ਸੁਖਮਿੰਦਰ ਸੇਖੋਂ
ਨਾਵਲ ‘ਅੰਬਰ ਪਰੀਆਂ’ (ਨਾਵਲਕਾਰ: ਬਲਜਿੰਦਰ ਨਸਰਾਲੀ; ਕੀਮਤ: 350 ਰੁਪਏ; ਗਰੇਸ਼ੀਅਸ ਬੁੱਕਸ, ਪਟਿਆਲਾ) ਤੋਂ ਪਹਿਲਾਂ ਲੇਖਕ ਦੇ ਦੋ ਕਥਾ ਸੰਗ੍ਰਹਿ, ਦੋ ਨਾਵਲ ਅਤੇ ਅੰਡੇਮਾਨ ਦਾ ਸਫ਼ਰਨਾਮਾ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹ ਪਾਠਕਾਂ, ਆਲੋਚਕਾਂ ਲਈ ਨਵਾਂ ਨਾਂ ਨਹੀਂ। ਉਸ ਨੂੰ ਗਲਪਕਾਰੀ ਦਾ ਢੇਰ ਤਜਰਬਾ ਹੈ। ਇਹ ਨਾਵਲ ਪੜ੍ਹਦਿਆਂ ਮੈਨੂੰ ਇਉਂ ਜਾਪਿਆ ਹੈ ਜਿਵੇਂ ਮੈਂ ਵੀ ਲੇਖਕ ਨਾਲ ਹੀ ਪੜ੍ਹਦਾ ਰਿਹਾ ਹੋਵਾਂ ਅਤੇ ਫੇਰ ਉਸ ਨਾਲ ਹੀ ਕਾਲਜ ਤੇ ਯੂਨੀਵਰਸਿਟੀ ਵਿੱਚ ਪੜ੍ਹਾਉਣ ਵੀ ਲੱਗਾ ਹੋਵਾਂ। ਪਿੰਡ ਜਾਂ ਕਿਸੇ ਨਿੱਕੇ ਸ਼ਹਿਰ ਕਸਬੇ ਦਾ ਬਚਪਨ ਵੀ ਆਮ ਸਾਧਾਰਨ ਪਰਿਵਾਰਾਂ ਵਰਗਾ ਮਿਲਦਾ ਜੁਲਦਾ। ਪੰਜ ਸੱਤ ਕਿੱਲਿਆਂ ਦੇ ਕਿਰਸਾਨੀ ਪਰਿਵਾਰ ਵਿੱਚੋਂ। ਨਾਵਲ ਦੀ ਕਹਾਣੀ ਖੰਨਾ, ਮਾਲੇਰਕੋਟਲਾ ਅਤੇ ਲਾਗੇ ਦੇ ਪਿੰਡਾਂ ਦਾ ਬਿਰਤਾਂਤ ਹੈ। ਜੰਮੂ ਵੀ ਸ਼ਾਮਿਲ ਹੈ। ਪਾਤਰ ਵੀ ਹਰ ਤਰ੍ਹਾਂ ਦੇ ਹਾਜ਼ਰ ਹਨ, ਅਨਪੜ੍ਹ ਤੇ ਪੜ੍ਹੀਆਂ ਲਿਖੀਆਂ ਕੁੜੀਆਂ, ਔਰਤਾਂ, ਵਿਦਿਆਰਥੀ, ਕਲਰਕ, ਪ੍ਰੋਫੈਸਰ, ਪ੍ਰਿੰਸੀਪਲ ਵਗੈਰਾ…। ਨਾਵਲ ਦਾ ਟਾਈਟਲ ਦੇਖਦਿਆਂ ਮੈਨੂੰ ਕਿਸੇ ਬਾਲ ਨਾਵਲ ਦਾ ਭੁਲੇਖਾ ਪਿਆ, ਪਰ ਅਜਿਹਾ ਨਹੀਂ। ਇਹ ਹਰ ਉਮਰ ਦੇ ਪਾਠਕਾਂ ਦੀ ਦਿਲਚਸਪੀ ਵਾਲਾ ਹੈ। ਹੋਰ ਨਾਵਲਾਂ ਵਾਂਗ ਹੀ ਮੁੱਖ ਕਥਾ ਬਿਰਤਾਂਤ ਵਿੱਚੋਂ ਨਿੱਕੀਆਂ ਨਿੱਕੀਆਂ ਕਹਾਣੀਆਂ ਬਣਦੀਆਂ ਤੁਰਦੀਆਂ ਹਨ। ਨਾਵਲ ਦਾ ਮੁੱਖ ਕਿਰਦਾਰ ਅੰਬਰ ਹੈ, ਪ੍ਰੋ. ਅੰਬਰਦੀਪ ਸਿੰਘ। ਅੰਬਰ ਦੀਆਂ ਪਰੀਆਂ ਕਾਲਜ, ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੀ ਹਨ ਤੇ ਪੜ੍ਹਾਉਂਦੀਆਂ ਅਧਿਆਪਕਾਵਾਂ ਵੀ। ਅੰਬਰ ਸੁਪਨੇ ਲੈਂਦਾ ਹੈ। ਰੋਮਾਂਟਿਕ ਵੀ ਹੈ, ਆਦਰਸ਼ਕ ਵੀ ਤੇ ਯਥਾਰਥਕ ਵੀ। ਦਰਅਸਲ, ਹਰ ਸ਼ਖ਼ਸ ਹੀ ਖ਼ਿਆਲਾਂ, ਸੁਪਨਿਆਂ ਤੇ ਹਕੀਕਤ ਦੇ ਦਰਮਿਆਨ ਇੱਕ ਕੜੀ ਹੁੰਦਾ ਹੈ। ਜ਼ਿੰਦਗੀ ਵਿੱਚ ਰੰਗ ਭਰਨੇ ਅਤੇ ਆਪਣੇ ਕੰਮਕਾਜ ਨੂੰ ਬਿਹਤਰ ਅੰਜਾਮ ਦੇਣਾ ਹਰ ਇੱਕ ਦਾ ਮੰਤਵ ਜਾਂ ਮਕਸਦ ਹੁੰਦਾ ਹੈ, ਪਰ ਇੱਕ ਖ਼ੂਬਸੂਰਤ ਜ਼ਿੰਦਗੀ ਕਿੰਨਿਆਂ ਕੁ ਦਾ ਹਾਸਲ ਬਣਦੀ ਹੈ? ਸਵਾਲ ਹਨ ਤੇ ਜਵਾਬ ਮਿਲਦੇ ਹਨ ਵੀ ਤੇ ਨਹੀਂ ਵੀ। ਇੱਕ ਚੰਗੇ ਨਾਵਲ ਦਾ ਹਾਸਲ ਹੁੰਦਾ ਹੈ, ਕਥਾ ਰਸ, ਬਿਰਤਾਂਤ, ਪਾਤਰ ਉਸਾਰੀ ਤੇ ਦਿਲਚਸਪ ਭਾਸ਼ਾ। ਉਹ ਵੀ ਪਾਤਰਾਂ ਦੇ ਅਨੁਕੂਲ। ਗ਼ੈਰਵਾਜਬ ਤੇ ਓਪਰੇਪਣ ਵਾਲੇ ਪਾਤਰਾਂ ਨੂੰ ਪਾਠਕ ਨਕਾਰ ਦਿੰਦਾ ਹੈ। ਪਰ ਇਸ ਨਾਵਲ ਵਿੱਚ ਨਾਵਲਕਾਰ ਨੇ ਹਕੀਕੀ ਗੱਲਾਂ ਦਾ ਖ਼ਿਆਲ ਕਰਦਿਆਂ ਪ੍ਰਤੀਕਮਈ ਭਾਸ਼ਾ ਦਾ ਵੀ ਸੋਹਣਾ ਪ੍ਰਯੋਗ ਕੀਤਾ ਹੈ।
ਨਾਵਲ ਰੌਚਕਤਾਂ ਹੈ, ਪਰ ਆਮ ਪਾਠਕ ਦੀ ਪਸੰਦ ਬਣੇ, ਖਦਸ਼ਾ ਹੈ ਕਿਉਂਕਿ ਪਾਠਕ ਨੂੰ ਜਿੱਥੇ ਜਿਗਰੇ ਨਾਲ ਪੜ੍ਹਨਾ ਪਵੇਗਾ ਉੱਥੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੇ ਹਾਣ ਦਾ ਵੀ ਬਣਨਾ ਹੋਵੇਗਾ। ਇਸ ਦਾ ਭਾਵ ਇਹ ਹਰਗਿਜ਼ ਨਹੀਂ ਕਿ ਨਾਵਲ ਪੜ੍ਹਨਯੋਗ ਨਹੀਂ ਜਾਂ ਇਸ ਦੀ ਸਾਰਥਕਤਾ ਨੂੰ ਘਟਾ ਕੇ ਦੇਖਿਆ ਜਾ ਰਿਹਾ ਹੈ। ਨਾਵਲ ਦਾ ਸਮੁੱਚਾ ਵਿਸ਼ਾ ਵਧੀਆ ਹੈ ਅਤੇ ਘਟਨਾਵਾਂ ਵੀ ਸਹਿਜ ਨਾਲ ਵਾਪਰਦੀਆਂ ਹਨ। ਇਸ ਦੇ ਬਾਵਜੂਦ ਅੰਬਰ ਦੀ ਕਾਲਪਨਿਕ ਉਡਾਣ ਕੀ ਸਿੱਟੇ ਕੱਢਦੀ ਹੈ, ਇਹ ਦੇਖਣਾ ਹੋਵੇਗਾ। ਨਾਵਲ ਦੇ ਕਾਂਡਾਂ ਨੂੰ ਇਕ-ਦੋ ਦੀ ਥਾਂ ਸਿਰਲੇਖਾਂ ਵਿੱਚ ਵੰਡਿਆ ਗਿਆ ਹੈ ਮਸਲਨ ਦਿਮਾਗ ਖ਼ਰਾਬ ਕਰਦੀਆਂ ਕਿਤਾਬਾਂ, ਖ਼ੂਬਸੂਰਤ ਬਣਨਾ ਬੰਦੇ ਦੇ ਆਪਣੇ ਹੱਥ ਹੁੰਦੈ, ਅੰਬਰ ਅਤੇ ਛੇਵੇਂ ਅੰਬਰ ਦੀ ਪਰੀ, ਮੇਰੀ ਦੁਨੀਆਂ ਤੇਰੀ ਦੁਨੀਆਂ, ਮੈਕਡੋਨਲਡ ਦਾ ਸਟੈਚੂ, ਪੜ੍ਹੇ ਲਿਖਿਆਂ ਦੀ ਦੁਨੀਆਂ ਵਿੱਚ ਆਦਿ। ਸਮੁੱਚਾ ਨਾਵਲ ਅੰਬਰ ਦੁਆਲੇ ਘੁੰਮਦਾ ਹੈ, ਸ਼ਾਇਦ ਇਸੇ ਲਈ ਲੇਖਕ ਨੇ ਇਸ ਨਾਵਲ ਦਾ ਟਾਈਟਲ ਅੰਬਰ ਪਰੀਆਂ ਰੱਖਿਆ ਹੈ। ਨਾਵਲ ਵਿਦਿਆਰਥੀਆਂ ਤੇ ਵੱਡਿਆਂ ਲਈ ਹੈ ਅਤੇ ਹੈ ਵੀ ਯਥਾਰਥਕ ਤੇ ਲੇਖਕੀ-ਕਲਪਨਾ ਦਾ ਕਮਾਲ! ਨਾਵਲਕਾਰ ਤੇ ਨਾਵਲ ਦਾ ਕਮਾਲ ਇਸ ਗੱਲ ਵਿੱਚ ਵੀ ਨਿਹਿਤ ਹੈ ਕਿ ਅਜੋਕੇ ਦੌਰ ਵਿੱਚ ਅਕਾਰ ਪੱਖੋਂ ਏਡੀ ਵੱਡੀ ਰਚਨਾ ਕਰਨੀ ਔਖਾ ਕਾਰਜ ਹੈ ਅਤੇ ਵੱਡੀ ਪੱਧਰ ’ਤੇ ਪਾਠਕ ਜੁੁਟਾਉਣੇ ਹੋਰ ਵੀ ਔਖਾ! ਪਰ ਸਾਹਿਤ ਦੇ ਲੇਖੇ ਲੱਗ ਕੇ ਔਖੇ ਕੰਮਾਂ ਨੂੰ ਸੁਹਿਰਦਤਾ ਨਾਲ ਅੰਜਾਮ ਦੇਣਾ ਹੀ ਬਿਹਤਰ ਸਾਹਿਤਕਾਰ ਦਾ ਕਰਤੱਵ ਹੁੰਦਾ ਹੈ। ਨਸਰਾਲੀ ਨੇ ਆਪਣੇ ਕੰਮ ਨੂੰ ਖ਼ੂਬਸੂਰਤੀ ਨਾਲ ਅੰਜਾਮ ਦਿੰਦਿਆਂ ਇੱਕ ਸੁਚੱਜੀ ਰਚਨਾ ਪਾਠਕ ਲਈ ਪਰੋਸੀ ਹੈ।
ਸੰਪਰਕ: 98145-07693