ਪੇਟ ਨਾ ਪਈਆਂ ਰੋਟੀਆਂ…
ਪੰਜ ਜੂਨ ਨੂੰ ‘ਦਸਤਕ’ ਅੰਕ ਵਿਚ ਛਪਿਆ ਲੇਖ ‘ਰਾਖ ’ਚੋਂ ਉੱਗਦੇ ਕੁਕਨੂਸ’ ਗ਼ਰੀਬੀ, ਭੁੱਖ, ਈਮਾਨ ਅਤੇ ਖ਼ੁਦਦਾਰੀ ਦੇ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਲਿਖਿਆ ਗਿਆ ਹੈ। ਮਾਰਕਸਵਾਦੀ ਵਿਚਾਰਕ ਤਸਕੀਨ ਨੇ ਇਕ ਪੁਸਤਕ- ਇਕ ਨਜ਼ਰ ਵਿਚ ਨੋਬੇਲ ਪੁਰਸਕਾਰ ਜੇਤੂ ਕਨੂਤ ਹਾਮਸੁਨ ਦੇ ਨਾਵਲ ‘ਭੁੱਖ’ ਨੂੰ ਆਪਣੀ ਰਚਨਾ ਦਾ ਆਧਾਰ ਬਣਾਇਆ ਹੈ। ਵਿਪਨ ਗਿੱਲ ਨੇ ਇਸ ਪੁਸਤਕ ਦਾ ਪੰਜਾਬੀ ਭਾਸ਼ਾ ਵਿਚ ਤਰਜਮਾ ਕੀਤਾ ਹੈ। ਰਚਨਾ ਦੇ ਮੁਤਾਬਿਕ ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਹਨ। ਇਹ ਅਟੱਲ ਸੱਚਾਈ ਹੈ ਕਿ ਪੇਟ ਨਾ ਪਈਆਂ ਰੋਟੀਆਂ ਤਾਂ ਸੱਭੇ ਗੱਲਾਂ ਖੋਟੀਆਂ। ਗ਼ਰੀਬਾਂ ਲਈ ਭੁੱਖ ਕੁਕਨੂਸ ਵਾਂਗ ਹੈ ਜੋ ਢਿੱਡ ਦੀ ਤਪਦੀ ਭੱਠੀ ’ਚੋਂ ਨਿੱਤ ਜਨਮਦੀ ਹੈ। ਇਸ ਅੱਗ ਨੂੰ ਬੁਝਾਉਣ ਲਈ ਉਸ ਨੂੰ ਨਿੱਤ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ। ਪੂੰਜੀਵਾਦ ਨੇ ਪਿਛਲੀਆਂ ਕਈ ਸਦੀਆਂ ਤੋਂ ਪ੍ਰਜਾਤੰਤਰ ਨੂੰ ਆਪਣੀ ਮੁੱਠੀ ਵਿਚ ਲਿਆ ਹੋਇਆ ਹੈ। ਮਨੁੱਖ ਦੇ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਸੰਸਕ੍ਰਿਤਕ ਪਹਿਲੂ ਇਸ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ ਹਨ। ਢਿੱਡੋਂ ਭੁੱਖਾ ਇਨਸਾਨ ਰੱਬ ਦੀ ਹੋਂਦ ਨੂੰ ਵੰਗਾਰਦਾ ਹੈ। ਗ਼ਰੀਬਾਂ ਲਈ ਦੋ ਦੂਣੀ ਚਾਰ ਨਹੀਂ ਸਗੋਂ ਦੋ ਦੂਣੀ ਚਾਰ ਰੋਟੀਆਂ ਹੁੰਦੇ ਹਨ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਸਿੱਖਿਆ ਢਾਂਚੇ ’ਤੇ ਸਵਾਲੀਆ ਨਿਸ਼ਾਨ
ਐਤਵਾਰ ਦੇ ‘ਦਸਤਕ’ ਵਿਚ ਗੁਰਬਚਨ ਸਿੰਘ ਭੁੱਲਰ ਦਾ ਛਪਿਆ ਲੇਖ ‘ਸਭਿਅਕ ਮਨੁੱਖ ਦੇ ਵਿਕਾਸ ਵਿਚ ਸਕੂਲ ਅਤੇ ਸਮਾਜ ਦੀ ਭੂਮਿਕਾ’ ਅਜੋਕੇ ਰਾਜਸੀ, ਸਮਾਜਿਕ ਅਤੇ ਆਰਥਿਕ ਨਾ-ਬਰਾਬਰੀ ਵਾਲੇ ਪ੍ਰਬੰਧ ਵਿਚ ਸਾਡੇ ਸਿੱਖਿਆ ਢਾਂਚੇ ਦੀ ਗੁਣਵੱਤਾ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਜਦੋਂ ਜਮਾਤ ਦੇ ਕਮਰੇ ’ਚ ਘਰੋਂ ਭੁੱਖਾ ਆਇਆ ਬੱਚਾ ਕਿਸੇ ਭਾਸ਼ਾ, ਗਣਿਤ ਜਾਂ ਵਿਗਿਆਨ ਦੇ ਸਿਧਾਂਤ ਸਿੱਖਣ ਦੀ ਮੁਹਾਰਤ ਹਾਸਲ ਕਰਨ ਦੀ ਥਾਂ ਮਿਡ ਡੇਅ ਮੀਲ ਦੀ ਰਸੋਈ ਵਿਚ ਤਿਆਰ ਹੋ ਰਹੇ ਖਾਣੇ ਦੀ ਸੁਗੰਧ ਨੂੰ ਚਿਤਵਦਾ ਅੱਧੀ ਛੁੱਟੀ ਦੀ ਘੰਟੀ ਨੂੰ ਬੇਸਬਰੀ ਨਾਲ ਉਡੀਕਦਾ ਹੈ ਤਾਂ ਭੁੱਖੇ ਢਿੱਡਾਂ ਮੂਹਰੇ ਪਾਈ ਕਹਾਣੀ ਕਹਿੰਦੇ, ‘ਟੁੱਕ’ ਕਹਾਵਤ ਵਾਂਗ ਨਰੋਏ ਸਰੀਰ ਵਿਚ ਨਰੋਏ ਮਨ ਦਾ ਵਾਸਾ, ਸੁਪਨਮਈ ਸੰਸਾਰ ਦੀਆਂ ਬਾਤਾਂ ਜਾਪਦੀਆਂ ਹਨ।
ਦੂਜਾ ਪੱਖ ਇਹ ਵੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਸਿਰਫ਼ ਅਕਾਦਮਿਕ ਪੱਖ ਦਾ ਮੁਲਾਂਕਣ ਅੰਕਾਂ ਅਤੇ ਦਰਜਿਆਂ ਦੇ ਆਧਾਰ ’ਤੇ ਕਰਦੀ ਹੈ। ਪਾਠਕ੍ਰਮ ਵਿਚ ਸਿਰਫ਼ ਨਿਰਧਾਰਤ ਪਾਠ ਪੁਸਤਕਾਂ ਵਿਚ ਲਿਖਤ ਸੰਕੁਚਿਤ ਗਿਆਨ ਨੂੰ ਰੱਟਾ ਲਗਾ ਕੇ ਕੋਈ ਵਿਦਿਆਰਥੀ ਕਿੰਨਾ ਵਧੀਆ ਲਿਖ ਸਕਦਾ ਹੈ, ਉਹ ਹੀ ਉਸ ਦੇ ਮਾਨਸਿਕ-ਬੌਧਿਕ ਨੂੰ ਵਿਕਾਸ ਮਾਪਣ ਦਾ ਪੈਮਾਨਾ ਹੈ। ਸਕੂਲੀ ਸਿੱਖਿਆ ਢਾਂਚੇ ਵਿਚ ਅੰਕੜਿਆਂ ਦੀ ਖੇਡ ਦਾ ਪ੍ਰਦਰਸ਼ਨ ਸਿੱਖਿਆ ਦਾ ਮੰਤਵ ਬਣ ਗਿਆ ਜਾਪਦਾ ਹੈ। ਇਸੇ ਕਰਕੇ ਪਾਠ ਪੁਸਤਕਾਂ ਤੋਂ ਪਰ੍ਹੇ ਸਾਹਿਤ, ਸਭਿਆਚਾਰ, ਲਲਿਤ ਕਲਾਵਾਂ, ਭਾਸ਼ਾ ਵਿਗਿਆਨ ਦੇ ਹੁਨਰਾਂ ਤੋਂ ਅਜੋਕਾ ਵਿਦਿਆਰਥੀ ਤੇ ਅਧਿਆਪਕ ਦੂਰ ਖੜ੍ਹਾ ਜਾਪਦਾ ਹੈ। ਅੱਜ ਦੇ ਸੂਚਨਾ ਕ੍ਰਾਂਤੀ ਤੇ ਤਕਨਾਲੋਜੀ ਦੇ ਇਨਕਲਾਬ ਦੇ ਦੌਰ ’ਚ ਨੈਤਿਕ ਨਿਘਾਰ, ਭ੍ਰਿਸ਼ਟਾਚਾਰ, ਮਾਰ-ਧਾੜ, ਖ਼ੂਨ-ਖਰਾਬਾ ਜਿਹੇ ਖ਼ਤਰੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਮੰਡਰਾਅ ਰਹੇ ਹਨ। ਅਜਿਹੇ ਮਾਹੌਲ ਵਿਚ ਵਿਦਿਆਰਥੀਆਂ ਨੂੰ ਸਕੂਲ, ਸਮਾਜ, ਅਧਿਆਪਕਾਂ ਤੇ ਮਾਪਿਆਂ ਤੋਂ ਪਾਠ ਪੁਸਤਕਾਂ ਤੋਂ ਵਧੀਕ ਗਿਆਨ ਤੇ ਧਿਆਨ ਦਿੱਤੇ ਜਾਣ ਦੀ ਬੇਹੱਦ ਲੋੜ ਹੈ।
ਜਰਨੈਲ ਸਿੰਘ ਟਿਵਾਣਾ, ਬੁਢਲਾਡਾ (ਮਾਨਸਾ)
(2)
ਐੈਤਵਾਰ 5 ਜੂਨ ਦੇ ‘ਦਸਤਕ’ ਅੰਕ ਵਿਚ ਗੁਰਬਚਨ ਸਿੰਘ ਭੁੱਲਰ ਦਾ ਪ੍ਰਕਾਸ਼ਿਤ ਲੇਖ ਨੌਜਵਾਨਾਂ/ਬੱਚਿਆਂ ਦੀ ਨਿੱਘਰ ਰਹੀ ਨੈਤਿਕ, ਬੌਧਿਕ ਆਦਿ ਸਥਿਤੀ ਪੇਸ਼ ਕਰਦਿਆਂ ਫ਼ਿਕਰ ਨੂੰ ਦਰਸਾਉਂਦਾ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿ ਜਿਸ ਤਰ੍ਹਾਂ ਹਵਾ ਵਿਚ ਦੌੜ ਨਹੀਂ ਲਗਾਈ ਜਾ ਸਕਦੀ ਉਸੇ ਤਰ੍ਹਾਂ ਭੁੱਖੇ ਢਿੱਡ ਅਤੇ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਵਿਕਾਸ ਵੱਲ ਵਧਣਾ ਕਠਿਨ ਹੈ। ਦੂਜਾ, ਬੱਚਿਆਂ ਦਾ ਸਿਰਫ਼ ਸਿਲੇਬਸ ਦੀਆਂ ਕਿਤਾਬਾਂ ਤੱਕ ਸਿਮਟ ਕੇ ਰਹਿ ਜਾਣਾ ਉਨ੍ਹਾਂ ਦੇ ਗਿਆਨ ਨੂੰ ਸੀਮਿਤ ਕਰਦਾ ਹੈ ਅਤੇ ਸਿਰਫ਼ ਵੱਧ ਅੰਕ ਪ੍ਰਾਪਤ ਕਰਨ ਦੀ ਬਿਰਤੀ ਉਨ੍ਹਾਂ ਦੀ ਸਿੱਖਣ ਦੀ ਜਗਿਆਸਾ ਨੂੰ ਵੀ ਖ਼ਤਮ ਕਰਦੀ ਹੈ। ਤੀਜੀ, ਉਨ੍ਹਾਂ ਵੱਲੋਂ ਮਾਤ-ਭਾਸ਼ਾ ਨੂੰ ਹਲਕੇ ’ਚ ਲੈ ਕੇ ਉਸ ਦਾ ਅਧੂਰਾ ਗਿਆਨ ਰੱਖਣ ਦੀ ਗੱਲ ਵੀ ਗੌਰ ਕਰਨ ਯੋਗ ਹੈ। ਸੋ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਲੇਖ ਵਿਚ ਸਮਾਜਿਕ-ਮਾਨਸਿਕ ਆਦਿ ਵਿਭਿੰਨ ਵਿਕਾਸ ਪੱਖਾਂ ਨੂੰ ਛੋਹਿਆ ਹੈ ਜਿਨ੍ਹਾਂ ਵੱਲ ਸੱਚਮੁੱਚ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।
ਕੁਲਵਿੰਦਰ ਚਾਨੀ, ਈ-ਮੇਲ
ਸੰਵੇਦਨਸ਼ੀਲ ਕਲਾਕਾਰ
ਇਕ ਸੰਵੇਦਨਸ਼ੀਲ ਕਲਾਕਾਰ ਦੀ ਸ਼ਖ਼ਸੀਅਤ ਨੂੰ ਬਾਖ਼ੂਬੀ ਪੇਸ਼ ਕਰਦਾ ਪ੍ਰੇਮ ਸਿੰਘ ਦਾ ਲੇਖ ‘ਹਰਕਿਸ਼ਨ ਲਾਲ ਨੂੰ ਯਾਦ ਕਰਦਿਆਂ’ (5 ਜੂਨ) ਰੌਚਿਕ ਸੀ। ਇਹ ਪੰਜਾਬ ਦੇ ਕਲਾ ਇਤਿਹਾਸ ਦੇ ਅਹਿਮ ਦਸਤਾਵੇਜ਼ ਵਜੋਂ ਸਾਹਮਣੇ ਆਇਆ ਜਿਸ ਨੂੰ ਸੰਭਾਲਣ ਦੀ ਲੋੜ ਹੈ।
ਬਲਵਿੰਦਰ, ਚੰਡੀਗੜ੍ਹ
ਮਜ਼ਦੂਰੀ ਅਤੇ ਪੇਂਡੂ ਹਾਲਾਤ
ਖੇਤੀ ਅਤੇ ਖੇਤ ਮਜ਼ਦੂਰਾਂ ਦਾ ਆਪਸ ਵਿਚ ਨਹੁੰ ਮਾਸ ਦਾ ਰਿਸ਼ਤਾ ਹੈ। ਖੇਤੀਬਾੜੀ ਅਤੇ ਖੇਤ ਮਜ਼ਦੂਰ ਸ਼ੁਰੂ ਤੋਂ ਹੀ ਇਕ ਦੂਜੇ ਦੇ ਪੂਰਕ ਰਹੇ ਹਨ। ਅੱਜ ਵੀ ਜੇਕਰ ਆਧੁਨਿਕ ਖੇਤੀ ਸਹੂਲਤਾਂ ਤੇ ਢੰਗਾਂ ’ਚ ਥੋੜ੍ਹਾ ਜਿਹਾ ਵੀ ਬਦਲਾਅ ਆਉਂਦਾ ਹੈ ਤਾਂ ਮਸ਼ੀਨਰੀ ਨਾਲੋਂ ਖੇਤ ਮਜ਼ਦੂਰ ਦੀ ਅਹਿਮੀਅਤ ਕਿਤੇ ਵਧ ਜਾਂਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਆਧੁਨਿਕ ਮਸ਼ੀਨਰੀ, ਖੇਤੀਬਾੜੀ ਸੰਦਾਂ, ਨਦੀਨਨਾਸ਼ਕਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਨੇ ਖੇਤ ਮਜ਼ਦੂਰਾਂ ਅਤੇ ਖੇਤੀਬਾੜੀ ’ਤੇ ਨਿਰਭਰ ਬੇਜ਼ਮੀਨੇ ਗ਼ਰੀਬ ਲੋਕਾਂ ਦੀ ਆਮਦਨੀ ਨੂੰ ਵੱਡੀ ਢਾਹ ਲਾਈ ਹੈ। ਮਜ਼ਦੂਰਾਂ ਦੀ ਇਸੇ ਬੇਵਸੀ ਅਤੇ ਗੁਰਬਤ ਭਰੀ ਜ਼ਿੰਦਗੀ ਨੂੰ ਬਿਆਨ ਕਰਦਾ ਡਾ. ਗਿਆਨ ਸਿੰਘ ਦਾ ਸੰਪਾਦਕੀ ਪੰਨੇ ’ਤੇ 29 ਮਈ ਨੂੰ ਛਪਿਆ ਲੇਖ ‘ਖਾਲੀ ਖੀਸੇ, ਢਿੱਡ ਭੁੱਖੇ, ਤਨ ’ਤੇ ਲੀਰਾਂ ਅਤੇ ਜਗੀਰੂ ਘੂਰਾਂ’ ਸਰਕਾਰਾਂ, ਕਿਸਾਨ ਜਥੇਬੰਦੀਆਂ, ਮਜਦੂਰ ਹਮਾਇਤੀ ਸੰਸਥਾਵਾਂ, ਸਮਾਜਿਕ, ਧਾਰਮਿਕ,ਰਾਜਨੀਤਕ ਲੋਕਾਂ ਦਾ ਧਿਆਨ ਖਿੱਚਦਾ ਹੈ। ਜਗੀਰੂ ਧਾਰਨਾ ਅਤੇ ਹੈਂਕੜਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ-ਮਜ਼ਦੂਰ ਏਕਤਾ ਦੇ ਹਾਮੀ ਹੋਣਾ ਸਮੇਂ ਦੀ ਲੋੜ ਹੈ।
ਇੰਜੀ. ਸਤਨਾਮ ਸਿੰਘ ਮੱਟੂ, ਬੀਂਬੜ (ਸੰਗਰੂਰ)