ਆਤਮਜੀਤ ਸਿੰਘ
ਜਿਸ ਕੋਲ ਬਹੁਤੀਆਂ ਮੁਹਾਰਤਾਂ ਹੋਣ ਉਸਨੂੰ ਅੰਗਰੇਜ਼ੀ ਵਿਚ ਬਹੁਤੇ ਟੋਪਾਂ ਵਾਲਾ ਬੰਦਾ ਕਹਿੰਦੇ ਹਨ। ਇਸੇ ਤਰਜ਼ ’ਤੇ ਇਕ ਅੰਗਰੇਜ਼ੀ ਵਿਦਵਾਨ ਨੇ ਪਗੜੀਧਾਰੀ ਪ੍ਰੋਫ਼ੈਸਰ ਅਮ੍ਰਿਤਜੀਤ ਸਿੰਘ ਨੂੰ ਬਹੁਤੀਆਂ ਪੱਗਾਂ ਵਾਲਾ ਵਿਦਵਾਨ ਕਿਹਾ ਹੈ। ਉਹ 1945 ਵਿਚ ਰਾਵਲਪਿੰਡੀ ਵਿਚ ਜੰਮਿਆ, ਅੰਬਾਲਾ ਅਤੇ ਕੁਰੂਕਸ਼ੇਤਰ ਵਿਚ ਪੜ੍ਹਿਆ ਅਤੇ ਨਿਊਯਾਰਕ ਤੋਂ ਪੀਐੱਚ.ਡੀ. ਕੀਤੀ। ਉਸ ਨੇ ਪਹਿਲਾਂ ਦਿੱਲੀ, ਹੈਦਰਾਬਾਦ, ਜੈਪੁਰ ਅਤੇ ਰੋਡ ਆਈਲੈਂਡ ਵਿਚ ਅਧਿਆਪਨ ਕੀਤਾ, ਅੰਤ ਓਹਾਇਓ ਯੂਨੀਵਰਸਿਟੀ ਤੋਂ ਅੰਗਰੇਜ਼ੀ ਦਾ ਪ੍ਰੋਫ਼ੈਸਰ ਰਿਟਾਇਰ ਹੋਇਆ। ਉਹ ਇਸੇ ਯੂਨੀਵਰਸਟੀ ਦਾ ਪ੍ਰੋਫ਼ੈਸਰ ਅਮੈਰਿਟਸ ਵੀ ਹੈ ਅਤੇ ਅੱਜਕਲ੍ਹ ਆਸਟਨ (ਟੈਕਸਾਸ) ਵਿਚ ਰਹਿੰਦਾ ਹੈ। ਅਮ੍ਰਿਤਜੀਤ ਦੀ ਵਿਲੱਖਣਤਾ ਇਹ ਹੈ ਕਿ ਉਸਨੇ ਬਲੈਕ ਅਮਰੀਕਨ ਸਾਹਿਤ ਵਿਚ ਉਦੋਂ ਪੀਐੱਚ.ਡੀ. ਕੀਤੀ ਜਦੋਂ ਇਸ ਪਾਸੇ ਕਿਸੇ ਦੀ ਕੋਈ ਰੁਚੀ ਨਹੀਂ ਸੀ। ਫਿਰ ਉਸਨੇ ਇਸ ਵਿਸ਼ੇ ਉੱਤੇ ਏਨੀ ਪਕੜ ਬਣਾਈ ਕਿ ਪੱਛਮੀ ਸੰਸਾਰ ਵਿਚ ਅੱਜ ਉਸਦੀ ਵਿਸ਼ੇਸ਼ੱਗਤਾ ਦਾ ਝੰਡਾ ਝੂਲਦਾ ਹੈ। 1965 ਵਿਚ ਦਿੱਲੀ ਯੂਨੀਵਰਸਿਟੀ ਵਿਚ ਅਧਿਆਪਨ ਤੋਂ ਸ਼ੁਰੂ ਹੋ ਕੇ ਅਮ੍ਰਿਤਜੀਤ ਸਿੰਘ ਨੇ ਜਿਨ੍ਹਾਂ ਮੁਲਕਾਂ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਅਤੇ ਲੈਕਚਰ ਦਿੱਤੇ ਉਨ੍ਹਾਂ ਦੀ ਲੰਮੀ-ਚੌੜੀ ਸੂਚੀ ਵਿਚ ਅਮਰੀਕਾ, ਕੈਨੇਡਾ, ਸ੍ਰੀਲੰਕਾ, ਜਪਾਨ, ਦੱਖਣੀ ਕੋਰੀਆ, ਸਿੰਗਾਪੁਰ, ਨੇਪਾਲ, ਪਾਕਿਸਤਾਨ, ਜਰਮਨੀ, ਫਿਨਲੈਂਡ, ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ, ਘਾਨਾ, ਦੱਖਣੀ ਅਫ਼ਰੀਕਾ, ਮਿਸਰ, ਨੀਦਰਲੈਂਡ ਆਦਿ ਸ਼ਾਮਿਲ ਹਨ। ਉਹ ਪੰਜ ਵਾਰ ਫੁੱਲਬਰਾਈਟ ਸਕਾਲਰਸ਼ਿਪ ਸਮੇਤ ਕਈ ਹੋਰ ਸਕਾਲਰਸ਼ਿਪਾਂ ਨਾਲ ਦੁਨੀਆਂ ਦੇ ਵੱਖ-ਵੱਖ ਥਾਈਂ ਅਧਿਐਨ ਕਰ ਚੁੱਕਾ ਹੈ। ਉਹ ਜਿੱਥੇ ਵੀ ਜਾਂਦਾ ਹੈ ਪੂਰੀ ਗਰਮਜੋਸ਼ੀ ਨਾਲ ਅਧਿਐਨ-ਅਧਿਆਪਨ ਕਰਦਾ ਹੈ। ਓਹਾਇਓ ਯੂਨੀਵਰਸਟੀ ਦੇ ਹੀ ਪ੍ਰੋਫ਼ੈਸਰ ਵਲਾਦੀਮੀਰ ਮਾਰਚੈਂਕੋਵ ਅਨੁਸਰ ਜੇ ਦੋਸਤੋਵਸਕੀ ਅਮ੍ਰਿਤਜੀਤ ਨੂੰ ਮਿਲਿਆ ਹੁੰਦਾ ਤਾਂ ਕਦੇ ਨਾ ਲਿਖਦਾ ਕਿ ਸਿਰਫ਼ ਰੂਸੀ ਲੋਕ ਹੀ ਦੂਜੇ ਸਭਿਆਚਾਰਾਂ ਵਾਸਤੇ ਕੁਝ ਕਰਦੇ ਹਨ। ਸ਼ਾਇਦ ਇਸੇ ਲਈ ਚਾਰਲਸ ਜਾਨਸਨ ਵਰਗਾ ਕੌਮੀ ਐਵਾਰਡ ਜੇਤੂ ਕਹਾਣੀ-ਨਾਵਲ ਲੇਖਕ ਉਸ ਨੂੰ ਅੰਤਰਰਾਸ਼ਟਰੀ ਸਿੱਖ ਸਕਾਲਰ ਕਹਿੰਦਾ ਹੈ। ਕੀ ਅਮਰੀਕਾ ਵੱਸਦੇ ਕਿਸੇ ਵੀ ਹੋਰ ਪੰਜਾਬੀ ਸ਼ਬਦ-ਸਾਧਕ ਨੂੰ ਇਹ ਮਾਣ ਪ੍ਰਾਪਤ ਹੈ? ਸ਼ਾਇਦ ਨਹੀਂ।
ਉਹ ਹੈਮਿੰਗਵੇ ਉੱਤੇ ਖੋਜ ਕਰਨੀ ਚਾਹੁੰਦਾ ਸੀ ਪਰ 1969 ਵਿਚ ਉਸਨੇ ਸਿਆਹਫ਼ਾਮ ਲੇਖਕ ਰਿਚਰਡ ਰਾਈਟ ਦਾ ਨਾਵਲ ‘ਨੇਟਿਵ ਸਨ’ ਪੜ੍ਹਿਆ। ਇਹ ਨਾਵਲ ਵੀਹ ਸਾਲਾਂ ਦੇ ਉਸ ਗ਼ਰੀਬ ਸਿਆਹਫ਼ਾਮ ਵਿਅਕਤੀ ਦੀ ਕਹਾਣੀ ਹੈ ਜੋ ਸਮਾਜ ਤੋਂ ਟੁੱਟ ਗਿਆ ਸੀ। ਉਸ ਉੱਤੇ ਫ਼ੌਜਦਾਰੀ ਦੇ ਕੇਸ ਹਨ ਪਰ ਉਸਦਾ ਵਕੀਲ ਸਾਬਤ ਕਰਦਾ ਹੈ ਕਿ ਇਕ ਨਸਲਵਾਦੀ ਸਮਾਜ ਉਸ ਵਰਗੇ ਨੌਜਵਾਨ ਹੀ ਪੈਦਾ ਕਰ ਸਕਦਾ ਹੈ। ਸ਼ਖ਼ਸੀ ਬਰਾਬਰੀ, ਆਜ਼ਾਦੀ ਅਤੇ ਸਵੈਮਾਣ ਦੇ ਪਹਿਰੇਦਾਰ ਅਮ੍ਰਿਤਜੀਤ ਤੋਂ ਸਿਆਹਫ਼ਾਮ ਲੋਕਾਂ ਦੀ ਇਹ ਹਾਲਤ ਨਾ ਦੇਖੀ ਗਈ। 1940 ਵਿਚ ਪ੍ਰਕਾਸ਼ਿਤ ‘ਨੇਟਿਵ ਸਨ’ ਦੀਆਂ ਤਿੰਨ ਹਫ਼ਤਿਆਂ ਵਿਚ ਕਰੀਬ ਦੋ ਲੱਖ ਕਾਪੀਆਂ ਵਿਕੀਆਂ ਸਨ। ਅਮ੍ਰਿਤਜੀਤ ਦੀ ਚੇਤਨਾ ਵੀ ਅਜਿਹੀ ਵਿਕੀ ਕਿ ਉਸਨੇ ਸਿਆਹਫ਼ਾਮ ਲੇਖਕਾਂ ਦੀਆਂ ਰਚਨਾਵਾਂ ਨੂੰ ਹੀ ਆਪਣੇ ਅਧਿਐਨ ਦਾ ਮਰਕਜ਼ ਬਣਾ ਲਿਆ। ਨਾਵਲਕਾਰ ਰਾਈਟ ਸੰਬੰਧੀ ਬਹੁਤ ਸਾਰੀਆਂ ਕਿਤਾਬਾਂ ਛਪੀਆਂ ਹੋਣ ਕਾਰਨ ਉਸਨੇ ‘ਹਾਰਲੇਮ ਰੈਨੇਸਾਂ’ ਦੇ ਨਾਵਲਕਾਰਾਂ ਉੱਤੇ ਖੋਜ ਕਰਨੀ ਸ਼ੁਰੂ ਕੀਤੀ। ਜਦੋਂ ਵੀਹਵੀਂ ਸਦੀ ਦੇ ਸ਼ੁਰੂ ਵਿਚ ਅਤਿਵਾਦ ਉਭਾਰ ਉੱਤੇ ਸੀ ਉਦੋਂ ਸਿਆਹਫ਼ਾਮ ਲੋਕਾਂ ਨੂੰ ਗਲੀਆਂ ਵਿਚ ਕੋਹਿਆ ਜਾ ਰਿਹਾ ਸੀ। ਉਸ ਸਮੇਂ ‘ਜਿੰਮ ਕਰੋ’ ਦੇ ਨਸਲੀ ਪੱਖਪਾਤ ਵਾਲੇ ਕਾਨੂੰਨਾਂ ਨੇ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ ਅਤੇ ਉਹ ਦੱਖਣ ਤੋਂ ਪਰਵਾਸ ਕਰਕੇ ਉੱਤਰ ਵਿਚ ਆਉਣ ਲੱਗ ਪਏ। ਕਈ ਹੋਰ ਸ਼ਹਿਰਾਂ ਵਾਂਗ ਟੁਲਸਾ ਨਾਂ ਦੇ ਸ਼ਹਿਰ ਵਿਚ 1200 ਸਿਆਹਫ਼ਾਮ ਲੋਕ ਮਾਰ ਦਿੱਤੇ ਗਏ ਸਨ। ਪਰਵਾਸੀਆਂ ਦਾ ਮੁੱਢਲਾ ਟਿਕਾਣਾ ਨਿਊਯਾਰਕ ਵਿਚਲਾ ਇਲਾਕਾ ਹਾਰਲੇਮ ਸੀ। ਇਸ ਸਾਰੀ ਉੱਥਲ-ਪੁੱਥਲ ਅਤੇ ਨਤੀਜੇ ਵਜੋਂ ਉੱਭਰੀ ਜਾਗ੍ਰਤੀ ਨੂੰ ਜਿਸ ਤਰ੍ਹਾਂ ਸਾਹਿਤ ਅਤੇ ਦੂਜੀਆਂ ਕਲਾਵਾਂ ਵਿਚ ਪੇਸ਼ ਕੀਤਾ ਗਿਆ ਉਸ ਨੂੰ ‘ਹਾਰਲੇਮ ਰੈਨੇਸਾਂ’ (1914-1937) ਕਿਹਾ ਜਾਂਦਾ ਹੈ। ਡਾਕਟਰ ਅਮ੍ਰਿਤਜੀਤ ਨੇ 1976 ਵਿਚ ਇਸੇ ਖੋਜ ਨੂੰ ਪੁਸਤਕ ‘ਦਿ ਨੌਵਲਜ਼ ਆਫ਼ ਦਿ ਹਾਰਲੇਮ ਰੈਨੇਸਾਂ’ ਦੇ ਨਾਂ ਹੇਠ ਪ੍ਰਕਾਸ਼ਿਤ ਕੀਤਾ ਜਿਸ ਵਿਚ ਇਸ ਲਹਿਰ ਨਾਲ ਜੁੜੇ 12 ਲੇਖਕਾਂ ਦੇ 21 ਨਾਵਲਾਂ ਦੀ ਚਰਚਾ ਹੈ। ਉਸਦਾ ਮਤ ਹੈ ਕਿ ਸੱਠਵਿਆਂ ਵਿਚ ਅਰੂਜ਼ ਤੇ ਆਈ ‘ਬਲੈਕ ਆਰਟਸ ਮੂਵਮੈਂਟ’ ‘ਹਾਰਲੇਮ ਰੈਨੇਸਾਂ’ ਦੀਆਂ ਲਿਖਤਾਂ ਨਾਲੋਂ ਕਿਤੇ ਜ਼ਿਆਦਾ ਤਿੱਖੀ ਅਤੇ ਸਭਿਆਚਾਰਕ ਤੌਰ ’ਤੇ ਵੱਖਵਾਦੀ ਅਤੇ ਅਤਿਵਾਦੀ ਸੀ। ਲੈਰੀ ਨੀਲ ਦਾ ਮਤ ਹੈ ਕਿ ‘ਬਲੈਕ ਆਰਟਸ ਮੂਵਮੈਂਟ’ ਦਾ ਲੁਕਿਆ ਉਦੇਸ਼ ਗੋਰਿਆਂ ਦੇ ਵਿਚਾਰਾਂ ਅਤੇ ਜੀਵਨ ਦੇ ਵਿਹਾਰਾਂ ਨੂੰ ਪੂਰੀ ਤਰ੍ਹਾਂ ਭੰਨਣਾ ਅਤੇ ਆਪਣੇ ਆਪ ਨੂੰ ਤੀਸਰੇ ਸੰਸਾਰ ਦੇ ਲੋਕਾਂ ਨਾਲ ਜੋੜਨਾ ਸੀ। ਇਸੇ ਲਈ ਸਿਆਹਫ਼ਾਮ ਲੇਖਕਾਂ ਨੇ ਲੋਕ-ਸਾਹਿਤ ਦੇ ਸ੍ਰੋਤਾਂ ਨੂੰ ਅਪਣਾਉਣਾ ਸ਼ੁਰੂ ਕੀਤਾ। ਪਰ ਅਮ੍ਰਿਤਜੀਤ ਅਨੁਸਾਰ, ‘ਹਾਰਲੇਮ ਰੈਨੇਸਾਂ’ ਦੇ ਲੇਖਕ ਭਾਵੇਂ ਆਪਣੀ ਗੱਲ ਨੂੰ ਯੂਰਪੀਨ ਲਹਿਜੇ ਵਿਚ ਹੀ ਕਰ ਰਹੇ ਸਨ ਪਰ ਉਨ੍ਹਾਂ ਦੀ ਵੀ ਮਹੱਤਵਪੂਰਨ ਦੇਣ ਹੈ। ਉਸਨੇ ਇਸ ਲਹਿਰ ਦੇ ਲੇਖਕਾਂ ਬਾਰੇ ਫੈਲੀਆਂ ਕੁਝ ਭ੍ਰਾਂਤੀਆਂ ਨੂੰ ਖ਼ਤਮ ਕੀਤਾ ਅਤੇ ਉਨ੍ਹਾਂ ਦੀ ਸਹੀ ਭੂਮਿਕਾ ਨੂੰ ਅੱਗੇ ਲਿਆਂਦਾ। ਉਨ੍ਹਾਂ ਵਿਚ ਲੈਂਗਸਟਨ ਹਿਊਜ਼, ਰੁਡੌਲਫ਼ ਫ਼ਿਸ਼ਰ, ਵੈਲੇਸ ਥਰਮੈਨ, ਜ਼ੋਰਾ ਨੀਲ ਹਰਸਟਨ ਆਦਿ ਲੇਖਕ ਸ਼ਾਮਿਲ ਹਨ। ਥਰਮੈਨ ਦੇ ਕੰਮ ਨੂੰ ਤਾਂ ਚੱਜ ਨਾਲ ਸਾਹਮਣੇ ਲਿਆਉਣ ਦਾ ਸਿਹਰਾ ਵੀ ਪ੍ਰੋਫ਼ੈਸਰ ਡੇਨੀਅਲ ਸਕਾਟ ਅਤੇ ਅਮ੍ਰਿਤਜੀਤ ਦੇ ਸਿਰ ਹੀ ਬੱਝਦਾ ਹੈ ਜਿਨ੍ਹਾਂ ਨੇ 2003 ਵਿਚ ‘ਕੁਲੈਕਟਡ ਰਾਈਟਿੰਗਜ਼ ਆਫ਼ ਵੈਲੇਸ ਥਰਮੈਨ’ ਨਾਂ ਦੀ ਪੁਸਤਕ ਪ੍ਰਕਾਸ਼ਿਤ ਕੀਤੀ। ਉਸ ਨੂੰ ਖ਼ੁਸ਼ੀ ਹੈ ਕਿ ਇਸ ਕਿਤਾਬ ਨੇ ਥਰਮੈਨ ਨੂੰ ਸਾਹਿਤ ਸੰਸਾਰ ਵਿਚ ਦੋਬਾਰਾ ਖੜ੍ਹਾ ਕਰ ਦਿੱਤਾ। ਸਾਲ 2006 ਵਿਚ ਉਸਦੀ ਅਗਵਾਈ ਹੇਠ ਰਟਗਰ ਯੂਨੀਵਰਸਟੀ ਪ੍ਰੈਸ ਨੇ 12 ਬਹੁ-ਸਭਿਆਚਾਰਕ ਪੁਸਤਕਾਂ ਛਾਪੀਆਂ।
ਕੀ ਲੰਮੇ ਸੰਘਰਸ਼ ਅਤੇ ਬਹੁਤ ਸਾਰੇ ਕਾਨੂੰਨਾਂ ਦੇ ਪਾਸ ਹੋ ਜਾਣ ਪਿੱਛੋਂ ਸਿਆਹਫ਼ਾਮ ਲੋਕਾਂ ਦੀ ਸਥਿਤੀ ਵਿਚ ਬਹੁਤ ਜ਼ਿਆਦਾ ਸਿਫ਼ਤੀ ਤਬਦੀਲੀ ਆਈ? ਇਸ ਸਵਾਲ ਦਾ ਹਰ ਵਿਦਵਾਨ ਪਾਸ ਵੱਖਰੇ ਸੁਰ ਵਾਲਾ ਜਵਾਬ ਹੈ। ਪਰ ਅਮ੍ਰਿਤਜੀਤ ਅਨੁਸਾਰ ਭਾਵੇਂ ਬਰਾਕ ਓਬਾਮਾ ਦਾ ਦੋ ਵਾਰ ਰਾਸ਼ਟਰਪਤੀ ਬਣਨਾ ਸ਼ੁਭ ਸ਼ਗਨ ਸੀ ਪਰ ਇਹ ਸੋਚਣਾ ਗ਼ਲਤ ਹੋਵੇਗਾ ਕਿ ਹੁਣ ਅਮਰੀਕਾ ਦਾ ਨਸਲਵਾਦ ਖ਼ਤਮ ਹੋ ਚੁੱਕਾ ਹੈ। ਅਮ੍ਰਿਤਜੀਤ ਆਪਣੀਆਂ ਲਿਖਤਾਂ ਅਤੇ ਗੱਲਬਾਤ ਵਿਚ ਹਿੰਦੁਸਤਾਨ ਨੂੰ ਹਮੇਸ਼ਾ ਯਾਦ ਰੱਖਦਾ ਹੈ। ਉਹ ਹੱਸ ਕੇ ਦੱਸਦਾ ਹੈ ਕਿ ‘‘ਕੁਝ ਲੋਕ ਵਡੇਰੀ ਉਮਰ ਵਿਚ ਰੱਬ ਨੂੰ ਯਾਦ ਕਰਨ ਲੱਗਦੇ ਹਨ, ਮੈਂ ਇੰਡੀਆ ਨੂੰ ਯਾਦ ਕਰ ਰਿਹਾ ਹਾਂ।’’ ਇਸੇ ਲਈ ਉਹ ਇਹ ਵੀ ਆਖਦਾ ਹੈ ਕਿ, ‘‘ਭਾਵੇਂ ਸਿਆਹਫ਼ਾਮ ਲੋਕਾਂ ਦੇ ਸੰਬੰਧ ਵਿਚ ਕਈ ਮੁਹਾਜ਼ਾਂ ’ਤੇ ਬਹੁਤ ਤਰੱਕੀ ਹੋਈ ਹੈ ਪਰ ਹੋਰ ਅੱਗੇ ਵਧਣਾ ਮੁਸ਼ਕਲ ਹੈ ਕਿਉਂਕਿ ਕਈ ਲੋਕਾਂ ਨੂੰ ਗੋਰਿਆਂ ਦੇ ਹੱਕਾਂ ਦੀ ਵੱਧ ਚਿੰਤਾ ਹੈ। ਕੁਝ ਗੋਰਿਆਂ ਦਾ ਵਿਸ਼ਵਾਸ ਹੈ ਕਿ ਸਿਆਹਫ਼ਾਮ ਲੋਕਾਂ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਮਿਲ ਚੁੱਕਾ ਹੈ। ਕੀ ਇਹ ਹਾਲਤ ਭਾਰਤ ਦੇ ਬਹੁ-ਗਿਣਤੀ ਹਿੰਦੂ ਰਾਸ਼ਟਰਵਾਦੀਆਂ ਵਾਲੀ ਨਹੀਂ ਜਿਨ੍ਹਾਂ ਅਨੁਸਾਰ ਮੁਸਲਮਾਨਾਂ (ਅਤੇ ਸ਼ਾਇਦ ਦਲਿਤਾਂ) ਨੂੰ ਵੀ ਪਹਿਲਾਂ ਹੀ ਬਹੁਤ ਰਿਆਇਤਾਂ ਪ੍ਰਾਪਤ ਹਨ?’’ ਭਾਰਤ ਦੀ ਮਜ਼ਹਬੀ ਅਤੇ ਜਾਤੀਗਤ ਨਫ਼ਰਤ ਨੂੰ ਉਹ ਅਮਰੀਕੀ ਨਸਲੀ ਨਫ਼ਰਤ ਵਾਂਗ ਹੀ ਦੇਖਦਾ ਹੈ। ਪੀਟਰ ਸ਼ਮਿਟ ਨਾਲ ਮਿਲ ਕੇ ਉਸਦੀ ਸੰਪਾਦਿਤ ਕਿਤਾਬ ‘ਪੋਸਟ ਕੋਲੋਨੀਅਲ ਥਿਊਰੀ ਐਂਡ ਯੂਨਾਈਟਡ ਸਟੇਟਸ: ਰੇਸ, ਐਥਨੀਸਿਟੀ ਐਂਡ ਲਿਟਰੇਚਰ (2000)’ ਬਾਰੇ ਪ੍ਰੋਫ਼ੈਸਰ ਮਾਲਾ ਸ਼੍ਰੀ ਲਾਲ ਨੇ ਲਿਖਿਆ ਹੈ ਕਿ ਇਨਸਾਨੀ ਪਛਾਣ ਦੀ ਸਿਰਜਣਾ ਦੇ ਮਸਲੇ ’ਤੇ ਹੁੰਦੀ ਬਹਿਸ ਵਿਚ ਇਹ ਪੁਸਤਕ ਇਕ ਨਵਾਂ ਰਾਹ ਦਿਖਾਉਂਦੀ ਹੈ। ਭਾਰਤ ਦੀ ਵੰਡ ਦੀਆਂ ਕਹਾਣੀਆਂ ਸੰਬੰਧੀ ਉਸ ਦੁਆਰਾ ਸਹਿ-ਸੰਪਾਦਿਤ ਕਿਤਾਬ ‘ਰੀਵਿਜ਼ਿਟਿੰਗ ਇੰਡੀਆਜ਼ ਪਾਰਟੀਸ਼ਨ’ ਨੂੰ ਵੀ ਇਸੇ ਲੜੀ ਵਿਚ ਦੇਖਿਆ ਜਾ ਸਕਦਾ ਹੈ। ਉਹ ਅਜੇ ਵੀ ਚੁੱਪ ਨਹੀਂ ਹੈ, ਅੱਜਕਲ੍ਹ ਉਹ ‘ਕ੍ਰਿਟੀਕਲ ਰੇਸ ਸਟੱਡੀ’ ਦੇ ਖੇਤਰ ਵਿਚ ਦੁਨੀਆਂ ਦੇ ਸਭ ਤੋਂ ਵੱਡੇ ਦੋ ਲੋਕਤੰਤਰਾਂ ਸਾਹਮਣੇ ਪੇਸ਼ ਅੰਤਰਰਾਸ਼ਟਰੀ ਚੁਣੌਤੀਆਂ ਨੂੰ ਸਮਝਣ ਵਾਸਤੇ ਘੋਖ ਪੜਤਾਲ ਕਰ ਰਿਹਾ ਹੈ।
ਪੰਜਾਬ ਦੇ ਜਾਏ ਕਿਸੇ ਅਧਿਆਪਕ ਵਾਸਤੇ ਇਸ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ ਕਿ ਉਸਦੇ ਸਨਮਾਨ ਵਿਚ ਅਮਰੀਕਾ ਵਿਚ ਕਿਸੇ ਵਕਾਰੀ ਪੁਸਤਕ ਦਾ ਪ੍ਰਕਾਸ਼ਨ ਕੀਤਾ ਜਾਵੇ। ‘ਕਰਾਸਿੰਗ ਬਾਰਡਰਜ਼: ਐਸੇਜ਼ ਆਨ ਲਿਟਰੇਚਰ, ਕਲਚਰ ਐਂਡ ਸੋਸਾਇਟੀ ਇਨ ਆਨਰ ਆਫ਼ ਅਮ੍ਰਿਤਜੀਤ ਸਿੰਘ’ ਨਾਂ ਦੀ ਵੱਡ-ਅਕਾਰੀ ਰਚਨਾ ਦਾ ਸੰਪਾਦਨ ਤਪਨ ਬਾਸੂ ਅਤੇ ਤਸਨੀਮ ਸ਼ਾਹਨਾਜ਼ ਨੇ ਕੀਤਾ ਜਿਸਦਾ ਪ੍ਰਕਾਸ਼ਨ ਫੇਅਰਲੇ ਡਿਕਨਸਨ ਯੂਨੀਵਰਸਟੀ ਪ੍ਰੈੱਸ ਵੱਲੋਂ 2017 ਵਿਚ ਹੋਇਆ। ਵੱਖ ਵੱਖ ਪਿਛੋਕੜਾਂ ਨਾਲ ਜੁੜੇ ਅਨੇਕਾਂ ਵਿਦਵਾਨਾਂ ਦੇ ਲੇਖਾਂ ਤੋਂ ਇਲਾਵਾ ਇਸ ਵਿਚ ਲਗਪਗ ਤਿੰਨ ਦਰਜਨ ਵਿਦਵਾਨਾਂ ਦੀਆਂ ਅਮ੍ਰਿਤਜੀਤ ਦੇ ਕੰਮ ਅਤੇ ਸ਼ਖ਼ਸੀਅਤ ਬਾਰੇ ਬੜੀਆਂ ਬੇਬਾਕ ਰਾਵਾਂ ਹਨ। ਇਨ੍ਹਾਂ ਰਾਵਾਂ ਦੇ ਆਧਾਰ ’ਤੇ ਆਸਾਨੀ ਨਾਲ ਕਿਹਾ ਜਾ ਸਕਦਾ ਹੈ ਕਿ ਉਹ ਬਹੁਤ ਦਲੇਰ ਇਨਸਾਨ ਹੈ ਅਤੇ ਸੱਚ ਬੋਲਣ ਤੋਂ ਕਦੇ ਉੱਕਦਾ ਨਹੀਂ। ਉਹ ਗੁਰੂ ਨਾਨਕ ਦਾ ਸੱਚਾ ਸਿੱਖ ਹੈ ਅਤੇ ਕਬੀਰ, ਬੁੱਧ, ਗਾਂਧੀ, ਨਹਿਰੂ, ਅੰਬੇਦਕਰ ਤੇ ਟੈਗੋਰ ਤੋਂ ਪ੍ਰੇਰਨਾ ਲੈਂਦਾ ਹੈ। ਵਾਈਟ ਹਾਊਸ ਵਿਚ ਬਾਬਾ ਨਾਨਕ ਉੱਤੇ ਬੋਲਣ ਲਈ ਉਸਨੂੰ ਦਸੰਬਰ 2015 ਵਿਚ ਸੱਦਿਆ ਗਿਆ ਸੀ। ਲਿੰਕਨ, ਲਿੰਡਨ ਜਾਨਸਨ, ਡੂਬੌਇਸ, ਰੋਜ਼ਾ ਪਾਰਕਸ ਅਤੇ ਮਾਰਟਿਨ ਲੂਥਰ ਕਿੰਗ ਵਰਗੇ ਸੱਚੇ ਅਤੇ ਕਦਰਾਂ-ਕੀਮਤਾਂ ਵਾਲੇ ਲੋਕ ਉਸਦੇ ਅਮਰੀਕੀ ਹੀਰੋ ਹਨ। ਉੁਹ ਕਿਸੇ ਦੀ ਗ਼ਲਤ ਗੱਲ ਨੂੰ ਹਰਗ਼ਿਜ਼ ਬਰਦਾਸ਼ਤ ਨਹੀਂ ਕਰਦਾ ਅਤੇ ਆਪਣੇ ਵਿਚਾਰਾਂ ’ਤੇ ਪੂਰਾ ਪਹਿਰਾ ਦੇਂਦਾ ਹੈ। ਇਸੇ ਲਈ ਲੋਕ ਨਾ ਸਿਰਫ਼ ਉਸ ਨੂੰ ਰੱਜ ਕੇ ਪਿਆਰ ਕਰਦੇ ਹਨ, ਬਲਕਿ ਉਸਦਾ ਡੂੰਘਾ ਸਤਿਕਾਰ ਵੀ ਕੀਤਾ ਜਾਂਦਾ ਹੈ। ਉਸਨੇ ਆਪਣੇ ਅਕਾਦਮਿਕ ਜੀਵਨ ਵਿਚ ਕਈ ਵਿਚਾਰ-ਮੰਡਲੀਆਂ ਪੈਦਾ ਕੀਤੀਆਂ ਹਨ। ਇਸੇ ਲਈ ਉਸਦੇ ਦੋਸਤਾਂ, ਸਹਿਕਰਮੀਆਂ ਅਤੇ ਵਿਦਿਆਰਥੀਆਂ ਦਾ ਬਹੁਤ ਵਿਸ਼ਾਲ ਘੇਰਾ ਹੈ ਜਿਸ ਵਿਚ ਇਕ ਪਾਸੇ ਬੰਗਾਲ, ਰਾਜਸਥਾਨ, ਉੜੀਸਾ, ਦਿੱਲੀ ਸ਼ਾਮਿਲ ਹਨ ਅਤੇ ਦੂਜੇ ਪਾਸੇ ਯੂਰਪ, ਜਪਾਨ, ਆਸਟਰੇਲੀਆ ਅਤੇ ਅਮਰੀਕਾ ਵੀ ਹਾਜ਼ਰ ਹੈ। ਉਹ ਸ਼ੌਨਾ ਸਿੰਘ ਬਾਲਡਵਿਨ ਵਰਗੀ ਕੈਨੇਡੀਅਨ ਪੰਜਾਬੀ ਲੇਖਕ ਦਾ ਪ੍ਰੇਰਨਾ ਸ੍ਰੋਤ ਬਣਿਆ। ਅਨੇਕਾਂ ਵਿਦਵਾਨਾਂ ਨੇ ਉਸਦੀ ਪੈੜ ਨੱਪ ਕੇ ਅਮਰੀਕੀ-ਅਫ਼ਰੀਕੀ ਸਾਹਿਤ ਨੂੰ ਆਪਣੀ ਖੋਜ ਦਾ ਕੇਂਦਰ ਬਣਾਇਆ। ਦਿੱਲੀ ਯੂਨੀਵਰਸਿਟੀ ਦਾ ਤਪਨ ਬਾਸੂ ਵੀ ਉਨ੍ਹਾਂ ਵਿੱਚੋਂ ਇਕ ਹੈ। ਜੋਸਫ਼ ਕਨਫ਼ੋਰਟੀ ਵਾਂਗ ਹੋਰ ਵਿਦਵਾਨ ਵੀ ਮਹਿਸੂਸ ਕਰਦੇ ਹਨ ਕਿ ਅਫ਼ਰੀਕਨ ਅਮਰੀਕਨ ਸਾਹਿਤ ਨੂੰ ਏਸ਼ਿਆਈ ਅਤੇ ਅਮਰੀਕਨ ਦੁਵੱਲੇ ਜ਼ਾਵੀਏ ਤੋਂ ਦੇਖਣ ਕਰਕੇ ਇਸ ਖੇਤਰ ਨੂੰ ਇਕ ਨਵੀਂ ਊਰਜਾ ਮਿਲੀ ਹੈ।
ਅਮ੍ਰਿਤਜੀਤ ਨੇ ਪੁਰਾਣੀ ਤੋਂ ਪੁਰਾਣੀ ਦੋਸਤੀ ਨੂੰ ਸੰਭਾਲਿਆ ਹੈ ਅਤੇ ਨਵੀਆਂ ਵਾਸਤੇ ਬਾਹਾਂ ਨੂੰ ਹਮੇਸ਼ਾ ਖੁੱਲ੍ਹਾ ਰੱਖਿਆ ਹੈ। ਇਸੇ ਲਈ ਅਕਾਦਮਿਕ ਖੇਤਰ ਵਿਚ ਮੈਂ ਉਸ ਤੋਂ ਵੱਡੇ ਘੇਰੇ ਵਾਲੇ ਕਿਸੇ ਵੀ ਹੋਰ ਬੰਦੇ ਨੂੰ ਨਹੀਂ ਜਾਣਦਾ। ਉਹ ਅੰਗਰੇਜ਼ੀ ਦਾ ਵਿਦਵਾਨ ਹੈ ਪਰ ਪੰਜਾਬੀ ਨੂੰ ਉਸਨੇ ਭੁਲਾਇਆ ਨਹੀਂ। ਸ਼ਾਇਦ ਇਸ ਲਈ ਕਿ ਉਹ ‘ਕੇਸਰੀ ਪੰਜਾਬੀ ਗਰਾਮਰ’ ਲਿਖਣ ਵਾਲੇ ਪ੍ਰੋਫ਼ੈਸਰ ਕੇਸਰ ਸਿੰਘ ਉਬਰਾਇ ਦਾ ਸਪੂਤ ਹੈ। ਉਸਦੀ ਇਨਸਾਨੀਅਤ ਅਤੇ ਧਰਮ ਤੋਂ ਉਤਾਂਹ ਉਠ ਕੇ ਸੋਚਣ ਦੀ ਤਾਕਤ ਪਿੱਛੇ ਵੀ ਸ਼ਾਇਦ ਉਸਦਾ ਪਿਤਾ ਹੈ ਜਿਸਨੇ ਵਿਨੋਭਾ ਭਾਵੇ ਦੀ ਰਚਨਾ ‘ਗੀਤਾ ਪ੍ਰਵਚਨ’ ਦਾ ਬਹੁਤ ਉਮਾਹ ਨਾਲ ਪੰਜਾਬੀ ਅਨੁਵਾਦ ਕੀਤਾ ਸੀ। ਬਹੁਤ ਖ਼ੂਬਸੂਰਤ ਪੰਜਾਬੀ ਬੋਲਣ ਤੋਂ ਇਲਾਵਾ ਅਮ੍ਰਿਤਜੀਤ ਨੇ ਗੁਰਚਰਨ ਰਾਮਪੁਰੀ ਦੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿਚ ਤਰਜਮਾ ਵੀ ਛਪਵਾਇਆ ਹੈ। ਉਸਦੀਆਂ ਆਪਣੀਆਂ ਲਿਖੀਆਂ ਅਤੇ ਅਨੁਵਾਦੀਆਂ ਨਜ਼ਮਾਂ ਵੱਡੇ ਅਮਰੀਕਨ ਅਤੇ ਭਾਰਤੀ ਰਸਾਲਿਆਂ ਵਿਚ ਛਪੀਆਂ ਹਨ। ਪੰਜਾਬੀ ਸੁਭਾਅ ਵਾਂਗ ਉਹ ਕਿਸੇ ਦੀ ਮਦਦ ਕਰਨ ਤੋਂ ਵੀ ਗ਼ੁਰੇਜ਼ ਨਹੀਂ ਕਰਦਾ। ਮੇਰਾ ਉਸਦਾ ਸਿਰਫ਼ ਏਨਾ ਰਿਸ਼ਤਾ ਹੈ ਕਿ ਉਹ ਮੇਰੇ ਹਮਨਾਮ ਗੁਰੂ ਮਰਹੂਮ ਡਾਕਟਰ ਆਤਮਜੀਤ ਸਿੰਘ ਦਾ ਛੋਟਾ ਭਰਾ ਹੈ ਪਰ ਸ਼ਿਕਾਗੋ ਵਿਚ ਠਹਿਰ ਦੌਰਾਨ ਮੇਰੀ ਜਿੰਨੀ ਅਕਾਦਮਿਕ ਸਹਾਇਤਾ ਉਸਨੇ ਕੀਤੀ ਹੈ, ਉਸ ਦੇ ਸ਼ੁਕਰਾਨੇ ਵਾਸਤੇ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਉਸ ਕਰਕੇ ਮੈਨੂੰ ਆਸਟਨ ਸ਼ਹਿਰ ਵੀ ਆਪਣਾ-ਆਪਣਾ ਲੱਗਦਾ ਹੈ ਹਾਲਾਂਕਿ ਮੈਂ ਉੱਥੇ ਕਦੇ ਵੀ ਨਹੀਂ ਗਿਆ। ਸਾਡਾ ਇਹ ਲੋਕਲ ਬੰਦਾ ਸਹੀ ਅਤੇ ਸਾਰਥਕ ਰੂਪ ਵਿਚ ਗਲੋਬਲ ਬਣਿਆ ਹੈ ਜਿਸ ਉੱਤੇ ਪੰਜਾਬ ਦੀ ਮਿੱਟੀ ਨੂੰ ਮਾਣ ਹੈ।
ਸੰਪਰਕ: 98760-18501