ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਮਈ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਜਲੰਧਰ ਨੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਡਾਕਟਰਾਂ ਵੱਲੋਂ ਦੱਸੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਸੁਸਾਇਟੀ ਨੇ ਸਰਕਾਰਾਂ ਦੇ ਮਾੜੇ ਪ੍ਰਬੰਧਾਂ ਦੀ ਆਲੋਚਨਾ ਕੀਤੀ ਜਿਸ ਕਾਰਨ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ। ਸੁਸਾਇਟੀ ਦੇ ਆਗੂਆਂ ਮਾਸਟਰ ਸੁਖਦੇਵ ਫਗਵਾੜਾ, ਸੁਖਵਿੰਦਰ ਬਾਗਪੁਰ, ਬਿੱਟੂ ਰੂਪੇਵਾਲ, ਵੇਦ ਪ੍ਰਕਾਸ਼ ਸੋਨੀ ਅਤੇ ਹੋਰ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਟੈਲੀਵਿਜ਼ਨ ’ਤੇ ਸੰਕਟ ਦੇ ਸਮੇਂ ਲੋਕਾਂ ਦਾ ਮਨੋਬਲ ਵਧਾਉਣ ਦੀ ਬਜਾਏ ਮੌਤਾਂ ਦੇ ਡਰਾਉਣੇ ਦ੍ਰਿਸ਼ ਦਿਖਾ ਕੇ ਉਨ੍ਹਾਂ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਆਪਣੇ ਜਮਹੂਰੀ ਮਸਲਿਆਂ ’ਤੇ ਲੜਨ ਲਈ ਘਰਾਂ ਤੋਂ ਬਾਹਰ ਨਾ ਨਿਕਲਣ। ਸੁਸਾਇਟੀ ਆਗੂਆਂ ਨੇ ਕਿਰਤੀ ਅਤੇ ਜਮਹੂਰੀ ਸੋਚ ਵਾਲੇ ਲੋਕਾਂ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ ਨੂੰ ਹਰ ਤਰ੍ਹਾਂ ਦੀ ਹਮਾਇਤ ਦੇਣ ਦੀ ਅਪੀਲ ਵੀ ਕੀਤੀ। ਆਖਰ ਵਿੱਚ ਕਿਰਤੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦੇ ਸ਼ਾਇਰ ਮਹਿੰਦਰ ਸਾਥੀ ਦੇ ਦੇਹਾਂਤ ਨੂੰ ਸਮਾਜਿਕ ਤਬਦੀਲੀ ਦੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ, ਜਸਵੀਰ ਸਿੰਘ, ਨਸੀਬ ਚੰਦ, ਸੁਰਿੰਦਰ ਪਾਲ ਪੱਦੀ, ਬਲਵਿੰਦਰ ਬੁਲੋਵਾਲ, ਸੁਖਜੀਤ ਸਿੰਘ ਤੇ ਰਾਮ ਲੁਭਾਇਆ ਹਾਜ਼ਰ ਸਨ।