ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਫਰਵਰੀ
ਕਿਰਤੀ ਕਿਸਾਨ ਯੂਨੀਅਨ ਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਪਿੰਡ ਉਧੋਵਾਲ ’ਚ ਦਿੱਲੀ ਦੀਆਂ ਬਰੂਹਾਂ ’ਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲੜੇ ਜੇਤੂ ਘੋਲ ’ਚ ਆਪਣਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੀ ਇਸਤਰੀ ਵਿੰਗ ਅਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ‘ਲੋਕ ਵਿਰੋਧੀ ਕਾਨੂੰਨਾਂ ਖਿਲਾਫ ਲੜੇ ਘੋਲ ’ਚ ਔਰਤਾਂ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਬਾਬਾ ਨਾਨਕ ਨੇ ਔਰਤਾਂ ਨੂੰ ਬਹੁਤ ਵੱਡਾ ਸਥਾਨ ਦਿੱਤਾ ਹੈ ਪਰ ਸਮਾਜ ਨੇ ਬਾਬਾ ਨਾਨਕ ਨੂੰ ਤਾਂ ਅਪਣਾਇਆ ਪਰ ਉਨ੍ਹਾਂ ਦੀ ਸੋਚ ਨੂੰ ਨਹੀਂ। ਪ੍ਰੋ. ਕਾਕੜਾ ਨੇ ਕਿਹਾ ਕਿ ਜਦੋਂ ਵੀ ਔਰਤ ਨੂੰ ਉਸ ਦੀ ਬਣਦੀ ਥਾਂ, ਸਨਮਾਨ ਅਤੇ ਆਜ਼ਾਦੀ ਦਿੱਤੀ ਹੈ ਤਾਂ ਉਸ ਨੇ ਆਪਣਾ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਇਸੇ ਲਈ ਫਾਸੀਵਾਦੀ ਹਕੂਮਤ ਨੂੰ ਲੋਕ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਇਸੇ ਮੌਕੇ ਮਹਿਤਪੁਰ ਇਲਾਕੇ ਦੀਆਂ ਉਨ੍ਹਾਂ ਸੰਸਥਾਵਾਂ ਤੇ ਵਿਅਕਤੀਆਂ ਨੂੰ ਸਨਮਾਨਿਆ ਗਿਆ ਜਿਨ੍ਹਾਂ ਨੇ ਦਿੱਲੀ ਘੋਲ ਵਿੱਚ ਆਪਣਾ ਯੋਗਦਾਨ ਪਾਇਆ। ਇਸੇ ਦੌਰਾਨ ਡਾ. ਸਾਹਿਬ ਸਿੰਘ ਨੇ ਆਪਣਾ ਨਾਟਕ ‘ਸੰਮਾਂ ਵਾਲੀ ਡਾਂਗ ਪੇਸ਼ ਕੀਤਾ।