ਪ੍ਰਭੂ ਦਿਆਲ
ਸਿਰਸਾ, 29 ਅਪਰੈਲ
ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਪਰਚੇ ਰੱਦ ਕਰਵਾਉਣ ਲਈ ਜਥੇਬੰਦੀਆਂ ਨੇ ਮੁੜ ਤੋਂ ਅੰਦੋਲਨ ਚਲਾਉਣ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਦੋ ਮਈ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਵੱਡਾ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਅੰਦੋਲਨ ਦੀ ਅਗਲੀ ਰਣਨੀਤੀ ਬਣਾਈ ਜਾਵੇਗੀ। ਇਸ ਦੀ ਤਿਆਰੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰਾਣੀਆਂ ਕਸਬੇ ’ਚ ਮੀਟਿੰਗ ਕੀਤੀ ਗਈ।
ਰਾਣੀਆਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਪਰਚੇ ਹਾਲੇ ਤੱਕ ਰੱਦ ਨਹੀਂ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਰੇਲ ਰੋਕੋ ਪ੍ਰੋਗਰਾਮ ਦੌਰਾਨ ਕਿਸਾਨ ਆਗੂ ਰੋਸ਼ਨ ਸੁਚਾਨ ਸਮੇਤ ਕਈ ਕਿਸਾਨਾਂ ’ਤੇ ਰੇਲਵੇ ਵਿਭਾਗ ਵੱਲੋਂ ਕੇਸ ਦਰਜ ਕਰਵਾਏ ਗਏ, ਜਿਹੜੇ ਹਾਲੇ ਰੱਦ ਨਹੀਂ ਹੋਏ। ਸੀਡੀਐੱਲਯੂ ’ਚ ਰਣਵੀਰ ਗੰਗਵਾ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਦਰਜ ਮੁਕਦਮੇ ਵੀ ਹਾਲੇ ਵਾਪਿਸ ਨਹੀਂ ਲਏ। ਉਨ੍ਹਾਂ ਨੇ ਦੱਸਿਆ ਕਿ ਟਰੇਡ ਯੂਨੀਅਨਾਂ ਦੇ ਸੱਦੇ ’ਤੇ 28-29 ਮਾਰਚ ਨੂੰ ਹੋਏ ਦੇਸ਼ ਵਿਆਪੀ ਹੜਤਾਲ ਦੌਰਾਨ ਕਰਮਚਾਰੀਆਂ ਦੀ ਹਮਾਇਤ ਕਰਨ ’ਤੇ ਕਿਸਾਨ ਆਗੂ ’ਤੇ ਵੀ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰ ਸਰਕਾਰ ਵਿਚਾਲੇ ਹੋਈ ਗੱਲਬਾਤ ਦੇ ਤਹਿਤ ਕਿਸਾਨਾਂ ’ਤੇ ਦਰਜ ਕੇਸ ਰੱਦ ਕੀਤੇ ਜਾਣੇ ਸਨ ਪਰ ਹਾਲੇ ਤੱਕ ਕਈ ਕਿਸਾਨਾਂ ’ਤੇ ਕੇਸਾਂ ਦੀ ਤਲਵਾਰ ਲਟਕ ਰਹੀ ਹੈ। ਰੇਲਵੇ ਵਿਭਾਗ ਵੱਲੋਂ ਕਈ ਕਿਸਾਨਾਂ ਨੂੰ ਨੋਟਿਸ ਤੱਕ ਭੇਜੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ’ਤੇ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਦੋ ਮਈ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਅਗਲੇ ਅੰਦੋਲਨ ਦੀ ਰਣਨੀਤੀ ਬਣਾਈ ਜਾਵੇਗੀ। ਇਸ ਮੌਕੇ ਸਰਪੰਚ ਬਿੱਕਰ ਸਿੰਘ, ਗੁਰਮੀਤ ਸਿੰਘ ਨੌਕੋੜਾ, ਗੁਰਪ੍ਰੀਤ ਗਿੱਲ, ਅੰਗਰੇਜ਼ ਖਾਰਾ, ਕੁਲਵਿੰਦਰ ਖਾਰਾ, ਹਨੂਮਾਨ ਨਿਓਲ, ਮਨਜੀਤ ਸਿੰਘ, ਗੁਰਪ੍ਰੀਤ ਵਿਰਕ, ਤਲਵਿੰਦਰ ਸੋਖੀ, ਰਵਿੰਦਰ ਗਿੱਲ, ਗੁਰਭਿੰਦਰ ਕਾਹਲੋ, ਗੁਰਵਿੰਦਰ ਬੇਦੀ, ਕਰਨਪਾਲ ਸਿੰਘ, ਦਲਵਿੰਦਰ ਸਿੰਘ ਨਾਮਧਾਰੀ ਸਮੇਤ ਅਨੇਕ ਕਿਸਾਨ ਮੌਜੂਦ ਸਨ।