ਜਸਬੀਰ ਸ਼ੇਤਰਾ
ਜਗਰਾਉਂ, 18 ਅਪਰੈਲ
ਦੋ ਦਹਾਕੇ ਤੋਂ ਕਿਸਾਨ ਲਹਿਰ ਦੀ ਅਗਵਾਈ ਕਰਦੇ ਆ ਰਹੇ ਅਤੇ ਦਿੱਲੀ ਕਿਸਾਨ ਅੰਦੋਲਨ ’ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਹਰਦੀਪ ਸਿੰਘ ਗਾਲਬਿ ਨੂੰ ਵੱਡੀ ਗਿਣਤੀ ਲੋਕਾਂ ਨੇ ਕਿਸਾਨੀ ਝੰਡਿਆਂ ਦੇ ਨਾਲ ਨਾਅਰਿਆਂ ਦੀ ਗੂੰਜ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਾ ਬੀਤੇ ਦਿਨ ਕੈਂਸਰ ਦੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ।
ਬੀਕੇਯੂ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਗੁਰਦੀਪ ਰਾਮਪੁਰਾ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਅਤੇ ਦਿੱਲੀ ’ਚ ਚੱਲੇ ਲੰਬੇ ਸੰਘਰਸ਼ ’ਚ ਹਰਦੀਪ ਗਾਲਬਿ ਦੀ ਭੂਮਿਕਾ ਸਲਾਹੁਣਯੋਗ ਸੀ। ਉਸ ਨੇ ਇਤਿਹਾਸਕ ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਨਾਸਾਜ਼ ਸਿਹਤ ਦੇ ਬਾਵਜੂਦ ਅਣਥੱਕ ਮਿਹਨਤ ਕੀਤੀ।
ਹਰਦੀਪ ਗਾਲਬਿ ਨੂੰ ਗਲੇ ਦੇ ਕੈਂਸਰ ਦੀ ਬਿਮਾਰੀ ਦਾ ਪਤਾ ਦਿੱਲੀ ਸੰਘਰਸ਼ ਦੌਰਾਨ ਹੀ ਲੱਗਾ ਸੀ, ਇਸ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਸੀ ਛੱਡਿਆ। ਹਰਦੀਪ ਗਾਲਬਿ ਦੇ ਪਰਿਵਾਰ ਵਿੱਚ ਮਾਤਾ ਤੇਜ ਕੌਰ, ਪਤਨੀ ਸੁਖਵੰਤ ਕੌਰ, ਧੀ ਰਮਨਦੀਪ ਕੌਰ ਅਤੇ ਪੁੱਤਰ ਕੁਲਵੰਤ ਸਿੰਘ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਇਨਕਲਾਬੀ ਕੇਂਦਰ ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ, ਇਨਕਲਾਬੀ ਮਜ਼ਦੂਰ ਕੇਂਦਰ, ਗੱਲਾ ਮਜ਼ਦੂਰ ਯੂਨੀਅਨ, ਡੀਟੀਐੱਫ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਅੱਜ ਸਾਥੀ ਹਰਦੀਪ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਸਣੇ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ। ਹਰਦੀਪ ਗਾਲਬਿ ਨਮਿਤ ਸ਼ਰਧਾਂਜਲੀ ਸਮਾਗਮ 24 ਅਪਰੈਲ ਨੂੰ ਪਿੰਡ ਗਾਲਬਿ ਕਲਾਂ ਵਿੱਚ ਹੋਵੇਗਾ।