ਆਜ਼ਾਦੀ ਦਾ ਪਰਵਾਨਾ
31 ਜੁਲਾਈ ਦੇ ‘ਦਸਤਕ’ ਅੰਕ ਵਿਚ ਗੁਰਦੇਵ ਸਿੰਘ ਸਿੱਧੂ ਦੇ ਲੇਖ ‘ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼’ ਨੇ ਆਜ਼ਾਦੀ ਦੇ ਪਰਵਾਨੇ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਹ ਰਚਨਾ ਸ਼ਹੀਦ ਊਧਮ ਸਿੰਘ ਦੇ 83ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤੀ ਗਈ ਹੈ। ਊਧਮ ਸਿੰਘ ਨੇ 13 ਅਪਰੈਲ 1919 ਦੀ ਵਿਸਾਖੀ ਵਾਲਾ ਜਲ੍ਹਿਆਂਵਾਲਾ ਬਾਗ਼ ਕਤਲੇਆਮ ਆਪਣੇ ਅੱਖੀਂ ਡਿੱਠਾ ਕੰਨੀ ਸੁਣਿਆ ਅਤੇ ਅੰਗਰੇਜ਼ੀ ਹਕੂਮਤ ਕੋਲੋਂ ਇਸ ਦਾ ਬਦਲਾ ਲੈਣ ਦੀ ਅੱਗ ਨੂੰ ਤਕਰੀਬਨ ਬਾਈ ਸਾਲ ਬੁਝਣ ਨਹੀਂ ਦਿੱਤਾ। ਬਚਪਨ ਵਿਚ ਯਤੀਮਖਾਨੇ ਦੀ ਪਰਵਰਿਸ਼ ਅਤੇ ਸਕੂਲੀ ਸਿੱਖਿਆ ਤੋਂ ਲੈ ਕੇ ਉਮਰ ਭਰ ਊਧਮ ਸਿੰਘ ਗੁਰੂਘਰ ਨਾਲ ਜੁੜਿਆ ਰਿਹਾ। ਉਸ ਦੀ ਇਹ ਅਸੀਮ ਸ਼ਰਧਾ ਭਾਵਨਾ ਅਮਰੀਕਾ ਅਤੇ ਲੰਡਨ ਦੇ ਗੁਰਦੁਆਰਿਆਂ ਵਿਚ ਸੇਵਾ ਕਰਦਿਆਂ ਦੀਆਂ ਤਸਵੀਰਾਂ ਵਿਚ ਦੇਖੀ ਜਾ ਸਕਦੀ ਹੈ। ਸ਼ੁਰੂ ਵਿਚ ਉਹ ਗ਼ਦਰ ਪਾਰਟੀ ਨਾਲ ਜੁੜਿਆ ਅਤੇ ਗ਼ਦਰ ਦੀ ਗੂੰਜ, ਆਜ਼ਾਦੀ ਦੀ ਗੂੰਜ ਅਤੇ ਬੱਬਰ ਗੂੰਜ ਆਦਿ ਸਾਹਿਤ ਪੜ੍ਹਦਿਆਂ ਇਨਕਲਾਬੀਆਂ ਦੇ ਸੰਪਰਕ ਵਿਚ ਰਹਿਣ ਲੱਗਾ। ਚੜ੍ਹਦੀ ਜੁਆਨੀ ਵਿਚ ਉਸ ਨੇ ਅੰਗਰੇਜ਼ਾਂ ਤੋਂ ਬਦਲਾ ਲੈਣ ਲਈ ਅਮਰੀਕਾ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰ ਲਿਆਉਣ ਦੇ ਦੋਸ਼ ਵਿਚ ਲਾਹੌਰ ਅਤੇ ਪਿਸ਼ਾਵਰ ਦੀਆਂ ਜੇਲ੍ਹਾਂ ਵਿਚ ਪੰਜ ਸਾਲ ਦੀ ਸਖ਼ਤ ਸਜ਼ਾ ਕੱਟੀ। ਸਜ਼ਾ ਪੂਰੀ ਹੋਣ ਤੋਂ ਬਾਅਦ ਤੁਰੰਤ ਊਧਮ ਸਿੰਘ ਨੇ ਹੁਸੈਨੀਵਾਲਾ ਜਾ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ। ਆਪਣੇ ਟੀਚੇ ਨੂੰ ਪੂਰਾ ਕਰਨ ਲਈ ਉਸ ਨੇ ਅਫਰੀਕਾ, ਯੂਰਪ ਅਤੇ ਏਸ਼ੀਆ ਦੇ ਕਈ ਦੇਸ਼ ਘੁੰਮੇ ਅਤੇ ਇਨਕਲਾਬੀਆਂ ਨਾਲ ਨੇੜਲੇ ਸੰਪਰਕ ਬਣਾਈ ਰੱਖੇ। ਸਮਕਾਲੀ ਇਤਿਹਾਸਕ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਊਧਮ ਸਿੰਘ ਆਪਣੇ ਵਤਨ ਨਾਲ ਬੇਹੱਦ ਪਿਆਰ ਕਰਦਾ ਸੀ, ਉਹ ਹਮੇਸ਼ਾ ਖੁਸ਼ਦਿਲ, ਦੋਸਤਾਂ ਨੂੰ ਪਿਆਰ ਕਰਨ ਵਾਲਾ ‘ਬਾਵਾ’ ਸੀ। ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਜ਼ਿੰਮੇਵਾਰ ਮਾਈਕਲ ਓ’ਡਵਾਇਰ ਨੂੰ ਲੰਡਨ ਵਿਚ ਖਚਾਖਚ ਭਰੇ ਕੈਕਸਟਨ ਹਾਲ ਵਿਚ 13 ਮਾਰਚ 1940 ਵਿਚ ਮਾਰ ਕੇ ਬਦਲਾ ਲਿਆ। ਆਪਣੇ ਆਪ ਨੂੰ ਪੁਲੀਸ ਹਵਾਲੇ ਕਰਦਿਆਂ ਕਿਹਾ ਕਿ ਮੈਂ ਰਾਮ ਮੁਹੰਮਦ ਸਿੰਘ ਆਜ਼ਾਦ ਹਾਂ। ਵਤਨ ਦੇ ਸ਼ਹੀਦ ਕਿਸੇ ਵਿਸ਼ੇਸ਼ ਖੇਤਰ, ਧਰਮ ਅਤੇ ਜਾਤ ਵਿਚ ਵਿਸ਼ਵਾਸ ਨਹੀਂ ਰੱਖਦੇ।
ਕੁਲਦੀਪ ਸਿੰਘ ਥਿੰਦ, ਬਾਰਨਾ, ਕੁਰੂਕਸ਼ੇਤਰ
ਸਮੇਂ ਖਿਸਕਾਈ ਕੰਨੀ…
ਐਤਵਾਰ 31 ਜੁਲਾਈ ਦੇ ਅੰਕ ਵਿਚ ਨਰਿੰਦਰਪਾਲ ਸਿੰਘ ਜਗਦਿਓ ਦਾ ਮਿਡਲ ‘ਫੇਰ ਕਦੇ ਨਾ ਆਈ’ ਪੜ੍ਹ ਕੇ ਲੱਗਿਆ ਜਿਵੇਂ ਇਹ ਮੇਰੀ ਹੀ ਕਹਾਣੀ ਪੇਸ਼ ਕੀਤੀ ਗਈ ਹੋਵੇ। ਰੁਝੇਵਿਆਂ ਭਰੀ ਜ਼ਿੰਦਗੀ ’ਚ ਅਸੀਂ ਅਕਸਰ ਹੀ ਇਹ ਕਹਿ ਕੇ ਕੰਮ ਨਹੀਂ ਕਰਦੇ ਕਿ ‘ਚਲੋ ਫੇਰ ਕਰਾਂਗੇ’। ਕਈ ਵਾਰ ਸਾਡੀ ‘ਫੇਰ’ ਜ਼ਿੰਦਗੀ ਭਰ ਨਹੀਂ ਆਉਂਦੀ ਅਤੇ ਮਨੁੱਖ ਪਛਤਾਉਂਦਾ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਹੀ ਮੇਰੇ ਨਾਲ ਹੋਈ ਜੋ ਮੈਂ ਦੋ ਦਹਾਕੇ ਪਹਿਲਾਂ ਕਰਨਾ ਸੀ ਉਹ ਹੁਣ ਕਰ ਰਿਹਾ ਹਾਂ ਪਰ ਹੁਣ ਕਾਫ਼ੀ ਦੇਰ ਹੋ ਚੁੱਕੀ ਹੈ। ਮੇਰੇ ਵਾਂਗੂੰ ਅਜਿਹਾ ਸੋਚਣ ਹੋਰ ਵੀ ਵਿਅਕਤੀ ਹੋਣਗੇ, ਉਨ੍ਹਾਂ ਨੂੰ ਕੋਈ ਵੀ ਕੰਮ ਟਾਲਣ ਵਾਲਾ ਰਵੱਈਆ ਬਦਲਣਾ ਚਾਹੀਦਾ ਹੈ। ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਜੇਕਰ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ ਤਾਂ ਸਮਾਂ ਵੀ ਸਾਡੀ ਕਦਰ ਨਹੀਂ ਕਰਦਾ। ਭਾਈ ਵੀਰ ਸਿੰਘ ਨੇ ਵੀ ਲਿਖਿਆ ਹੈ: ‘‘ਮੈਂ ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ/ ਮੈਂ ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ…।’’
ਮੇਘ ਰਾਜ ਜੋਸ਼ੀ, ਗੁੰਮਟੀ (ਬਰਨਾਲਾ)