ਪ੍ਰਸ਼ਾਸਨ ਦਾ ਕਠੋਰ ਰਵੱਈਆ
ਐਤਵਾਰ, 2 ਅਕਤੂਬਰ ਨੂੰ ਸ਼ੰਕਰ ਸੇਨ ਦਾ ਲੇਖ ‘ਕਾਨੂੰਨ ਲਾਗੂ ਕਰਨ ਲਈ ਗ਼ੈਰਕਾਨੂੰਨੀ ਡਾਂਗਾਂ ਦੀ ਵਰਤੋਂ’ ਲੋਕਤੰਤਰ ’ਚ ਆਮ ਲੋਕਾਂ ਲਈ ਪ੍ਰਸ਼ਾਸਨ ਦੇ ਕਠੋਰ ਰਵੱਈਏ ਦਾ ਖੁਲਾਸਾ ਕਰਦਾ ਸੀ। ਜਨਤਾ ਲਈ ਨਿਆਂ ਦੀ ਮੰਗ ਲਈ ਅੰਦੋਲਨ ਕਰਨ ਨਾਲ ਹੀ ਸੁਣਵਾਈ ਹੁੰਦੀ ਹੈ। ਪੁਲੀਸ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਹੈ। ਸਾਡੇ ਸੰਵਿਧਾਨ ਮੁਤਾਬਿਕ ਲੋਕਰਾਜ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਵੱਲੋਂ ਸ਼ਾਸਨ ਹੈ। ਦੇਸ਼ ਵਿਚ ਕਾਨੂੰਨ ਸੁਆਰਥ ਤੋਂ ਉੱਤੇ ਉੱਠ ਕੇ ਜਨਤਾ ਦੀ ਭਲਾਈ ਲਈ ਕਾਇਮ ਤੇ ਲਾਗੂ ਹੋਣੇ ਚਾਹੀਦੇ ਹਨ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)
ਸਾਂਝ ਵਾਲੀ ਲਹਿਰ ਲਾਜ਼ਮੀ
2 ਅਕਤੂਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ‘ਨਜ਼ਰੀਆ’ ਪੰਨੇ ’ਤੇ ਸਵਰਾਜਬੀਰ ਦਾ ਲੇਖ ‘… ਤੇ ਫ਼ਾਸਲੇ ਵਧਦੇ ਗਏ’ ਪੜ੍ਹਿਆ, ਚੰਗਾ ਲੱਗਿਆ। ਧਾਰਮਿਕ ਸਾਂਝ ਦਾ ਰਾਹ ਹਰ ਵਿਅਕਤੀ ਲਈ ਮੁਕਤੀ ਅਤੇ ਰੂਹਾਨੀ ਸ਼ਕਤੀ ਦਾ ਸਰੋਤ ਹੈ। ਅਜੋਕੇ ਸਮਿਆਂ ਦੀ ਧਾਰਮਿਕ ਕੱਟੜਤਾ ਵਾਲੇ ਨਾਅਰੇ ਬੁਲੰਦ ਕਰਨ ਵਾਲੇ ਸਿਆਸੀ ਹਾਕਮਾਂ ਨੇ ਪਹਿਲਾਂ ਆਉਂਦਿਆਂ ਹੀ ਮੁਲਕ ਨੂੰ ਫ਼ਿਰਕਾਪ੍ਰਸਤੀ ਦਾ ਲਾਂਬੂ ਲਾਇਆ। ਹੁਣ ਪਿੱਛੇ ਜਿਹੇ ਵੋਟ ਬੈਂਕ ਬਰਕਰਾਰ ਰੱਖਣ ਲਈ ਪੈਂਤੜਾ ਬਦਲ ਕੇ ਬਿਆਨ ਦੇਣ ਲੱਗੇ ਹਨ। ਉਂਜ, ਅੰਦਰੋਂ ਇਹ ‘ਉਹੀ’ ਰਹਿਣਗੇ ਇਹ ਜਨਤਾ ਜਾਣਦੀ ਹੈ। ਇਸ ਲੇਖ ਨੂੰ ਪੜ੍ਹ ਕੇ ਮਿਰਜ਼ਾ ਗ਼ਾਲਬਿ ਦਾ ਖ਼ਿਆਲ ਵੀ ਆਉਂਦਾ ਹੈ ਜਿਸ ਨੇ ਇਹ ਕਹਿਣ ਦੀ ਜੁਰੱਅਤ ਕੀਤੀ ‘‘ਬਾਜ਼ੀਚਾ-ਏ-ਅਤਫ਼ਾਲ ਹੈ ਦੁਨੀਆਂ ਮਿਰੇ ਆਗੇ/ ਹੋਤਾ ਹੈ ਸ਼ਬੋਰੋਜ਼ ਤਮਾਸ਼ਾ ਮਿਰੇ ਆਗੇ/ ਈਮਾਂ ਮੁਝੇ ਰੋਕੇ ਹੈ ਜੋ ਖੇਂਚੇ ਹੈ ਮੁਝੇ ਕੁਫ਼੍ਰ/ ਕਾਬਾ ਮਿਰੇ ਪੀਛੇ ਹੈ ਕਲੀਸਾ ਮਿਰੇ ਆਗੇ।’’ ਸੂਫ਼ੀ ਸ਼ਾਇਰਾਂ ਤੇ ਭਗਤੀ ਲਹਿਰ ਦੇ ਕਵੀਆਂ ਦੀ ਸੋਚ ਦੀ ਖ਼ੁਸ਼ਬੂ ਅਤੇ ਲੋਅ ਹਰ ਸਮਾਜ ਦੀ ਸਿਹਤ ਲਈ ਜ਼ਰੂਰੀ ਹੈ। ਅਜਿਹੀ ਗ਼ੈਰ-ਧਾਰਮਿਕ ਪਰ ਸੱਭਿਆਚਾਰਕ ਸਾਂਝ ਵਾਲੀ ਲਹਿਰ ਸਮੇਂ ਦੀ ਫ਼ੌਰੀ ਮੰਗ ਹੈ।
ਕਮਲੇਸ਼ ਉੱਪਲ, ਪਟਿਆਲਾ
ਅੰਦੋਲਨ ਦਾ ਵਿਸ਼ਲੇਸ਼ਣ
ਐਤਵਾਰ, 25 ਸਤੰਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਸਵਰਾਜਬੀਰ ਦਾ ਲੇਖ ‘ਅਵੱਲੜੇ ਦਰਦ ਲਬਿਾਸ ਦੇ’ ਭਾਰਤ ਵਿਚ ਕਰਨਾਟਕ ਦੇ ਸਕੂਲਾਂ ਵਿਚ ਹਿਜਾਬ ਪਾਉਣ ਅਤੇ ਇਰਾਨ ਵਿਚ ਔਰਤਾਂ ਵੱਲੋਂ ਹਿਜਾਬ ਨਾ ਪਾਉਣ ਦੇ ਅੰਦੋਲਨ ਦਾ ਵਿਸ਼ਲੇਸ਼ਣ ਕਰਨ ਵਾਲਾ ਸੀ। ਸਰਕਾਰੀ ਪੱਖ ਮੁਤਾਬਿਕ ਕਰਨਾਟਕ ਸਰਕਾਰ ਦਾ ਉਦੇਸ਼ ਔਰਤਾਂ ਨੂੰ ਮਰਦਾਂ ਦੇ ਦਮਨ ਤੋਂ ਬਚਾਉਣਾ ਅਤੇ ਇਰਾਨ ਵਿਚ ਸਰਕਾਰ ਦੁਆਰਾ ਔਰਤਾਂ ਨੂੰ ਪੱਛਮੀ ਸਭਿਅਤਾ ਤੋਂ ਬਚਾਉਣਾ ਹੈ। ਇਹ ਵਿਡੰਬਨਾ ਹੈ ਕਿ ਔਰਤਾਂ ਨੂੰ ਪੁਸ਼ਾਕ ਪਾਉਣ ਦੀ ਸੁਤੰਤਰਤਾ ਨਹੀਂ। ਉਹ ਧਾਰਮਿਕ ਕੱਟੜਤਾ ਦਾ ਸ਼ਿਕਾਰ ਹਨ। ਇੱਥੇ ਇਹ ਕਹਿਣਾ ਫਜ਼ੂਲ ਨਹੀਂ ਹੋਵੇਗਾ ਕਿ ਬਹੁਤ ਸਾਰੇ ਇਸਲਾਮੀ ਦੇਸ਼ਾਂ ਵਿਚ ਔਰਤਾਂ ਵਾਸਤੇ ਹਿਜਾਬ ਜ਼ਰੂਰੀ ਨਹੀਂ। ਜੇਕਰ ਧਾਰਮਿਕ ਕੱਟੜਤਾ ਮਜਬੂਰ ਨਾ ਕਰੇ ਤਾਂ ਬਹੁਤ ਸਾਰੀਆਂ ਔਰਤਾਂ ਹਿਜਾਬ ਪਾਉਣ ਹੀ ਨਾ। ਕਿਸੇ ਜ਼ਮਾਨੇ ਅਫ਼ਗ਼ਾਨਿਸਤਾਨ, ਇਰਾਨ, ਤੁਰਕੀ ਆਦਿ ਦੇਸ਼ਾਂ ਵਿਚ ਔਰਤਾਂ ਬਿਨਾਂ ਬੁਰਕੇ ਦੇ ਪੱਛਮੀ ਦੇਸ਼ਾਂ ਦੀ ਤਰ੍ਹਾਂ ਫੈਸ਼ਨ ਕਰਦੀਆਂ ਸਨ। ਦਰਅਸਲ, ਔਰਤ ਨੂੰ ਲਬਿਾਸ ਦੇ ਨਾਲ ਨਾਲ ਹਰ ਤਰ੍ਹਾਂ ਦੀ ਚੋਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤਾਂ ਹੀ ਅਸਲੀ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ।
ਪ੍ਰੋਫੈਸਰ ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)
ਸੋਚਣ ਦਾ ਵਿਸ਼ਾ
ਐਤਵਾਰ, 2 ਅਕਤੂਬਰ ਨੂੰ ‘ਦਸਤਕ’ ਅੰਕ ਵਿਚ ਛਪਿਆ ਭਗਵਾਨ ਜੋਸ਼ ਦਾ ਲੇਖ ‘ਕਵਿਤਾ ਕ੍ਰਿਸ਼ਨਨ: ਅੱਧੇ ਅਧੂਰੇ ਸਵਾਲ ਜਾਂ ਸੰਪੂਰਨ ਪੁਨਰ ਮੁਲਾਂਕਣ’ ਪੜ੍ਹਿਆ, ਜਾਣਕਾਰੀ ਭਰਪੂਰ ਸੀ। ਕਵਿਤਾ ਕ੍ਰਿਸ਼ਨਨ ਜਿਹੇ ਸੂਝਵਾਨ ਵਿਅਕਤੀ ਵੱਲੋਂ ਆਪਣੇ ਅਸਤੀਫ਼ੇ ਪ੍ਰਤੀ ਦਰਸਾਏ ਖ਼ਿਆਲ ਹਰ ਮਨੁੱਖ ਲਈ ਸੋਚਣ ਦਾ ਵਿਸ਼ਾ ਹਨ। ਅਜੋਕਾ ਸਮਾਂ ਬੜੀਆਂ ਗੁੰਝਲਾਂ ਸੁਲਝਾਉਣ ਦੀ ਮੰਗ ਕਰਦਾ ਹੈ। ਕੱਟੜਵਾਦ ਦੇ ਤਿੱਖੇ ਵਾ-ਵਰੋਲੇ ਸਮਾਜਿਕ ਢਾਂਚੇ ਨੂੰ ਹਰ ਪੱਖ ਤੋਂ ਕਮਜ਼ੋਰ ਬਣਾਉਂਦੇ ਹਨ ਅਤੇ ਜਮਹੂੁਰੀ ਢਾਂਚੇ ਦੇ ਅੱਗੇ ਵਧਣ ਵਿਚ ਅੜਿੱਕਾ ਬਣਦੇ ਹਨ। ਕਵਿਤਾ ਕ੍ਰਿਸ਼ਨਨ ਦਾ ਵਿਚਾਰ ਸੌ ਫ਼ੀਸਦੀ ਵਜ਼ਨਦਾਰ ਹੈ ਕਿ ਸਾਰੀਆਂ ਸੋਚਾਂ ’ਤੇ ਖੁੱਲ੍ਹੀ ਬਹਿਸ ਹੋਣੀ ਚਾਹੀਦੀ ਹੈ। ਖੁੱਲ੍ਹੀ ਬਹਿਸ ਤੋਂ ਬਿਨਾਂ ਹਰ ਵਿਚਾਰ ਕੱਟੜਵਾਦ ਹੀ ਬਣ ਕੇ ਰਹਿ ਜਾਂਦਾ ਹੈ।
ਨਰਿੰਦਰ ਸਿੰਘ ਮਾਨਸ਼ਾਹੀਆ