ਪਾਲ ਸਿੰਘ ਨੌਲੀ
ਜਲੰਧਰ, 12 ਨਵੰਬਰ
ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਕਾਰਕੁਨਾਂ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਰੋਸ ਮਾਰਚ ਕੀਤਾ। ਪੁਲੀਸ ਨੇ ਉਨ੍ਹਾਂ ਨੂੰ ਰੋਕਣ ਲਈ ਜਿਥੇ ਬੈਰੀਕੇਡ ਲਾਏ ਹੋਏ ਸਨ, ਉਥੇ ਉਨ੍ਹਾਂ ਨੇ ਮਨੁੱਖੀ ਕੜੀ ਬਣਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦੀ ਪੁਲੀਸ ਨਾਲ ਧੱਕਾਮੁੱਕੀ ਵੀ ਹੋਈ। ਲੰਬਾ ਸਮਾਂ ਪੁਲੀਸ ਵਾਲੇ ਇਨ੍ਹਾਂ ਅਧਿਆਪਕਾਂ ਦੀ ਖਿੱਚ-ਧੂਹ ਕਰਦੇ ਰਹੇ। ਪਰਗਟ ਸਿੰਘ ਦੇ ਘਰ ਨੂੰ ਜਾਣ ਵਾਲੀ ਸੜਕ ਦੇ ਅੱਗੇ ਲੋਹੇ ਦੇ ਭਾਰੇ ਅਤੇ ਉੱਚੇ ਬੈਰੀਕੇਡ ਲਾਏ ਹੋਏ ਸਨ। ਕਈ ਅਧਿਆਪਕਾਂ ਨੇ ਬੈਰੀਕੇਡਾਂ ਨੂੰ ਖਿੱਚ ਕੇ ਪਾਸੇ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਬੈਰੀਕੇਡ ਇਕ-ਦੂਜੇ ਨਾਲ ਬੰਨ੍ਹੇ ਹੋਣ ਕਰ ਕੇ ਹਿੱਲ ਨਹੀਂ ਰਹੇ ਸਨ।
ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਪੁਲੀਸ ਮੁਲਾਜ਼ਮ ਤਾਇਨਾਤ ਸਨ ਜਿਨ੍ਹਾਂ ਵਿਚ ਮਹਿਲਾ ਮੁਲਾਜ਼ਮ ਵੀ ਸ਼ਾਮਲ ਸਨ। ਦੇਰ ਰਾਤ ਤੱਕ ਇਹ ਅਧਿਆਪਕ ਉੱਥੇ ਡਟੇ ਰਹੇ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਿੱਖਿਆ ਮੰਤਰੀ ਦੇ ਘਰ ਤੋਂ ਦੂਰ ਹੀ ਰੋਕੀ ਰੱਖਿਆ। ਜਦੋਂ ਇਹ ਅਧਿਆਪਕਾਂ ਨੂੰ ਪੁਲੀਸ ਨੇ ਅੱਗੇ ਜਾਣ ਤੋਂ ਰੋਕਿਆ ਤਾਂ ਉਹ ਉੱਥੇ ਹੀ ਬੈਠ ਗਏ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ। ਉਹ ‘ਲਾਰੇ ਲਾਉਣੇ ਬੰਦ ਕਰੋ-ਰੁਜ਼ਗਾਰ ਦਾ ਪ੍ਰਬੰਧ ਕਰੋ’ ਆਦਿ ਨਾਅਰੇ ਲਾ ਰਹੇ ਸਨ।
ਅਧਿਆਪਕ ਆਗੂ ਸੰਦੀਪ ਗਿੱਲ ਨੇ ਦੱਸਿਆ ਕਿ ਪੰਜਾਬੀ, ਹਿੰਦੀ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ 9000 ਤੋਂ ਵੱਧ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਤੇ ਸਰਕਾਰ ਇਨ੍ਹਾਂ ਨੂੰ ਭਰ ਨਹੀਂ ਰਹੀ। ਜ਼ਿਕਰਯੋਗ ਹੈ ਕਿ ਪਿਛਲੇ ਦੋ ਹਫ਼ਤਿਆਂ ਤੋਂ ਜਥੇਬੰਦੀ ਦੇ ਦੋ ਕਾਰਕੁਨ ਬੱਸ ਅੱਡੇ ਦੇ ਨੇੜੇ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਹਨ ਤੇ ਉਥੇ ਹੀ ਮੋਰਚਾ ਲਾਇਆ ਹੋਇਆ ਹੈ। ਇਨ੍ਹਾਂ ਅਧਿਆਪਕਾਂ ਨੇ ਆਪਣਾ ਰੋਸ ਮਾਰਚ ਬੱਸ ਅੱਡੇ ਤੋਂ ਸ਼ੁਰੂ ਕੀਤਾ ਸੀ।