ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਫਰਵਰੀ
ਹਲਕਾ ਭੁਲੱਥ ਵਿਚ ਚੋਣ ਪ੍ਰਚਾਰ ਪੰਜਾਬ ਦੇ ਦੂਜੇ ਵਿਧਾਨ ਸਭਾ ਹਲਕਿਆਂ ਨਾਲੋਂ ਹਮੇਸ਼ਾ ਵੱਖਰਾ ਰਹਿੰਦਾ ਹੈ। ਸੂਬੇ ਦੇ ਲੋਕ ਇਸ ਹਲਕੇ ’ਤੇ ਵੀ ਨਜ਼ਰਾਂ ਟਿਕਾ ਕੇ ਰੱਖਦੇ ਹਨ ਕਿਉਂਕਿ ਇਥੇ ਸਿਆਸੀ ਟੱਕਰ ਬੀਬੀ ਜਗੀਰ ਕੌਰ ਤੇ ਸੁਖਪਾਲ ਸਿੰਘ ਖਹਿਰਾ ਵਿਚ ਹੀ ਹੁੰਦੀ ਆਈ ਹੈ। ਭੁਲੱਥ ਹਲਕੇ ਦੇ ਪਿੰਡ ਮਿਆਣੀ ਭੱਗੂਪੁਰੀਆ ’ਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਣਨਗੇ ਤੇ ਉਨ੍ਹਾਂ ਤੋਂ ਬਾਅਦ ਵਜ਼ਾਰਤ ਵਿਚ ਵੱਡੀ ਕੁਰਸੀ ਬੀਬੀ ਜਗੀਰ ਕੌਰ ਦੀ ਹੋਵੇਗੀ। ਉਨ੍ਹਾਂ ਵੱਲੋਂ ਏਨੀ ਗੱਲ ਕਹਿੰਦਿਆਂ ਹੀ ਪੰਡਾਲ ਵਿਚ ਜੈਕਾਰੇ ਲੱਗਣ ਲੱਗ ਪਏ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਦਸ ਸਾਲ ਤੱਕ ਰਹੀ ਸਰਕਾਰ ਦੀਆਂ ਪ੍ਰਾਪਤੀਆਂ ਦੱਸ ਕੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਾਂਗਰਸ ’ਤੇ ਗਰੀਬਾਂ ਦੇ ਨੀਲੇ ਕਾਰਡ ਕੱਟਣ ਤੇ ਸ਼ਗਨ ਸਕੀਮਾਂ ਨਾ ਦੇਣ ਦਾ ਦੋਸ਼ ਲਾਇਆ।
ਭੁਲੱਥ ਹਲਕੇ ਦੇ ਪਿੰਡ ਬਹਿਲੋਲਪੁਰ, ਪ੍ਰੇਮ ਨਗਰ, ਮਾਡਲ ਟਾਊਨ, ਮਾਂਗੇਵਾਲ, ਸੰਗੋਵਾਲ ਤੇ ਰਮੀਦੀ ਸਮੇਤ ਦਰਜਨਾਂ ਪਿੰਡਾਂ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਦੇ ਹਵਾਲੇ ਨਾਲ ਲੋਕਾਂ ਕੋਲੋਂ ਵੋਟਾਂ ਮੰਗੀਆਂ।