ਚਰਚਾ ਦਾ ਵਿਸ਼ਾ
ਐਤਵਾਰ, 16 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਪੜ੍ਹਿਆ ਰਾਮਚੰਦਰ ਗੁਹਾ ਦਾ ਲੇਖ ‘ਅਜ਼ਾਦ ਸੋਚ ਤੋਂ ਕੌਣ ਡਰਦਾ ਹੈ’ ਚੰਗਾ ਲੱਗਿਆ। ਲੇਖਕ ਦੱਸਦਾ ਹੈ ਕਿ ਸਰਕਾਰਾਂ ’ਚ ਬੈਠੇ ਪੇਤਲੀ ਬੁੱਧੀ ਵਾਲੇ ਲੋਕ ਕਦੇ ਵੀ ਲਿਆਕਤ, ਬੁੱਧੀ, ਤੀਖਣਤਾ ਨੂੰ ਨੇੜੇ ਨਹੀਂ ਫਟਕਣ ਦਿੰਦੇ। ਦੇਸ਼ ਦੇ ਚੋਟੀ ਦੇ ਸਿੱਖਿਆ ਅਦਾਰਿਆਂ ਤੋਂ ਸਰਕਾਰਾਂ ਨੂੰ ਕਿਸ ਗੱਲ ਦਾ ਖ਼ਤਰਾ ਹੈ? ਵੱਡੇ-ਵੱਡੇ ਅਹੁਦੇ ਕਿਉਂ ਖਾਲੀ ਰੱਖੇ ਜਾ ਰਹੇ ਹਨ? ਮੰਤਰੀ ਪਦ ਦਾ ਇਕ ਅਹੁਦਾ ਖਾਲੀ ਹੋ ਜਾਵੇ ਤਾਂ ਅੱਧੀ ਰਾਤ ਨੂੰ ਉੱਠ ਕੇ ਭਰ ਲਿਆ ਜਾਂਦਾ ਹੈ। ਬੌਧਿਕ ਅਜ਼ਾਦੀ, ਬੋਲਣ ਦਾ, ਲਿਖਣ ਦਾ ਅਧਿਕਾਰ ਹੌਲੀ-ਹੌਲੀ ਕਰ ਕੇ ਕਿਉਂ ਖੋਹਿਆ ਜਾ ਰਿਹਾ ਹੈ? ਅੱਗੇ ਵਧਣ ਦੀ ਬਜਾਏ ਕਿਤੇ ਅਸੀਂ ਪਿਛਲਖੁਰੀਂ ਤਾਂ ਨਹੀਂ ਹੋ ਗਏ? ਬੌਧਿਕਤਾ ਦੇ ਆਸੇ-ਪਾਸੇ ਸੰਕੀਰਣਤਾ ਦੀਆਂ ਵਲਗਣਾਂ ਕਿਉਂ ਕੀਤੀਆਂ ਜਾ ਰਹੀਆਂ ਹਨ? ਚੰਗੇ-ਚੰਗੇ ਸਿੱਖਿਅਕਾਂ ਨੂੰ ਕਿਉਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ? ਆਖ਼ਰ ਮਲੀਨ ਬੁੱਧੀ ਵਾਲੇ ਦੇਸ਼ ਨੂੰ ਕਿੱਥੇ ਲੈ ਜਾਣਗੇ। ਰਾਮਚੰਦਰ ਗੁਹਾ ਨੇ ਜੋ ਨੁਕਤੇ ਉਠਾਏ ਹਨ ਉਨ੍ਹਾਂ ਦੀ ਥਾਂ-ਥਾਂ ਚਰਚਾ ਹੋਣੀ ਚਾਹੀਦੀ ਹੈ।
ਡਾ. ਰਾਜਬਿੰਦਰ ਸਿੰਘ ਸੂਰੇਵਾਲੀਆ, ਈ-ਮੇਲ
ਪੰਜਾਬੀ ’ਚ ਵਿਗਿਆਨਕ ਵਾਰਤਕ
ਐਤਵਾਰ, 9 ਅਕਤੂਬਰ ਨੂੰ ਪ੍ਰੋ. ਅਰਵਿੰਦ ਦਾ ਪ੍ਰਕਾਸ਼ਿਤ ਲੇਖ ‘ਸੂਖ਼ਮ ਦੀ ਦੁਨੀਆਂ ਦੇ ਰਹੱਸਮਈ ਪਹਿਲੂ’ ਪੰਜਾਬੀ ਵਿਗਿਆਨਕ ਵਾਰਤਕ ਦੇ ਵਿਕਾਸ ਦੀਆਂ ਨਵੀਆਂ ਸੰਭਾਨਾਵਾਂ ਪੈਦਾ ਕਰਦਾ ਹੈ। ਲੇਖ ਅਧੀਨ ਪ੍ਰੋ. ਅਰਵਿੰਦ ਨੇ ਕੁਆਂਟਮ ਭੌਤਿਕ ਵਿਗਿਆਨ ਨਾਲ ਸਬੰਧਿਤ ਖੋਜ ਦੇ ਇਤਿਹਾਸਕ ਬਿਰਤਾਂਤ ਨੂੰ ਪੇਸ਼ ਕੀਤਾ ਹੈ। ਵਿਗਿਆਨੀਆਂ ਦੀਆਂ ਖੋਜਾਂ ਦੇ ਸਿੱਟਿਆਂ ਨੂੰ ਰੌਚਕਤਾ ਨਾਲ ਪ੍ਰਗਟਾਉਂਦਿਆਂ ਵਿਗਿਆਨਕ ਸੰਕਲਪਾਂ/ਸਿਧਾਂਤਾਂ ਨੂੰ ਸਰਲਤਾ ਨਾਲ ਸਮਝਾਇਆ ਗਿਆ ਹੈ। ਵਿਗਿਆਨਕ ਪਦਾਂ ਅਤੇ ਸ਼ਬਦਾਵਲੀ ਨੂੰ ਸਿੱਧੇ ਰੂਪ ਵਿਚ ਵਰਤਿਆ ਗਿਆ ਹੈ ਜਿਸ ਨਾਲ ਪਾਠਕਾਂ ਅੰਦਰ ਵਿਗਿਆਨਕ ਚੇਤਨਾ ਦੀ ਉਸਾਰੀ ਹੁੰਦੀ ਹੈ। ਵਿਗਿਆਨਕ ਸਿਧਾਂਤ/ਸੰਕਲਪ ਨੂੰ ਸਪੱਸ਼ਟ ਕਰਨ ਲਈ ਪੰਜਾਬੀ ਸੱਭਿਆਚਾਰ ’ਚੋਂ ਸੰਵਾਦ ਰਚਾਏ ਗਏ ਹਨ। ਪੰਜਾਬੀ ਮੁਹਾਂਦਰੇ ਦੇ ਅਨੁਕੂਲ ਸ਼ਬਦਾਵਲੀ ਅਤੇ ਵਾਕ ਬਣਤਰਾਂ ਰਾਹੀਂ ਪ੍ਰੋ. ਅਰਵਿੰਦ ਨੇ ਵਿਸ਼ੇ ਨੂੰ ਸੰਜਮ ਨਾਲ ਨਿਭਾਇਆ ਹੈ। ਵਿਗਿਆਨਕ ਪਾਸਾਰਾਂ ਨੂੰ ਕੇਂਦਰ ਵਿਚ ਰੱਖਦਿਆਂ ਵਿਗਿਆਨ ਦੀ ਖੋਜ ਪ੍ਰਤੀ ਅਜਿਹੀ ਵਾਰਤਕ ਮਹੱਤਵਪੂਰਨ ਸਿੱਧ ਹੁੰਦੀ ਹੈ। ਭੌਤਿਕ ਵਿਗਿਆਨ ਵਿਸ਼ੇ ਦੀ ਸਪੱਸ਼ਟਤਾ ਅਤੇ ਠੇਠ ਪੰਜਾਬੀ ਮੁਹਾਂਦਰੇ ਅਨੁਸਾਰ ਪੇਸ਼ਕਾਰੀ ਰਾਹੀਂ ਪ੍ਰੋ. ਅਰਵਿੰਦ ਦੀ ਪੰਜਾਬੀ ਵਿਗਿਆਨਕ ਵਾਰਤਕ ਵਿਲੱਖਣ ਸ਼ੈਲੀ ਦੀ ਧਾਰਨੀ ਸਿੱਧ ਹੁੰਦੀ ਹੈ।
ਡਾ. ਨਵਿੰਦਰ ਸਿੰਘ ਪੰਧੇਰ, ਧੂਰੀ (ਸੰਗਰੂਰ)