ਅਣਖੀਲਾ ਤੇ ਬੀਬਾ ਗਾਇਕ
27 ਫਰਵਰੀ ਦੇ ਅੰਕ ਵਿਚ ਗੁਰਭਜਨ ਗਿੱਲ ਵੱਲੋਂ ਅਮਰਜੀਤ ਗੁਰਦਾਸਪੁਰੀ ਬਾਰੇ ਲਿਖੀ ਰਚਨਾ ਪੜ੍ਹ ਕੇ ਉਨ੍ਹਾਂ ਬਾਰੇ ਬੜਾ ਕੁਝ, ਜੋ ਪਹਿਲਾਂ ਪਤਾ ਨਹੀਂ ਸੀ, ਪਤਾ ਲੱਗਿਆ। ਅਮਰਜੀਤ ਗੁਰਦਾਸਪੁਰੀ ਜਿੱਥੇ ਗਲੇ ਪੱਖੋਂ ਬਹੁਤ ਹੀ ਸੁਰੀਲੇ ਗਾਇਕ ਸਨ, ਉੱਥੇ ਉਹ ਸਮਾਜ ਸੇਵੀ ਅਤੇ ਸੱਚੀ-ਸੁੱਚੀ ਭਾਵਨਾ ਦੇ ਮੁੱਦਈ ਹਰਮਨ ਪਿਆਰੇ, ਲੋਕਾਂ ਦੇ ਚਹੇਤੇ ਸਨ।
ਅਮਰਜੀਤ ਮੱਟੂ, ਭਰੂਰ (ਸੰਗਰੂਰ)
ਪੰਜਾਬੀ ਸਮਾਜ ਦੀ ਅਸਲ ਤਸਵੀਰ
20 ਫਰਵਰੀ ਦੇ ਸੰਪਾਦਕੀ ਲੇਖ ਵਿਚ ਸਮਾਜਿਕ ਜੀਵਨ ਸੰਗੀਤ ਦੀ ਜੋ ਬਾਤ ਪਾਈ ਗਈ ਹੈ, ਉਹ ਅਸਲੋਂ ਹੀ ਸਾਡੇ ਪੰਜਾਬੀ ਸਮਾਜ ਦੀ ਮੂੰਹ ਬੋਲਦੀ ਤਸਵੀਰ ਹੈ। ਦੁਨੀਆ ਵਿਚ ਵਖ ਵੱਖ ਵਿਚਾਰਧਾਰਾਵਾਂ ਪ੍ਰਚਲਿਤ ਹਨ ਤੇ ਉਨ੍ਹਾਂ ਨੂੰ ਮੰਨਣ ਵਾਲੇ ਆਪੋ ਆਪਣੀ ਵਿਚਾਰਧਾਰਾ ਨੂੰ ਸਰਬੋਤਮ ਮੰਨਦੇ ਹਨ ਤੇ ਬਾਕੀਆਂ ਨੂੰ ਉਸ ਤੋਂ ਥੱਲੇ। ਕਿਸੇ ਵੀ ਧਰਮ ਨੂੰ ਮੰਨਣਾ ਜਾਂ ਧਾਰਮਿਕ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਧਾਰਮਿਕ ਕੱਟੜਤਾ ਗ਼ਲਤ ਹੈ। ਇਸੇ ਤਰ੍ਹਾਂ ਕਿਸੇ ਵੀ ਵਿਚਾਰਧਾਰਾ ਦੀਆਂ ਦੋ ਚਾਰ ਪੁਸਤਕਾਂ ਪੜ੍ਹ ਕੇ ਉਸੇ ਲੀਹ ’ਤੇ ਚੱਲੀ ਜਾਣਾ ਤੇ ਆਪਣੇ ਦਿਮਾਗ਼ ਦੇ ਦਰਵਾਜ਼ੇ ਬੰਦ ਕਰ ਲੈਣਾ ਵੀ ਕੱਟੜਵਾਦੀ ਸੋਚ ਹੀ ਹੈ ਜਿਸ ਤੋਂ ਬਚਣ ਦੀ ਲੋੜ ਹੈ। ਸੈਂਕੜੇ ਸਾਲ ਪਹਿਲਾਂ ਕਿਸੇ ਸਿਧਾਂਤਕਾਰ ਦੀਆਂ ਕਹੀਆਂ ਗੱਲਾਂ ਜਾਂ ਦਿੱਤੇ ਸੁਝਾਅ ਉਸ ਸਮੇਂ ਤੇ ਸਥਾਨ ਜਾਂ ਖਿੱਤੇ ਲਈ ਤਾਂ ਲਾਹੇਵੰਦ ਹੋ ਸਕਦੇ ਹਨ, ਪਰ ਉਨ੍ਹਾਂ ਹੀ ਸਿਧਾਂਤਾਂ ਨੂੰ ਮੌਜੂਦਾ ਸਮੇਂ ਅਤੇ ਉਨ੍ਹਾਂ ਧਰਤੀਆਂ (ਜਿੱਥੇ ਉਹ ਪੈਦਾ ਹੋਏ) ਤੋਂ ਹਜ਼ਾਰਾਂ ਮੀਲ ਦੂਰ ਅੱਜ ਦੇ ਪੰਜਾਬ ਵਿੱਚ ਇੰਨ-ਬਿੰਨ ਲਾਗੂ ਕਰਨਾ ਬਹੁਤ ਔਖਾ ਹੈ ਸੱਚ ਹੈ ਕਿ ਸਮਾਜਿਕ ਜੀਵਨ ਸੰਗੀਤ ਨੂੰ ਸੁਣੇ ਬਿਨਾਂ ਪੰਜਾਬ ਦੀ ਆਤਮਾ ਤੱਕ ਪਹੁੰਚਿਆ ਨਹੀਂ ਜਾ ਸਕਦਾ।
ਅਮਰਜੀਤ ਸਿੰਘ ਜੰਜੂਆ, ਈ-ਮੇਲ
ਔਰਤਾਂ ਦੇ ਹੱਕ ਦੀ ਆਵਾਜ਼
ਐਤਵਾਰ, 6 ਮਾਰਚ ਦੇ ‘ਦਸਤਕ’ ਅੰਕ ਵਿਚ ਗੌਰਵੀ ਸ਼ਰਮਾ ਦੀ ਰਚਨਾ ‘ਔਰਤ ਦੀ ਮਰਜ਼ੀ ਦਾ ਸਮਾਜਿਕ ਸੰਦਰਭ’ ਪੜ੍ਹੀ, ਕਾਬਲੇ ਗ਼ੌਰ ਸੀ। ਦਹੇਜ ਦੀ ਮਾੜੀ ਪ੍ਰਥਾ ਅਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਜਿਹੇ ਅਪਰਾਧਾਂ ਦੇ ਚੱਲਦਿਆਂ ਦੇਸ਼ ਦੀ ਨਾਰੀ ਦੀ ਵੇਦਨਾ ਚਿੰਤਾ ਦਾ ਵਿਸ਼ਾ ਹੈ। ਕੌਮਾਂਤਰੀ ਮਹਿਲਾ ਦਿਵਸ ਮੌਕੇ ਸਮਾਗਮਾਂ ਦਾ ਪ੍ਰਬੰਧ, ਭਾਸ਼ਨ ਅਤੇ ਪ੍ਰਚਾਰ ਕਰਨ ਨਾਲ ਹੀ ਔਰਤਾਂ ਦਾ ਭਲਾ ਨਹੀਂ ਹੋਵੇਗਾ ਸਗੋਂ ਉਨ੍ਹਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਕੇ ਅਤੇ ਆਰਥਿਕ ਨਾ-ਬਰਾਬਰੀ ਦੂਰ ਕਰ ਕੇ ਹੀ ਔਰਤਾਂ ਦੇ ਸ਼ਕਤੀਕਰਨ ਵੱਲ ਵਧਿਆ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵੱਲੋਂ ਔਰਤਾਂ ਨੂੰ ਪੈਰ ਦੀ ਜੁੱਤੀ ਕਹਿਣ ’ਤੇ ਵਿਰੋਧ ਕੀਤਾ। ਉਨ੍ਹਾਂ ਨੇ ਲਤਾੜੀ ਤੇ ਦੁਰਕਾਰੀ ਜਾ ਰਹੀ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਅੱਜ ਦੇ ਸਮੇਂ ਵਿਚ ਸਰਕਾਰਾਂ ਤੇ ਪੂਰੇ ਸਮਾਜ ਨੂੰ ਔਰਤਾਂ ਦੀ ਬਰਾਬਰੀ ਤੇ ਮਜ਼ਬੂਤੀ ਦਾ ਸੰਕਲਪ ਲੈਣਾ ਚਾਹੀਦਾ ਹੈ। ਫਿਰ ਹੀ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਕੋਈ ਫ਼ਾਇਦਾ ਹੋ ਸਕੇਗਾ।
ਗੁਰਮੀਤ ਸਿੰਘ ਵੇਰਕਾ, ਈ-ਮੇਲ