ਸਿਮਰਜੋਤ ਸਿੰਘ
‘ਸ਼ਹੀਦਾਨਿ-ਵਫ਼ਾ ਅਤੇ ਗੰਜਿ-ਸ਼ਹੀਦਾਂ’ ਅੱਲਾ ਯਾਰ ਖਾਂ ਜੋਗੀ ਦੀਆਂ ਰਚੀਆਂ ਦੋ ਵੱਖ ਵੱਖ ਰਚਨਾਵਾਂ ਹਨ ਜੋ ਉਰਦੂ ਭਾਸ਼ਾ ਵਿਚ ਹਨ। ਇਸ ਨੂੰ ਨਿਰਵੈਰ ਸਿੰਘ ਅਰਸ਼ੀ ਨੇ ਇਕ ਰਚਨਾ ਵਿਚ ਪੇਸ਼ ਕਰਨ ਦੇ ਨਾਲ-ਨਾਲ ਉਸ ਦਾ ਟੀਕਾ ਵੀ ਕੀਤਾ ਹੈ ਤਾਂ ਪਾਠਕ ਇਸ ਰਚਨਾ ਨੂੰ ਸਰਲ ਢੰਗ ਨਾਲ ਵਿਚਾਰ ਸਕਣ। ਨਿਰਵੈਰ ਸਿੰਘ ਦੀਆਂ ਹੋਰ ਕਈ ਰਚਨਾਵਾਂ ਉਪਲੱਬਧ ਹਨ ਜਿਨ੍ਹਾਂ ਵਿਚੋਂ ਸ਼ਰਧਾ ਦੇ ਫੁੱਲ, ਕਥਾ ਸੱਚਖੰਡ ਰਚਨਾ, ਸਤਿਗੁਰ ਕੀ ਸੇਵਾ ਸਫਲ ਹੈ, ਗੁਰਸਿੱਖੀ ਬਰੀਕ ਹੈ, ਸਿੱਖੀ ਸਿਦਕ ਅਤੇ ਸਰਬ ਕਲਾ ਭਰਪੂਰ ਆਦਿ ਪ੍ਰਮੁੱਖ ਹਨ। ਅੱਲਾ ਯਾਰ ਖਾਂ ਜੋਗੀ ਨੇ ‘ਸ਼ਹੀਦਾਨਿ-ਵਫ਼ਾ’ ਦੀ ਰਚਨਾ 1913 ਵਿਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕੀਤੀ ਸੀ। ਇਹ ਰਚਨਾ ਕਾਵਿ ਰੂਪ ਵਿਚ ਹੈ ਜਿਸ ਦੇ 110 ਬੰਦ ਹਨ ਅਤੇ ਹਰ ਬੰਦ ਵਿਚ 6 ਤੁਕਾਂ ਹਨ। ਇਨ੍ਹਾਂ ਰਾਹੀਂ ਸਾਹਿਬਜ਼ਾਦਿਆਂ ਦੀ ਉਪਰਾਮਤਾ ਨੂੰ ਦਰਸਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਪੂਰੀ ਬੇਬਾਕੀ ਨਾਲ ਵਜ਼ੀਰ ਖ਼ਾਂ ਦੇ ਸਾਹਮਣੇ ਡਟੇ ਅਤੇ ਮੌਤ ਪ੍ਰਵਾਨ ਕਰ ਲਈ, ਪਰ ਦੀਨ ਪਰਿਵਰਤਨ ਨਹੀਂ ਕੀਤਾ। ਉਸ ਸਾਰੇ ਇਤਿਹਾਸ ਨੂੰ ਅੱਲਾ ਯਾਰ ਖਾਂ ਜੋਗੀ ਨੇ ਆਪਣੀ ਕਾਵਿ ਉਡਾਰੀ ਵਿਚ ਕਲਮਬੰਦ ਕੀਤਾ। ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਅਨੰਦਪੁਰ ਦੀ ਗੜ੍ਹੀ ਛੱਡਣ ਤੋਂ ਲੈ ਕੇ ਸਰਹਿੰਦ ਵਿਚ ਹੋਈ ਸ਼ਹੀਦੀ ਦਾ ਸਾਰਾ ਬਿਰਤਾਂਤ ਉਹ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਵੇਂ ਇਸ ਦਾ ਅੱਖੀਂ ਡਿੱਠਾ ਹਾਲ ਲਿਖ ਰਹੇ ਹੋਣ। ਇਕ ਮੁਸਲਮਾਨ ਹੋਣ ਦੇ ਬਾਵਜੂਦ ਜਿਸ ਤਰੀਕੇ ਨਾਲ ਆਪ ਨੇ ਇਤਿਹਾਸ ਪੇਸ਼ ਕੀਤਾ ਹੈ ਉਹ ਵਾਕਈ ਕਾਬਿਲੇ-ਤਾਰੀਫ਼ ਹੈ।
ਦੂਜੀ ਰਚਨਾ ‘ਗੰਜਿ-ਸ਼ਹੀਦਾਂ’ ਨੂੰ ਜੋਗੀ ਨੇ 1915 ਵਿਚ ਸੰਪੂਰਨ ਕੀਤਾ। ਜੋਗੀ ਨੇ ਦੋਵਾਂ ਰਚਨਾਵਾਂ ਵਿਚ ਨਜ਼ਮਾਂ ਬੜੀਆਂ ਖੁੱਭ ਕੇ ਲਿਖੀਆਂ, ਮਾਨੋ ਸਾਰੀ ਜ਼ਿੰਦਗੀ ਦਾ ਇਲਮ ਅਤੇ ਸਿੱਖ ਗੁਰੂਆਂ ਪ੍ਰਤੀ ਸਤਿਕਾਰ ਇਨ੍ਹਾਂ ਨਜ਼ਮਾਂ ਵਿਚ ਭਰ ਦਿੱਤਾ। ਇਸ ਰਚਨਾ ਵਿਚ 117 ਬੰਦ ਹਨ ਅਤੇ ਹਰ ਬੰਦ ਵਿਚ ਛੇ ਤੁਕਾਂ ਹਨ। ਇਨ੍ਹਾਂ ਵਿਚ ਗੁਰੂ ਮਹਾਰਾਜ ਦੇ ਅਦਭੁਤ ਜੀਵਨ ਅਤੇ ਚਮਕੌਰ ਸਾਹਿਬ ਵਿਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਨਾਲ ਚਾਲੀ ਸਿੰਘਾਂ ਦੀ ਸ਼ਹੀਦੀ ਦਾ ਵੀ ਜ਼ਿਕਰ ਕਰਦੇ ਹਨ ਕਿ ਕਿਸ ਤਰ੍ਹਾਂ ਭੁੱਖੇ ਲਿਤਾੜੇ ਸਿੰਘ ਜਿਨ੍ਹਾਂ ਕੋਲ ਕੋਈ ਹਥਿਆਰ ਨਹੀਂ, ਕੋਈ ਸ਼ਸਤਰ ਨਹੀਂ ਉਨ੍ਹਾਂ ਉਪਰ ਮੁਗ਼ਲਾਂ ਨੇ ਹਮਲਾ ਕਰ ਦਿੱਤਾ, ਪਰ ਗੁਰੂ ਦੇ ਸਿਦਕੀ ਸਿੱਖ ਡੋਲੇ ਨਹੀਂ ਸਗੋਂ ਹਿੰਮਤ ਨਾਲ ਦਸ ਲੱਖ ਦਾ ਮੁਕਾਬਲਾ ਕੀਤਾ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਜੋਗੀ ਹੋਰੀਂ ਚਮਕੌਰ ਗੜ੍ਹੀ ਦੇ ਸਾਕੇ ਦਾ ਵਰਨਣ ਇਸ ਤਰ੍ਹਾਂ ਕਰਦੇ ਹਨ ਕਿ ਸਰੋਤੇ ਇਸ ਰਚਨਾ ਨੂੰ ਪੜ੍ਹਦੇ ਵਕਤ ਆਪਣੇ ਗੌਰਵਮਈ ਇਤਿਹਾਸ ’ਤੇ ਮਾਣ ਵੀ ਕਰਦੇ ਹਨ ਤੇ ਸ਼ਹੀਦਾਂ ਦੀ ਯਾਦ ਵਿਚ ਵੈਰਾਗ ਅਵਸਥਾ ਵਿਚ ਪ੍ਰਵੇਸ਼ ਕਰ ਜਾਂਦੇ ਹਨ। ਸਿੱਖ ਇਤਿਹਾਸ ਵਿਚਾਰਨ ਤੋਂ ਬਾਅਦ ਜੋਗੀ ਨੇ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕੀਤਾ: ‘‘ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ। ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ।’’ ਇਸ ਦਾ ਅਰਥ ਹੈ ਕਿ ਸਾਰੇ ਹਿੰਦੋਸਤਾਨ ਵਿਚ ਤੀਰਥ ਯਾਤਰਾ ਕਰਨ ਲਈ ਕੇਵਲ ਇਕ ਹੀ ਤੀਰਥ ਸਥਾਨ ਹੈ ਜਿੱਥੇ ਇਕ ਪਿਤਾ ਨੇ ਧਰਮ ਦੀ ਰੱਖਿਆ ਲਈ ਆਪਣੇ ਚਾਰੇ ਲਾਲ ਕੁਰਬਾਨ ਕਰ ਦਿੱਤੇ। ਗੁਰੂ ਘਰ ਨਾਲ ਪ੍ਰੇਮ ਰੱਖਣ ਵਾਲੇ ਹਰ ਵਿਅਕਤੀ ਨੂੰ ਇਸ ਰਚਨਾ ਦਾ ਅਧਿਐਨ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਇਤਿਹਾਸ ਨਾਲ ਜੁੜ ਸਕੀਏ। ਜੋਗੀ ਦੁਆਰਾ ਰਚਿਤ ਇਹ ਮਹਿਜ਼ ਇਕ ਪੁਸਤਕ ਨਹੀਂ ਸਗੋਂ ਇਕ ਦੇਣ ਹੈ ਜੋ ਉਨ੍ਹਾਂ ਨੇ ਪੰਥ ਖਾਲਸਾ ਦੀ ਝੋਲੀ ਵਿਚ ਪਾਈ ਹੈ। ਇਸ ਨੂੰ ਰਹਿੰਦੀ ਦੁਨੀਆਂ ਤਕ ਯਾਦ ਰੱਖਿਆ ਜਾਵੇਗਾ।
ਸੰਪਰਕ: 72992-41000