ਗਗਨ ਗਿੱਲ
ਕੋਈ-ਕੋਈ ਹਾਜ਼ਰੀ ਤੁਹਾਡਾ ਰਾਹ ਰੋਕ ਲੈਂਦੀ ਹੈ। ਦੇਸ਼-ਕਾਲ ਦੇ ਬੰਨ੍ਹਣ ਤੋੜ ਕੇ ਸਾਹਮਣੇ ਆ ਜਾਂਦੀ ਹੈ। ਉਹ ਭਗਤ ਹੋਵੇ, ਕਵੀ ਹੋਵੇ, ਮਰਮ ਵਿੰਨ੍ਹਦੀ ਉਸ ਦੀ ਕੋਈ ਪੰਕਤੀ ਤੁਹਾਡੇ ਅੰਦਰ ਧਸੀ ਹੋਵੇ, ਅਜਿਹਾ ਨਹੀਂ ਹੋ ਸਕਦਾ ਕਿ ਤੁਸੀਂ ਰੁਕੋ ਨਾ, ਉਸ ਨੂੰ ਸੁਣੋ ਨਾ। ਲਗਪਗ ਪੈਂਤੀ ਸਾਲ ਪਹਿਲਾਂ ਕਦੇ ਉਸ ਬਾਰੇ ਪਹਿਲੀ ਵਾਰ ਪੜ੍ਹਿਆ ਸੀ, ਅੱਕਾ ਮਹਾਂਦੇਵੀ ਬਾਰੇ। ਅੱਜ ਵੀ ਉਹ ਰਸਤਾ ਭੁਲਾ ਦਿੰਦੀ ਹੈ। ਉਸ ਦੀ ਆਵਾਜ਼ ਸੁਣਦੇ-ਸੁਣਦੇ ਤੁਸੀਂ ਕੀਲੇ ਜਿਹੇ ਉਸ ਦੇ ਪਿੱਛੇ-ਪਿੱਛੇ ਤੁਰੇ ਜਾਂਦੇ ਹੋ, ਅਦਿੱਖ ਜੰਗਲ ਦੇ ਸੰਨਾਟੇ ’ਚ। ਜਿਵੇਂ ਉਹ ਹੁਣ ਵੀ ਆਪਣੇ ਮਹਾਂਦੇਵ ਨਾਲ ਗੱਲ ਕਰ ਰਹੀ ਹੋਵੇ।
ਕਰਨਾਟਕ ’ਚ ਤੁਸੀਂ ਹੋਵੋ ਤਾਂ ਅਜਿਹਾ ਨਹੀਂ ਹੋ ਸਕਦਾ ਕਿ ਉਸ ਦੀ ਸੈਂਕੜੇ ਸਾਲ ਪਹਿਲਾਂ ਕਹੀ ਕੋਈ ਉਕਤੀ, ਕੋਈ ਬਚਨ ਗੱਲਬਾਤ ’ਚ ਆ ਨਾ ਜਾਵੇ। ਉਹ ਕਵੀ ਨਹੀਂ ਸੀ, ਉਸ ਨੇ ਸਾਡੇ-ਤੁਹਾਡੇ ਲਈ ਕਵਿਤਾਵਾਂ ਨਹੀਂ ਲਿਖੀਆਂ ਸਨ। ਭਗਤੀ ਕਰਦਿਆਂ ਉਹ ਕਾਲ ਨੂੰ ਪਾਰ ਕਰ ਗਈ ਸੀ। ਸਿਰਫ਼ ਤੁਸੀਂ ਅਤੇ ਮੈਂ ਹੀ ਉਸ ਨੂੰ ਕਵੀ ਆਖਦੇ ਹਾਂ। ਉਹ ਸੰਤ ਲੋਕ ਸਨ, ਬਚਨ ਕਰਦੇ ਸਨ, ਸੱਤ ਬਚਨ। ਅੱਕਾ ਮਹਾਂਦੇਵੀ ਦੀ ਵਾਣੀ ਬਚਨ ਹੀ ਕਹਾਉਂਦੀ ਹੈ- ਬਚਨ ਸਾਹਿਤ।
ਬਾਰ੍ਹਵੀਂ ਸਦੀ ਦੇ ਤੀਜੇ ਦਹਾਕੇ ’ਚ ਸੰਨ 1130 ਦੇ ਨੇੜੇ-ਤੇੜੇ ਉਸ ਦਾ ਜਨਮ ਹੋਇਆ ਸੀ, ਦੱਖਣੀ ਭਾਰਤ ਦੇ ਕਰਨਾਟਕ ਸੂਬੇ ਦੇ ਸ਼ਿਵਮੋਗਾ ਜ਼ਿਲ੍ਹੇ ਦੇ ਇਕ ਪਿੰਡ ਉਦੂਤੜੀ ’ਚ। ਸ਼ਿਵ ਭਗਤ ਮਾਂ-ਬਾਪ ਦੇ ਘਰ ’ਚ ਸ਼ਿਵ ਉਸ ਲਈ ਕੋਈ ਨਿਰਜੀਵ ਪੱਥਰ ਨਹੀਂ, ਇਕ ਜਿਉਂਦੇ-ਜਾਗਦੇ ਪ੍ਰਾਣ ਸਨ ਅਤੇ ਸ਼ਿਵ ਨਾਲ ਜੁੜੀਆਂ ਪੌਰਾਣਿਕ ਕਥਾਵਾਂ ਉਸ ਦੀਆਂ ਨਸਾਂ ’ਚ ਦੌੜਦਾ ਅਨੁਭਵ।
ਉਨ੍ਹਾਂ ਵਿਚੋਂ ਹੀ ਇਕ ਕਥਾ ਸੀ, ਜਦ ਅਰਜੁਨ ਨੇ ਅਣਜਾਣਪੁਣੇ ’ਚ ਸ਼ਿਵ ਨੂੰ ਫੁੱਲਾਂ ਨਾਲ ਢਕ ਦਿੱਤਾ ਸੀ। ਉਨ੍ਹਾਂ ਨਾਲ ਹੀ ਯੁੱਧ ਕੀਤਾ ਸੀ ਜਿਨ੍ਹਾਂ ਤੋਂ ਵਰ ਮੰਗਣ ਲਈ ਤਪ ਕਰ ਰਿਹਾ ਸੀ। ਜਿੰਨੇ ਉਹ ਤੀਰ ਚਲਾਉਂਦਾ, ਦੇਵੀ ਤੀਰਾਂ ਨੂੰ ਮੱਲਿਕਾ (ਚਮੇਲੀ) ਦੇ ਫੁੱਲਾਂ ’ਚ ਬਦਲ ਦਿੰਦੀ। ਅਰਜੁਨ ਨੇ ਮਹਾਂਦੇਵ ’ਤੇ ਏਨੇ ਤੀਰ ਚਲਾਏ ਕਿ ਮਹਾਂਦੇਵ ਫੁੱਲਾਂ ਨਾਲ ਢਕੇ ਗਏ ਅਤੇ ਆਖ਼ਰ ਇਸੇ ਰੂਪ ’ਚ ਅਰਜੁਨ ਨੂੰ ਦਰਸ਼ਨ ਦਿੱਤੇ।
ਉਦੋਂ ਤੋਂ ਸ਼ਿਵ ਦਾ ਇਕ ਨਾਂ ਇਹ ਹੋਇਆ, ਅਰਜੁਨ ਦੀ ਮੱਲਿਕਾ ਵਾਲੇ, ਮੱਲਿਕਾਰਜੁਨ!
ਮਹਾਂਦੇਵੀ ਉਨ੍ਹਾਂ ਨੂੰ ਇਸੇ ਰੂਪ ’ਚ ਧਿਆਉਂਦੀ ਸੀ, ਫੁੱਲਾਂ ਨਾਲ ਢਕੇ ਸ਼ਿਵ ਨੂੰ। ਨਾਂ ਉਸ ਦਾ ਇਤਫ਼ਾਕ ਨਾਲ ਮਹਾਂਦੇਵੀ ਹੀ ਸੀ, ਕਦ ਉਹ ਮਹਾਂਦੇਵ ਦੀ ਮਹਾਂਦੇਵੀ ਹੋ ਗਈ, ਅਸੀਂ ਕਲਪਨਾ ਹੀ ਕਰ ਸਕਦੇ ਹਾਂ।
ਪਰੰਪਰਾ ਆਖਦੀ ਹੈ, ਉਹ ਬੇਹੱਦ ਸੋਹਣੀ ਸੀ। ਸੰਭਵ ਹੈ, ਇਹ ਗੱਲ ਉਸ ਦੀ ਔਖੀ ਹੋਣੀ ਨੂੰ ਦੇਖ ਕੇ ਕਹੀ ਜਾਂਦੀ ਹੋਵੇ। ਮਨੁੱਖ ਸੁੰਦਰਤਾ ਸਹਿਣ ਕਰਨ ਲਈ ਨਹੀਂ ਬਣੇ। ਸੁੰਦਰਤਾ ਉਨ੍ਹਾਂ ’ਚ ਹਮੇਸ਼ਾ ਹਿੰਸਾ ਜਗਾਉਂਦੀ ਆਈ ਹੈ। ਉਸ ’ਤੇ ਇਕ ਔਰਤ ਦੀ ਸੁੰਦਰਤਾ, ਭਗਤ ਮਨ ਵਾਲਾ ਉਸ ਦਾ ਪ੍ਰਕਾਸ਼, ਉਸ ਦੀ ਚਮਕ, ਉਸ ਦਾ ਲੀਨ ਹੋਣਾ!
ਸੁੰਦਰੀ ਮਹਾਂਦੇਵੀ ਬਾਰ੍ਹਵੀਂ ਸਦੀ ਦੀ ਬਜਾਏ ਇਕੱਤੀਵੀਂ ਸਦੀ ’ਚ ਹੋਈ ਹੁੰਦੀ ਤਾਂ ਵੀ ਉਸ ਨੂੰ ਇਸ ਹੋਣੀ ਤੋਂ ਕੋਈ ਬਚਾ ਨਹੀਂ ਸਕਦਾ ਸੀ। ਅਜਿਹਾ ਨਹੀਂ ਕਿ ਉਸ ਦੇ ਨਿੱਕੇ ਜਿਹੇ ਅਠਾਈ-ਤੀਹ ਸਾਲ ਦੇ ਜੀਵਨ ’ਚ ਉਸ ਨੂੰ ਬਿੰਨ੍ਹਣ ਦੀਆਂ ਕੋਸ਼ਿਸ਼ਾਂ ਨਹੀਂ ਹੋਈਆਂ ਹੋਣਗੀਆਂ। ਉਸ ਦੀਆਂ ਕਵਿਤਾਵਾਂ ’ਚ ਮਨੁੱਖੀ ਵਿਹਾਰ ਦੀ ਕਰੂਪਤਾ ਦੇ, ਛੇੜਖਾਨੀ ਦੇ ਵਰਣਨ ਹਨ (ਓ ਭਾਈ, ਤੂੰ ਉਸ ਦੀ ਜਵਾਨੀ, ਉਸ ਦੀਆਂ ਗੋਲ ਛਾਤੀਆਂ ਦੇਖ ਕੇ ਉਸ ਦੇ ਪਿੱਛੇ ਆ ਗਏ ਹੋ) ਤੋਂ ਲੈ ਕੇ ਜ਼ੋਰ-ਜ਼ਬਰਦਸਤੀ ਤੱਕ ਦੇ ਬਿਓਰੇ (ਕਿਸ ਨੂੰ ਪਰਵਾਹ ਹੈ/ ਕੌਣ ਸੌਂਦਾ ਹੈ ਉਸ ਔਰਤ ਦੇ ਨਾਲ/ ਜਿਸ ਨੂੰ ਤੂੰ ਛੱਡ ਦਿੱਤਾ)।
ਮਹਾਂਦੇਵੀ ਨੇ ਆਪਣੀ ਸੁੰਦਰਤਾ ਦਾ ਕਤਲ ਆਪ ਕੀਤਾ, ਭਗਤੀ ’ਚ ਦੇਹ ਹੀ ਮਰਿਆਦਾ ਦੀ ਉਲੰਘਣਾ, ਉਸ ਨੇ ਪੰਜ ਤੱਤਾਂ ਦੀ ਖੇਡ ਨੂੰ ਸਮਝਿਆ, ਸਾਕਾਰ ਨਾਲ ਪ੍ਰੇਮ ਕੀਤਾ ਅਤੇ ਨਿਰਾਕਾਰ ’ਚ ਲੀਨ ਹੋਈ। ਪੂਰਨ-ਤੱਤ ਨੂੰ ਉਸ ਨੇ ਪਾ ਲਿਆ ਸੀ, ਸਾਧ ਲਿਆ ਸੀ। ਇਸ ਦੇ ਲੋੜੀਂਦੇ ਸੰਕੇਤ ਉਸ ਦੇ ਬਚਨਾਂ ’ਚੋਂ ਮਿਲਦੇ ਹਨ।
ਇਹ ਜੋ ਉਸ ਦੇ ਬਚਨ ਸਾਨੂੰ ਅੱਜ ਬੇਚੈਨ ਕਰ ਦਿੰਦੇ ਹਨ, ਇਹ ਉਸ ਦੇ ਬੋਲ, ਜੋ ਕਦੇ ਉਸ ਨੇ ਲਿਖੇ ਨਹੀਂ ਸਨ, ਇਨ੍ਹਾਂ ਦੀ ਸੁਧਾਈ ਜਾਂ ਕੱਟ-ਵੱਢ ਨਹੀਂ ਕੀਤੀ ਸੀ। ਉਸ ਦੇ ਦਿਲ ਦੀ ਅਗਨ ਨੇ ਇਨ੍ਹਾਂ ਨੂੰ ਤਪਾਇਆ ਸੀ, ਆਪਣੇ ਬਚਨਾਂ ਨੂੰ ਮੋਨੋਲੌਗਜ਼ ਨੂੰ। ਕਦ ਇਹ ਉਸ ਦੇ ਦਿਲ ਦੇ ਇਕਾਂਤ ’ਚੋਂ ਨਿਕਲ ਕੇ ਸੁਣਨ ਵਾਲਿਆਂ ਦੇ ਦਿਲਾਂ ’ਚ ਧੜਕਣ ਲੱਗੇ, ਮੂਲ ਭਾਸ਼ਾ ਕੰਨੜ ’ਚ ਹੀ ਨਹੀਂ, ਗੁਆਂਢੀ ਮਲਿਆਲੀ ਅਤੇ ਤੈਲਗੂ ਭਾਸ਼ਾਈ ਦਿਲਾਂ ’ਚ ਵੀ, ਕੌਣ ਕਹਿ ਸਕਦਾ ਹੈ!
ਕੁਝ ਸਾਲ ਪਹਿਲਾਂ ਦੀ ਘਟਨਾ ਹੈ। ਕੇਰਲ ਦੀ ਇਕ ਲੋਕਲ ਟਰੇਨ ’ਚ ਇਕ ਮੰਗਤੀ ਨੂੰ ਬਹੁਤ ਸੋਹਣਾ ਗੀਤ ਗਾਉਂਦੀ ਸੁਣਿਆ ਸੀ। ਸੰਘਣੇ ਹਰੇ ਬਿਰਖਾਂ ਦੇ ਵਿਚਕਾਰ ਸਾਡੀ ਟਰੇਨ ਜਾ ਰਹੀ ਸੀ ਅਤੇ ਡੱਬੇ ਦੇ ਸੰਨਾਟੇ ’ਚ ਉਸ ਦਾ ਗੀਤ ਗੂੰਜ ਰਿਹਾ ਸੀ। ਸ਼ਬਦ ਕੀ ਹਨ, ਕੁਝ ਪਤਾ ਨਹੀਂ ਸੀ, ਪਰ ਆਵਾਜ਼ ਅਜਿਹੀ ਕਿ ਮੇਰੇ ਅੰਦਰ ਕੁਝ ਪਿਘਲਣ ਲੱਗਿਆ। ਨਾਲ ਬੈਠੇ ਯਾਤਰੀ ਤੋਂ ਪੁੱਛਿਆ, ‘‘ਇਹ ਔਰਤ ਕੀ ਗਾ ਰਹੀ ਐ?’’ ਮਲਿਆਲੀ ਭਾਸ਼ੀ ਨੇੇ ਕਿਹਾ, ‘‘ਅੱਕਾ ਮਹਾਂਦੇਵੀ!’’
‘‘ਤੂੰ ਮੈਨੂੰ ਗਲ਼ਾ ਦਿੱਤਾ, ਤੇਰੇ ਗੁਣ ਗਾਊਂਗੀ…’’
ਕੀ ਕੋਈ ਸੋਚ ਸਕਦਾ ਸੀ, ਅੱਠ ਸੌ ਸਾਲ ਪਹਿਲਾਂ ਅੱਕਾ ਇਉਂ ਹੀ ਗਾਉਂਦੀ-ਗਾਉਂਦੀ ਆਪਣੇ-ਆਪ ਨਾਲ ਗੱਲਾਂ ਕਰਦਿਆਂ, ਇਸ ਦੇਸ਼ ’ਚ ਗੁਜ਼ਰੀ ਹੋਵੇਗੀ?
(ਭੇਜੋ ਮੈਨੂੰ ਦਰ-ਦਰ ਹੱਥ ਅੱਡੀ ਭੀਖ ਮੰਗਣ ਨੂੰ…)
(ਭੁੱੱਖ ਦੇ ਲਈ ਪਿੰਡ ਦਾ ਅੰਨ/ ਪਿਆਸ ਦੇ ਲਈ ਨਦੀ, ਖੂਹ/ ਸੌਣ ਦੇ ਲਈ ਖੰਡਰ, ਅਤੇ ਸੰਗ ਦੇ ਲਈ ਤੂੰ, ਮੱਲਿਕਾਰਜੁਨ।)
ਕਾਲ-ਪ੍ਰਵਾਹ ’ਚ ਕਦੇ-ਕਦੇ ਅਜਿਹਾ ਸੰਕ੍ਰਮਣ ਸਮਾਂ ਜ਼ਰੂਰ ਆਉਂਦਾ ਹੈ, ਦੇਸ਼-ਕਾਲ ’ਚ ਜਦ ਕਈ ਸਾਰੇ ਦਿਲਾਂ ’ਚ ਇਕੋ ਜਿਹੀ ਬੇਚੈਨੀ, ਉਥਲ-ਪੁਥਲ ਸ਼ੁਰੂ ਹੋ ਜਾਂਦੀ ਹੈ। ਉੱਤਰ ਭਾਰਤ ’ਚ ਤੁਰਕ ਲੁਟੇਰਿਆਂ ਦੀ ਮਾਰ-ਧਾੜ ਤੋਂ ਦੂਰ ਬਾਰ੍ਹਵੀਂ ਸਦੀ ਦਾ ਦੱਖਣੀ ਭਾਰਤ ਅਜਿਹਾ ਹੀ ਸੀ। ਮੰਦਰਾਂ ’ਚ ਬ੍ਰਾਹਮਣਾਂ ਦੇ ਬੇਹੱਦ ਪ੍ਰਭਾਵ ਅਤੇ ਮਾੜੇ ਵਿਹਾਰ ਨਾਲ ਪਰੇਸ਼ਾਨ ਪਰਜਾ ਆਪਣੀ ਆਸਥਾ ਲਈ ਕੋਈ ਨਵਾਂ ਰਾਹ ਲੱਭ ਰਹੀ ਸੀ।
ਇਸ ਵਿਰੋਧ ਦੀ ਸ਼ੁਰੂਆਤ ਭਗਤ ਬਾਸਵੰਨਾ ਨੇ ਆਪਣਾ ਜਨੇਊ ਤੋੜ ਕੇ ਕੀਤੀ ਸੀ। ਉਹ ਆਪ ਬ੍ਰਾਹਮਣ ਸੀ, ਸਥਾਨਕ ਰਾਜੇ ਦਾ ਖ਼ਜ਼ਾਨਚੀ। ਉਸ ਨੇ ਆਪਣੇ ਸਮਾਜ ’ਚ ਨਿੱਜੀ ਇਸ਼ਟਦੇਵ ਦੀ ਅਜਿਹੀ ਮੁਹਿੰਮ ਚਲਾਈ ਕਿ ਪੈਰੋਕਾਰਾਂ ਨੇ ਮੰਦਰਾਂ ’ਚ ਬ੍ਰਾਹਮਣਾਂ ਤੋਂ ਅਪਮਾਨ ਸਹਿਣ ਦੀ ਥਾਂ ਸ਼ਿਵਲਿੰਗ ਦੇ ਨਿੱਕੇ-ਨਿੱਕੇ ਪ੍ਰਤੀਕ ਗਲੇ ’ਚ ਪਾ ਲਏ। ਜਦ ਵੀ ਭਾਵਨਾ ਜਾਗਦੀ, ਇਹ ਭਗਤ ਗਲੇ ’ਚੋਂ ਲਾਹ ਕੇ, ਸ਼ਿਵਲਿੰਗ ਹਥੇਲੀ ’ਤੇ ਰੱਖ ਕੇ ਪੂਜਾ ਕਰ ਲੈਂਦੇ। ਸ਼ਿਵ ਇਨ੍ਹਾਂ ਦੇ ਨੇੜਲੇ ਹੋ ਗਏ ਸਨ। ਵੇਦ-ਉਪਨਿਸ਼ਦ ਕਾਲ ਤੋਂ ਪੂਰਵ ਦੇ ਰੁਦਰ ਮਹਾਂਦੇਵ। ਮਹਾਂਦੇਵੀ ਦੇ ਬਚਨਾਂ ’ਚ ਸ਼ਿਵ ਨਾਲ ਆਤਮਾ ਨਾਲ ਸਾਖਿਆਤਕਾਰ ਦੇ ਕਈ ਵਰਣਨ ਹਨ।
ਜਾਤ-ਪ੍ਰਬੰਧ ਦਾ ਵਿਰੋਧ ਕਰਨ ਦੇੇ ਕਾਰਨ ਇਹ ਭਗਤ ਘੋਰ ਹਿੰਸਕ ਵਾਰ ਸਹਿੰਦੇ ਰਹੇ। ਬਹਾਦਰੀ ਨਾਲ ਇਹ ਸਭ ਸਹਿਣ ਕਰਦੇ ਸਨ। ਇਸ ਕਰਕੇ ਇਨ੍ਹਾਂ ਦਾ ਨਾਂ ਪਿਆ ਵੀਰਸ਼ੈਵ। ਅੱਜ ਜੋ ਵੀਰਸ਼ੈਵ ਸੰਤਾਂ ਦੇ ਚਿੱਤਰ ਸਾਨੂੰ ਦੇਖਣ ਨੂੰ ਮਿਲਦੇ ਹਨ, ਸਭ ਦੇ ਗਲ ’ਚ ਸ਼ਿਵਲਿੰਗ ਦਾ ਲਟਕਣ ਬੰਨ੍ਹਿਆ ਹੈ। ਉਨ੍ਹਾਂ ਦੀ ਹਥੇਲੀ ’ਤੇ ਵੀ ਰੱਖਿਆ ਹੈ।
ਉਨ੍ਹਾਂ ਦਾ ਮੰਦਰ ਉਨ੍ਹਾਂ ਕੋਲ, ਉਨ੍ਹਾਂ ਦਾ ਦੇਵਤਾ ਉਨ੍ਹਾਂ ਕੋਲ।
ਬਾਸਵੰਨਾ ਦੀ ਅਗਵਾਈ ’ਚ ਇਹ ਲਿੰਗਾਇਤ ਸਮੁਦਾਇ ਬਣਿਆ ਸੀ, ਇਨ੍ਹਾਂ ਦੀ ਸਤਸੰਗ ਸਭਾ ਅਨੁਭਵ-ਮੰਡਪ। ਉਸ ਵੇਲੇ ਦੇ ਬਹੁਤ ਵੱਡੇ ਤੱਤ-ਗਿਆਨੀ ਅੱਲਾਮਾ ਇਸ ਬੈਠਕ ਦੇ ਪ੍ਰਭੂ ਸਨ, ਮੁਖੀ। ਹੌਲੀ-ਹੌਲੀ ਉਨ੍ਹਾਂ ਦਾ ਇਹੀ ਨਾਂ ਪ੍ਰਸਿੱਧ ਹੋ ਗਿਆ ਅੱਲਾਮਾ ਪ੍ਰਭੂ। ਉਨ੍ਹਾਂ ਦੇ ਰਹੱਸਵਾਦੀ ਅਨੁਭਵਾਂ ਦਾ ਮਾਰਮਿਕ ਬਿਰਤਾਂਤ ਉਨ੍ਹਾਂ ਦੇ ਬਚਨਾਂ ’ਚ ਪੜ੍ਹਦਿਆਂ ਹੀ ਪਤਾ ਲੱਗਦਾ ਹੈ।
ਅੱਜ ਇਹ ਸੋਚ ਕੇ ਹੀ ਹੈਰਾਨੀ ਹੁੰਦੀ ਹੈ ਕਿ ਸਾਡੇ ਏਥੇ ਕਦੇ ਅਜਿਹਾ ਇਕ ਸਮਾਜ ਸੀ ਜਿਸ ’ਚ ਇਕੋ ਵੇਲੇ ਅਜਿਹੇ ਬੜੇ ਸਾਧਕ ਸੰਭਵ ਸਨ। ਉਹ ਸਭ ਨਾ ਸਿਰਫ਼ ਖ਼ੁਦ ਨੂੰ ਸਗੋਂ ਇਸ ਦੀ ਗਿਆਨ ਦੀ ਪਿਆਸ ਦੀ ਵਰਣਨਯੋਗ ਢੰਗ ਨਾਲ ਵਿਆਖਿਆ ਕਰ ਰਹੇ ਸਨ।
ਮਹਾਂਦੇਵੀ ਭਗਤਣੀ ਸੀ, ਪਰ ਮੁਟਿਆਰ ਸੀ, ਸੋਹਣੀ ਸੀ। ਉਸ ਦੇ ਅੰਦਰ ਦੀ ਸੰਤਈ, ਅਜਿਹੇ ਔਖੇ ਰਾਹੀਂ ਬਾਹਰ ਆਏਗੀ, ਇਹ ਕਲਪਨਾ ਤੋਂ ਪਰ੍ਹੇ ਹੈ, ਉਦੋਂ ਵੀ, ਅੱਜ ਵੀ।
ਦੰਦਕਥਾ ਹੈ ਕਿ ਸੋਲਾਂ ਸਾਲਾ ਮਹਾਂਦੇਵੀ ਦਾ ਵਿਆਹ ਸਥਾਨਕ ਜੈਨ ਰਾਜੇ ਨਾਲ ਹੋਇਆ ਸੀ ਜੋ ਉਸ ਨੂੰ ਨਦੀ ਕਿਨਾਰੇ ਪੂਜਾ ’ਚ ਲੀਨ ਦੇਖ ਕੇ ਉਸ ’ਤੇ ਮੋਹਿਤ ਹੋਇਆ ਸੀ। ਮਹਾਂਦੇਵੀ ਨੇ ਅਧਰਮੀ ਨਾਲ ਵਿਆਹ ’ਤੇ ਆਪਣੀਆਂ ਕੁਝ ਸ਼ੰਕਾਵਾਂ ਜ਼ਾਹਿਰ ਕੀਤੀਆਂ ਸਨ, ਕੁਝ ਸ਼ਰਤਾਂ ਰੱਖੀਆਂ ਕਿ ਰਾਜਾ ਕਦੇ ਵੀ ਉਸ ਦੀ ਪੂਜਾ ਅਰਚਨਾ ’ਚ ਰੁਕਾਵਟ ਨਹੀਂ ਪਾਵੇਗਾ। ਉਸ ਨੂੰ ਆਪਣੇ ਗੁਰੂਆਂ, ਸਤਸੰਗੀਆਂ ਨਾਲ ਮਿਲਣ ਦੇਵੇਗਾ ਆਦਿ। ਰਾਜਾ ਮੰਨ ਗਿਆ ਅਤੇ ਵਿਆਹ ਹੋ ਗਿਆ ਸੀ। ਇਕ-ਦੋ ਸਾਲਾਂ ’ਚ ਹੀ ਹੌਲੀ-ਹੌਲੀ ਸਭ ਸ਼ਰਤਾਂ ਟੁੱਟਣ ਲੱਗੀਆਂ। ਮਹਾਂਦੇਵੀ ਨੂੰ ਘਰ ਛੱਡਣਾ ਪਿਆ। ਘਰ ਛੱਡਣ ਦੀ ਘਟਨਾ ਬੜੀ ਦੁਖਦਾਈ ਹੈ। ਰੋਜ਼ ਦੀ ਤਰ੍ਹਾਂ ਉਸ ਦਿਨ ਵੀ ਮਹਾਂਦੇਵੀ ਪੂਜਾ ’ਚ ਬੈਠੀ ਸੀ, ਸ਼ਰਮ ਨਾਲ ਸੁੰਗੜੀ, ਜਦ ਰਾਜਾ ਉਸ ਦਾ ਪਤੀ ਉਸ ਨੂੰ ਦੇਖ ਕੇ ਅਜਿਹਾ ਕਾਮੁਕ ਹੋਇਆ ਕਿ ਉਸ ’ਚ ਪੂਜਾ ਖ਼ਤਮ ਹੋਣ ਤੱਕ ਦਾ ਸਬਰ ਨਾ ਰਿਹਾ! ਉਸ ਨੇ ਆ ਕੇ ਮਹਾਂਦੇਵੀ ਦੇ ਕੱਪੜੇ ਖਿੱਚੇ ਅਤੇ ਕੱਪੜੇ ਖੁੱਲ੍ਹ ਗਏ। ਮਹਾਂਦੇਵੀ ਦਾ ਧਿਆਨ ਭੰਗ ਹੋ ਗਿਆ। ਮਹਾਂਦੇਵੀ ਨੇ ਉਸ ਨੂੰ ਲਾਹਣਤ ਪਾਈ ਕਿ ਇਸ ਦੇਹ ਦੇ ਲਈ ਤੂੰ ਮੈਨੂੰ ਇਉਂ ਦੁਖੀ ਕੀਤਾ ਹੈ। ਪਤੀ ਨੇ ਕਿਹਾ, ‘‘ਤੂੰ ਹੁਣ ਮੇਰੀ ਸੰਪਤੀ ਹੈਂ, ਤੇਰੇ ਕੱਪੜੇ ਅਤੇ ਗਹਿਣੇ ਵੀ। ਹੁਣ ਮੈਂ ਜੋ ਚਾਹਾਂ ਕਰ ਸਕਦਾ ਹਾਂ।’’ ਮਹਾਂਦੇਵੀ ਜਿਵੇਂ ਖੜ੍ਹੀ ਸੀ, ਉਵੇਂ ਬਾਹਰ ਨਿਕਲ ਆਈ, ਨੰਗੀ। ਹੈਰਾਨ ਪਰੇਸ਼ਾਨ। ਮਹਿਲ ਤੋਂ ਸੜਕ, ਸੜਕ ਤੋਂ ਦੇਸ਼ ’ਚ। ਉਸ ਤੋਂ ਬਾਅਦ ਸਾਰੀ ਉਮਰ, ਭਾਵੇਂ ਉਸ ਦਾ ਜੀਵਨ ਛੋਟਾ ਜਿਹਾ ਸੀ, ਉਸ ਨੇ ਕੋਈ ਕੱਪੜਾ ਨਹੀਂ ਪਾਇਆ। ਬਸ ਉਸ ਦੇ ਲੰਬੇ ਵਾਲਾਂ ਨੇ ਉਸ ਨੂੰ ਢਕਿਆ ਜਿੰਨਾ ਕੁ ਸੰਭਵ ਸੀ। ਉਸੇ ਬੇਪਰਦ ਦੇਹ ਨੇ ਸ਼ਿਵ-ਤੱਤ ਦੀ ਖੋਜ-ਯਾਤਰਾ ਸ਼ੁਰੂ ਕੀਤੀ। ਖ਼ੁਦ ਨੂੰ ਮਾਰਿਆ।
ਮਹਾਂਦੇਵੀ ਨੇ ਅੱਲਾਮਾ ਪ੍ਰਭੂ ਦੇ ਅਨੁਭਵ-ਮੰਡਪ ਬਾਰੇ ਸੁਣ ਰੱਖਿਆ ਸੀ। ਉਹ ਥਾਂ ਉੱਥੋਂ ਅੱਠ ਸੌ ਕਿਲੋਮੀਟਰ ਦੂਰ ਸੀ। ਮਹੀਨਿਆਂ ਤੱਕ ਪੈਦਲ ਤੁਰ ਕੇ, ਭਿੱਖਿਆ ਮੰਗਦੀ, ਤਾਅਨੇ ਸੁਣਦੀ, ਅਪਮਾਨ ਸਹਿੰਦੀ, ਉਹ ਉੱਥੇ ਪਹੁੰਚੀ ਭਾਵ ਅੱਜ ਦੇ ਬਿਦਰ ਕਲਿਆਣ ਥਾਂ ’ਤੇ, ਸ਼ਿਵ ਦੀ ਮਹਿਮਾ ਸੁਣਨ। ਪਰ ਸ਼ਿਵ ਦੀ ਪ੍ਰਾਪਤੀ ਸ਼ਾਇਦ ਉਸ ਨੂੰ ਰਾਹ ’ਚ ਹੀ ਕਦੇ ਹੋ ਗਈ ਸੀ। ਉਸ ਦੀ ਅੰਦਰੂਨੀ ਸਰੀਰਕ ਰਚਨਾ ਬਦਲ ਗਈ ਸੀ। ਮਾਹਵਾਰੀ ਆਉਣੀ ਬੰਦ ਹੋ ਗਈ ਸੀ। ਦੇਹ ਦੇ ਸੁਰਾਖਾਂ ’ਚੋਂ ਵਿਭੂਤ ਨਿਕਲਣੀ ਸ਼ੁਰੂ ਹੋ ਗਈ ਸੀ। ਰਹੱਸਵਾਦੀ ਇਸ ਨੂੰ ਸ਼ਿਵਤਾ ਨਾਲ ਮਿਲਣ ਦੀ ਉੱਚੀ ਅਵਸਥਾ ਦਾ ਸੰਕੇਤ ਮੰਨਦੇ ਸਨ।
ਮਹਾਂਦੇਵੀ ਦੇ ਬਚਨਾਂ ’ਚ ਇਸ ਔਖੀ ਯਾਤਰਾ ਦੀਆਂ ਅਨੇਕ ਝਲਕੀਆਂ ਮਿਲਦੀਆਂ ਹਨ। ਜਦ ਉਹ ਅਨੁਭਵ-ਮੰਡਪ ਦੇ ਨੇੜੇ ਪਹੁੰਚੀ, ਹਲਚਲ ਮਚ ਗਈ। ਵਿਭੂਤ ਨਾਲ ਢਕੀ ਇਕ ਨਗਨ ਔਰਤ ਤੁਰੀ ਆ ਰਹੀ ਸੀ।
ਉਸ ਦਾ ਰਸਤਾ ਰੋਕਣ ਦੀ ਅਸਫ਼ਲ ਕੋਸ਼ਿਸ਼ ਹੋਈ। ਫੇਰ ਅਨੁਭਵ-ਮੰਡਪ ਦੇ ਇਕ ਭਗਤ ਬੋਮਈਆ ਨੇ ਉਸ ਨੂੰ ਰੋਕ ਕੇ ਉਸ ਦੀ ਸਰੀਰਕ ਜਾਂਚ ਕੀਤੀ।
ਇਹ ਸਭ ਦਿਲ ਦਹਿਲਾ ਦੇਣ ਵਾਲਾ ਬਿਰਤਾਂਤ ਦੋ ਸੌ ਸਾਲ ਬਾਅਦ ਚੌਦ੍ਹਵੀਂ ਸਦੀ ’ਚ ਲਿਖੇ ਗਏ ਗ੍ਰੰਥ ਸ਼ੂਨਯਮੰਪਾਦਨੇ ’ਚ ਅੰਕਿਤ ਹੈ।
ਫੇਰ ਕਿਤੇ ਜਾ ਕੇ ਉਸ ਨੂੰ ਅਨੁਭਵ-ਮੰਡਪ ’ਚ ਅੱਲਾਮਾ ਪ੍ਰਭੂ ਦੇ ਸਾਹਮਣੇ ਪੇਸ਼ ਹੋਣ ਦੀ ਇਜਾਜ਼ਤ ਮਿਲੀ। ਉੱਥੇ ਵੀ ਅੱਲਾਮਾ ਪ੍ਰਭੂ ਦੇ ਕਠੋਰ ਪ੍ਰਸ਼ਨਾਂ ਨਾਲ ਉਸ ਦੀ ਸਖ਼ਤ ਪ੍ਰੀਖਿਆ ਲਈ ਗਈ। ਆਖ਼ਰ ’ਚ ਪੁੱਛਿਆ, ‘‘ਜਦ ਤੂੰ ਪਰਦਾ ਛੱਡ ਹੀ ਦਿੱਤਾ ਹੈ ਤਾਂ ਸਰੀਰ ਕੇਸਾਂ ਨਾਲ ਕਿਉਂ ਢਕਿਆ ਹੈ?’’ ਮਹਾਂਦੇਵੀ ਨੇ ਜੁਆਬ ਦਿੱਤਾ, ‘‘ਮੈਂ ਤਿਆਰ ਹਾਂ ਪ੍ਰਭੂ, ਪਰ ਤੁਸੀਂ ਹਾਲੇ ਉਸ ਦ੍ਰਿਸ਼ ਲਈ ਪ੍ਰੌਢ ਨਹੀਂ।’’
ਸਾਰੀ ਸਭਾ ਉਸ ਦੇ ਅੱਗੇ ਝੁਕ ਗਈ। ਬਾਸਵੰਨਾ ਨੇ ਉਸ ਨੂੰ ਨਾਂ ਦਿੱਤਾ ਅੱਕਾ ਦੀਦੀ। ਉਸ ਮਗਰੋਂ ਹੀ ਉਹ ਅੱਕਾ ਮਹਾਂਦੇਵੀ ਕਹਾਈ।
ਮਹਾਂਦੇਵੀ ਦਾ ਮਾਰਗ ਗਿਆਨ-ਚਰਚਾ ਦਾ ਨਹੀਂ ਸੀ। ਕੁਝ ਸਮਾਂ ਅਨੁਭਵ-ਮੰਡਪ ’ਚ ਬਿਤਾਉਣ ਬਾਅਦ ਉਹ ਸ਼ੈਲ ਪਰਬਤ ਵੱਲ ਚਲੀ ਗਈ, ਸ੍ਰੀਸ਼ੈਲਮ ਜਯੋਤੀਲਿੰਗ ਕੋਲ ਮਹਾਂਦੇਵ ਦੇ ਸਥਾਨ ’ਤੇ। ਉੱਥੇ ਕ੍ਰਿਸ਼ਨਾ ਨਦੀ ਕਿਨਾਰੇ ਅੱਜ ਵੀ ਉਸ ਦੀ ਗੁਫ਼ਾ ਮਿਲਦੀ ਹੈ। ਇੱਥੇ ਹੀ ਉਸ ਨੇ ਧਿਆਨ ਕੀਤਾ ਸੀ।
ਕਹਿੰਦੇ ਹਨ, ਆਖ਼ਰੀ ਸਾਲਾਂ ’ਚ ਉਸ ਦੇ ਮਾਂ-ਬਾਪ ਉੱਥੇ ਆਏ ਸਨ, ਉਸ ਨੂੰ ਲਿਜਾਣ ਲਈ, ਪਰ ਉਹ ਗਈ ਨਹੀਂ। ਫੇਰ ਉਸ ਦਾ ਰਾਜਾ ਪਤੀ ਉਸ ਤੋਂ ਮੁਆਫ਼ੀ ਮੰਗਣ ਗਿਆ, ਪਰ ਉਦੋਂ ਤੱਕ ਉਹ ਤਪੱਸਿਆ ’ਚ ਬਹੁਤ ਅੱਗੇ ਲੰਘ ਚੁੱਕੀ ਸੀ। ਵਾਪਸ ਮੁੜਨ ਲਈ ਕੁਝ ਸੀ ਹੀ ਨਹੀਂ।
ਸੰਨ 1160 ਦੇ ਨੇੜੇ-ਤੇੜੇ, ਅਠਾਈ-ਤੀਹ ਸਾਲ ਦੀ ਉਮਰ ’ਚ ਕਿਸੇ ਸਮੇਂ ਉਹ ਅੰਤਰ-ਧਿਆਨ ਹੋਈ। ਦੰਦਕਥਾ ਮੁਤਾਬਿਕ ਉਹ ਸ੍ਰੀਸ਼ੈਲਮ ’ਚ ਸਮਾ ਗਈ। ਜਨਵਰੀ 2020 ’ਚ ਮੈਨੂੰ ਸ੍ਰੀਸ਼ੈਲਮ ਜਾ ਕੇ ਮੱਥਾ ਟੇਕਣ, ਜਯੋਤੀਲਿੰਗ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ।
ਤਕਰੀਬਨ ਪੈਂਤੀ ਸਾਲ ਤੋਂ ਉਹ ਮੇਰੇ ਦਿਲ ’ਚ ਧੜਕ ਰਹੀ ਸੀ। ਭਗਵਾਨ ਸ਼ਿਵ ਲਈ ਉਸ ਦਾ ਬੁਖ਼ਾਰ ਵਰਗਾ ਪ੍ਰੇਮ, ਉਸ ਦੀ ਸਾਧਨਾ। 1983-84 ’ਚ ਕਦੇ ਉਸ ਦੀ ਰਚਨਾ ਮੈਂ ਪਹਿਲੀ ਵਾਰ ਪੜ੍ਹੀ ਸੀ, ਅਨੁਵਾਦ ਵੀ ਕੀਤਾ ਸੀ, ਏ.ਕੇ. ਰਾਮਾਨੁਜਨ ਦੇ ਪ੍ਰਸਿੱਧ ਅਨੁਵਾਦਾਂ ਤੋਂ ਭਾਵਾਂਤਰਣ।
ਮਹਾਂਦੇਵੀ ਮੇਰੇ ਅੰਦਰ ਅਜਿਹੀ ਉਤਰੀ ਕਿ ਹਰ ਜਗ੍ਹਾ ਮੇਰੇ ਨਾਲ ਰਹੀ, ਖ਼ਾਸਕਰ ਕੈਲਾਸ਼ ਮਾਨਸਰੋਵਰ ਯਾਤਰਾ ’ਚ। ਮੇਰੀ ਪੁਸਤਕ ‘ਅਵਾਕ’ ’ਚ ਉਹ ਵਾਰ-ਵਾਰ ਆਈ, ਫੇਰ ਕੇਰਲ ਯਾਤਰਾ ’ਚ। ਸ੍ਰੀਸ਼ੈਲਮ ਦੀ ਯਾਤਰਾ ਤਾਂ ਹੋਈ ਹੀ ਉਸ ਦੇ ਬਚਨਾਂ ਨੂੰ ਠੀਕ ਤਰ੍ਹਾਂ ਸੁਣ ਸਕਣ ਲਈ।
ਮਹਾਨ ਹਿੰਦੂ ਮੰਦਰਾਂ ਵਰਗਾ ਉਹ ਮੰਦਰ ਸੀ। ਤੜਕੇ-ਤੜਕੇ ਜਾਣ ਲਈ ਲੰਬੀ ਲਾਈਨ, ਟਿਕਟ, ਧੱਕਾ-ਮੁੱਕੀ। ਸਖ਼ਤ ਨਿਯਮ। ਮੈਂ ਚੰਗੀ ਤਰ੍ਹਾਂ ਨਾਲ ਦਰਸ਼ਨ ਕਰਨ ਲਈ ਜੁਗਤ ਲਾਉਣ ਲੱਗੀ। ਉਜਲੀ ਜਿਹੀ ਇਕ ਸਵੇਰ।
ਸਿਰਫ਼ ਇਕ ਪਲ ਲਈ ਜਿਵੇਂ ਸਮਾਂ ਠਹਿਰ ਗਿਆ ਸੀ।
ਆਲੇ-ਦੁਆਲੇ ਕੋਈ ਨਹੀਂ, ਬਸ ਇਕ ਪੁਲੀਸ ਵਾਲੀ ਔਰਤ। ਸਾਹਮਣੇ ਧਰਤੀ ’ਚੋਂ ਝਾਕਦਾ ਕਾਲੇ ਰੰਗ ਦਾ ਜਯੋਤੀਲਿੰਗ, ਸੁਨਹਿਰੇ ਧਾਤੂ ਦੀ ਰੇਲਿੰਗ ’ਚੋਂ ਰੇਖਾਂਕਿਤ। ਆਖਦੇ ਹਨ ਕਿ ਕਿਸੇ ਵੇਲੇ ਮਹਾਂਦੇਵ-ਪਾਰਬਤੀ ਆਪਣੇ ਰੁੱਸੇ ਹੋਏ ਪੁੱਤਰ ਕਾਰਤਿਕ ਕੋਲ ਰਹਿਣ ਉੱਥੇ ਆਏ ਸਨ।
ਸਤਯੁੱਗ ’ਚ ਉਹ ਜਯੋਤੀਲਿੰਗ ਅਨੰਤ ਪ੍ਰਕਾਸ਼ ਦਾ ਇਕ ਸਤੰਭ ਸੀ। ਫੇਰ ਉਹ ਅਗਨੀ ਪੁੰਜ ਬਣਿਆ, ਹੁਣ ਕਲਯੁਗ ਦੀ ਕਾਲਖ਼ ’ਚ ਉਹ ਕਾਲਾ ਪੱਥਰ ਹੋ ਗਿਆ ਦੱਸਿਆ ਜਾਂਦਾ ਹੈ, ਧਰਤੀ ’ਚੋਂ ਝਾਕਦਾ ਮਹਾਂਦੇਵ ਦਾ ਚਿੰਨ੍ਹ।
‘‘ਕੀ ਇਸ ਨੂੰ ਛੂਹ ਸਕਦੀ ਹਾਂ?’’ ਮੈਂ ਪੁਲੀਸ ਵਾਲੀ ਔਰਤ ਨੂੰ ਪੁੱਛਿਆ। ‘‘ਹਾਂ, ਪਰ ਛੇਤੀ ਕਰੋ।’’
ਮੈਂ ਮੱਥਾ ਟੇਕ ਕੇ ਪ੍ਰਣਾਮ ਕੀਤਾ, ਇਕ ਬੇਲ-ਪੱਤਰ ਧੱਕੇ-ਮੁੱਕੀ ਤੋਂ ਬਾਅਦ ਹੁਣ ਵੀ ਮੇਰੇ ਹੱਥ ’ਚ ਦਬਿਆ ਸੀ। ਉਸ ਨੂੰ ਅਰਪਿਤ ਕਰਦਿਆਂ ਆਪਣਾ ਕੰਬਦਾ ਜਿਹਾ ਮਰਨਹਾਰ ਹੱਥ ਉੱਥੇ ਰੱਖਿਆ ਜਯੋਤੀਲਿੰਗ ’ਤੇ। ਬਿਜਲੀ ਦੀ ਇਕ ਬਾਰੀਕ ਜਿਹੀ ਚਮਕ ਮੇਰੇ ਅੰਦਰ ਉਤਰ ਆਈ ਜਿਵੇਂ ਦੇਵਤੇ ਨੇ ਸੰਕੇਤ ਦਿੱਤਾ ਹੋਵੇ, ਉਹ ਉੱਥੇ ਹੈ, ਉਸ ਨੇ ਮੈਨੂੰ ਦੇਖ ਲਿਆ ਹੈ, ਮੇਰਾ ਆਉਣਾ ਸਵੀਕਾਰ ਕਰ ਲਿਆ ਹੈ। ਉੱਠੀ ਤਾਂ ਹੰਝੂ ਵਗ ਰਹੇ ਸੀ।
ਉਨ੍ਹਾਂ ਵਗਦੀਆਂ ਅੱਖਾਂ ’ਚੋਂ ਮੈਂ ਸਾਰਾ ਮੰਦਰ ਦੇਖਿਆ। ਉਸ ਦਾ ਸੁਰਮਈ ਵਾਤਾਵਰਣ।
ਬਹੁਤ ਵੱਡਾ ਵਿਹੜਾ ਸੀ। ਪਹਾੜ ਨੂੰ ਕੱਟ ਕੇ ਬਣਾਈਆਂ ਗਈਆਂ ਪੌੜੀਆਂ। ਹਰ ਮੰਜ਼ਿਲ ’ਤੇ ਛੋਟੇ-ਵੱਡੇ ਦੇਵਤਿਆਂ ਦੇ ਮੰਦਰ। ਇਕ ਪਾਸੇ ਨਾਗ ਪੱਥਰਾਂ ਦਾ ਢੇਰ, ਉਸੇ ਕੋਲ ਯੱਗ-ਸ਼ਾਲਾਵਾਂ। ਹਵਾ ’ਚ ਗੂੰਜ ਰਹੀਆਂ ਮੰਤਰ ਧੁਨੀਆਂ। ਕਈ ਹਵਨ ਇਕੋ ਸਮੇਂ ਹੋ ਰਹੇ ਸਨ। ਅਜਿਹਾ ਪ੍ਰਬੰਧ ਸੀ ਕਿ ਗਊਸ਼ਾਲਾ ’ਚ ਵੱਛਿਆਂ ਨੂੰ ਅਸੀਂ ਚਾਰਾ ਪਾ ਸਕੀਏ। ਉਨ੍ਹਾਂ ਦੇ ਲਾਰ ਟਪਕਾਉਂਦੇ ਭੋਲੇ ਮੂੰਹ।
ਬਾਹਰ ਨਿਕਲਣ ਲੱਗੀ ਤਾਂ ਇਕ ਬਿਰਖ ਹੇਠ ਖੜ੍ਹੀ ਸੁਨਹਿਰੀ ਆਦਮਕੱਦ ਮੂਰਤੀ ’ਤੇ ਮੇਰੀ ਨਜ਼ਰ ਪਈ। ਭੀੜ ’ਚ ਸ਼ਾਇਦ ਹੀ ਕੋਈ ਉਸ ’ਤੇ ਧਿਆਨ ਦੇ ਰਿਹਾ ਸੀ। ਸੰਘਣੇ-ਲੰਬੇ ਵਾਲਾਂ ਨਾਲ ਢਕੀ, ਕਮਜ਼ੋਰ-ਪਤਲੀ ਇਕ ਨਗਨ ਨਾਰੀ ਦੇਹ, ਜਿਸ ਤਰ੍ਹਾਂ ਉਹ ਸਾਰਾ ਜੀਵਨ ਘੁੰਮੀ ਸੀ। ਹੁਣ ਉਹ ਆਪਣੇ ਦੇਵਤਾ ਕੋਲ ਸੀ। ਉਹ ਇਕੱਲੀ ਖੜ੍ਹੀ ਸੀ।
ਮੈਨੂੰ ਹੈਰਾਨੀ ਹੋਈ, ਜਿਹੋ ਜਿਹੀ ਮੂਰਤ ਮੇਰੇ ਦਿਲ ’ਚ ਉਸ ਦੀ ਵਸੀ ਸੀ, ਉਸੇ ਤਰ੍ਹਾਂ ਹੀ ਉਹ ਉੱਥੇ ਖੜ੍ਹੀ ਸੀ। ਤੇਜਸਵਣੀ।
ਉਸ ਦੀਆਂ ਕੁਝ ਕਵਿਤਾਵਾਂ:
ਜਿਵੇਂ ਰੇਸ਼ਮ ਦਾ ਕੀੜਾ
ਬੁਣਦਾ ਹੈ ਆਪਣਾ ਘਰ
ਪਿਆਰ ਨਾਲ ਆਪਣੀ ਹੀ ਗੁਦਾ ਨਾਲ
ਅਤੇ ਮਰ ਜਾਂਦਾ ਹੈ
ਆਪਣੀ ਦੇਹ ਨਾਲ ਚਿੰਬੜਿਆ
ਉਵੇਂ ਹੀ ਮੈਂ ਸਮਝਦੀ ਹਾਂ
ਆਪਣੀ ਦੇਹ ਦੀ ਇੱਛਾ ’ਚ
ਚੀਰ ਸੁੱਟੋ, ਓ ਪ੍ਰਭੂ
ਕਾਮਨਾ ਨਾਲ ਭਰਿਆ ਮੇਰਾ ਦਿਲ
* * *
ਚੰਗਿਆੜੀ ਉੱਡੇਗੀ ਜੇ
ਤਾਂ ਸਮਝ ਲਵਾਂਗੀ
ਮਿਟ ਗਈ ਹੈ ਮੇਰੀ ਭੁੱਖ-ਪਿਆਸ
ਫਟੇਗਾ ਜੇਕਰ ਆਸਮਾਨ
ਤਾਂ ਸਮਝ ਲਵਾਂਗੀ
ਮੇਰੇ ਨ੍ਹਾਉਣ ਨੂੰ ਵਰ੍ਹਿਆ
ਤਿਲਕ ਪਏਗੀ ਜੇ ਪਹਾੜੀ ਮੇਰੇ ’ਤੇ
ਤਾਂ ਸਮਝ ਲਵਾਂਗੀ
ਮੇਰੇ ਵਾਲਾਂ ਦਾ ਫੁੱਲ ਹੈ ਉਹ
ਜਿਸ ਦਿਨ ਗਿਰੇਗਾ ਮੇਰਾ ਸਿਰ
ਮੋਢੇ ਤੋਂ ਬਿਖਰ ਕੇ
ਤਾਂ ਸਮਝਾਂਗੀ ਤੁਹਾਡੀ ਭੇਂਟ ਚੜ੍ਹਿਆ
ਓ ਮੱਲਿਕਾਰਜੁਨ!
* * *
ਭੇਜੋ ਮੈਨੂੰ ਦਰ-ਦਰ
ਹੱਥ ਅੱਡੀ
ਭੀਖ ਮੰਗਣ ਨੂੰ
ਅਤੇ ਜੇ ਮੰਗਾਂ ਭੀਖ
ਤਾਂ ਨਾ ਦਿਓ ਉਨ੍ਹਾਂ ਨੂੰ
ਅਤੇ ਜੇ ਉਹ ਦੇਣ
ਤਾਂ ਸੁੱਟ ਦੇਣਾ ਉਸ ਧਰਤੀ ’ਤੇ
ਅਤੇ ਜੇ ਉਹ ਡਿੱਗ ਜਾਵੇ
ਤਾਂ ਮੇਰੇ ਚੁੱਕਣ ਤੋਂ ਪਹਿਲਾਂ
ਲੈ ਜਾਣ ਦੇਣਾ ਉਸ ਕੁੱਤੇ ਨੂੰ
ਓ ਮੱਲਿਕਾਰਜੁਨ!
* * *
ਕਿਸ ਨੂੰ ਪਰਵਾਹ ਹੈ
ਕੌਣ ਤੋੜਦਾ ਹੈ ਬਿਰਖ ਤੋਂ ਪੱਤੀ
ਇਕ ਵਾਰ ਫ਼ਲ ਟੁੱਟ ਜਾਣ ਤੋਂ ਬਾਅਦ?
ਕਿਸ ਨੂੰ ਪਰਵਾਹ ਹੈ
ਕੌਣ ਵਾਹੁੰਦਾ ਹੈ ਜ਼ਮੀਨ
ਛੱਡ ਦਿੱਤੀ ਜੋ ਤੂੰ?
ਕਿਸ ਨੂੰ ਪਰਵਾਹ ਹੈ
ਕੌਣ ਸੌਂਦਾ ਹੈ ਉਸ ਔਰਤ ਦੇ ਨਾਲ
ਜਿਸ ਨੂੰ ਛੱਡ ਦਿੱਤਾ ਤੂੰ?
ਇਕ ਵਾਰ ਪ੍ਰਭੂ ਨੂੰ ਜਾਣ ਲੈਣ ਬਾਅਦ
ਕਿਸ ਨੂੰ ਪਰਵਾਹ ਹੈ
ਕੁੱਤੇ ਖਾਂਦੇ ਨੇ ਇਸ ਦੇਹ ਨੂੰ
ਜਾ ਗਲਦੀ ਹੈ ਇਹ ਪਾਣੀ ’ਚ?
* * *
ਹੋਰ ਮਰਦ ਕੰਡੇ ਨੇ
ਕੋਮਲ ਪੱਤੀ ’ਚ ਲੁਕੇ
ਮੈਂ ਉਨ੍ਹਾਂ ਨੂੰ ਛੂਹ ਨਹੀਂ ਸਕਦੀ
ਨਾ ਜਾ ਸਕਦੀ ਹਾਂ ਉਨ੍ਹਾਂ ਦੇ ਕੋਲ
ਨਾ ਕਰ ਸਕਦੀ ਹਾਂ ਭਰੋਸਾ
ਨਾ ਕਹਿ ਸਕਦੀ ਹਾਂ ਮਨ ਦੀ ਗੱਲ
ਮਾਂ
ਸਭ ਦੇ ਸੀਨੇ ’ਚ ਸੂਲਾਂ ਨੇ
ਮੈਂ ਨਹੀਂ ਲੈ ਸਕਦੀ ਉਨ੍ਹਾਂ ਨੂੰ ਬਾਹਾਂ ’ਚ
ਸਿਵਾਏ ਮੇਰੇ ਮੱਲਿਕਾਰਜੁਨ ਦੇ!
* * *
ਚਾਰ ਪਹਿਰ ਦਿਨ ਦੇ
ਮੈਂ ਤੁਹਾਡੇ ਗ਼ਮ ’ਚ ਰਹਿੰਦੀ ਹਾਂ
ਚਾਰ ਪਹਿਰ ਰਾਤ ਦੇ
ਤੁਹਾਡੇ ਲਈ ਪਾਗ਼ਲ
ਪਈ ਰਹਿੰਦੀ ਹਾਂ ਦਿਨ-ਰਾਤ
ਖੋਈ ਅਤੇ ਬਿਮਾਰ
ਓ ਮੱਲਿਕਾਰਜੁਨ
ਜਦ ਤੋਂ ਪੁੰਗਰਿਆ
ਤੁਹਾਡਾ ਪ੍ਰੇਮ
ਭੁੱਲ ਗਈ ਮੈਂ
ਭੁੱਖ-ਪਿਆਸ ਅਤੇ ਨੀਂਦ
* * *
ਉਈ ਮਾਂ, ਮੈਂ ਸੜਦੀ ਰਹੀ
ਬਿਨਾਂ ਲਾਟਾਂ ਦੀ ਅੱਗ ’ਚ
ਓਈ ਮਾਂ, ਮੈਂ ਸਹਿੰਦੀ ਰਹੀ
ਇਕ ਲਹੂਹੀਣਾ ਜ਼ਖ਼ਮ
ਉਈ ਮਾਂ, ਮੈਂ ਤੜਪਦੀ ਰਹੀ
ਬਿਨਾਂ ਕਿਸੇ ਸੁਖ ਦੇ
ਮੱਲਿਕਾਰਜੁਨ ਦੇ ਪ੍ਰੇਮ ’ਚ
ਘੁੰਮ ਆਈ ਮੈਂ
ਕੇਹੀ ਕੇਹੀ ਦੁਨੀਆ
* * *
ਇਕ ਨਹੀਂ, ਦੋ ਨਹੀਂ, ਨਾ ਤਿੰਨ ਜਾਂ ਚਾਰ
ਚੁਰਾਸੀ ਲੱਖ ਜੂਨਾਂ ’ਚੋਂ ਆਈ ਹਾਂ ਮੈਂ
ਨਿਕਲ ਕੇ ਆਈ ਹਾਂ
ਅਸੰਭਵ ਸੰਸਾਰਾਂ ’ਚੋਂ
ਕਦੇ ਆਨੰਦ ਪੀਤਾ, ਕਦੇ ਪੀੜ
ਜੋ ਵੀ ਸੀ ਮੇਰੇ ਪੂਰਬਲੇ ਜਨਮ
ਦਇਆ ਕਰੋ
ਅੱਜ ਦੇ ਇਸ ਦਿਨ
ਓ ਮੱਲਿਕਾਰਜੁਨ!
* * *
ਜਦ ਮੈਂ ਨਹੀਂ ਜਾਣਦੀ ਸੀ ਖ਼ੁਦ ਨੂੰ
ਕਿੱਥੇ ਸੀ ਤੁਸੀਂ?
ਜਿਵੇਂ ਸੋਨੇ ’ਚ ਉਸ ਦਾ ਰੰਗ
ਤੁਸੀਂ ਸੀ ਮੇਰੇ ਵਿਚ
ਮੈਂ ਦੇਖੀ
ਮੇਰੇ ’ਚ ਤੁਹਾਡੇ ਹੋਣ ਦੀ ਵਿਡੰਬਣਾ
ਬਿਨਾਂ ਕੋਈ ਅੰਗ ਦਿਖਾਏ
ਓ ਮੱਲਿਕਾਰਜੁਨ!
* * *
ਜੰਗਲ ਹੋ ਤੁਸੀਂ
ਜੰਗਲ ਦੇ ਸਾਰੇ ਵੱਡੇ ਬਿਰਖ
ਵੀ ਤੁਸੀਂ
ਪੰਛੀ ਵੀ ਤੁਸੀਂ, ਸ਼ਿਕਾਰੀ ਵੀ ਤੁਸੀਂ
ਡਾਲੀ-ਡਾਲੀ ਖੇਡਦੇ
ਕੋਈ ਖੇਡ
ਸਭ ’ਚ ਤੁਸੀਂ, ਤੁਹਾਡੇ ’ਚ ਸਭ
ਓ ਮੱਲਿਕਾਰਜੁਨ
ਦਿਖਾਓ ਤਾਂ ਸਹੀ
ਆਪਣਾ ਮੁੱਖ
* * *
ਘਰੇ ਪਤੀ
ਬਾਹਰ ਪ੍ਰੇਮੀ
ਮੈਥੋਂ ਨਹੀਂ ਨਿਭਦੇ ਦੋਵੇਂ
ਇਹ ਸੰਸਾਰ
ਅਤੇ ਦੂਜਾ ਸੰਸਾਰ
ਮੈਥੋਂ ਨਹੀਂ ਨਿਭਦੇ ਦੋੋਵੇਂ
ਓ ਮੱਲਿਕਾਰਜੁਨ,
ਮੈਥੋਂ ਨਹੀਂ ਹੋ ਪਾਉਂਦਾ
ਫੜੀ ਰੱਖਾਂ
ਇਕ ਹੱਥ ’ਚ ਬੇਲ ਫ਼ਲ
ਦੂਜੇ ’ਚ ਧਨੁੱਖ
* * *
ਪ੍ਰਕਾਸ਼ ਨੇ ਦਿਖਾਇਆ
ਦੂਰ ਦੁਮੇਲ ਤੱਕ
ਫੈਲਿਆ ਹੋਇਆ ਆਕਾਸ਼
ਪੌਣ ਦੀ ਹਲਚਲ
ਪੱਤੇ, ਫੁੱਲ, ਸਾਰੇ ਦੇ ਸਾਰੇ ਛੇ ਰੰਗ
ਬਿਰਖਾਂ ’ਤੇ, ਝਾੜੀਆਂ ’ਚ, ਵੇਲਾਂ ’ਤੇ
ਇਹ ਸਭ
ਹੋਈ ਦਿਨ ਦੀ ਪ੍ਰਾਰਥਨਾ
ਚੰਦ ਦੀ ਚਾਨਣੀ, ਤਾਰੇ ਅਤੇ ਅਗਨੀ
ਬਿਜਲੀ ਅਤੇ ਅਜਿਹੀਆਂ ਹੀ ਸਭ ਚੀਜ਼ਾਂ
ਜਾਣੀਆਂ ਜਾਂਦੀਆਂ ਨੇ ਜੋ
ਪ੍ਰਕਾਸ਼ ਦੇ ਨਾਂ ਨਾਲ
ਹੋਈਆਂ ਰਾਤ ਦੀ ਪ੍ਰਾਰਥਨਾ
ਭੁੱਲੀ ਰਹਿੰਦੀ ਹਾਂ
ਦਿਨ ਅਤੇ ਰਾਤ
ਤੁਹਾਡੀ ਪ੍ਰਾਰਥਨਾ ’ਚ
ਓ ਮੱਲਿਕਾਰਜੁਨ!
* * *
ਜੇਕਰ ਕੋਈ ਕੱਢ ਸਕਦਾ
ਸੱਪਾਂ ਦੇ ਦੰਦ
ਅਤੇ ਨਚਾ ਸਕਦਾ ਉਨ੍ਹਾਂ ਨੂੰ ਬੀਨ ’ਤੇ
ਜੇਕਰ ਕੋਈ ਕੱਢ ਸਕਦਾ
ਦੇਹ ’ਚੋਂ ਲਤ
ਕਿੰਨਾ ਚੰਗਾ ਸੀ ਦੇਹ ਸੰਗ ਰਹਿਣਾ
ਦੇਹ ਦੀ ਲਤ
ਜਿਵੇਂ ਮਾਂ ਬਣ ਗਈ ਹੋਵੇ ਰਾਖਸ਼ਣੀ
ਨਾ ਕਹੋ, ਓ ਮੱਲਿਕਾਰਜੁਨ
ਦੇਹ ਹੈ ਉਨ੍ਹਾਂ ਕੋਲ
ਜਿਨ੍ਹਾਂ ਕੋਲ ਹੈ ਤੁਹਾਡਾ ਪ੍ਰੇਮ
* * *
ਝਿਪ ਜਾਂਦੇ ਨੇ ਲੋਕ
ਮਰਦ ਹੋਣ ਜਾਂ ਔਰਤਾਂ
ਖਿਸਕ ਜਾਵੇ ਜੇ
ਸ਼ਰਮ ਨੂੰ ਢਕੇ ਉਨ੍ਹਾਂ ਦੀ ਲੂੰਗੀ
ਫੈਲ ਜਾਵੇ ਜਦ ਜੀਵ ਜਗਤ ’ਚ
ਬਿਨਾਂ ਮੂੰਹ ਦਾ ਪ੍ਰਭੂ
ਕਿਸ ਤੋਂ ਕਰੋਗੇ ਤੁਸੀਂ ਸ਼ਰਮ?
ਸਾਰਾ ਸੰਸਾਰ ਜਦ
ਅੱਖ ਹੈ ਪ੍ਰਭੂ ਦੀ
ਦੇਖਦੀ ਹੋਈ ਸਭ ਕੁਝ
ਲੁਕੋਵੋਗੇ ਕੀ, ਢਕੋਗੇ ਕੀ?
* * *
ਭੁੱਖ ਦੇ ਲਈ
ਪਿੰਡ ਦਾ ਦਿੱਤਾ ਭਿਖਿਆ ਦਾ ਅੰਨ
ਪਿਆਸ ਦੇ ਲਈ
ਨਦੀਆਂ, ਤਲਾਅ, ਖੂਹ
ਸੌਣ ਦੇ ਲਈ
ਮੰਦਰਾਂ ਦੇ ਖੰਡਰ
ਆਤਮਾ ਦੇ ਸੰਗ ਨੂੰ
ਤੁਸੀਂ ਮੇਰੇ ਕੋਲ
ਓ ਮੱਲਿਕਾਰਜੁਨ!
* * *
ਕਿਉਂ ਚਾਹੀਦੈ ਮੈਨੂੰ
ਮੁਰਦਾ ਹੁੰਦਾ ਜਾਂਦਾ ਇਹ ਸੰਸਾਰ?
ਮਾਇਆ ਦੇ ਮੂਤ ਦਾ ਭਾਂਡਾ
ਬੇਚੈਨ ਵਾਸਨਾਵਾਂ ਦਾ ਵੇਸਵਾਘਰ
ਇਹ ਤਿੜਕਿਆ ਘੜਾ
ਇਹ ਚੋਂਦਾ ਹੋਇਆ ਤਹਿਖਾਨਾ?
ਉਂਗਲ ਭਾਵੇਂ ਮਸਲ ਦੇਵੇ ਗੂਲਰ
ਉਸ ਨੂੰ ਪਰਖਣ ਲਈ
ਜ਼ਰੂਰੀ ਨਹੀਂ ਕੋਈ ਖਾ ਵੀ ਲਵੇ ਉਸ ਨੂੰ
ਪਨਾਹ ਦਿਓ ਮੈਨੂੰ
ਮੇਰੇ ਦੋਸ਼ ਨਾਲ
ਓ ਮੱਲਿਕਾਰਜੁਨ!
* * *
ਓ ਭਰਾਵੋ, ਕਿਉਂ ਮਾਰਦੇ ਹੋ ਤਾਅਨਾ
ਵਾਲ ਖਿੰਡਾਏ
ਮੁਰਝਾਏ ਮੁਖੜੇ
ਸੁੱਕੀ ਦੇਹ ਲਈ
ਇਸ ਔਰਤ ਨੂੰ?
ਓ ਪਿਤਾਓ
ਕਿਉਂ ਸਤਾਉਂਦੇ ਹੋ ਇਸ ਔਰਤ ਨੂੰ
ਉਸ ਦੇ ਅੰਗਾਂ ’ਚ ਨਹੀਂ ਪ੍ਰਾਣ
ਛੱਡ ਦਿੱਤਾ ਉਸ ਨੇ ਇਹ ਸੰਸਾਰ
ਛੱਡ ਦਿੱਤੀ ਇੱਛਾ
ਹੋ ਗਈ ਉਹ ਭਗਤਣੀ
ਉਹ ਸੁੱਤੀ ਸੀ ਮੱਲਿਕਾਰਜੁਨ ਦੇ ਨਾਲ
ਅਤੇ ਆਪਣੀ ਜਾਤ ਗੁਆ ਬੈਠੀ ਹੈ
* * *
ਉਹ ਸੋਹਣਾ ਮੇਰਾ ਪ੍ਰੇਮ
ਨਾ ਉਸ ਨੂੰ ਮੌਤ, ਨਾ ਰੋਗ
ਨਾ ਆਕਾਰ
ਨਾ ਥਾਂ, ਨਾ ਦਿਸ਼ਾ
ਨਾ ਅੰਤ, ਨਾ ਜਨਮ ਚਿੰਨ੍ਹ
ਉਹ ਮੇਰਾ ਪ੍ਰੇਮ, ਸੁਣ ਨੀ, ਓ ਮਾਏ
ਉਹ ਸੁਦਰਸ਼ਨ ਮੇਰਾ ਪ੍ਰੇਮ
ਨਾ ਉਸ ਨੂੰ ਬੰਨ੍ਹਣ, ਨਾ ਡਰ
ਨਾ ਕੁੱਲ, ਨਾ ਦੇਸ਼
ਨਾ ਸੀਮਾ ਚਿੰਨ੍ਹ ਕੋਈ
ਉਸ ਦੇ ਰੂਪ ਦੇ
ਉਹੀ ਮੇਰਾ ਪ੍ਰਭੂ
ਮੇਰਾ ਪਤੀ ਮੱਲਿਕਾਰਜੁਨ
ਇਹ ਲੈ ਪਤੀ, ਮੇਰੀ ਮਾਏ
ਜੋ ਮਰਣਹਾਰ, ਰੋਗੀ-ਬੋਦਾ
ਝੋਕ ਇਸ ਨੂੰ ਚੁੱਲ੍ਹੇ ਦੀ ਅੱਗ ’ਚ!
* * *
ਜਿਵੇਂ ਝੁੰਡ ’ਚੋਂ ਵਿਛੜਿਆ ਹਾਥੀ
ਫੜਿਆ ਜਾਵੇ ਅਚਾਨਕ
ਯਾਦ ਕਰੇ ਆਪਣੇ ਪਰਬਤਾਂ ਨੂੰ
ਵਿੰਧਿਆ ਨੂੰ
ਮੈਂ ਯਾਦ ਕਰਦੀ ਹਾਂ
ਜਿਵੇਂ ਤੋਤਾ ਆ ਜਾਵੇ
ਪਿੰਜਰੇ ’ਚ
ਅਤੇ ਯਾਦ ਕਰੇ ਸਾਥੀ ਨੂੰ
ਮੈਂ ਯਾਦ ਕਰਦੀ ਹਾਂ
ਦਿਖਾਓ ਮੈਨੂੰ ਰਾਹ
ਓ ਮੱਲਿਕਾਰਜੁਨ
ਬੁਲਾਓ, ਇਧਰੋਂ ਆ, ਬੱਚੀਏ
ਇਸ ਰਸਤੇ ਤੋਂ
* * *
ਜੇ ਉਹ ਕਹਿਣ
ਉਨ੍ਹਾਂ ਨੇ ਜਾਣਾ ਹੈ ਯੁੱਧ ਲੜਨ
ਸਰਹੱਦ ’ਤੇ
ਸਮਝ ਸਕਦੀ ਹਾਂ ਮੈਂ
ਰਹਿ ਸਕਦੀ ਹਾਂ ਚੁੱਪ
ਕਿਵੇਂ ਕਹਾਂ ਪਰ
ਜਦ ਉਹ ਏਥੇ ਹੈਨ
ਮੇਰੀ ਹਥੇਲੀ ’ਤੇ
ਮੇਰੇ ਦਿਲ ’ਚ
ਅਤੇ ਫੇਰ ਵੀ ਮੈਥੋਂ ਦੂਰ
ਓ ਮੇਰੇ ਮਨਾ, ਓ ਪਿਛਲੇ ਜਨਮਾਂ ਦੀ ਸਿਮਰਤੀ
ਤੂੰ ਵੀ ਨਾ ਪਹੁੰਚਾਏਂਗਾ ਉਨ੍ਹਾਂ ਤੱਕ
ਕਿਵੇਂ ਸਹਾਂ ਫੇਰ?
* * *
ਵਾਰ-ਵਾਰ ਮਿਲਨ ਅਤੇ ਮੇਲ ਤੋਂ ਚੰਗਾ
ਇਕ ਵਾਰ ਦਾ ਮਿਲਨ
ਵਿਛੋੜੇ ਤੋਂ ਬਾਅਦ
ਦੂਰ ਹੁੰਦੇ ਨੇ ਜਦ ਉਹ
ਰੋਕ ਨਹੀਂ ਸਕਦੀ ਬਿਨਾਂ ਦੇਖੇ
ਇਕ ਝਲਕ ਉਨ੍ਹਾਂ ਦੀ
ਸਖੀਏ, ਕਦ ਮੈਂ ਪਾਊਂਗੀ
ਉਨ੍ਹਾਂ ਨੂੰ ਦੋਵੇਂ ਤਰ੍ਹਾਂ ਨਾਲ?
ਉਨ੍ਹਾਂ ਨੇੜੇ ਵੀ
ਦੂਰ ਵੀ
ਮੇਰੇ ਮੱਲਿਕਾਰਜੁਨ!
* * *
ਅਨੁਵਾਦ: ਤਰਸੇਮ
ਸੰਪਰਕ: 98159-76485