ਕੋਲਕਾਤਾ, 6 ਮਈ
ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਵਿੱਚ ਅੱਜ ਬੰਬ ਧਮਾਕੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਸ ਮਗਰੋਂ ਸਥਾਨਕ ਭਾਜਪਾ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਘਟਨਾ ਦੀ ਐੱਨਆਈਏ ਜਾਂਚ ਦੀ ਮੰਗ ਕਰਦਿਆਂ ਦੋ ਘੰਟੇ ਤੋਂ ਵੱਧ ਸਮੇਂ ਤੱਕ ਇੱਕ ਸੜਕ ਨੂੰ ਜਾਮ ਕਰ ਦਿੱਤਾ। ਘਟਨਾ ਹੁਗਲੀ ਜ਼ਿਲ੍ਹੇ ਦੇ ਪਾਂਡੂਆ ਵਿੱਚ ਇੱਕ ਛੱਪੜ ਨੇੜੇ ਵਾਪਰੀ, ਜਿੱਥੇ ਕੁੱਝ ਲੜਕੇ ਖੇਡ ਰਹੇ ਸਨ ਤਾਂ ਅਚਾਨਕ ਉੱਥੇ ਧਮਾਕਾ ਹੋ ਗਿਆ। ਪੁਲੀਸ ਨੇ ਦੱਸਿਆ ਕਿ ਧਮਾਕੇ ’ਚ ਜ਼ਖ਼ਮੀ ਹੋਏ ਇੱਕ ਲੜਕੇ ਦੀ ਪਾਂਡੂਆ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ, ਉੱਥੇ ਦੋ ਹੋਰ ਜ਼ਖ਼ਮੀ ਨੌਜਵਾਨਾਂ ਨੂੰ ਬਿਹਤਰ ਇਲਾਜ ਲਈ ਚਿਨਸੁਰਾਹ ਦੇ ਇੱਕ ਹਸਪਤਾਲ ਭੇਜਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਅੱਠ ਵਜੇ ਹੋਏ ਧਮਾਕੇ ਦੀ ਜਾਂਚ ਸ਼ੁਰੂ ਹੋ ਗਈ ਹੈ। ਭਾਜਪਾ ਸੰਸਦ ਮੈਂਬਰ ਨੇ ਸੈਕੜੇ ਪਾਰਟੀ ਵਰਕਰਾਂ ਨਾਲ ਜੀਟੀ ਰੋਡ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਅਤੇ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਦੇ ‘ਗੁੰਡੇ’ ਖੇਤਰ ਵਿੱਚ ਆਪਣੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਪ੍ਰੋਗਰਾਮ ਤੋਂ ਪਹਿਲਾਂ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਧਮਾਕੇ ਦੀ ਘਟਨਾ ਵਿੱਚ ਸ਼ਾਮਲ ਸੀ। -ਪੀਟੀਆਈ