ਜਸਵੀਰ ਕੌਰ
ਉਸ ਦਾ ਹਸੂੰ-ਹਸੂੰ ਕਰਦਾ ਚਿਹਰਾ ਕਦੇ ਵੀ ਮੇਰੀਆਂ ਅੱਖਾਂ ਅੱਗੋਂ ਓਝਲ ਨਹੀਂ ਹੋਇਆ। ਹੋਵੇ ਵੀ ਕਿਉਂ, ਰੂਹਾਂ ਦਾ ਰਿਸ਼ਤਾ ਸੀ ਇਹ। ਗੱਲ ਸਾਲ 1996 ਦੀ ਹੈ। ਇਹ ਉਹੀ ਸਾਲ ਸੀ ਜਦੋਂ ਆਪਣੇ ਪਿਆਰੇ ਪਿੰਡ ਤੋਂ ਸਦਾ ਲਈ ਸਾਥ ਛੁੱਟ ਗਿਆ ਸੀ। ਸਾਡਾ ਭਵਿੱਖ ਬਣਾਉਣ ਦੀ ਸੋਚ ਨੇ ਮਾਪਿਆਂ ਨੂੰ ਪਿੰਡ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਅਸੀਂ ਅਜੇ ਛੋਟੇ ਸਾਂ ਤੇ ਚੰਡੀਗੜ੍ਹ ਵਰਗੇ ਸ਼ਹਿਰ ’ਚ ਜਾ ਕੇ ਰਹਿਣ ਦੇ ਖਿਆਲ ਤੋਂ ਭਾਵੇਂ ਖ਼ੁਸ਼ ਸਾਂ, ਪਰ ਕਿਤੇ ਨਾ ਕਿਤੇ ਆਪਣਾ ਪਿੰਡ ਅਤੇ ਖ਼ਾਸ ਤੌਰ ’ਤੇ ਆਪਣਾ ਸਕੂਲ, ਆਪਣੇ ਅਧਿਆਪਕ ਤੇ ਆਪਣੇ ਜਮਾਤੀਆਂ ਨਾਲੋਂ ਵਿਛੜਨ ਦਾ ਝੋਰਾ ਜਿਵੇਂ ਜਿੰਦ ਨੂੰ ਖਾਣ ਲੱਗਾ। ਉਸ ਨੂੰ ਵੀ ਮੇਰੇ ਨਾਲੋਂ ਵਿਛੜਨ ਦਾ ਦੁੱਖ ਸੀ। ਅਸੀਂ ਇਕ-ਦੂਜੇ ਦੇ ਘਰ ਜਾ ਕੇ ਕਿਸੇ ਵੀ ਕੀਮਤ ’ਤੇ ਇਕ-ਦੂਜੇ ਨਾਲ ਰਾਬਤਾ ਕਾਇਮ ਰੱਖਣ ਦਾ ਵਾਅਦਾ ਕੀਤਾ। ਏਨੀ ਨੇੜਤਾ ਦਾ ਕਾਰਨ ਕਿਤੇ ਨਾ ਕਿਤੇ ਸ਼ਾਇਦ ਸਾਡੇ ਦੋਵਾਂ ਦੇ ਪਿਤਾਵਾਂ ਦੀ ਡੂੰਘੀ ਦੋਸਤੀ ਦਾ ਹੋਣਾ ਵੀ ਸੀ। ਅਸੀਂ ਦੋਵੇਂ ਤਾਂ ਇਕ-ਦੂਜੇ ਬਿਨਾਂ ਰਹਿਣ ਦੀ ਕਦੇ ਸੋਚ ਵੀ ਨਹੀਂ ਸਕਦੇ ਸਾਂ। ਅਖੀਰ ਉਹ ਸਾਥ ਛੁੱਟ ਗਿਆ…
ਕਈ ਸਾਲ ਚਿੱਠੀਆਂ ਅਤੇ ਪੋਸਟ ਕਾਰਡ ਭੇਜ ਕੇ ਅਸੀਂ ਆਪਣਾ ਵਾਅਦਾ ਪੁਗਾਇਆ। ਕਈ ਵਾਰ ਫੋਨ ’ਤੇ ਵੀ ਗੱਲ ਕਰ ਲੈਣੀ। ਫਿਰ ਕਲਾਸਾਂ ਵੱਡੀਆਂ ਹੋਣ ਕਾਰਨ ਹੌਲੀ-ਹੌਲੀ ਇਹ ਰਾਬਤਾ ਘਟਣ ਲੱਗਾ ਜੋ ਸਮਾਂ ਪੈਣ ਨਾਲ ਅੱਗੇ-ਅੱਗੇ ਹੋਰ ਘਟਦਾ ਹੀ ਚਲਾ ਗਿਆ। ਸਮੇਂ ਨਾਲ ਇਹ ਸੰਪਰਕ ਵੀ ਬੰਦ ਹੋ ਗਿਆ ਸੀ। ਪਿੰਡ ਜਾਣ ਵਾਲੇ ਕਿਸੇ ਸਕੇ-ਸਬੰਧੀ ਤੋਂ ਉਸ ਦੇ ਪਰਿਵਾਰ ਦੀ ਸੁੱਖ-ਸਾਂਦ ਪੁੱਛ ਕੇ ਖ਼ੁਦ ਨੂੰ ਧਰਵਾਸ ਦੇ ਲੈਣਾ।
ਸਕੂਲ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਇਕ ਸਰਕਾਰੀ ਕਾਲਜ ’ਚ ਦਾਖ਼ਲਾ ਮਿਲ ਗਿਆ ਸੀ, ਪਰ ਵਕਤ ਨੇ ਸਾਡੇ ਦੋਵਾਂ ਦਰਮਿਆਨ ਫ਼ਾਸਲਾ ਵਧਾ ਦਿੱਤਾ। ਕਈ ਵਾਰ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਹਰ ਵਾਰ ਨਾਕਾਮੀ ਹੀ ਹੱਥ ਲੱਗੀ। ਅਜਿਹੇ ਯਤਨ ਉਸ ਨੇ ਵੀ ਕੀਤੇ ਸਨ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਗ੍ਰੈਜੂਏਸ਼ਨ ਦੇ ਅਖੀਰਲੇ ਵਰ੍ਹੇ ਇਕ ਦਿਨ ਕਾਲਜ ਤੋਂ ਵਾਪਸ ਮੁੜਨ ’ਤੇ ਮੇਰੇ ਮਾਤਾ ਜੀ ਨੇ ਮੇਰੇ ਹੱਥ ’ਚ ਇਕ ਕਾਰਡ ਫੜਾਇਆ। ਇਹ ਕਾਰਡ ਉਸ ਦੇ ਵਿਆਹ ਦਾ ਸੀ। ਉਸ ਦੇ ਚਾਚਾ ਜੀ ਕਾਰਡ ਦੇ ਕੇ ਗਏ ਸਨ ਅਤੇ ਪਰਿਵਾਰ ਸਮੇਤ ਪੁੱਜਣ ਦੀ ਤਾਕੀਦ ਕਰ ਗਏ ਸਨ। ਵਿਆਹ ’ਚ ਜਾਣ ਦਾ ਮੇਰਾ ਬਹੁਤ ਮਨ ਸੀ, ਪਰ ਉਨ੍ਹੀਂ ਦਿਨੀਂ ਇਮਤਿਹਾਨ ਹੋਣ ਕਾਰਨ ਇਹ ਸੰਭਵ ਨਾ ਹੋ ਸਕਿਆ ਤੇ ਉਸ ਦਾ ਵਿਆਹ ਹੋ ਗਿਆ।
ਇਕ ਵਾਰ ਪਿੰਡ ਗਿਆਂ ਉਸ ਦੇ ਘਰ ਜਾਣ ਦਾ ਮੌਕਾ ਮਿਲਿਆ ਤੇ ਸਬੱਬੀਂ ਹੀ ਉਸ ਨਾਲ ਮੇਲ ਵੀ ਹੋ ਗਿਆ। ਉਹ ਖ਼ੁਸ਼ ਸੀ ਜਿਸ ਨੂੰ ਦੇਖ ਕੇ ਮੇਰੇ ਮਨ ਦੀ ਤਸੱਲੀ ਹੋ ਗਈ। ਵਾਪਸ ਚੰਡੀਗੜ੍ਹ ਆ ਮੈਂ ਆਪਣੀ ਪੋਸਟ-ਗ੍ਰੈਜੂਏਸ਼ਨ ਦੀ ਪੜ੍ਹਾਈ ਵਿਚ ਰੁੱਝ ਗਈ ਸਾਂ। ਇਸ ਦੌਰਾਨ ਪਤਾ ਲੱਗਾ ਕਿ ਉਸ ਦੇ ਘਰ ਇਕ ਨੰਨ੍ਹੀ ਪਰੀ ਆਈ ਹੈ। ਦਿਲ ਬਹੁਤ ਖ਼ੁਸ਼ ਹੋਇਆ, ਪਰ ਹੁਣ ਉਸ ਨਾਲ ਸੰਪਰਕ ਬਿਲਕੁਲ ਵੀ ਨਾ ਰਹਿਣ ਕਾਰਨ ਉਸ ਨੂੰ ਮੁਬਾਰਕਬਾਦ ਨਾ ਦੇ ਸਕੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਮੈਂ ਪੜ੍ਹਾਈ ਮਗਰੋਂ ਨੌਕਰੀ ਕਰਨ ਲੱਗ ਪਈ ਸਾਂ। ਉਸ ਦੀ ਹੁਣ ਹੋਰ ਵੀ ਜ਼ਿਆਦਾ ਯਾਦ ਆਉਂਦੀ। ਖ਼ੈਰ! ਹੁਣ ਇਹ ਮੇਲ ਸ਼ਾਇਦ ਰੱਬੀ ਜਾਂ ਸਬੱਬੀਂ ਹੀ ਹੋ ਸਕਦਾ ਸੀ। ਮੈਂ ਵੀ ਵਿਆਹੀ ਜਾ ਚੁੱਕੀ ਸਾਂ, ਪਰ ਉਸ ਦੀ ਯਾਦ ਨੇ ਕਦੇ ਵੀ ਮੇਰਾ ਪਿੱਛਾ ਨਾ ਛੱਡਿਆ।
ਆਖ਼ਰ ਇਕ ਦਿਨ ਆਪਣੇ ਸਹੁਰਾ ਪਰਿਵਾਰ ਵਿਚ ਇਕ ਜਾਣਕਾਰ ਨੂੰ ਉਸ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਉਸ ਨੇ ਮੈਨੂੰ ਸ਼ੁਕਰੀਆ ਕਰਦਿਆਂ ਇਕ ਸੁਨੇਹਾ ਭੇਜਿਆ। ਇਹ ਸੁਨੇਹਾ ਸੀ, ‘ਭਾਬੀ ਜੀ, ਤੁਹਾਨੂੰ ਫੇਸਬੁੱਕ ’ਤੇ ਇਕ ਫਰੈਂਡ ਰਿਕੁਐਸਟ ਆਈ ਹੋਈ ਹੈ, ਉਹ ਤੁਹਾਡੀ ਸਹੇਲੀ ਦੀ ਹੈ ਜੋ ਤੁਹਾਡੇ ਪਿੰਡ ਤੋਂ ਸਾਡੇ ਪਿੰਡ ਵਿਆਹੀ ਗਈ ਹੈ। ਉਨ੍ਹਾਂ ਮੈਨੁੂੰ ਕਈ ਵਾਰ ਤੁਹਾਡੇ ਬਾਰੇ ਦੱਸਿਆ ਹੈ। ਉਹ ਤੁਹਾਡੀ ਸਹੇਲੀ ਹੈ ਜੋ ਤੁਹਾਡੇ ਨਾਲ ਛੇਵੀਂ ਜਮਾਤ ਤੱਕ ਇਕੱਠਿਆਂ ਪਿੰਡ ਹੀ ਪੜ੍ਹੀ ਹੈ।’ ਇਕ ਵਾਰ ਤਾਂ ਮੈਂ ਕੁਝ ਪ੍ਰੇਸ਼ਾਨ ਜਿਹੀ ਹੋ ਗਈ, ਪਰ ਫਿਰ ਝੱਟਪੱਟ ਜਾ ਕੇ ਆਪਣਾ ਅਕਾਊਂਟ ਖੋਲ੍ਹ ਲਿਆ। ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਹ ਹੋਰ ਕੋਈ ਨਹੀਂ ਮੇਰੀ ਸਹੇਲੀ ਜਸਪ੍ਰੀਤ ਸੀ, ਉਹੀ ਜਸਪ੍ਰੀਤ ਜਿਸ ਨੂੰ ਮਿਲਣ ਲਈ ਮੈਂ ਇੰਨੇ ਸਾਲਾਂ ਤੋਂ ਬੇਤਾਬ ਸਾਂ। ਉੱਚੇ-ਲੰਮੇ ਕੱਦ, ਖ਼ੁਸ਼ਮਿਜਾਜ਼ ਤੇ ਅਣਖ ਨਾਲ ਜਿਊਣ ਵਾਲੀ ਮੇਰੀ ਸਹੇਲੀ। ਦਰਅਸਲ, ਉਸ ਵੱਲੋਂ ਆਪਣੇ ਅਕਾਊਂਟ ’ਤੇ ਆਪਣੀ ਕੋਈ ਤਸਵੀਰ ਸਾਂਝੀ ਨਾ ਕਰਨ ਕਰਕੇ ਮੈਂ ਉਸ ਨੂੰ ਪਛਾਣ ਨਹੀਂ ਸਕੀ ਸਾਂ।
ਬਹੁਤ ਵਾਰ ਸੁਣਿਆ ਸੀ ਕਿ ਇੰਟਰਨੈੱਟ ਰਾਹੀਂ ਕਈ ਵਾਰ ਵਿਛੜਿਆਂ ਦਾ ਮੇਲ ਹੋ ਜਾਂਦਾ ਹੈ। ਇਹ ਗੱਲ ਮੇਰੀ ਜ਼ਿੰਦਗੀ ਵਿਚ ਵੀ ਸੱਚ ਸਾਬਿਤ ਹੋ ਗਈ। ਇਉਂ ਇੰਟਰਨੈੱਟ ਦੀ ਬਦੌਲਤ ਜਸਪ੍ਰੀਤ ਦੇ ਰੂਪ ਵਿਚ ਮੈਨੂੰ ਨਾਯਾਬ ਤੋਹਫ਼ਾ ਮਿਲ ਗਿਆ ਸੀ।
ਸੰਪਰਕ: 78144-77645