ਪਾਠਕਾਂ ਦੇ ਮਨ ਦੀ ਗੱਲ
17 ਜੁਲਾਈ ਦੇ ‘ਦਸਤਕ’ ਅੰਕ ਵਿਚ ਗੁਰਬਚਨ ਸਿੰਘ ਭੁੱਲਰ ਲਿਖਤ ‘ਲੇਖਕ ਦੀ ਰਚਨਾ ਤੱਕ ਹੀ ਨਹੀਂ ਰਹਿਣਾ ਚਾਹੁੰਦੇ ਪਾਠਕ’, ਪਾਠਕਾਂ ਦੇ ਮਨ ਦੀ ਗੱਲ ਕਰਦਾ ਲੇਖ ਹੈ ਜੋ ‘ਖਾਸ ਮੌਕੇ, ਖਾਸ ਗੱਲਾਂ’ ਕਿਤਾਬ ਪੜ੍ਹਨ ਲਈ ਪ੍ਰੇਰਿਤ ਕਰਦਾ ਹੈ। ਕਿਸੇ ਵੀ ਰਚਨਾ ਦੀ ਉਸਾਰੀ ਦੇ ਪਿੱਛੇ ਦਾ ਮਾਹੌਲ ਜਾਣਨ ਦੀ ਜਿਗਿਆਸਾ ਹਰੇਕ ਪਾਠਕ ਨੂੰ ਹੁੰਦੀ ਹੈ। ਪਾਠਕ ਦੇ ਬਹੁਤ ਸਾਰੇ ਪ੍ਰਸ਼ਨ ਵੀ ਹੁੰਦੇ ਹਨ। ਜੇਕਰ ਲੇਖਕ ਖੁੱਲ੍ਹਦਿਲੀ ਨਾਲ ਪਾਠਕਾਂ ਨਾਲ ਗੱਲਬਾਤ ਕਰਨ ਤਾਂ ਕਿਤਾਬ ਦੀ ਮਕਬੂਲੀਅਤ ਵਧੇਗੀ। ਆਲੋਚਨਾ ਨੂੰ ਵੀ ਸਾਕਾਰਾਤਮਕ ਢੰਗ ਨਾਲ ਵਿਚਾਰਨਾ ਚਾਹੀਦਾ ਹੈ।
ਮਨਦੀਪ ਕੌਰ, ਲੁਧਿਆਣਾ
ਭਾਸ਼ਾਵਾਂ ਦੇ ਹੱਕਾਂ ਦੀ ਤਰਜਮਾਨੀ
ਸਤਾਰਾਂ ਜੁਲਾਈ ਦੇ ਅੰਕ ਵਿਚ ‘ਖ਼ਬਰਨਾਮਾ’ ਤਹਿਤ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਵੱਲੋਂ ਹੇਠਲੀਆਂ ਅਦਾਲਤਾਂ ਵਿਚ ਖੇਤਰੀ ਭਾਸ਼ਾਵਾਂ ਨੂੰ ਪਹਿਲ ਦੇਣ ਦੀ ਲੋੜ ਸਬੰਧੀ ਪ੍ਰਕਾਸ਼ਿਤ ਖ਼ਬਰ ਖੇਤਰੀ ਅਤੇ ਸਥਾਨਕ ਭਾਸ਼ਾਵਾਂ ਦੇ ਹੱਕਾਂ ਦੀ ਤਰਜਮਾਨੀ ਕਰਦੀ ਹੈ। ਖੇਤਰੀ ਭਾਸ਼ਾਵਾਂ ਨੂੰ ਹੇਠਲੀਆਂ ਅਦਾਲਤਾਂ ਵਿਚ ਪਹਿਲ ਦੇਣ ਦੀ ਮੰਗ ਕਈ ਦਹਾਕਿਆਂ ਤੋਂ ਨਿਰੰਤਰ ਉੱਠਦੀ ਆ ਰਹੀ ਹੈ। ਹਰ ਮਾਤ-ਭਾਸ਼ਾ ਹਿਤੈਸ਼ੀ ਸ੍ਰੀ ਰਿਜਿਜੂ ਦੇ ਇਸ ਬਿਆਨ ਦਾ ਸਮਰਥਨ ਕਰੇਗਾ ਕਿ ਭਾਵੇਂ ਸੁਪਰੀਮ ਕੋਰਟ ਵਿਚ ਦਲੀਲਬਾਜ਼ੀ ਤੇ ਫ਼ੈਸਲੇ ਅੰਗਰੇਜ਼ੀ ਵਿਚ ਹੁੰਦੇ ਹਨ ਪਰ ਹਾਈ ਕੋਰਟਾਂ ਤੇ ਹੇਠਲੀਆਂ ਅਦਾਲਤਾਂ ਵਿਚ ਖੇਤਰੀ ਤੇ ਸਥਾਨਕ ਭਾਸ਼ਾਵਾਂ ਨੂੰ ਜ਼ਰੂਰ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ। ਇਸ ਫ਼ੈਸਲੇ ਦੇ ਲਾਗੂ ਹੋਣ ਨਾਲ ਭਾਰਤ ਦੀਆਂ ਸਮੂਹ ਖੇਤਰੀ ਭਾਸ਼ਾਵਾਂ ਦੀ ਕਦਰਦਾਨੀ ਅਤੇ ਮਹੱਤਵ ਹੋਰ ਵੀ ਵਧੇਗਾ।
ਡਾ. ਦਰਸ਼ਨ ਸਿੰਘ ‘ਆਸ਼ਟ’, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੀਟਰ ਬਰੁੱਕ ਨੂੰ ਯਾਦ ਕਰਦਿਆਂ
10 ਜੁਲਾਈ ਦੇ ‘ਦਸਤਕ’ ਅੰਕ ਵਿਚ ਕ੍ਰਿਸ਼ਨ ਕੁਮਾਰ ਰੱਤੂ ਦਾ ਲਿਖਿਆ ਲੇਖ ‘ਪ੍ਰਯੋਗਸ਼ੀਲ ਰੰਗਮੰਚ ਤੇ ਫਿਲਮਾਂ ਦੇ ਇਕ ਯੁਗ ਦਾ ਅੰਤ’ ਪੜ੍ਹਿਆ। ਸਮਾਂ ਅਤੇ ਪਰਿਵਰਤਨ ਸੰਸਾਰ ਦਾ ਨਿਯਮ ਹੈ ਬਰੁੱਕ ਇਸ ਦੀ ਨਬਜ਼ ਚੰਗੀ ਤਰ੍ਹਾਂ ਪਛਾਣਦਾ ਸੀ। ਉਸ ਨੇ ਸ਼ੈਕਸਪੀਅਰ ਦੇ ਰੰਗਮੰਚ ਨੂੰ ਬਦਲਦੇ ਸਮੇਂ ਦਾ ਹਾਣੀ ਬਣਾ ਕੇ ਦੁਨੀਆਂ ਸਾਹਮਣੇ ਜਾਦੂ ਵਾਂਗ ਪੇਸ਼ ਕੀਤਾ ਅਤੇ ਵਾਹ ਵਾਹ ਖੱਟੀ। ਉਸ ਦੁਆਰਾ ਨਿਰਦੇਸ਼ਿਤ ਮਹਾਂਭਾਰਤ ਦੇ ਲੜੀਵਾਰ ਨਾਟਕ ਦੇ ਫ਼ਨ ਨੇ ਲੋਹਾ ਮਨਵਾਇਆ ਅਤੇ ਭਾਰਤੀਆਂ ਦੇ ਦਿਲਾਂ ’ਤੇ ਲੰਮੇ ਸਮੇਂ ਤੱਕ ਰਾਜ ਕੀਤਾ। ਲਾਰਡ ਆਫ਼ ਫਲਾਈਜ਼ ਦੇ ਨਾਮ ਨਾਲ ਜਾਣੇ ਜਾਂਦੇ ਬਰੁੱਕ ਨੇ ਇਸ ਦੇ ਕਿਰਦਾਰਾਂ ਨੂੰ ਅਮਰ ਕਰ ਦਿੱਤਾ ਹੈ। ਇਸ ਵਿਚ ਦਰੋਪਦੀ ਦੀ ਭੂਮਿਕਾ ਨਿਭਾਉਣ ਲਈ ਮਲਿਕਾ ਸਾਰਾਬਾਈ ਨੇ ਆਪਣੀ ਕਾਮਯਾਬੀ ਅਤੇ ਜਾਦੂਮਈ ਕਿਰਦਾਰ ਦਾ ਸਿਹਰਾ ਪੀਟਰ ਬਰੁੱਕ ਦੇ ਸਿਰ ਬੰਨ੍ਹਿਆ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)