ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 1 ਨਵੰਬਰ
ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਆਪਣੀ ਗੱਡੀ ਰੁਕਵਾ ਕੇ ਕਿਸਾਨਾਂ ਵੱਲੋਂ ਝੋਨੇ ਵੀ ਪਰਾਲੀ ਨੂੰ ਲੱਗੀ ਅੱਗ ਆਪ ਬੁਝਾਈ। ਵਿਧਾਇਕ ਆਪਣੇ ਕਾਫ਼ਲੇ ਸਮੇਤ ਹਲਕੇ ਦੇ ਪਿੰਡ ਘੋੜਾਬਾਹੀ ਕੋਲੋਂ ਲੰਘ ਰਹੇ ਸਨ ਅਤੇ ਉਨ੍ਹਾਂ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਲੱਗੀ ਹੋਈ ਅੱਗ ਵੇਖੀ ਤਾਂ ਗੱਡੀ ਵਿਚੋਂ ਉਤਰ ਕੇ ਆਪ ਅੱਗ ਬੁਝਾਉਣ ਲਈ ਨੇੜਲੀ ਖਾਲ ਵਿੱਚੋਂ ਪਾਣੀ ਪਾਉਣ ਲੱਗ ਪਏ। ਇਸ ਤਰ੍ਹਾਂ ਵਿਧਾਇਕ ਵੱਲੋਂ ਅੱਗ ਬੁਝਾਉਂਦਿਆਂ ਦੇਖ ਆਸਪਾਸ ਦੇ ਕਿਸਾਨ ਇਕੱਠੇ ਹੋ ਗਏ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਨਾਲ ਵਾਤਾਵਰਣ ਨੂੰ ਹੋਰ ਵਧੇਰੇ ਗੰਧਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਪਰਾਲੀ ਨੂੰ ਅੱਗ ਲਾਉਣ ਨਾਲ ਖੇਤਾਂ ਦੇ ਨੇੜਲੀ ਹਰੀ ਬਨਸਪਤੀ ਸੜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਗ ਦੀ ਤਪਸ਼ ਨਾਲ ਖੇਤੀ ਲਈ ਲਾਹੇਵੰਦ ਮਿੱਤਰ ਕੀੜੇ ਵੀ ਸੜ ਜਾਂਦੇ ਹਨ ਅਤੇ ਜ਼ਮੀਨ ਸਖ਼ਤ ਹੋਣ ਨਾਲ ਉਪਜਾਊ ਸ਼ਕਤੀ ਘਟਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਝੋਨੇ ਦੀ ਖੇਤਾਂ ਵਿੱਚ ਬਚੀ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਖਪਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਮਸ਼ੀਨਾਂ ਕਿਰਾਏ ’ਤੇ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।