ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਦਸੰਬਰ
ਇੱਥੋਂ ਦੇ ਅੱਡਾ ਹੁਸ਼ਿਆਰਪੁਰ ’ਚ ਬਿੱਟੂ ਓਵਰਸੀਜ਼ ਦੇ ਦਫ਼ਤਰਾਂ ਅਤੇ ਹੋਰ ਕਾਰੋਬਾਰੀ ਅਦਾਰਿਆਂ ’ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ। ਜਾਣਕਾਰੀ ਮੁਤਾਬਕ ਅਚਾਨਕ ਇਨਕਮ ਟੈਕਸ ਵਿਭਾਗ ਦੇ ਅਫ਼ਸਰਾਂ ਦੀਆਂ ਗੱਡੀਆਂ ਰੁਕੀਆਂ ਤੇ ਉਨ੍ਹਾਂ ਆਉਂਦੇ ਹੀ ਮਨੀ ਐਕਸਚੇਂਜਰ ਦੇ ਦਫ਼ਤਰ ਨੂੰ ਘੇਰਾ ਪਾ ਲਿਆ। ਉਨ੍ਹਾਂ ਦਫ਼ਤਰ ਅੰਦਰ ਜਾ ਕੇ ਪੁੱਛਗਿੱਛ ਕੀਤੀ। ਅਧਿਕਾਰਤ ਤੌਰ ’ਤੇ ਇਨਕਮ ਟੈਕਸ ਦੇ ਅਫ਼ਸਰਾਂ ਨੇ ਕਿਸੇ ਵੀ ਗੱਲ ਦਾ ਖੁਲਾਸਾ ਨਹੀਂ ਕੀਤਾ। ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਨਾਲ ਸਥਾਨਕ ਪੁਲੀਸ ਦੀਆਂ ਟੀਮਾਂ ਵੀ ਸਨ ਜਿਹੜੀਆਂ ਕੇਂਦਰ ਤੋਂ ਆਈ ਟੀਮ ਨੂੰ ਅੰਦਰ ਲੈ ਕੇ ਗਈਆਂ। ਖਬਰ ਲਿਖੇ ਜਾਣ ਤੱਕ ਛਾਪਾ ਮਾਰਨ ਵਾਲੀ ਟੀਮ ਦਫ਼ਤਰ ਦਾ ਰਿਕਾਰਡ ਖੰਘਾਲ ਰਹੀ ਸੀ। ਇਸੇ ਦਫ਼ਤਰ ਵਿੱਚ ਈਡੀ ਨੇ ਵੀ ਪਹਿਲਾਂ ਛਾਪਾ ਮਾਰਿਆ ਸੀ।