ਲੇਖ ਤੇ ਸਿਰਲੇਖ ਬੇਮੇਲ
22 ਮਈ ਦੇ ‘ਦਸਤਕ’ ਵਿਚ ਫ਼ਰੀਦਕੋਟ ਬਾਰੇ ਡਾ. ਸੁਭਾਸ਼ ਪਰਿਹਾਰ ਦਾ ਲੇਖ ‘ਰਾਜਾ ਮੋਕਲਦੇਵ ਦੀ ਨਗਰੀ’ ਪੜ੍ਹਿਆ। ਇਹ ਲੇਖ ਇਤਿਹਾਸ ਦੇ ਪ੍ਰਸੰਗ ਵਿਚ ਕਾਫ਼ੀ ਅਹਿਮ ਹੈ, ਪਰ ਲੇਖ ਦਾ ਸਿਰਲੇਖ, ਲੇਖ ਵਿਚਲੀ ਸਮੱਗਰੀ ਨਾਲ ਮੇਲ ਨਹੀਂ ਖਾਂਦਾ। ਚੌਥੇ ਪੈਰ੍ਹੇ ਵਿਚ ਲੇਖਕ ਨੇ ਇਸ ਘਟਨਾ ਨੂੰ ਦੰਦ ਕਥਾ ਦੇ ਆਧਾਰ ’ਤੇ ਪੇਸ਼ ਕੀਤਾ ਹੈ ਅਤੇ ਨਾਲ ਹੀ ਲੇਖਕ ਇਸ ਨੂੰ ਸਹੀ ਨਹੀਂ ਮੰਨਦਾ। ਲੇਖਕ ਦੀ ਦਲੀਲ ਹੈ ਕਿ ਫ਼ਰੀਦਕੋਟ ਦਾ ਹਵਾਲਾ ਉਨ੍ਹੀਵੀਂ ਸਦੀ ਤੋਂ ਪਹਿਲਾਂ ਨਹੀਂ ਮਿਲਦਾ। ਕਮਾਲ ਦੀ ਗੱਲ ਤਾਂ ਇਹ ਹੈ ਕਿ ਜ਼ਿਲ੍ਹਾ ਫ਼ਰੀਦਕੋਟ ਦੀ ਅਧਿਕਾਰਤ ਸਰਕਾਰੀ ਵੈੱਬਸਾਈਟ ਉੱਤੇ ਵੀ ਫ਼ਰੀਦਕੋਟ ਦੇ ਇਤਿਹਾਸ ਬਾਰੇ ਇਸੇ ਦੰਦ ਕਥਾ ਨੂੰ ਹੀ ਆਧਾਰ ਬਣਾਇਆ ਗਿਆ ਹੈ। ਮਾਣਨ ਵਾਲੀ ਗੱਲ ਇਹ ਹੈ ਕਿ ਪੰਜਾਬੀ ਕਵਿਤਾ ਦੇ ਪਹਿਲੇ ਪ੍ਰਮਾਣਿਕ ਕਵੀ ਤੇ ਸੰਤ, ਬਾਬਾ ਫ਼ਰੀਦ ਦੇ ਨਾਂ ’ਤੇ ਫ਼ਰੀਦਕੋਟ ਦਾ ਨਾਂ ਪ੍ਰਚੱਲਤ ਹੈ। ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ ਦੀ ਬਜਾਏ ਐੱਸ.ਬੀ.ਐੱਸ. ਨਗਰ), ਮੁਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਥਾਂ ਐੱਸ.ਏ.ਐੱਸ. ਨਗਰ) ਦੇ ਨਾਂ ਜਿਸ ਸ਼ਰਧਾ ਨਾਲ ਰੱਖੇ ਸਨ, ਉਹ ਤਾਂ ਅੰਗਰੇਜ਼ੀ ਦੇ ਅੱਖਰ ਹੀ ਚੱਟ ਕਰ ਗਏ ਹਨ। ਸਤਲੁਜ ਦਰਿਆ ਤੋਂ ਹੇਠਾਂ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਜਾਏ ਅੰਗਰੇਜ਼ਾਂ ਨਾਲ ਜਾਣ ਨੂੰ ਤਰਜੀਹ ਦਿੱਤੀ। ਪੰਜਾਬ ਵਿਚ ਰਾਜਿਆਂ ਦੀਆਂ ਰਿਆਸਤਾਂ ਦੀਆਂ ਨਿਸ਼ਾਨੀਆਂ ਗੜ੍ਹ, ਹਥਿਆਰ ਤੇ ਹੋਰ ਸਾਜ਼ੋ-ਸਾਮਾਨ ਇਸ ਕਦਰ ਅਜਾਇਬਘਰਾਂ ਵਿਚ ਨਹੀਂ ਰੱਖਿਆ ਗਿਆ ਜਿਵੇਂ ਰਾਜਸਥਾਨ ਨੇ ਸੰਭਾਲਿਆ ਹੈ। ਸੈਰ ਸਪਾਟੇ ਲਈ ਰਾਜਸਥਾਨ ਦੇ ਰਾਜਿਆਂ ਦਾ ਸਾਜ਼ੋ-ਸਾਮਾਨ ਅਤੇ ਗੜ੍ਹ ਦੇਖਣਯੋਗ ਬਣੇ ਹੋਏ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਵਰਤਮਾਨ ਵਿਚ ਭਾਰਤੀ ਨਿਆਂਪਾਲਿਕਾ
22 ਮਈ ਨੂੰ ਸਵਰਾਜਬੀਰ ਦਾ ਲੇਖ ‘ਨਵ ਰਾਸ਼ਟਰਵਾਦ ਤੇ ਲੋਕ ਸੁਪਨੇ’ ਭਾਰਤੀ ਸਮਾਜ ਵਿਚ ਚੱਲ ਰਹੇ ਪਰਿਵਰਤਨਾਂ ਦੀ ਲੜੀ ਨੂੰ ਪੇਸ਼ ਕਰਦਾ ਹੈ। ਇਨ੍ਹਾਂ ਪਰਿਵਰਤਨਾਂ ਪਿੱਛੇ ਕਾਰਜ ਕਰ ਰਹੀ ਵਿਚਾਰਧਾਰਾ ਬਾਰੇ ਸਭ ਜਾਣਦੇ ਹਨ। ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਤਿੰਨਾਂ ਦੀ ਭੂਮਿਕਾ ਸੰਦੇਹਵਾਦੀ ਬਣੀ ਹੋਈ ਹੈ। ਨਿਆਂਪਾਲਿਕਾ ਭਾਰਤੀ ਸੰਵਿਧਾਨ ਦੀ ਰੱਖਿਅਕ ਹੈ ਜਿਸ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੈ। ਆਜ਼ਾਦੀ ਤੋਂ ਬਾਅਦ ਲਗਾਤਾਰ ਇਹ ਆਪਣੀ ਇਸ ਭੂਮਿਕਾ ਨਿਭਾਉਣ ਵਿਚ ਸਫ਼ਲ ਵੀ ਰਹੀ ਹੈ। ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੱਤਾ ਦਾ ਦੁਰਉਪਯੋਗ ਕਰ ਰਹੀ ਸੀ ਉਸ ਸਮੇਂ ਵੀ ਨਿਆਂਪਾਲਿਕਾ ਸਟੇਟ ਨਾਲ ਖੜ੍ਹਨ ਦੀ ਬਜਾਏ ਭਾਰਤੀ ਲੋਕਾਂ ਦੇ ਹੱਕ ਵਿਚ ਖੜ੍ਹੀ ਰਹੀ। ਇੱਥੋਂ ਤਕ ਕਿ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੱਪਰ ਨਿੱਜੀ ਤੌਰ ’ਤੇ ਵੀ ਕਾਰਵਾਈ ਕੀਤੀ। ਵਰਤਮਾਨ ਦੌਰ ਅਜਿਹਾ ਨਹੀਂ ਹੈ। ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਦੇਸ਼ ਵਿਚ ਬਹੁਤ ਸਾਰੇ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਅਦਾਲਤਾਂ ਦੁਆਰਾ ਵਿਚਾਰ ਅਧੀਨ ਨਹੀਂ ਲਿਆ ਜਾਣਾ ਚਾਹੀਦਾ ਸੀ ਪਰ ਉਨ੍ਹਾਂ ਉਪਰ ਵਿਚਾਰ ਕੀਤਾ ਜਾ ਰਿਹਾ ਹੈ।
ਸੰਜੇ ਖਾਨ ਧਾਲੀਵਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ