ਸ਼ਲਾਘਾਯੋਗ ਉੱਦਮ
ਐਤਵਾਰ ਦੇ ‘ਦਸਤਕ’ ਅੰਕ ਵਿਚ ਡਾ. ਸੁਰਿੰਦਰਪਾਲ ਸਿੰਘ ਕੈਂਥ ਦਾ ਲੇਖ ‘ਪਾਈ ਨਾਲ ਇਤਿਹਾਸਕ ਮੁਲਾਕਾਤ’ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ। ਲੇਖਕ ਪੰਜਾਬੀ ਵਿਚ ਇਹ ਲੇਖ ਲਿਖਣ ਲਈ ਵਧਾਈ ਦਾ ਪਾਤਰ ਹੈ। ‘ਪੰਜਾਬੀ ਟ੍ਰਿਬਿਊਨ’ ਦਾ ਇਸ ਤਰ੍ਹਾਂ ਦੇ ਲੇਖ ਛਾਪਣ ਦਾ ਉੱਦਮ ਸ਼ਲਾਘਾਯੋਗ ਹੈ। ਪਾਠਕਾਂ ਤੇ ਖ਼ਾਸਕਰ ਵਿਦਿਆਰਥੀ ਪਾਠਕਾਂ ਨੇ ਇਸ ਲੇਖ ਵਿਚੋਂ ਬਹੁਤ ਕੁਝ ਸਿੱਖਿਆ ਹੋਵੇਗਾ। ਇਕ ਪਾਸੇ ਪਾਈ ਦੇ ਰਹੱਸਮਈ ਕਿਰਦਾਰ ਦੀ ਕਹਾਣੀ ਸੁਰਿੰਦਰਪਾਲ ਸਿੰਘ ਨੇ ਆਸਾਨ ਸ਼ਬਦਾਂ ਵਿਚ ਦੱਸੀ ਹੈ ਤੇ ਦੂਸਰੇ ਪਾਸੇ ਕਈ ਗੁੰਝਲਦਾਰ ਪੱਖ ਵੀ ਪਾਠਕਾਂ ਨਾਲ ਬਾਖ਼ੂਬੀ ਸਾਂਝੇ ਕੀਤੇ ਹਨ। ਮੇਰੇ ਮਿੱਤਰ, ਕੰਪਿਊਟਰ ਸਾਇੰਸ ਦੇ ਪ੍ਰੋਫ਼ੈਸਰ ਡਾ. ਬਾਵਾ ਨੇ ਇਸ ਲੇਖ ਬਾਰੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਇਕ ਖੋਜ ਵਿਦਿਆਰਥੀ ਦੇ ਕੰਪਿਊਟਰ ਸਿਮੂਲੇਸ਼ਨ ਦੇ ਨਤੀਜਿਆਂ ਵਿਚ ਪਾਈ ਦਾ ਮੁੱਲ 22/7 ਦੀ ਬਜਾਇ arccos (-1) ਕਰਨ ਨਾਲ ਚੋਖਾ ਸੁਧਾਰ ਹੋਇਆ। ਪਾਈ ਦਾ irrational ਸਰੂਪ ਅਤੇ ਇਸ ਸਰੂਪ ਦਾ ਕਿਸੇ ਗਿਣਤੀ ਸਿਸਟਮ ’ਤੇ ਨਿਰਭਰ ਹੋਣ ਦੀ ਬਜਾਏ ਸਾਡੀ ਕਾਇਨਾਤ ਦਾ ਇਕ ਗੁਣ ਹੋਣਾ ਇਕ ਡੂੂੰਘਾ ਰਹੱਸ ਹੈ ਤੇ ਇਹ ਲੇਖ ਪਾਠਕ ਦੀ ਜਗਿਆਸਾ ਇਸ ਵਿਸ਼ੇ ਵੱਲ ਲੈ ਕੇ ਜਾਂਦਾ ਹੈ। ਇਸ ਤਰ੍ਹਾਂ ਦੇ ਵਿਗਿਆਨਕ ਵਿਸ਼ਿਆਂ ’ਤੇ ਲੇਖ ਛਾਪਦੇ ਰਹੋ ਤਾਂ ਜੋ ਪੰਜਾਬੀ ਵਿਚ ਇਨ੍ਹਾਂ ਵਿਸ਼ਿਆਂ ’ਤੇ ਲਿਖਣ ਲਿਖਾਉਣ ਦਾ ਸਭਿਆਚਾਰ ਵਿਕਸਤ ਹੋਵੇ।
ਅਰਵਿੰਦ (ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ)
(2)
13 ਮਾਰਚ ਨੂੰ ਡਾ. ਸੁਰਿੰਦਰ ਪਾਲ ਸਿੰਘ ਦਾ ਲੇਖ ‘ਪਾਈ ਨਾਲ ਇਤਿਹਾਸਕ ਮੁਲਾਕਾਤ’ ਪੜ੍ਹ ਕੇ ਬਹੁਤ ਚੰਗਾ ਲੱਗਿਆ। ਲੇਖਕ ਨੇ ਗਣਿਤ ਜਿਹੇ ਨੀਰਸ ਮੰਨੇ ਜਾਂਦੇ ਵਿਸ਼ੇ ਨੂੰ ਬਹੁਤ ਵੱਖਰੇ ਅਤੇ ਰੌਚਕ ਤਰੀਕੇ ਨਾਲ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ ਜਿਸ ਦੀ ਦਾਦ ਦੇਣੀ ਬਣਦੀ ਹੈ। ਕਲਾਤਮਕ ਰੂਪ ਵਿਚ ਉਹ ਪਾਈ ਦੀ ਪੂਰੀ ਕਹਾਣੀ ਕਹਿ ਗਏ ਅਤੇ ਕਿਤੇ ਨੀਰਸ ਵੀ ਮਹਿਸੂਸ ਨਹੀਂ ਹੋਣ ਦਿੱਤਾ।
ਹਰਜੀਤ ਸਿੰਘ, ਵਿਗਿਆਨੀ-ਇਸਰੋ, ਕੇਰਲਾ
ਸਿਆਸੀ ਅਸਫ਼ਲਤਾ ਦਾ ਕਾਰਨ
13 ਮਾਰਚ ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਰਾਮਚੰਦਰ ਗੁਹਾ ਦਾ ਲੇਖ ‘ਸਿਆਸੀ ਸਫ਼ਲਤਾ ਅਤੇ ਅਸਫ਼ਲਤਾ ਦੇ ਪਾਸਾਰ’ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸ਼ਰਮਨਾਕ ਹਾਰ ਅਤੇ ਰਾਸ਼ਟਰੀ ਸਤਰ ’ਤੇ ਇਸ ਦੇ ਨਿਘਾਰ ਵਿਚ ਜਾਣ ਦਾ ਵਿਸ਼ਲੇਸ਼ਣ ਕਰਨ ਵਾਲਾ ਸੀ। ਉਹ ਪਾਰਟੀ ਜਿਸ ਨੇ ਦੇਸ਼ ਆਜ਼ਾਦ ਕਰਵਾਉਣ ਵਾਸਤੇ ਬਹੁਤ ਵੱਡੀ ਭੂਮਿਕਾ ਨਿਭਾਈ ਹੋਵੇ ਅਤੇ ਦੇਸ਼ ਵਿਚ 2014 ਤੱਕ ਸ਼ਾਨਦਾਰ ਹਕੂਮਤ ਕੀਤੀ ਹੋਵੇ ਉਸ ਦੀ ਦੁਰਗਤੀ ਦੇਖ ਕੇ ਤਰਸ ਆਉਂਦਾ ਹੈ। ਅਸਲ ਵਿਚ ਜਦ ਤਕ ਕਾਂਗਰਸ ਨਹਿਰੂ ਗਾਂਧੀ ਪਰਿਵਾਰ ਦੇ ਸ਼ਿਕੰਜੇ ਤੋਂ ਆਜ਼ਾਦ ਨਹੀਂ ਹੁੰਦੀ; ਇਸ ਨੂੰ ਯੋਗ ਅਤੇ ਨਿਰਪੱਖ ਲੀਡਰਸ਼ਿਪ ਨਹੀਂ ਮਿਲਦੀ; ਪਾਰਟੀ ਵਿਚ ਆਪਸੀ ਫੁੱਟ ਖ਼ਤਮ ਨਹੀਂ ਹੁੰਦੀ; ਓਨਾ ਚਿਰ ਇਹ ਪਾਰਟੀ ਮੁੜ ਪੈਰਾਂ ਸਿਰ ਨਹੀਂ ਹੋ ਸਕਦੀ।
ਪ੍ਰੋਫੈਸਰ ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)
ਰਹਿਨੁਮਾਈ ਦਾ ਸੂਤਰ
ਐਤਵਾਰ, 13 ਮਾਰਚ ਦੇ ਸੰਪਾਦਕੀ ਲੇਖ ‘ਜਿੱਤ ਦੇ ਮਾਅਨੇ ਅਤੇ ਜ਼ਿੰਮੇਵਾਰੀਆਂ’ ਵਿਚ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਦੇ ਸੁਚੱਜੇ ਮੁਸਤਕਬਿਲ ਦੀ ਸਿਰਜਣਾ ਬਾਬਤ ਨਿੱਠ ਕੇ ਜਾਣਕਾਰੀ ਭਰਪੂਰ ਵਿਵੇਚਨ ਕੀਤਾ ਗਿਆ ਹੈ। ਨਵੀਂ ਸਰਕਾਰ ਲਈ ਪੰਜਾਬੀਆਂ ਦੇ ਅਜ਼ੀਮ ਪੱਖ ਸ੍ਵੈਮਾਣ ਨੂੰ ਬਹਾਲ ਰੱਖਣਾ ਇਕ ਵੱਡੀ ਵੰਗਾਰ ਹੈ।
ਡਾ. ਪੰਨਾ ਲਾਲ ਮੁਸਤਫ਼ਾਬਾਦੀ ਅਤੇ ਕਸ਼ਮੀਰ ਘੇਸਲ਼, ਚੰਡੀਗੜ੍ਹ