ਮੱਤੇਵਾੜਾ ਨਹੀਂ, ਮਾਛੀਵਾੜਾ
ਦਸ ਜੁਲਾਈ ਦੇ ‘ਦਸਤਕ’ ਅੰਕ ਵਿਚ ਡਾ. ਗੁਰਿੰਦਰ ਕੌਰ ਦਾ ਲੰਮਾ ਲੇਖ ਜੰਗਲ ਅਤੇ ਜ਼ਿੰਦਗੀ ਪੜ੍ਹਿਆ। ਇਸ ਵਿਚ ਅਜੀਬ ਸੂਚਨਾ ਦੇਖੀ। ਲਿਖਿਆ, ਗੁਰੂ ਨਾਨਕ ਦੇਵ ਜੀ ਇੱਥੇ ਰੁਕੇ ਅਤੇ ਉਨ੍ਹਾਂ ਕਿਹਾ ਸੀ ਕਿ ਮੱਤੇਵਾੜਾ ਲੁਧਿਆਣੇ ਨੂੰ ਬਚਾਏਗਾ। ਕਿੱਥੇ ਲਿਖਿਆ ਹੈ?
ਲਿਖਿਆ, ਜ਼ਖਮੀ ਹੋ ਕੇ ਗੁਰੂ ਗੋਬਿੰਦ ਸਿੰਘ ਨੇ ਇੱਥੇ ਆਰਾਮ ਕੀਤਾ। ਮਿਤਰ ਪਿਆਰੇ ਨੂੰ ਸ਼ਬਦ ਉਚਾਰਿਆ। ਦਸਮ ਪਾਤਸ਼ਾਹ ਪੰਜਾਬ ਵਿਚ ਨਹੀਂ, ਨਾਂਦੇੜ ਜ਼ਖਮੀ ਹੋਏ। ਪੰਜਾਬ ਵਿਚ ਕਦੀ ਜ਼ਖਮੀ ਨਹੀਂ ਹੋਏ। ਲਗਦਾ ਹੈ ਵਿਦਵਾਨ ਲੇਖਕ ਮਾਛੀਵਾੜੇ ਨੂੰ ਮੱਤੇਵਾੜਾ ਸਮਝ ਰਹੇ ਹਨ।
ਡਾ. ਹਰਪਾਲ ਸਿੰਘ ਪੰਨੂ, ਪਟਿਆਲਾ
(2)
ਦਸਤਕ ਵਿਚ ‘ਜੰਗਲ ਅਤੇ ਜ਼ਿੰਦਗੀ’ ਲੇਖ ਰਾਹੀਂ ਦਿੱਤਾ ਗਿਆ ਸੁਨੇਹਾ ਜੰਗਲਾਂ ਦੀ ਮਹੱਤਤਾ ਬਾਖ਼ੂਬੀ ਬਿਆਨਦਾ ਹੈ। ਮੱਤੇਵਾੜੇ ਦੇ ਜੰਗਲ ਖੇਤਰ ਬਣ ਰਹੇ ਉਦਯੋਗਿਕ ਪਾਰਕ (ਜਿਸ ਬਾਰੇ ਫ਼ੈਸਲਾ ਸਰਕਾਰ ਨੇ ਬਾਅਦ ਵਿਚ ਵਾਪਸ ਲੈ ਲਿਆ) ਬਾਰੇ ਵਧੀਆ ਤਰੀਕੇ ਸਮਝਾਉਣ ਦਾ ਯਤਨ ਕੀਤਾ। ਲੇਖਿਕਾ ਨੇ ਉਦਯੋਗਿਕ ਇਕਾਈਆਂ ਦੀਆਂ ਜ਼ਹਿਰੀਲੀਆਂ ਗੈਸਾਂ ਅਤੇ ਗੰਦੇ ਪਾਣੀ ਰਾਹੀਂ ਦਰਿਆਵਾਂ ਦੇ ਪਲੀਤ, ਵਾਤਾਵਰਣ ਗੰਧਲਾ ਹੋਣ ਅਤੇ ਜੰਗਲੀ ਜੀਵਾਂ ਦੇ ਉਜਾੜੇ ਦੀ ਖੁੱਲ੍ਹ ਕੇ ਚਰਚਾ ਕੀਤੀ ਹੈ। ਭਾਰਤ ਵਰਗੇ ਦੇਸ਼ ਵਿਚ ਇਕ ਮਨੁੱਖ ਪਿੱਛੇ 23 ਤੋ 24 ਦਰੱਖਤ ਆਉਂਦੇ ਹਨ ਜੋ ਕਿ ਲਗਾਤਾਰ ਕੱਟੇ ਜਾ ਰਹੇ ਹਨ। ਸਰਕਾਰ ਨੂੰ ਅਰਜ਼ੋਈ ਹੈ ਕਿ ਵਾਤਾਵਰਣ ਦੀ ਸੰਭਾਲ ਲਈ ਮਿਸ਼ਨ ਚਲਾਇਆ ਅਤੇ ਲੋਕਾਂ ਨੂੰ ਇਸ ਨਾਲ ਜੋੜਿਆ ਜਾਵੇ।
ਮਨਮੋਹਨ ਸਿੰਘ, ਨਾਭਾ (ਪਟਿਆਲਾ)
ਦੇਸ਼ ਦੇ ਹਾਲਾਤ ਦਾ ਬਿਆਨ
ਦਸ ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਸਿਰਜਣਾਤਮਿਕ ਅਮਲ ਨੂੰ ਉਡੀਕਦੇ ਲੋਕ’ ਲੋੜੀਂਦੀ ਜਾਣਕਾਰੀ ਭਰਪੂਰ ਰਚਨਾ ਹੈ। ਦੇਸ਼ ਵਿਚ ਵਰਤਮਾਨ ਦੌਰ ਵਿਚ ਤੇਜ਼ੀ ਨਾਲ ਫੈਲ ਰਹੀ ਬਹੁ-ਪੱਖੀ ਫ਼ਿਰਕਾਪ੍ਰਸਤੀ ਦੇ ਇਤਿਹਾਸਕ ਪੱਖ ਵਿਚਲੀ ਹਾਕਮਾਂ ਦੀ ਮਾਨਸਿਕਤਾ ਨੂੰ ਉਜਾਗਰ ਕੀਤਾ ਗਿਆ ਹੈ। ਸਿਆਸੀ ਭੁੱਖ ਅਤੇ ਵੋਟਾਂ ਬਟੋਰਨ ਦੇ ਸੌੜੇ ਮੰਤਵਾਂ ਤਹਿਤ ਮੱਧਕਾਲ ’ਚ ਵਾਪਰੇ ਵਰਤਾਰੇ ਦਾ ਬਹਾਨਾ ਬਣਾ ਕੇ ਅੱਠ ਸੌ ਸਾਲ ਪੁਰਾਣੀਆਂ ਕਬਰਾਂ ਫਰੋਲਣ ਬਾਰੇ ਵੀ ਸਾਹਿਤਕ ਤੇ ਸੱਭਿਆਚਾਰਕ ਮੱਸ ਨਾਲ ਵਿਖਿਆਨ ਕੀਤਾ ਹੈ। ਲੇਖਕ ਨੇ ਕੱਟੜਪੰਥੀਆਂ ਵੱਲੋਂ ‘ਲੋਕ-ਧਰਮ’ ਬਣਾਏ ਜਾਣ ਪਿੱਛੇ ਕੰਮ ਕਰ ਰਹੇ ਯਥਾਰਥ ਵੱਲ ਬਾਖ਼ੂਬੀ ਇਸ਼ਾਰਾ ਕੀਤਾ ਹੈ। ਇਸ ਲਈ ਜਮਹੂਰੀ ਤਾਕਤਾਂ ਅਤੇ ਚਿੰਤਕਾਂ ਨੂੰ ਧਰਮ-ਨਿਰਪੱਖ ਜਮਹੂਰੀਅਤ ਅਤੇ ਨੈਤਿਕ ਕਦਰਾਂ ਕੀਮਤਾਂ ’ਤੇ ਆਧਾਰਿਤ ਸਮਾਜ ਸਿਰਜਣ ਦੇ ਅਮਲ ਵਿਚ ਬਣਦਾ ਯੋਗਦਾਨ ਪਾਉਣ ਅਤੇ ਸਭ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ।
ਡਾ. ਪੰਨਾ ਲਾਲ ਮੁਸਤਫ਼ਾਬਾਦੀ, ਚੰਡੀਗੜ੍ਹ
(2)
ਨਜ਼ਰੀਆ ਪੰਨੇ ਦੇ ਛਪਿਆ ਲੇਖ ‘ਸਿਰਜਣਾਤਮਿਕ ਅਮਲ ਨੂੰ ਉਡੀਕਦੇ ਲੋਕ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਾਡੇ ਸਮਾਜ ਵਿਚ ਧਾਰਮਿਕ ਕੱਟੜਤਾ ਫੈਲਾਈ ਜਾ ਰਹੀ ਹੈ। ਸੱਤਾਧਾਰੀ ਧਰਮ ਦੀ ਚੇਤਨਤਾ ਤਹਿਤ ਨਹੀਂ ਸਗੋਂ ਆਪਣੀ ਵਿਚਾਰਧਾਰਾ ਅਧੀਨ ਜਿਉਂਦੇ ਹਨ। ਦਰਅਸਲ, ਸੌੜੇ ਹਿੱਤਾਂ ਦੀ ਪੂਰਤੀ ਲਈ ਘੱਟਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਬਹੁਗਿਣਤੀ ਭਾਈਚਾਰੇ ਨੂੰ ਘੱਟਗਿਣਤੀਆਂ ਖ਼ਿਲਾਫ਼ ਭੜਕਾਇਆ ਜਾਂਦਾ ਹੈ। ਸਭ ਵਰਗਾਂ ਦੀ ਏਕਤਾ ਅਤੇ ਸਦਭਾਵਨਾ ਨਾਲ ਹੀ ਸੱਤਾਧਾਰੀਆਂ ਦੀ ਸੌੜੀ ਸੋਚ ਦਾ ਟਾਕਰਾ ਕੀਤਾ ਜਾ ਸਕਦਾ ਹੈ।
ਬਲਵਿੰਦਰ ਕੌਰ, ਮਾਣਕੀ (ਮਾਲੇਰਕੋਟਲਾ)
ਸਿੱਖਿਆ ਦਾ ਸਿਆਸੀਕਰਨ
ਤਿੰਨ ਜੁਲਾਈ ਦੇ ਨਜ਼ਰੀਆ ਪੰਨੇ ’ਤੇ ਛਪਿਆ ਲੇਖ ‘ਸਿੱਖਿਆ ਦੀ ਮੁਕਤੀ ਦਾ ਰਾਹ’ ਪੜ੍ਹ ਕੇ ਮਨ ਬਹੁਤ ਉਦਾਸ ਹੋਇਆ। ਅਵੀਜੀਤ ਪਾਠਕ ਨੇ ਨਾਮਵਰ ਚਿੰਤਕਾਂ ਅਤੇ ਲੇਖਕਾਂ ਨੂੰ ਪਾਠਕਾਂ ਦੇ ਰੂਬਰੂ ਕਰਵਾਇਆ ਹੈ। ਇਕ ਸਭਿਅਕ ਸਮਾਜ ਵਿਚ ਸਭ ਤੋਂ ਅਮੀਰ ਅਤੇ ਸੰਵੇਦਨਸ਼ੀਲ ਇਨਸਾਨ ਉਸ ਨੂੰ ਕਿਹਾ ਜਾ ਸਕਦਾ ਹੈ ਜਿਸ ਨੂੰ ਆਪਣੀ ਮਾਤ ਭਾਸ਼ਾ ਪੜ੍ਹਨੀ ਅਤੇ ਲਿਖਣੀ ਆਉਂਦੀ ਹੈ। ਲੇਖ ਵਿਚ ਚਿੰਤਾ ਪ੍ਰਗਟਾਈ ਗਈ ਹੈ ਕਿ ਵਿਦਿਅਕ ਅਦਾਰਿਆਂ ਦੇ ਸਿਆਸੀਕਰਨ ਅਤੇ ਨਿੱਜੀਕਰਨ ਦੇ ਨਾਮ ’ਤੇ ਇਸ ਦੇ ਮੁੱਢਲੇ ਸਰੋਤਾਂ ਨਾਲ ਇਕ ਖ਼ਾਸ ਮਾਨਸਿਕਤਾ ਤਹਿਤ ਪਿਛਲੇ ਕੁਝ ਸਾਲਾਂ ਤੋਂ ਛੇੜ-ਛਾੜ ਕੀਤੀ ਜਾ ਰਹੀ ਹੈ। ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਸਮਾਜਿਕ ਵਿਗਿਆਨ ਦੇ ਮੁੱਖ ਥੰਮ੍ਹ ਹੁੰਦੇ ਹਨ। ਲੋਕਤੰਤਰ ਵਿਚ ਸਭ ਦੀ ਸੁਰੱਖਿਆ, ਰੋਟੀ, ਮੈਡੀਕਲ ਸਹੂਲਤਾਂ ਅਤੇ ਪੜ੍ਹਾਈ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜੇਕਰ ਉਲਟੀ ਵਾੜ ਖੇਤ ਨੂੰ ਖਾਣ ਲੱਗ ਜਾਵੇ ਭਾਵ ਸਿੱਖਿਆ ਨੂੰ ਸਿਆਸਤ ਆਪਣੇ ਕਲਾਵੇ ਵਿਚ ਲੈ ਲਵੇ ਤਾਂ ਫਿਰ ਇਸ ਨਾਲ ਜ਼ਹਿਰੀਲਾ ਸਮਾਜ ਜਨਮਦਾ ਹੈ।
ਜਰਮਨੀ ਦੇ ਨਾਜ਼ੀਵਾਦ ਅਤੇ ਇਟਲੀ ਦੇ ਫਾਸ਼ੀਵਾਦ ਤਹਿਤ ਅੰਨ੍ਹਾ ਰਾਸ਼ਟਰਵਾਦ ਪਨਪਿਆ ਜਿਸ ਨੇ ਦੁਨੀਆਂ ਨੂੰ ਦੂਜੀ ਆਲਮੀ ਜੰਗ ਵਿਚ ਝੋਕ ਦਿੱਤਾ ਸੀ। ਵਿਦਿਆ ਵੀਚਾਰੀ ਤਾਂ ਪਰਉਪਕਾਰੀ ਸਰਬੱਤ ਦੇ ਭਲੇ ਲਈ ਤਾਂ ਹੀ ਲਾਹੇਵੰਦ ਹੋਵੇਗੀ ਜੇਕਰ ਸਾਰਾ ਸਮਾਜ ਇਸ ਪ੍ਰਤੀ ਜਾਗਰੂਕ ਅਤੇ ਗੰਭੀਰ ਹੋ ਕੇ ਹੰਭਲਾ ਮਾਰਨ ਦੀ ਕੋਸ਼ਿਸ਼ ਕਰੇ। ਅੱਜ ਦੇ ਦੌਰ ਵਿਚ ਸਿੱਖਿਆ ਦੇ ਨਿੱਤ ਡਿੱਗ ਰਹੇ ਮਿਆਰ, ਭਗਵਾਂਕਰਨ ਅਤੇ ਟੈਕਨੋ-ਕਾਰਪੋਰੇਟ ਤੋਂ ਬਚਾਉਣ ਦੀ ਸਖ਼ਤ ਲੋੜ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)