ਜਲੰਧਰ: ਸਥਾਨਕ ਨਿੱਜੀ ਸਕੂਲ ਵਿਚ ਚੌਕੀਦਾਰ ਦੀ ਸਕੂਲ ਦੇ ਕਮਰੇ ’ਚੋਂ ਲਾਸ਼ ਮਿਲੀ ਹੈ। ਲਾਸ਼ ਬੈੱਡ ਦੇ ਹੇਠਾਂ ਡਿੱਗੀ ਹੋਈ ਸੀ ਤੇ ਨੱਕ ਵਿਚੋਂ ਖ਼ੂਨ ਵਗ ਰਿਹਾ ਸੀ। ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਵਿਚ ਜੁੱਟ ਗਈ। ਜਾਣਕਾਰੀ ਅਨੁਸਾਰ ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਵਿਚ ਕਾਂਤਾ ਪ੍ਰਸਾਦ ਨਾਂ ਦਾ ਵਿਅਕਤੀ ਚੌਕੀਦਾਰੀ ਕਰਦਾ ਸੀ। ਸਕੂਲ ਸਟਾਫ ਨੇ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਪਰਿਵਾਰ ਵਾਲੇ ਵੀ ਮੌਕੇ ’ਤੇ ਪਹੁੰਚ ਗਏ। ਮਾਡਲ ਟਾਊਨ ਦੇ ਏਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ, ਉਸ ਦੀ ਮੌਤ ਦਾ ਕਾਰਨ ਇਹ ਵੀ ਹੋ ਸਕਦਾ ਹੈ ਪਰ ਪੁਖਤਾ ਤੌਰ ’ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। -ਨਿੱਜੀ ਪੱਤਰ ਪ੍ਰੇਰਕ