ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਜਨਵਰੀ
ਅੱਜ ਇਥੋਂ ਦੇ ਦੋਮੋਰੀਆ ਪੁਲ ਨੇੜਲੇ ਇਲਾਕੇ ਵਿੱਚ ਸਵੇਰੇ ਉਸ ਸਮੇਂ ਭੱਜ-ਦੌੜ ਮਚ ਗਈ ਜਦੋਂ ਉਥੇ ਜੰਗਲੀ ਸਾਂਬਰ (ਹਿਰਨ) ਆ ਵੜਿਆ। ਦੇਵੀ ਤਲਾਬ ਇਲਾਕੇ ਵਿਚ ਸਾਂਬਰ ਘੁੰਮਦਾ ਦੇਖਣ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ।
ਵਿਭਾਗ ਦੇ ਮੁਲਾਜ਼ਮਾਂ ਨੇ ਪੰਜ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਸਾਂਬਰ ਨੂੰ ਕਾਬੂ ਕੀਤਾ। ਲੋਕਾਂ ਵੱਲੋਂ ਰੌਲਾ ਪਾਉਣ ਕਾਰਨ ਡਰਿਆ ਸਾਂਬਰ ਭੱਜ ਕੇ ਦੋਮੋਰੀਆ ਪੁਲ ਵੱਲੋਂ ਚਲਾ ਗਿਆ। ਜੰਗਲਾਤ ਵਿਭਾਗ ਦੇ ਕਾਮੇ ਉਸ ਦਾ ਪਿੱਛਾ ਕਰਦੇ ਹੋਏ ਦੋਮੋਰੀਆ ਪੁਲ ਆਏ ਤਾਂ ਉਹ ਸੀਮਿੰਟ ਦੀ ਦੁਕਾਨ ਅੰਦਰ ਦਾਖਲ ਹੋ ਗਿਆ। ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਦੁਕਾਨ ਸਾਹਮਣੇ ਜਾਲ ਲਾ ਦਿੱਤਾ। ਸਾਂਬਰ ਏਨਾ ਡਰਿਆ ਹੋਇਆ ਸੀ ਕਿ ਜਾਲ ਵਿਚੋਂ ਨਿਕਲ ਕੇ ਭੱਜ ਗਿਆ। ਸਾਂਬਰ ਉਥੋਂ ਭੱਜ ਕੇ ਇਕਹਿਰੀ ਪੁਲੀ ਵੱਲ ਦੌੜ ਗਿਆ। ਜੰਗਲਾਤ ਦੇ ਮੁਲਾਜ਼ਮ ਪ੍ਰਦੀਪ ਨੇ ਦੱਸਿਆ ਕਿ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਹੋਣ ਕਾਰਨ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੇ ਹਨ।