ਨੋਇਡਾ (ਉੱਤਰ ਪ੍ਰਦੇਸ਼), 31 ਮਈ
ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਬੰਗਲੌਰ ਵਿੱਚ ਉਨ੍ਹਾਂ ’ਤੇ ਸਿਆਹੀ ਸੁੱਟਣ ਤੇ ਘਾਤਕ ਹਮਲੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਕਰਨਾਟਕ ਦੀ ਰਾਜਧਾਨੀ ‘ਚ ਗਾਂਧੀ ਭਵਨ ‘ਚ ਸੋਮਵਾਰ ਨੂੰ ਕਿਸਾਨ ਸੰਗਠਨ ਵਲੋਂ ਕਰਵਾਏ ਪ੍ਰੋਗਰਾਮ ਦੌਰਾਨ ਬਦਮਾਸ਼ਾਂ ਨੇ ਟਿਕੈਤ ‘ਤੇ ਸਿਆਹੀ ਸੁੱਟ ਦਿੱਤੀ। ਪੁਲੀਸ ਨੇ ਇਸ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਪ੍ਰਬੰਧਕਾਂ ਅਤੇ ਬਦਮਾਸ਼ਾਂ ਨੇ ਦੂਜੇ ‘ਤੇ ਪਲਾਸਟਿਕ ਦੀਆਂ ਕੁਰਸੀਆਂ ਨਾਲ ਹਮਲਾ ਕਰ ਦਿੱਤਾ। ਟਿਕੈਤ ਨੇ ਘਟਨਾ ਲਈ ਸਥਾਨਕ ਪੁਲੀਸ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ ਲਾਇਆ ਕਿ ਇਹ ਹਮਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਮਿਲੀਭੁਗਤ ਨਾਲ ਕੀਤਾ ਗਿਆ ਸੀ। ਕਿਸਾਨ ਨੇਤਾ ਨੇ ਸੋਮਵਾਰ ਦੇਰ ਰਾਤ ਟਵੀਟ ਕੀਤਾ, ‘ਕਾਲੀ ਸਿਆਹੀ ਅਤੇ ਘਾਤਕ ਹਮਲੇ ਇਸ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਦਲਿਤਾਂ, ਦੱਬੇ-ਕੁਚਲੇ, ਪਛੜੇ ਅਤੇ ਆਦਿਵਾਸੀਆਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਆਖਰੀ ਸਾਹ ਤੱਕ ਲੜਾਈ ਜਾਰੀ ਰਹੇਗੀ।’