ਸ਼ਬਦਾਂ ਦੀ ਵਰਤੋਂ
ਤਿੰਨ ਜੁਲਾਈ ਨੂੰ ‘ਸ਼ਬਦਾਂ ਦੀਆਂ ਰਮਜ਼ਾਂ’ ਕਾਫ਼ੀ ਕੁਝ ਕਹਿ ਗਈਆਂ। ਭਈਏ ਦੀ ਥਾਂ ਅੱਜਕੱਲ੍ਹ ਪੰਜਾਬੀ ਲੋਕਾਂ ਨੂੰ ‘ਲੋਗ’ ਬੋਲਦੇ ਹਨ। ਬਿਹਾਰ, ਯੂਪੀ ਤੋਂ ਆਏ ਹੋਏ ਪਰਵਾਸੀ ਮਜ਼ਦੂਰ ਤਾਂ ਬਹੁਤ ਵਧੀਆ ਪੰਜਾਬੀ ਬੋਲਣ ਲੱਗ ਪਏ ਹਨ, ਪਰ ਅਸੀਂ ਆਪਣੀ ਮਾਂ ਬੋਲੀ ਦੀ ਮਿੱਟੀ ਆਪ ਹੀ ਪਲੀਤ ਕਰ ਰਹੇ ਹਾਂ।
ਡਾ. ਨਰਿੰਦਰ ਭੱਪਰ, ਝਬੇਲਵਾਲੀ (ਸ੍ਰੀ ਮੁਕਤਸਰ ਸਾਹਿਬ)
ਲੇਖ ਵਿਚ ਉਕਾਈਆਂ
ਤਿੰਨ ਜੁਲਾਈ ਦੇ ‘ਦਸਤਕ’ ਅੰਕ ਵਿਚ ਛਪੇ ਤੇਜਵੰਤ ਗਿੱਲ ਦੇ ਲੇਖ ਵਿਚ ਉਕਾਈਆਂ ਹਨ।
‘ਲਾਹੌਰ ਸਹਰੁ’ ਵਾਲੀ ਸਹੀ ਪੰਕਤੀ: ‘ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ।।’’ ਹੈ।
ਗਿੱਲ ਹੋਰਾਂ ਦਾ ਕਥਨ ਕਿ ਗੁਰੂ ਜੀ ਬਾਬਰ ਦੇ ਹਮਲੇ ਵੇਲੇ ਕਰਤਾਰਪੁਰ ਵਿਚ ਸਨ, ਸਹੀ ਨਹੀਂ। ਸਾਰੇ ਗੁਰਮਤਿ ਸਰੋਤ ਦੱਸਦੇ ਹਨ ਕਿ ਉਹ ਭਾਈ ਲਾਲੋ ਜੀ ਪਾਸ ਐਮਨਾਬਾਦ ਸਨ ਜਿੱਥੇ ਹੁਣ ਗੁਰਦੁਆਰਾ ਰੋੜੀ ਸਾਹਿਬ ਹੈl ਉੱਥੇ, ‘‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ’’, (ਤਿਲੰਗ ਮਹਲਾ ੧) ਸ਼ਬਦ ਉਚਾਰਿਆ। ਗ੍ਰਿਫ਼ਤਾਰੀ ਹੋਈ।
ਡਾ. ਹਰਪਾਲ ਸਿੰਘ ਪੰਨੂ, ਪਟਿਆਲਾ
ਸਿੱਖਿਆ ਦੀ ਮੁਕਤੀ ਦਾ ਰਾਹ
ਐਤਵਾਰ, ਤਿੰਨ ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਅਵੀਜੀਤ ਪਾਠਕ ਦੇ ਲੇਖ ‘ਸਿੱਖਿਆ ਦੀ ਮੁਕਤੀ ਦਾ ਰਾਹ’ ਵਿਚ ਛੇ ਇਤਿਹਾਸਕਾਰਾਂ/ਸਮਾਜ ਸ਼ਾਸਤਰੀਆਂ ਦੇ ਇਸ ਵਿਚ ਯੋਗਦਾਨ ਬਾਰੇ ਦੱਸਿਆ ਹੈ। ਜਦੋਂ ਲੜਕੀਆਂ ਨੂੰ ਸਕੂਲ ਦਾਖ਼ਲ ਨਹੀਂ ਕੀਤਾ ਜਾਂਦਾ ਸੀ ਤਾਂ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ, ਕ੍ਰਾਂਤੀਕਾਰੀ ਅਤੇ ਕਵਿੱਤਰੀ ਸਵਿੱਤਰੀਬਾਈ ਫੂਲੇ ਦੀ ਘਾਲਣਾ ਦਾ ਵਰਣਨ ਵੀ ਕਰਨਾ ਚਾਹੀਦਾ ਸੀ ਕਿ ਸਮਾਜ ਦੇ ਵਿਰੋਧ ਦੇ ਬਾਵਜੂਦ ਉਹ ਲੜਕੀਆਂ ਅਤੇ ਔਰਤਾਂ ਨੂੰ ਪੜ੍ਹਾਉਂਦੀ ਸੀ।
ਗੁਰਮੁਖ ਸਿੱਖ ਪੋਹੀੜ, ਲੁਧਿਆਣਾ
(2)
ਤਿੰਨ ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਲੇਖ ‘ਸਿੱਖਿਆ ਦੀ ਮੁਕਤੀ ਦਾ ਰਾਹ’ (ਅਵੀਜੀਤ ਪਾਠਕ) ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਇਤਿਹਾਸਕ ਪਿਛੋਕੜ ਤੋਂ ਸੱਤਾਧਾਰੀ ਆਪਣੇ ਸਮੇਂ ਦੇ ਸਮਾਜ ਸ਼ਾਸਤਰੀਆਂ ਦੀ ਕਲਮ ਤੋਂ ਤੰਗ ਰਹੇ ਤੇ ਇਹੀ ਵਰਤਾਰਾ ਅੱਜ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਵੀ ਜਾਰੀ ਹੈ। ਆਲੋਚਨਾਤਮਕ ਸੰਵਾਦ ਇਤਿਹਾਸਕ ਘਟਨਾਵਾਂ ਤੋਂ ਸੇਧ ਲੈ ਕੇ ਚੰਗੇ ਸਮਾਜ ਲਈ ਰਾਹ ਦਸੇਰਾ ਬਣਦਾ ਹੈ। ਇੱਕੀਵੀਂ ਸਦੀ ਦੇ ਇਸ ਯੁੱਗ ਵਿਚ ਸੱਤਾਧਾਰੀ ਪਾਰਟੀਆਂ ਵੱਲੋਂ ਢਾਂਚਾਗਤ ਤਰੀਕੇ ਨਾਲ ਕੱਚੇ ਦਿਮਾਗ਼ਾਂ ਦਾ ਮਸ਼ੀਨੀਕਰਨ ਅਤੇ ਉਨ੍ਹਾਂ ਨੂੰ ਸਮਾਜਿਕ ਸੰਦਰਭ ਪ੍ਰਤੀ ਘਟਨਾਵਾਂ ਤੋਂ ਅਣਜਾਣ ਰੱਖਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ।
ਜਸ਼ਨਦੀਪ ਸਿੰਘ, ਰਾਜਨੀਤੀ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ