ਲਖੀਮਪੁਰਖੀਰੀ, 10 ਮਈ
ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਅੱਜ ਇਸਤਗਾਸਾ ਪੱਖ ਨੇ ਤਿਕੁਨੀਆ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਰਿਹਾਈ ਦੀ ਅਰਜ਼ੀ ’ਤੇ ਇਤਰਾਜ਼ ਦਾਖਲ ਕੀਤੇ ਹਨ। ਇਸ ਮਾਮਲੇ ਦੇ ਪੰਜ ਹੋਰ ਮੁਲਜ਼ਮਾਂ ਅੰਕਿਤ ਦਾਸ, ਲਾਤੀਫ, ਸਤਿਅਮ ਤ੍ਰਿਪਾਠੀ, ਸ਼ੇਖਰ ਭਾਰਤੀ ਤੇ ਨੰਦਨ ਸਿੰਘ ਬਿਸ਼ਟ ਦੀ ਰਿਹਾਈ ਸਬੰਧੀ ਅਰਜ਼ੀ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਕੇਸ਼ ਮਿਸ਼ਰਾ ਦੀ ਅਦਾਲਤ ਵਿਚ ਸੋਮਵਾਰ ਦਾਇਰ ਕੀਤੀ ਗਈ ਸੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 24 ਮਈ ਨਿਰਧਾਰਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮੁਲਜ਼ਮਾਂ ਨੂੰ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਲਖੀਮਪੁਰਖੀਰੀ ਵਿਚ ਪਿਛਲੇ ਸਾਲ ਤਿੰਨ ਅਕਤੂਬਰ ਨੂੰ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਦੋਸ਼ ਹੇਠ 12 ਮੁਲਜ਼ਮ ਜੇਲ੍ਹ ਵਿਚ ਨਜ਼ਰਬੰਦ ਹਨ। ਇਸ ਮਾਮਲੇ ਵਿਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅਦਾਲਤ ਵਿੱਚ ਦੋਵਾਂ ਐਫਆਈਆਰਜ਼ ਦੇ ਸਬੰਧ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਐਸਆਈਟੀ ਨੇ ਪਹਿਲੀ ਐਫਆਈਆਰ ਦੇ ਸਬੰਧ ਵਿਚ ਜਿਹੜੀ ਚਾਰਜਸ਼ੀਟ ਦਾਖਲ ਕੀਤੀ ਹੈ, ਉਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਸਣੇ 14 ਹੋਰਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ, ਜਦੋਂਕਿ ਦੂਜੀ ਐਫਆਈਆਰ ਵਿੱਚ ਚਾਰ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਦੋਵੇਂ ਕੇਸ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਸੁਣਵਾਈ ਅਧੀਨ ਹਨ।