8 ਫਰਵਰੀ ਨੂੰ ਮਿਡਲ ‘ਸੜਕਾਂ ’ਤੇ ਰੋਲ’ਤੀ ਜਵਾਨੀ ਜ਼ਾਲਮਾ’ (ਲੇਖਕ ਰਣਜੀਤ ਲਹਿਰਾ) ਪੜ੍ਹ ਕੇ ਉਨ੍ਹਾਂ ਲੋਕਾਂ ਦਾ ਦ੍ਰਿਸ਼ ਅੱਖਾਂ ਅੱਗੇ ਘੁੰਮਣਾ ਸ਼ੁਰੂ ਹੋ ਗਿਆ। ਵਾਕਿਆ ਹੀ ਜਿਹੜੇ ਲੋਕ ਦਿਨ ਰਾਤ ਸੜਕਾਂ ’ਤੇ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਲਗਾਤਾਰ ਚੱਲ ਰਹੇ ਹਨ, ਉਨ੍ਹਾਂ ਨੂੰ ਕਦੇ ਕਿਸੇ ਨੇ ਪੁੱਛਿਆ ਤਕ ਨਹੀਂ ਕਿ ਤੁਸੀਂ ਖਾਂਦੇ ਕੀ ਹੋ ਤੇ ਰਹਿੰਦੇ ਕਿੱਥੇ ਹੋ? ਇਹ ਤਬਕਾ ਕੋਈ ਬਾਹਰਲੇ ਲੋਕਾਂ ਦਾ ਨਹੀਂ ਬਲਕਿ ਸਾਡੇ ਹੀ ਭਰਾ ਤੇ ਪੁੱਤ ਨੇ ਜਿਹੜੇ ਦੇਸ਼ ਦੀ ਤਰੱਕੀ ਵਿਚ ਦਿਨ ਰਾਤ ਹਿੱਸਾ ਪਾ ਰਹੇ ਹਨ। ਉਨ੍ਹਾਂ ਨਾਲ ਸਭ ਤੋਂ ਮਾੜਾ ਵਤੀਰਾ ਪੁਲੀਸ ਕਰਦੀ ਹੈ। ਡਰਾਈਵਰਾਂ ਵਾਂਗ ਅੱਜ ਦੇਸ਼ ਦੇ ਕਿਸਾਨ ਸੜਕਾਂ ’ਤੇ ਰੁਲ਼ ਰਹੇ ਹਨ। ਉਨ੍ਹਾਂ ਦਾ ਖਿਆਲ ਤਾਂ ਸਰਕਾਰ ਨੇ ਕੀ ਕਰਨਾ ਹੈ, ਉਲਟਾ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)
ਨੇਕ ਵਿਚੋਲੇ
6 ਫਰਵਰੀ ਦੇ ਨਜ਼ਰੀਆ ਪੰਨੇ ਉੱਤੇ ਸੁਰਜੀਤ ਜੱਸਲ ਦੇ ਮਿਡਲ ‘ਹਰੀ ਵਿਚੋਲਾ’ ਵਿਚ ਸੱਚ ਬਿਆਨਿਆ ਗਿਆ ਹੈ। ਅਜੋਕੀ ਪੂੰਜੀਵਾਦੀ ਅਤੇ ਪਦਾਰਥਵਾਦੀ ਸੋਚ ਵਿਚ ਗ੍ਰਸੇ ਹੋਏ ਸਾਡੇ ਸਮਾਜ ਵਿਚ ਹਰੀ ਵਰਗੇ ਉੱਚੇ-ਸੁੱਚੇ ਕਿਰਦਾਰ ਵਾਲੇ ਚੰਗੇ ਅਤੇ ਨੇਕ ਵਿਚੋਲੇ ਨਹੀਂ ਲੱਭਦੇ। ਅੱਜਕੱਲ੍ਹ ਆਨਲਾਈਨ ਮੀਡੀਆ ਦੇ ਯੁੱਗ ਵਿਚ ਮੈਰਿਜ ਬਿਊਰੋ ਅਤੇ ਮੈਟਰੀਮੋਨੀਅਲ ਸਾਈਟਾਂ ਦੀ ਦੁਰਵਰਤੋਂ ਦੁਆਰਾ ਭੋਲੇ-ਭਾਲੇ ਲੋਕਾਂ ਨੂੰ ਠੱਗਦੇ ਹਨ। ਇਨ੍ਹਾਂ ਵਿਚੋਲਿਆਂ ਦੀਆਂ ਗੱਲਾਂ ਵਿਚ ਆ ਕੇ ਮਾਪੇ ਆਪਣੇ ਪੜ੍ਹੇ ਲਿਖੇ ਬੱਚਿਆਂ ਦਾ ਰਿਸ਼ਤਾ ਕੇਵਲ ਵਧੇਰੇ ਜ਼ਮੀਨ, ਜਾਇਦਾਦ, ਕੋਠੀ ਅਤੇ ਕਾਰ ਦੇਖ ਕੇ ਜੋੜ ਦਿੰਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਵਿਆਹ ਪਿੱਛੋਂ ਦੋਹਾਂ ਪਰਿਵਾਰਾਂ ਨੂੰ ਸੁੱਖ ਆਰਾਮ ਮਿਲਣ ਦੀ ਬਜਾਏ ਦੋਹਰੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਚੰਗੇ ਵਿਚੋਲਿਆਂ ਦੀ ਅਣਹੋਂਦ ਵਿਚ ਸਾਨੂੰ ਆਪ ਪੂਰੀ ਸਮਝਦਾਰੀ ਨਾਲ ਲੜਕੇ-ਲੜਕੀ ਦਾ ਵਿਆਹ ਕਰਨ ਸਮੇਂ ਚੰਗੀ ਜ਼ਮੀਨ, ਚੰਗੀ ਜਾਇਦਾਦ, ਚੰਗੀ ਤਨਖ਼ਾਹ ਦਾ ਪੈਕੇਜ ਅਤੇ ਆਈਲੈੱਟਸ ਦੇ ਬੈਂਡ ਦੇਖਣ ਤੋਂ ਇਲਾਵਾ ਚੰਗੇ ਵਿਚਾਰ, ਚੰਗੇ ਵਿਹਾਰ ਅਤੇ ਚੰਗੇ ਕਿਰਦਾਰ ਨੂੰ ਵੀ ਮਹੱਤਵ ਦੇਣਾ ਚਾਹੀਦਾ ਹੈ।
ਹਰਗੁਣਪ੍ਰੀਤ ਸਿੰਘ, ਪਟਿਆਲਾ
ਪੱਤਰਕਾਰੀ ਦੇ ਮਾਇਨੇ
5 ਫਰਵਰੀ ਦਾ ਸੰਪਾਦਕੀ ‘ਦੇਹ ’ਤੇ ਲਿਖੀਆਂ ਖ਼ਬਰਾਂ’ ਵਿਚ ਪੱਤਰਕਾਰੀ ਦੇ ਸਹੀ ਮਾਇਨੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਪੱਤਰਕਾਰ ਅੱਜ ਦੇ ਜਮਹੂਰੀ ਯੁੱਗ ਦਾ ਉਹ ਥੰਮ੍ਹ ਹੈ ਜਿਹੜਾ ਸਹੀ ਖ਼ਬਰ ਲੋਕਾਂ ਦੇ ਸਾਹਮਣੇ ਰੱਖ ਸਕਦਾ ਹੈ। ਉਸ ਨੂੰ ਇਹ ਫਰਜ਼ ਸੁਹਿਰਦਤਾ ਅਤੇ ਸਪੱਸ਼ਟਤਾ ਨਾਲ ਨਿਭਾਉਣਾ ਚਾਹੀਦਾ ਹੈ। ਸੰਪਾਦਕੀ ਵਿਚ ਦੱਸਿਆ ਗਿਆ ਹੈ ਕਿ ਪੱਤਰਕਾਰਾਂ ਨੂੰ ਕਈ ਵਾਰ ਹੁਕਮਰਾਨ ਜਮਾਤ ਦਾ ਜਬਰ ਵੀ ਝੱਲਣਾ ਪੈਂਦਾ ਹੈ; ਇੱਥੋਂ ਤਕ ਕਿ ਆਪਣਾ ਫਰਜ਼ ਨਿਭਾਉਂਦੇ ਹੋਏ ਗੌਰੀ ਲੰਕੇਸ਼ ਵਰਗੇ ਕਈ ਪੱਤਰਕਾਰਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਵੀ ਦੇਣੀ ਪਈ। ਮੌਜੂਦਾ ਹਾਲਾਤ ਵਿਚ ਪੱਤਰਕਾਰ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਉਸ ਲਈ ਖ਼ਤਰੇ ਵੀ ਵਧ ਜਾਂਦੇ ਹਨ।
ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ
(2)
5 ਫਰਵਰੀ ਨੂੰ ਸੰਪਾਦਕੀ ‘ਦੇਹ ’ਤੇ ਲਿਖੀਆਂ ਖ਼ਬਰਾਂ’ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਕਿਸਾਨ ਅੰਦੋਲਨ ਦੇ ਹੁਣ ਵਾਲੇ ਦੌਰ ਵਿਚ ਪੱਤਰਕਾਰਾਂ ਦਾ ਰੋਲ ਬਹੁਤ ਅਹਿਮ ਹੈ। ਇਹ ਪੜ੍ਹ ਕੇ ਚੰਗਾ ਲੱਗਾ ਕਿ ਕਿਸ ਤਰ੍ਹਾਂ ਪੱਤਰਕਾਰ ਪੂਰੀ ਲਗਨ ਅਤੇ ਮਿਹਨਤ ਨਾਲ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੱਚੀ ਪੱਤਰਕਾਰੀ ਕਰ ਰਹੇ ਪੱਤਰਕਾਰ ਉੱਤੇ ਇਸ ਤਰ੍ਹਾਂ ਦੀ ਕਾਰਵਾਈ ਨਿੰਦਣਯੋਗ ਹੈ। ਅਜਿਹੀ ਕਾਰਵਾਈ ਨਿਡਰ ਪੱਤਰਕਾਰਾਂ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਉੱਤੇ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ। ਪੱਤਰਕਾਰਾਂ ਨੂੰ ਇਸ ਤਰ੍ਹਾਂ ਰੋਕਣਾ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਨੂੰ ਬਿਆਨ ਕਰਦਾ ਹੈ।
ਜਸਕਰਨ ਸਿੰਘ, ਪਿੰਡ ਮਾਨੂੰਪੁਰ (ਫਤਿਹਗੜ੍ਹ ਸਾਹਿਬ)
ਲੋਕਰਾਜ ਕਿੱਥੇ ਹੈ?
4 ਫਰਵਰੀ ਨੂੰ ਸੰਪਾਦਕੀ ‘ਜਮਹੂਰੀਅਤ ਵਿਰੋਧੀ ਕਦਮ’ ਪੜ੍ਹਿਆ। ਕਿਸਾਨ ਮੋਰਚੇ ਨੂੰ ਰੋਕਣ ਲਈ ਸਰਕਾਰ ਜਿੰਨੇ ਘਟੀਆ ਤਰੀਕੇ ਵਰਤ ਰਹੀ ਹੈ, ਇਸ ਬਾਰੇ ਸੋਚ ਕੇ ਸਵਾਲ ਪੈਦਾ ਹੁੰਦਾ ਹੈ: ਲੋਕਰਾਜ ਕੀ ਹੁੰਦਾ ਹੈ ਅਤੇ ਹੁਣ ਕੀ ਬਣਾ ਦਿੱਤਾ ਗਿਆ ਹੈ? ਇਹ ਸ਼ਬਦ ਭਾਰਤ ਦੀਆਂ ਕਿਤਾਬਾਂ ਵਿਚ ਤਾਂ ਹੈ ਪਰ ਹਕੀਕਤ ਰੂਪ ਵਿਚ ਨਹੀਂ। ਜਦੋਂ ਕੁਝ ਹੁੱਲੜਬਾਜ਼ ਫ਼ੋਨ ਟਾਵਰਾਂ ਦੀ ਬਿਜਲੀ ਦੇ ਕੁਨੈਕਸ਼ਨ ਕੱਟਦੇ ਹਨ ਤਾਂ ਕੇਂਦਰ ਸਰਕਾਰ ਨੂੰ ਬਹੁਤ ਦੁੱਖ ਹੋਇਆ ਸੀ ਪਰ ਕਿਸਾਨ ਮੋਰਚੇ ਵਾਲੀਆਂ ਥਾਵਾਂ ’ਤੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਜੋ ਲੋਕਾਂ ਦੇ ਅਧਿਕਾਰਾਂ ਉੱਤੇ ਹਮਲਾ ਹੈ, ਇਸ ਦਾ ਜਵਾਬ ਲੋਕ ਕਿਸ ਤੋਂ ਮੰਗਣ? ਰਸਤਾ ਰੋਕਣ ਲਈ ਕਿੱਲ ਗੱਡੇ ਗਏ ਹਨ। ਅਜਿਹਾ ਕੁਝ ਤਾਂ ਵਿਦੇਸ਼ੀ ਸ਼ਾਸਕਾਂ ਨੇ ਵੀ ਨਹੀਂ ਸੀ ਕੀਤਾ। ਸਰਕਾਰ ਨੂੰ ਇਹ ਰਾਹ ਛੱਡ ਕੇ ਗੱਲਬਾਤ ਦਾ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ ਅਤੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।
ਬਲਵਿੰਦਰ ਕੌਰ, ਪਟਿਆਲਾ