ਡਾ. ਨਰਿੰਦਰਪਾਲ ਸਿੰਘ*
ਪੁਸਤਕ ਪੜਚੋਲ
ਪੂਰਨ ਸਿੰਘ ਸ਼ਾਹਕੋਟ ਰਚਿਤ ਪੁਸਤਕ ‘ਕਤਰਾ ਕਤਰਾ ਨੀਰ’ ਉਸ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਪੂਰਨ ਸਿੰਘ ਸ਼ਾਹਕੋਟ ਪ੍ਰੌਢ ਸ਼ਖ਼ਸੀਅਤ, ਕਾਵਿਕ ਹਿਰਦੇ ਵਾਲਾ ਅਤੇ ਸਮਰੱਥ ਕਿਸਾਨ ਨੇਤਾ ਹੈ।
ਪੂਰਨ ਸਿੰਘ ਸ਼ਾਹਕੋਟ ਨੇ ਆਪਣੀ ਪੁਸਤਕ ਵਿਚ ਗ਼ਜ਼ਲ, ਗੀਤ ਅਤੇ ਕਵਿਤਾ ਕਾਵਿ-ਰੂਪਾਂ ਦੀ ਵਰਤੋਂ ਕੀਤੀ ਹੈ ਜੋ ਸ਼ਾਸਤਰੀ ਬੰਦਿਸ਼ਾਂ ਦੇ ਘੇਰੇ ਵਿਚ ਨਹੀਂ ਆਉਂਦੇ। ਉਨ੍ਹਾਂ ਦੇ ਪਹਿਲੇ ਦੌਰ ਦੀ ਕਵਿਤਾ ਇਸ਼ਕ ਮਲੰਗੀ ਅਤੇ ਸੂਫ਼ੀਆਨਾ ਮਸਤੀ ਨਾਲ ਭਰਪੂਰ ਹੈ, ਪਰ ਦੂਸਰੇ ਦੌਰ ਦੀ ਕਵਿਤਾ ਵਿਚ ਉਹ ਗਹਿਰ-ਗੰਭੀਰ ਅਤੇ ਲੋਕ-ਮੁੱਦਿਆਂ ਨਾਲ ਸ਼ਿੱਦਤ ਨਾਲ ਜੁੜਦਾ ਹੈ। ‘ਮਨੂੰ ਦੀ ਚਤੁਰਾਈ’ ਕਵਿਤਾ ਵਿਚ ਉਹ ਮਨੂੰ ਦੀ ਵਰਣ ਵਿਵਸਥਾ ਉੱਪਰ ਕਟਾਖ਼ਸ਼ ਕਰਦਾ ਹੈ। ਅਖੌਤੀ ਉੱਚੀ ਜਾਤ ਵਾਲੇ ਅੱਜ ਵੀ ਅਖੌਤੀ ਨੀਵੀਆਂ ਜਾਤਾਂ ਭਾਵ ਸ਼ੂਦਰ ਅਤੇ ਵੈਸ਼ ਦਾ ਸ਼ੋਸ਼ਣ ਕਰ ਰਹੇ ਹਨ। ਇਨ੍ਹਾਂ ਦੇ ਸੁਪਨਿਆਂ ਨੂੰ ਇਨ੍ਹਾਂ ਨੇ ਮਾਰ ਦਿੱਤਾ ਹੋਇਆ ਹੈ। ਦਸ ਗੁਰੂ ਸਾਹਿਬਾਨ ਪਰੰਪਰਾ ਅਤੇ ਖ਼ਾਲਸਾ ਸਾਜਨਾ ਪ੍ਰਕਿਰਿਆ ਦੀ ਲੰਮੀ ਘਾਲਣਾ ਮਨੂੰਵਾਦ ਨੂੰ ਚੁਣੌਤੀ ਦਿੰਦੀ ਹੈ।
ਪੂਰਨ ਸਿੰਘ ਸ਼ਾਹਕੋਟ ਆਪਣੀ ਕਵਿਤਾ ‘ਅਤਿਵਾਦ’ ਵਿਚ ਆਖਦਾ ਹੈ ਕਿ ਅਤਿਵਾਦ ਕੁੰਦਨ ਨੂੰ ਲੱਗੇ ਘੁਣ ਸਮਾਨ ਹੈ ਅਤੇ ਅਤਿਵਾਦ ਕੁਰਸੀ ਦੀ ਲਾਲਸਾ ਦੁਆਲੇ ਕੇਂਦਰਿਤ ਹੁੰਦਾ ਹੈ। 1947 ਵਿਚ ਆਜ਼ਾਦੀ ਮਿਲਣ ਤੋਂ ਬਾਅਦ ਭਾਰਤੀਆਂ ਦਾ ਆਜ਼ਾਦੀ ਦੇ ਸੁਪਨੇ ਦਾ ਭਰਮਜਾਲ ਜਲਦ ਟੁੱਟ ਗਿਆ। ਤੁਅੱਸਬ ਦੇ ਝੱਖੜ ਵਧਦੇ ਗਏ। ਇਨਸਾਫ਼ ਦੇ ਬੂਹੇ ਬੰਦ ਹੀ ਰਹੇ ਅਤੇ ਹਾਕਮ ਨੇ ਖ਼ੁਦਗਰਜ਼ੀ ਕਾਰਨ ਸੱਤਾ ਦਾ ਦੁਰਉਪਯੋਗ ਹੀ ਕੀਤਾ।
‘ਕਤਰਾ ਕਤਰਾ ਨੀਰ’ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਕੇਂਦਰੀ ਧੁਰਾ ਕਿਸਾਨੀ ਵਰਗ ਦਾ ਘੋਲ ਹੈ। ਉਹ ਇਸ ਵਰਗ ਦੀ ਦੁਰਦਸ਼ਾ ਦੀਆਂ ਅੰਦਰੂਨੀ ਸਚਾਈਆਂ ਨੂੰ ਉਜਾਗਰ ਕਰਦਾ ਹੈ। ਕਿਸਾਨੀ-ਮਜ਼ਦੂਰ ਵਰਗ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰਾਂ ਇਸ ਸ਼ੋਸ਼ਣ ਲਈ ਜ਼ਿੰਮੇਵਾਰ ਹਨ। ਕਈ ਵਿਅਕਤੀਆਂ ਨੂੰ ਇਸ ਸਮੱਸਿਆ ਦਾ ਅੰਤਿਮ ਹੱਲ ਮੌਤ/ਖ਼ੁਦਕੁਸ਼ੀ ਹੀ ਨਜ਼ਰ ਆਉਂਦਾ ਹੈ ਜੋ ਅਨੁਚਿਤ ਹੈ। ਪੂਰਨ ਸਿੰਘ ਸ਼ਾਹਕੋਟ ਨੇ ਪਹਿਲੀ ਵਾਰੀ ਅਜੋਕੇ ਕਿਸਾਨੀ ਸੰਘਰਸ਼ ਦੇ ਯੋਧਿਆਂ ਨੂੰ ਕੇਂਦਰ ਬਿੰਦੂ ਵਿਚ ਰੱਖ ਕੇ ਕਵਿਤਾ ਲਿਖੀ ਹੈ। ਪੂਰਨ ਸਿੰਘ ਸ਼ਾਹਕੋਟੀ ਕਾਵਿ ਸਖ਼ਤ ਮਿਹਨਤ ਮੁਸ਼ੱਕਤ ਤੋਂ ਬਾਅਦ ਕਿਸਾਨਾਂ ਦੀ ਲੁੱਟ, ਕੁਦਰਤੀ ਆਫ਼ਤਾਂ, ਕਰਜ਼ਾ (ਸਰਕਾਰੀ ਤੇ ਆੜ੍ਹਤੀ), ਮੰਡੀਕਰਨ ਅਤੇ ਕਾਲਾ ਬਾਜ਼ਾਰੀ ਵਰਗੇ ਸਰੋਕਾਰਾਂ ਦੀ ਪੇਸ਼ਕਾਰੀ ਕਰਦਾ ਹੈ। ਕਰਜ਼ਾ-ਕੁਰਕੀ ਤੇ ਖ਼ੁਦਕੁਸ਼ੀ ਦੀ ਤਿਕੋਣ ਉਸ ਦੀਆਂ ਬਹੁਤੀਆਂ ਕਵਿਤਾਵਾਂ ਦੀਆਂ ਮੂਲ ਇਕਾਈਆਂ ਹਨ।
‘ਕਤਰਾ ਕਤਰਾ ਨੀਰ’ ਅਜਿਹੀ ਪੁਸਤਕ ਹੈ ਜਿਹੜੀ ਅਜੋਕੇ ਕਿਸਾਨੀ ਸੰਕਟ ਅਤੇ ਮੁੱਦਿਆਂ ਨੂੰ ਆਲਮੀ ਸੰਕਟ ਨਾਲ ਜੋੜ ਕੇ ਵੇਖਦੀ ਹੈ। ਉਸ ਨੂੰ ਆਲਮੀ ਕਿਸਾਨੀ ਘੋਲਾਂ ਦੀ ਪੂਰਨ ਸੋਝੀ ਹੈ ਜਿਸ ਦੇ ਝਰੋਖੇ ਵਿਚੋਂ ਉਹ ਪੰਜਾਬ ਦੇ ਕਿਸਾਨੀ ਨਾਲ ਜੁੜੇ ਮੁੱਦਿਆਂ ਨੂੰ ਆਤਮਸਾਤ ਕਰਦਾ ਹੈ। ਅਜੋਕੇ ਸਮੇਂ ਵਿਚ ਪੰਜਾਬੀ ਕਵਿਤਾ ਨੂੰ ਇਨ੍ਹਾਂ ਮੁੱਦਿਆਂ ਵੱਲ ਪਰਤਣਾ ਪੈਂਦਾ ਹੈ।
* ਐਸੋਸੀਏਟ ਪ੍ਰੋਫ਼ੈਸਰ, ਗੁਰੂ ਨਾਨਕ ਖ਼ਾਲਸਾ ਕਾਲਜ, ਯਮੁਨਾਨਗਰ (ਹਰਿਆਣਾ)
ਸੰਪਰਕ: 98963-19944