ਪਾਲ ਸਿੰਘ ਨੌਲੀ
ਜਲੰਧਰ, 9 ਮਾਰਚ
ਦੋਆਬਾ ਖੇਤਰ ਦੀਆਂ 23 ਵਿਧਾਨ ਸਭਾ ਦੀਆਂ ਸੀਟਾਂ ਲਈ 219 ਉਮੀਦਵਾਰਾਂ ਦਾ ਫੈਸਲਾ ਭਲਕੇ 10 ਮਾਰਚ ਨੂੰ ਹੋਵੇਗਾ। ਜਲੰਧਰ ਵਿੱਚ ਨੌਂ ਵਿਧਾਨ ਸਭਾ ਸੀਟਾਂ ਲਈ 94, ਕਪੂਰਥਲਾ ਦੀਆਂ ਚਾਰ ਸੀਟਾਂ ਲਈ 35, ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਸੱਤ ਸੀਟਾਂ ਲਈ 65 ਅਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਤਿੰਨ ਸੀਟਾਂ ਲਈ 25 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋ ਜਾਵੇਗੀ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਬਹੁਤੇ ਉਮੀਦਵਾਰਾਂ ਨੇ ਅੱਜ ਸਾਰਾ ਦਿਨ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਰੱਖਿਆ। ਕਈ ਉਮੀਦਵਾਰ ਤਾਂ ਪੂਰੀ ਤਰ੍ਹਾਂ ਮਸਤ ਰਹੇ। ਉਨ੍ਹਾਂ ਨਤੀਜਿਆਂ ਤੋਂ ਪਹਿਲਾਂ ਗੁਰੂਘਰਾਂ ਵਿਚ ਮੱਥਾ ਟੈਕਿਆ ਤਾਂ ਕਈਆਂ ਨੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ।
ਜਲੰਧਰ ਛਾਉਣੀ ਤੋਂ ਤੀਜੀ ਵਾਰ ਚੋਣ ਲੜ ਰਹੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਵੇਰੇ ਜਿਮ ਵਿੱਚ ਜਾ ਕੇ ਚੰਗਾ ਸਮਾਂ ਬਿਤਾਇਆ। ਉਪਰੰਤ ਉਹ ਆਪਣੇ ਗਿਣਤੀ ਏਜੰਟਾਂ ਨੂੰ ਨਾਲ ਲੈ ਕੇ ਗਿਣਤੀ ਕੇਂਦਰ ਗਏ ਤੇ ਉੱਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪਰਗਟ ਸਿੰਘ ਨੇ ਦੱਸਿਆ ਕਿ ਘਰ ਆ ਕੇ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਤੀਜੀ ਚੋਣ ਹੈ ਅਤੇ ਉਹ ਜਾਣਦੇ ਹਨ ਕਿ ਆਪਣੇ ਦਿਮਾਗ ਨੂੰ ਟਿਕਾਣੇ ਸਿਰ ਕਿਵੇਂ ਰੱਖਣਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਲੱਡੂਆਂ ਲਈ ਕੋਈ ਆਰਡਰ ਨਹੀਂ ਦਿੱਤਾ ਗਿਆ ਹੈ। ਅਜਿਹੇ ਪ੍ਰਬੰਧ ਹਮੇਸ਼ਾ ਮੌਕੇ ’ਤੇ ਕੀਤੇ ਜਾਂਦੇ ਹਨ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੋ ਕਿ ਕਪੂਰਥਲਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ, ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਦਿਨ ਵਰਕਰਾਂ ਨਾਲ ਮੀਟਿੰਗਾਂ ਕਰਨ ਅਤੇ ਫਿਰ ਵਿਆਹ ਸਮਾਗਮ ਲਈ ਬਠਿੰਡਾ ਜਾ ਕੇ ਬਿਤਾਇਆ। ਰਾਣਾ ਲਈ ਇਹ ਵੱਕਾਰ ਦੀ ਲੜਾਈ ਹੋਣ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਵੀ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਹਨ।
ਆਦਮਪੁਰ ਦੇ ਉਮੀਦਵਾਰ ਪਵਨ ਟੀਨੂੰ ਅਤੇ ਜਲੰਧਰ ਛਾਉਣੀ ਤੋਂ ਜਗਬੀਰ ਬਰਾੜ ਸਮੇਤ ਅਕਾਲੀ ਉਮੀਦਵਾਰ ਗਿਣਤੀ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਗਏ। ਦੋਆਬੇ ਵਿੱਚ ‘ਆਪ’ ਦੇ ਚੰਗੇ ਪ੍ਰਦਰਸ਼ਨ ਦੀ ਆਸ ਨਹੀਂ ਹੈ। 23 ਸੀਟਾਂ ਵਿੱਚੋਂ ਜ਼ਿਆਦਾਤਰ ’ਤੇ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਹੋਣ ਦੀ ਸੰਭਾਵਨਾ ਹੈ। ਉਂਜ ਇਹ ਵੇਖਣਾ ਬਾਕੀ ਹੈ ਕਿ ਇੱਥੋਂ ਦੀਆਂ ਅੱਠ ਰਾਖਵੀਆਂ ਸੀਟਾਂ ਫਗਵਾੜਾ, ਬੰਗਾ, ਆਦਮਪੁਰ, ਫਿਲੌਰ, ਕਰਤਾਰਪੁਰ, ਜਲੰਧਰ ਪੱਛਮੀ, ਸ਼ਾਮਚੁਰਾਸੀ ਅਤੇ ਚੱਬੇਵਾਲ ਕਿਸ ਪਾਸੇ ਜਾਂਦੀਆਂ ਹਨ ਅਤੇ ਕਿਹੜਾ ਫੈਕਟਰ ਵੱਡੀ ਭੂਮਿਕਾ ਨਿਭਾਉਂਦਾ ਹੈ। ਇਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ੁਦ ਦਲਿਤ ਵਰਗ ਨਾਲ ਸਬੰਧਤ ਹਨ।