ਲੋਕਤੰਤਰ ਕਿਵੇਂ ਜ਼ਿੰਦਾ ਰਹਿੰਦੇ ਹਨ
24 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਲੋਕਤੰਤਰ ਕਿਵੇਂ ਜ਼ਿੰਦਾ ਰਹਿੰਦੇ ਹਨ’ ਪੜ੍ਹਿਆ, ਚੰਗਾ ਲੱਗਾ। ਦਾਨਿਸ਼ਵਰ ਚਿੰਤਕ ਨੇ ਬੜੇ ਵਧੀਆ ਤਰੀਕੇ ਨਾਲ ਅਮਰੀਕੀ ਸਦਰੀਅਤ ਦੀ ਹੈਰਾਨੀਜਨਕ ਚੜ੍ਹਤ ਅਤੇ ਉਸ ਦੇ ਉਸ਼ਟੰਡਬਾਜ਼ ਦੀਆਂ ਫੜਾਂ ਮਾਰਨ ਵਾਲੇ ਸੱਚ ਸਮੇਤ
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਕ੍ਰਿਸ਼ਮੇ ਤੇ ਲੋਕਪ੍ਰਿਅਤਾ ਵਿਚ ਭਿੱਜੇ ਵਿਲੱਖਣ ਅੰਦਾਜ਼ ਨੂੰ ਜਿਸ ਧਰਾਤਲ ਉੱਪਰ ਚਿਤਰਿਆ ਹੈ ਉਸੇ ਧਰਾਤਲ ਉੱਪਰ ਹੀ ਇਕ ਤੀਸਰੇ ਸ਼ਖ਼ਸ ਦੀ ਨੁਹਾਰ ਵੀ ਉੱਘੜ ਰਹੀ ਹੈ।
ਡਾ. ਪੰਨਾ ਲਾਲ ਮੁਸਤਫ਼ਾਬਾਦੀ ਤੇ ਕਸ਼ਮੀਰ ਘੇਸਲ਼, ਚੰਡੀਗੜ੍ਹ
(2)
ਲੋਕਤੰਤਰ ਦੇ ਬਾਨੀ ਬਰਤਾਨਵੀ ਲੋਕਾਂ ਨੇ ਦੁਨੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਨਾਇਕ ਪੂਜਾ ਵਿਚ ਵਿਸ਼ਵਾਸ ਨਹੀਂ ਰੱਖਦੇ। ਉਹ ਭਾਰਤੀਆਂ ਵਾਂਗ ਅੰਧ-ਵਿਸ਼ਵਾਸੀ ਅਤੇ ਲਕੀਰ ਦੇ ਫ਼ਕੀਰ ਨਹੀਂ ਹਨ। ਇਸ ਗੱਲ ਦਾ ਪ੍ਰਗਟਾਵਾ 24 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਰਾਮਚੰਦਰ ਗੁਹਾ ਨੇ ਆਪਣੇ ਲੇਖ ਵਿੱਚ ਕੀਤਾ ਹੈ। ਕੰਜ਼ਰਵੇਟਿਵ ਪਾਰਟੀ ਦੇ ਬੋਰਿਸ ਜੌਹਨਸਨ ਨੇ ਆਪਣੀ ਹੀ ਪਾਰਟੀ ਦੇ ਮੰਤਰੀਆਂ ਦੇ ਵਿਰੋਧ ਕਾਰਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਲੋਕਤੰਤਰ ਨੂੰ ਦਾਗ਼ ਲੱਗਣ ਤੋਂ ਬਚਾ ਲਿਆ ਹੈ। ਪੂਰਨ ਬਹੁਮਤ ਦੇ ਬਾਵਜੂਦ ਉਸ ਨੂੰ ਕੁਰਸੀ ਛੱਡਣੀ ਪਈ। ਇਸ ਮੁਲਕ ਦੀ ਪਾਰਲੀਮੈਂਟ ਵਿਚ ਦੋਵੇਂ ਧਿਰਾਂ ਨੂੰ ਆਪੋ ਆਪਣੇ ਦ੍ਰਿਸ਼ਟੀਕੋਣ ਨਾਲ ਗੱਲ ਰੱਖਣ ਅਤੇ ਬਹਿਸ ਕਰਨ ਦਾ ਪੂਰਾ ਹੱਕ ਹੈ। ਲੇਖਕ ਨੇ ਇਸ ਨਿੱਗਰ ਸੋਚ ਦੀ ਤੁਲਨਾ ਪਿਛਲੇ ਕੁਝ ਸਾਲਾਂ ਤੋਂ ਸਾਡੇ ਦੇਸ਼ ਦੀ ਸੰਸਦ ਵਿਚ ਵਾਪਰ ਰਹੀਆਂ ਸਿਆਸੀ ਘਟਨਾਵਾਂ ਨਾਲ ਕੀਤੀ ਹੈ ਜਿੱਥੇ ਭਾਜਪਾ ਦੇ ਸਿਆਸੀ ਨੇਤਾ ਆਪਣੇ ਆਗੂ ਦੀ ਜ਼ੀ-ਹਜੂਰੀ ਕਰਨ ਤੋਂ ਸਿਵਾਇ ਕੁਝ ਹੋਰ ਨਹੀਂ ਸੋਚ ਸਕਦੇ। ਲੋਕਤੰਤਰ ਵਿਚ ਇਕੋ ਪਾਰਟੀ ਦੇ ਮੈਂਬਰਾਂ ਅਤੇ ਵੱਖ ਵੱਖ ਪਾਰਟੀਆਂ ਦੇ ਆਪਸੀ ਵਿਚਾਰਕ ਮਤਭੇਦ ਹੋਣਾ ਮਾੜੀ ਗੱਲ ਨਹੀਂ ਹੁੰਦਾ। ਇਤਿਹਾਸ ਗਵਾਹ ਹੈ ਕਿ ਇਸ ਨਾਲ ਸ਼ਕਤੀ ਸੰਤੁਲਨ ਕਾਇਮ ਰਹਿੰਦਾ ਹੈ ਅਤੇ ਆਮ ਲੋਕਾਂ ਦਾ ਭਲਾ ਹੁੰਦਾ ਰਹਿੰਦਾ ਹੈ। ਲੋਕਤੰਤਰੀ ਪ੍ਰਣਾਲੀ ਵਿਚ ਇਹ ਲਾਜ਼ਮੀ ਹੈ ਕਿ ਸਮਾਜ ਦੀ ਤੀਜੀ ਅੱਖ ਮੀਡੀਆ, ਨਿਆਂਪਾਲਿਕਾ, ਸਿਵਲ ਸੇਵਾਵਾਂ ਅਤੇ ਵਿਧਾਨ ਮੰਡਲ ਨੂੰ ਆਪੋ ਆਪਣੇ ਖੇਤਰ ਵਿਚ ਖੁੱਲ੍ਹੇ ਅਤੇ ਨਿਰਪੱਖ ਤੌਰ ’ਤੇ ਆਪਣਾ ਕੰਮ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਇੰਗਲੈਂਡ ਦੀ ਇਸ ਸੰਵੇਦਨਸ਼ੀਲ ਕਾਰਜਸ਼ੈਲੀ ਤੋਂ ਦੁਨੀਆਂ ਦੇ ਸਭ ਤੋਂ ਨੌਜੁਆਨ ਅਤੇ ਵੱਡੇ ਲੋਕਤੰਤਰਵਾਦੀ ਦੇਸ਼ ਭਾਰਤ ਨੂੰ ਸਬਕ ਲੈਣ ਦੀ ਲੋੜ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਮਰਦ ਪ੍ਰਧਾਨ ਸਮਾਜ
24 ਜੁਲਾਈ ਦੇ ਪੰਜਾਬੀ ਟ੍ਰਿਬਿਊਨ ਦਾ ਸੰਪਾਦਕੀ ਲੇਖ ‘ਆਓ ਮਿਲੋ ਸਹੇਲੀਓ’ ਪੰਜਾਬ ਵਿਚ ਔਰਤ ਪੰਚਾਂ ਅਤੇ ਸਰਪੰਚਾਂ ਦੇ ਅਧਿਕਾਰਾਂ ਨੂੰ ਮਰਦਾਂ ਵੱਲੋਂ ਵਰਤਣ ਦਾ ਪਰਦਾਫਾਸ਼ ਕਰਨ ਵਾਲਾ ਸੀ। ਪੰਜਾਬ ਵਿਚ ਸਥਾਨਕ ਸਰਕਾਰਾਂ ਜਿਵੇਂ ਪੰਚਾਇਤਾਂ ਆਦਿ ਵਿਚ ਔਰਤਾਂ ਵਾਸਤੇ 50 ਫ਼ੀਸਦੀ ਨੁਮਾਇੰਦਗੀ ਦਿੱਤੀ ਗਈ ਹੈ। ਆਮ ਤੌਰ ’ਤੇ ਜਦੋਂ ਕੋਈ ਪੱਤਰਕਾਰ ਜਾਂ ਸਰਕਾਰੀ ਅਫ਼ਸਰ ਔਰਤ ਪੰਚ ਜਾਂ ਸਰਪੰਚ ਨੂੰ ਕੋਈ ਗੱਲ ਪੁੱਛਦਾ ਹੈ ਤਾਂ ਉਸ ਦਾ ਜਵਾਬ ਉਸ ਦਾ ਪਤੀ, ਪਿਤਾ ਜਾਂ ਭਰਾ ਦਿੰਦਾ ਹੈ ਜਿਸ ਨੂੰ ਅਧਿਕਾਰਤ ਜਵਾਬ ਸਮਝਿਆ ਜਾਂਦਾ ਹੈ, ਔਰਤ ਅਹੁਦੇਦਾਰ ਆਮ ਤੌਰ ’ਤੇ ਚੁੱਪ ਹੀ ਰਹਿੰਦੀ ਹੈ। ਅਜਿਹਾ ਸਾਡੇ ਮਰਦ ਪ੍ਰਧਾਨ ਸਮਾਜ ਕਾਰਨ ਹੀ ਹੁੰਦਾ ਹੈ। ਸੰਸਾਰ ਦੇ ਜਿਨ੍ਹਾਂ ਦੇਸ਼ਾਂ ਵਿਚ ਵੀ ਔਰਤਾਂ ਨੇ ਆਪਣੇ ਅਧਿਕਾਰ ਹਾਸਲ ਕੀਤੇ ਹਨ ਉਨ੍ਹਾਂ ਦੇਸ਼ਾਂ ਵਿਚ ਅਧਿਕਾਰ ਪ੍ਰਾਪਤੀ ਦੇ ਅੰਦੋਲਨ ਦੀ ਅਗਵਾਈ ਔਰਤਾਂ ਨੇ ਖ਼ੁਦ ਕੀਤੀ ਹੈ। ਬੇਸ਼ੱਕ ਪੰਜਾਬ ਦੇ ਸਮਾਜ ਸੁਧਾਰਕਾਂ ਅਤੇ ਧਾਰਮਿਕ ਗੁਰੂਆਂ ਨੇ ਮਰਦਾਂ ਅਤੇ ਔਰਤਾਂ ਨੂੰ ਇਕ ਸਮਾਨ ਮੰਨਿਆ ਹੈ, ਪਰ ਅਮਲੀ ਰੂਪ ਵਿਚ ਮਰਦਾਂ ਨੇ ਕਦੇ ਵੀ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਨਹੀਂ ਦਿੱਤਾ। ਜੇਕਰ ਔਰਤਾਂ ਨੇ ਆਪਣੇ ਹੱਕ ਲੈਣੇ ਹਨ ਤਾਂ ਉਸ ਵਾਸਤੇ ਅੰਦੋਲਨ ਦੀ ਅਗਵਾਈ ਉਨ੍ਹਾਂ ਨੂੰ ਖ਼ੁਦ ਕਰਨੀ ਪਵੇਗੀ।
ਪ੍ਰੋਫੈਸਰ ਸ਼ਾਮਲਾਲ ਕੌਸ਼ਲ, ਰੋਹਤਕ (ਹਰਿਆਣਾ)