅਫ਼ਸਰ ਦੀ ਕੰਨੀਂ ਨੱਪਦਿਆਂ ਕਿਹਾ।
‘‘ਆਪਾਂ ਨੂੰ ਕੀ ਪਤਾ ਇਨ੍ਹਾਂ ਦੀਆਂ ਜ਼ਮੀਨਾਂ ਬਾਰੇ, ਕਿ ਇਹ ਨਾਜਾਇਜ਼ ਆ ਕੇ ਜਾਇਜ਼ ਆ ਜਨਾਬ! ਨਾਲੇ ਜਨਾਬ ਟਿੱਬਿਆਂ ’ਤੇ ਕਾਹਦੇ ਹੱਕ। ਇਹ ਤਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਗ਼ਰੀਬ ਕਬੀਲੇ ਆ।’’
‘‘ਚੁੱਪ ਕਰ, ਆਹ ਮੋਢੇ ’ਤੇ ਸਟਾਰ ਐਵੇਂ ਨ੍ਹੀਂ ਲੱਗੇ। ਸਭ ਜਾਣਾਂ, ਕੀ ਜਾਇਜ਼ ਤੇ ਕੀ ਨਾਜਾਇਜ਼ ਐ।
ਗੱਲ ਸੁਣੋ ਬਈ ਕਬੀਲੇ ਵਾਲਿਓ, ਆਹ ਜਿਹੜੀ ਜਗ੍ਹਾ ਤੁਸੀਂ ਰੋਕ ਰੱਖੀ ਐ, ਇਹ ਸਰਕਾਰੀ ਐ ਤੇ ਆਪਣੇ ਆਪ ਹੀ ਛੱਡ ਦਿਓ।’’
ਕਬੀਲੇ ਦਾ ਮਾਹੌਲ ਹੁਣ ਤਣਾਅਪੂਰਨ ਰਹਿਣ ਲੱਗਾ। ਕੁਝ ਕੁ ਕਬੀਲੇ ਵਾਲੇ ਆਪਣੀ ਥੋੜ੍ਹੀ ਬਹੁਤੀ ਕੀਮਤ ਲੈ ਕਬੀਲਾ ਛੱਡ ਚਲੇ ਗਏ।
ਸ਼ਬਿੁੂ ਨੂੰ ਆਉਣ ਵਾਲੇ ਖ਼ਤਰੇ ਦਾ ਅਹਿਸਾਸ ਸੀ। ਟਿੱਬਿਆਂ ਦਾ ਮੌਸਮ ਖੁਸ਼ਗਵਾਰ ਹੋ ਗਿਆ। ਵਪਾਰੀਆਂ ਨੇ ਦਰਿੰਦਗੀ ਦਿਖਾਉਣੀ ਸ਼ੁਰੂ ਕਰ ਦਿੱਤੀ ਤੇ ਇੱਕ ਰਾਤ ਸੁੱਤੇ ਪਏ ਕਬੀਲੇ ਵਾਲਿਆਂ ’ਤੇ ਹਮਲਾ ਕਰ ਦਿੱਤਾ ਗਿਆ। ਸਭ ਤਿੱਤਰਾਂ ਵਾਂਗ ਬਿਖਰ ਗਏ। ਟਿੱਬਿਆਂ ਦੀ ਰੇਤ ਲਹੂ ਲੁਹਾਣ ਹੋ ਗਈ। ਰਾਤ ਵੀ ਜਿਵੇਂ ਗੂੰਗੀ ਬੋਲੀ ਹੋ ਗਈ ਹੋਵੇ। ਕਬੀਲੇ ’ਤੇ ਵਾਪਰਦੇ ਕਹਿਰ ਨੂੰ ਜਿਵੇਂ ਟਿੱਬਿਆਂ ਨੇ ਵੀ ਆਪਣੇ ਅੰਦਰ ਹੀ ਸਮੋ ਲੈਣ ਦੀ ਧਾਰ ਲਈ ਹੋਵੇ। ਵੱਖੀ ਨੂੰ ਚੀਰਦੀ ਗੋਲੀ ਸ਼ਬਿੁੂ ਦੇ ਦੂਜੇ ਪਾਸੇ ਜਾ ਨਿਕਲੀ।
ਹਨੇਰਾ ਹਾਲੇ ਪਤਲਾ ਸੀ, ਪਰ ਸ਼ਬਿੁੂ ਦੀਆਂ ਅੱਖਾਂ ਅੱਗੇ ਘੁੱਪ ਹਨੇਰਾ ਆ ਗਿਆ। ਕਿਸੇ ਸ਼ੀਤਲ ਚਸ਼ਮੇ ਵਰਗੀ ਧੀਰੋ ਨੂੰ ਦਰਿੰਦਿਆਂ ਨੇ ਨੋਚ ਲਿਆ ਸੀ। ਟਿੱਬਿਆਂ ਦਾ ਇੱਕ ਹੋਰ ਪੁੱਤ ਧੀਰੋ ਦੇ ਪੇਟ ਵਿੱਚ ਪਤਾ ਨ੍ਹੀਂ ਅੰਗੜਾਈਆਂ ਭਰ ਰਿਹਾ ਸੀ ਜਾਂ ਨਹੀਂ।
ਧੀਰੋ ਬੇਸੁਧ ਪਈ ਸੀ।
ਹਿੰਮਤ ਜੁਟਾ ਸ਼ਬਿੂ ਨੇ ਊਠ ਦੇ ਬਦਲੇ ਲਿਆਂਦੇ ਹਥਿਆਰ ਨਾਲ ਹਮਲਾਵਰਾਂ ’ਤੇ ਆਖ਼ਰੀ ਹਮਲਾ ਕੀਤਾ। ਕਿੰਨੀਆਂ ਲਾਸ਼ਾਂ ਵਿਛ ਗਈਆਂ। ਚਾਰੇ ਪਾਸੇ ਚੁੱਪ ਪਸਰ ਗਈ।
ਖ਼ੁਦ ਨੂੰ ਸੰਭਾਲ ਉਸ ਨੇ ਔਖਿਆਂ ਸੌਖਿਆਂ ਧੀਰੋ ਨੂੰ ਟਿੱਬੇ ਦੀ ਢਾਲ ਵਾਲੇ ਪਾਸੇ ਜੰਡ ਨਾਲ ਆਸਰਾ ਦਿੱਤਾ। ਰਾਤ ਦੀ ਹਨੇਰਗਰਦੀ ਟਿੱਬਿਆਂ ਵਿੱਚ ਹੀ ਦਫ਼ਨ ਹੋ ਗਈ। ਦੋ ਬਰਾਦਰੀਆਂ ਦਾ ਆਪਸ ਵਿਚ ਹੋਇਆ ਝਗੜਾ ਆਖ, ਮਾਮਲਾ ਨਿਪਟਾ ਦਿੱਤਾ ਗਿਆ। ਪੱਥਰਾਂ ਨਾਲ ਭਰੀਆਂ ਗੱਡੀਆਂ ਕਬੀਲੇ ਕੋਲ ਆਣ ਰੁਕ ਗਈਆਂ। ਸ਼ਬਿੁੂ ਨੂੰ ਕਾਤਲ ਦੋਸ਼ੀ ਸਾਬਤ ਕਰ ਦਿੱਤਾ ਤੇ ਭਾਲ ਸ਼ੁਰੂ ਕਰ ਦਿੱਤੀ।
ਵੱਖੀ ਨਾਲ ਬੰਨ੍ਹੇ ਪਰਨੇ ਵਿੱਚੋਂ ਖ਼ੂਨ ਦੀ ਧਾਰ ਇੱਕ ਵਾਰ ਫੇਰ ਵਗੀ।
ਟਿੱਬਿਆਂ ਦੇ ਪੁੱਤ ਨੂੰ ਕੁੱਖ ਦਾ ਜ਼ਿਆਦਾ ਨਿੱਘ ਨਸੀਬ ਨਾ ਹੋਇਆ। ਟਿੱਬਿਆਂ ਵਿੱਚ ਤਿੰਨ ਚੀਕਾਂ ਗੂੰਜੀਆਂ। ਢਿੱਡੋਂ ਕੱਢ ਮਾਸੂਮ ਨੂੰ ਧੀਰੋ ਨੇ ਛਾਤੀ ਨਾਲ ਲਾ ਲਿਆ।
ਸ਼ਬਿੂ ਰੇਤ ’ਤੇ ਸਰਕਦਾ ਹੋਰ ਨੇੜੇ ਆ ਗਿਆ।
‘‘ਧੀਰੋ, ਧੀਰੋ!! ਮੇਰਾ ਪੁੱਤ, ਹਾਂ ਮੇਰਾ ਪੁੱਤ।’’
ਉਸ ਨੇ ਧੀਰੋ ਦਾ ਹੱਥ ਘੁੱਟ ਕੇ ਫੜ ਲਿਆ। ਉਸ ਨੇ ਆਖ਼ਰੀ ਵਾਰ ਧੀਰੋ ਨੂੰ ਤੱਕਿਆ। ‘‘ਧੀਰੋ ਤੇਰੀਆਂ ਅੱਖਾਂ…!’’ ਉੱਚੇ ਟਿੱਬੇ ਤੋਂ ਹਨੇਰੇ ’ਚੋਂ ਚਲੀਆਂ ਦੋ ਗੋਲੀਆਂ ਨੇ ਟਿੱਬਿਆਂ ਦੇ ਸਮੁੰਦਰ ਨੂੰ ਸ਼ਾਂਤ ਕਰ ਦਿੱਤਾ।
‘‘ਜਨਾਬ! ਕਬੀਲਾ ਤਾਂ ਸਾਰਾ ਖ਼ਾਲੀ ਹੋ ਹੀ ਗਿਆ ਸੀ, ਫਿਰ ਆਹ ਕੀ ਲੋੜ ਸੀ?’’
‘‘ਉਏ ਬਿੱਕਰ ਸਿਆਂ, ਇਹ ਟਿੱਬਿਆਂ ਦਾ ਸਮੁੰਦਰ ਐ, ਸਭ ਵਪਾਰੀ ਨੇ ਏਥੇ।’’
‘‘ਜਨਾਬ ਲਾਸ਼ਾਂ ਦਾ ਕੀ ਕਰਨੈ।’’
‘‘ਲਾਸ਼ਾਂ ਰੱਖੋ ਗੱਡੀ ਵਿੱਚ ਤੇ ਚੱਲੋ।’’
ਵੱਡਾ ਅਫ਼ਸਰ ਖ਼ੁਸ਼ ਸੀ। ਟਿੱਬਿਆਂ ਦੇ ਸਮੁੰਦਰ ਵਿੱਚੋਂ ਮਿਲੀਆਂ ਤਰੱਕੀਆਂ ਵੇਖ। ਅਚਾਨਕ ਗੱਡੀ ਥਾਏਂ ਰੁਕ ਗਈ।
‘‘ਉਏ ਬਿੱਕਰ ਸਿਆਂ, ਆਹ ਕੀ?’’
‘‘ਜਨਾਬ ਮੇਰੀ ਮਿੰਨਤ ਐ, ਰੱਬ ਨੂੰ ਮੂੰਹ ਦਿਖਾਉਣ ਜੋਗਾ ਛੱਡ ਦਿਓ। ਅੱਧਿਓਂ ਵੱਧ ਲੰਘ ਗਈ ਔਲਾਦ ਨੂੰ ਤਰਸਦਿਆਂ।’’ ਬਿੱਕਰ ਸਿੰਘ ਨੇ ਸ਼ਬਿੁੂ ਦੇ ਪੁੱਤ ਨੂੰ ਇੱਕ ਵਾਰ ਵੇਖ, ਫੇਰ ਕਿਸੇ ਮਾਂ ਵਾਂਗ ਕਲਾਵੇ ਵਿੱਚ ਲੁਕੋ ਲਿਆ।
ਗੱਡੀ ਫਿਰ ਤੁਰ ਪਈ।
ਵੱਡਾ ਅਫ਼ਸਰ ਹੱਸ ਰਿਹਾ ਸੀ।
‘‘ਉਏ ਬਿੱਕਰਾ, ਉਏ ਬਿੱਕਰਾ! ਬੜੀ ਕਿਸਮਤ ਵਾਲਾ ਤੂੰ। ਟਿੱਬਿਆਂ ਦੇ ਸਮੁੰਦਰ ਵਿੱਚੋਂ ਹੀਰਾ ਲੈ ਗਿਆ।’’
ਸੰਪਰਕ: 95172-90006