ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਨਵੰਬਰ
ਪੰਜਾਬ ਲੋਕ ਹਿੱਤ ਪਾਰਟੀ ਦੇ ਪ੍ਰਧਾਨ ਮਲਕੀਤ ਸਿੰਘ ਬੀਰਮੀ ਨੇ ਐਲਾਨ ਕੀਤਾ ਹੈ ਕਿ ਅਗਾਮੀ-2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਸਾਰੀਆਂ 117 ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਮੁਫ਼ਤਖੋਰੇ ਬਣਾ ਕੇ ਰੱਖ ਦਿੱਤਾ ਹੈ ਪਰ ਸੂਬੇ ਦੇ ਲੋਕ ਸਿਆਣੇ ਤੇ ਸੂਝਵਾਨ ਹਨ, ਜੋ ਇਸ ਵਾਰ ਇਨ੍ਹਾਂ ਪਾਰਟੀਆਂ ਦੇ ਝਾਂਸਿਆਂ ਵਿੱਚ ਨਹੀਂ ਆਉਣਗੇ। ਬੀਰਮੀ ਨੇ ਅੱਜ ਇੱਥੇ ਬਿਜਲੀ ਮੁੱਦੇ ’ਤੇ ਕਿਹਾ ਕਿ ਆਮ ਆਦਮੀ ਪਾਰਟੀ 300 ਯੂਨਿਟ ਜਦਕਿ ਅਕਾਲੀ ਦਲ 400 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਗੱਲ ਕਰ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 7 ਕਿੱਲੋਵਾਟ ਦੇ ਲੋਡ ਤੱਕ ਤਿੰਨ ਰੁਪਏ ਪ੍ਰਤੀ ਯੂਨਿਟ ਰੇਟ ਘਟਾ ਕੇ 69 ਲੱਖ ਕੁਨੈਕਸ਼ਨਾਂ ਤੋਂ 3,316 ਕਰੋੜ ਦਾ ਵਾਧੂ ਬੋਝ ਪਾ ਦਿੱਤਾ। ਇਸ ਬੋਝ ਦੀ ਭਰਪਾਈ ਸਰਕਾਰ ਕਿੱਥੋਂ ਕਰਵਾਏਗੀ ? ਇਹ ਦੱਸਿਆ ਹੀ ਨਹੀਂ ਗਿਆ।
ਉਨ੍ਹਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ ਅਤੇ ਬਾਹਰਲੇ ਸੂਬਿਆਂ ਵਿੱਚ ਪੰਜਾਬੀਆਂ ਵੱਲੋਂ ਜਾਇਦਾਦ ਨਾ ਖ਼ਰੀਦ ਸਕਣ ਦੇ ਮੁੱਦੇ ’ਤੇ ਵੀ ਹੁਣ ਤੱਕ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ, ਜਦਕਿ ਪੰਜਾਬ ਵਿੱਚ ਜਾਇਦਾਦ ਖ਼ਰੀਦਣ ’ਤੇ ਕਿਸੇ ਉੱਤੇ ਕੋਈ ਰੋਕ ਨਹੀਂ ਹੈ।