ਪਾਲ ਸਿੰਘ ਨੌਲੀ
ਜਲੰਧਰ, 15 ਫਰਵਰੀ
ਸ੍ਰੀ ਗੁਰੂ ਰਵਿਦਾਸ ਦੇ 645ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਇਥੇ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ’ਚ ਦਲਿਤ ਭਾਈਚਾਰੇ ਦੀਆਂ ਸੰਗਤਾਂ ਨੇ ਹਿੱਸਾ ਲਿਆ। ਇਹ ਸ਼ੋਭਾ ਯਾਤਰਾ ਬੂਟਾ ਮੰਡੀ ਸਥਿਤ ਰਵਿਦਾਸ ਧਾਮ ਤੋਂ ਸ਼ੁਰੂ ਹੋਈ। ਇਸ ਮੌਕੇ ਸ਼ਹਿਰ ਦੀਆਂ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਸ਼ੋਭਾ ਯਾਤਰਾ ਦੌਰਾਨ ਟਰੈਕਟਰ ਟਰਾਲੀਆਂ, ਕਾਰਾਂ, ਜੀਪਾਂ ਤੇ ਹੋਰ ਵਾਹਨਾਂ ’ਤੇ ਵੱਡੀ ਗਿਣਤੀ ’ਚ ਸੰਗਤਾਂ ਆਈਆਂ ਹੋਈਆਂ ਸਨ। ਸ਼ੋਭਾ ਯਾਤਰਾ ’ਚ ਗੁਰੂ ਰਵਿਦਾਸ ਦੇ ਜੀਵਨ ਨਾਲ ਸਬੰਧਤ ਖੂਬਸੂਰਤ ਝਾਕੀਆਂ ਬਣਾਈਆਂ ਹੋਈਆਂ ਸਨ। ਇਨ੍ਹਾਂ ਝਾਕੀਆਂ ਵਿਚ ਭਗਵਾਨ ਬਾਲਮੀਕ ਅਤੇ ਡਾ. ਭੀਮ ਰਾਓ ਅੰਬੇਡਕਰ ਸਮੇਤ ਹੋਰ ਦਲਿਤ ਭਾਈਚਾਰੇ ਨਾਲ ਸਬੰਧਤ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਪ੍ਰਮੁੱਖਤਾ ਨਾਲ ਲਾਈਆਂ ਹੋਈਆਂ ਸਨ।
ਇਹ ਸ਼ੋਭਾ ਯਾਤਰਾ ਰਵਿਦਾਸ ਧਾਮ ਤੋਂ ਸ਼ੁਰੂ ਹੋ ਕੇ ਡਾ. ਅੰਬੇਡਕਰ ਚੌਕ, ਭਗਵਾਨ ਬਾਲਮੀਕ ਚੌਕ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਹੁੰਦੀ ਹੋਈ ਵਾਪਸ ਰਵਿਦਾਸ ਧਾਮ ’ਤੇ ਸੰਪੰਨ ਹੋਈ। ਸ਼ੋਭਾ ਯਾਤਰਾ ਵਿਚ ਪਿੰਡਾਂ ਦੀ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ। ਸੰਗਤਾਂ ਲਈ ਥਾਂ-ਥਾਂ ’ਤੇ ਲੰਗਰ ਲਗਾਏ ਗਏ ਸਨ। ਕਾਂਗਰਸ ਵੱਲੋਂ ਉਮੀਦਵਾਰ ਸੁਸ਼ੀਲ ਰਿੰਕੂ, ਬਾਵਾ ਹੈਨਰੀ, ਰਜਿੰਦਰ ਬੇਰੀ, ਪਰਗਟ ਸਿੰਘ, ਚੌਧਰੀ ਸੁਰਿੰਦਰ ਸਿੰਘ ਤੇ ਭਾਜਪਾ ਦੇ ਮਨੋਰੰਜਨ ਕਾਲੀਆ ਸ਼ੋਭਾ ਯਾਤਰਾ ਵਿੰਚ ਸ਼ਾਮਲ ਹੋਏ।