ਪਾਲ ਸਿੰਘ ਨੌਲੀ
ਜਲੰਧਰ, 1 ਫਰਵਰੀ
ਮਾਡਲ ਟਾਊਨ ਨੇੜੇ ਪੀਪੀਆਰ ਮਾਰਕੀਟ ਵਿੱਚ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੇ ਅੱਜ ਦੋ ਟਰੱਕਾਂ ਨੂੰ ਫੜਿਆ ਜਿਨ੍ਹਾਂ ਵਿਚ ਟਰੈਕ ਸੂਟ ਲੱਦੇ ਹੋਏ ਸਨ। ਇਨ੍ਹਾਂ ਟਰੈਕ ਸੂਟਾਂ ਪਿੱਛੇ ਪੰਜਾਬੀ ਵਿਚ ‘ਸਾਡਾ ਚੰਨੀ’ ਲਿਖਿਆ ਹੋਇਆ ਸੀ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਟਰੈਕ ਸੂਟ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿੱਚ ਵੰਡਣ ਲਈ ਜਾ ਰਹੇ ਸਨ ਜਿਹੜੇ ਜਲੰਧਰ ਵਿਚ ਫੜੇ ਗਏ। ‘ਆਪ’ ਵਾਲੰਟੀਅਰਾਂ ਨੇ ਟਰੈਕ ਸੂਟਾਂ ਨਾਲ ਲੱਦੇ ਦੋ ਟਰੱਕ ਫੜਨ ਦੀ ਸ਼ਿਕਾਇਤ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਵੀ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਪਹੁੰਚੀ ਟੀਮ ਜਾਂਚ ’ਚ ਜੁੱਟ ਗਈ ਹੈ। ਇਸੇ ਦੌਰਾਨ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਸੀ। ਇਸੇ ਰੌਲੇ ਰੱਪੇ ਦੌਰਾਨ ਜਲੰਧਰ ਪੱਛਮੀ ਤੋਂ ਆਪ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਤੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਕੌਰ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਠਾਕੁਰ ਮੌਕੇ ’ਤੇ ਪਹੁੰਚ ਗਏ। ਆਪ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਲੋਕਾਂ ਨੂੰ ਲਾਲਚ ਦੇਣ ਦੀ ਰਾਜਨੀਤੀ ਕਰ ਰਹੀ ਹੈ ਤੇ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਇਹ ਟਰੈਕ ਸੂਟ ਵੰਡੇ ਜਾਣੇ ਸਨ, ਜਿਹੜੇ ਕਿ ਇਥੇ ਫੜੇ ਗਏ। ਆਮ ਆਦਮੀ ਪਾਰਟੀ ਦੀ ਆਗੂ ਰਾਜਵਿੰਦਰ ਕੌਰ ਨੇ ਕਿਹਾ ਕਿ ਚੋਣਾਂ ਵਿਚ ਕਿਸੇ ਵੀ ਤਰੀਕੇ ਦਾ ਲਾਲਚ ਦੇਣਾ ਚੋਣ ਕਮਿਸ਼ਨ ਦੇ ਨਿਯਮਾਂ ਦੇ ਉਲਟ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਠਾਕੁਰ ਨੇ ਕਿਹਾ ਕਿ ਪਾਰਟੀ ਕਿਸੇ ਨੂੰ ਵੀ ਲਾਲਚ ਨਹੀਂ ਦੇ ਰਹੀ ਸਗੋਂ ਵਿਕਾਸ ਦੇ ਕੀਤੇ ਕੰਮਾਂ ’ਚ ਭਰੋਸਾ ਰੱਖ ਰਹੀ ਹੈ।