ਅਦਿਤੀ ਟੰਡਨ
ਨਵੀਂ ਦਿੱਲੀ, 19 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਸਜ਼ਾ ਸੁਣਾਉਣ। ਹੁਣ ਉਨ੍ਹਾਂ ਨੂੰ 700 ਕਿਸਾਨਾਂ ਦੀ ਮੌਤ ਅਤੇ ਕਿਸਾਨਾਂ ‘ਤੇ ਹੋਏ ਜ਼ੁਲਮ’ ਲਈ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਮੁੱਖ ਵਿਰੋਧੀ ਪਾਰਟੀ ਨੇ ਇਹ ਵੀ ਕਿਹਾ ਕਿ ਦੇਸ਼ ਦੇ ਲੋਕ ਸਮਝ ਚੁੱਕੇ ਹਨ ਕਿ ਭਾਜਪਾ ਦੀ ਹਾਰ ਤੋਂ ਅੱਗੇ ਦੇਸ਼ ਦੀ ਜਿੱਤ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ,‘ਅੱਜ ਮੋਦੀ ਜੀ ਅਤੇ ਉਨ੍ਹਾਂ ਦੀ ਸਰਕਾਰ ਦੇ ਹੰਕਾਰ ਦੀ ਹਾਰ ਦਾ ਦਿਨ ਹੈ। ਅੱਜ ਕਿਸਾਨ ਵਿਰੋਧੀ ਭਾਜਪਾ ਅਤੇ ਉਨ੍ਹਾਂ ਦੇ ਸਰਮਾਏਦਾਰ ਦੋਸਤਾਂ ਦੀ ਹਾਰ ਦਾ ਦਿਨ ਹੈ। ਖੇਤੀ ਨੂੰ ਵੇਚਣ ਦੀ ਸਾਜ਼ਿਸ਼ ਦੀ ਹਾਰ ਦਾ ਦਿਨ ਹੈ।’