ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਅਕਤੂਬਰ
ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਨੇ ਰਿਹਾਇਸ਼ੀ ਪਲਾਟਾਂ ਅਤੇ ਸੂਬਾ ਸਰਕਾਰ ਵੱਲੋਂ ਮੰਨੀਆਂ ਹੋਰ ਮੰਗਾਂ ਲਾਗੂ ਕਰਵਾਉਣ ਲਈ ਡੀਸੀ ਜਲੰਧਰ ਦੇ ਦਫਤਰ ਅੱਗੇ ਧਰਨਾ ਦਿੱਤਾ ਅਤੇ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਾਵੇਂ ਮਜ਼ਦੂਰਾਂ ਨੂੰ 5 -5 ਮਰਲੇ ਦੇ ਰਿਹਾਇਸ਼ੀ ਪਲਾਟ ਅਲਾਟ ਕਰਨ ਦੀ ਚਿੱਠੀ ਜਾਰੀ ਕਰ ਦਿੱਤੀ ਹੈ ਪਰ ਕੋਈ ਵੀ ਅਧਿਕਾਰੀ ਇਸ ’ਤੇ ਅਮਲ ਨਹੀਂ ਕਰ ਰਿਹਾ। ਇਸ ਮੌਕੇ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਭਾਵੇਂ ਸੂਬੇ ਦਾ ਮੁੱਖ ਮੰਤਰੀ ਦਲਿਤ ਭਾਈਚਾਰੇ ’ਚੋਂ ਬਣ ਗਿਆ ਹੈ ਪਰ ਦਲਿਤਾਂ ਦੀ ਆਵਾਜ਼ ਅੱਜ ਵੀ ਸੁਣੀ ਨਹੀਂ ਜਾ ਰਹੀ। ਇਸੇ ਦੌਰਾਨ ਮਜ਼ਦੂਰਾਂ ਨੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਤੋਂ ਲੈ ਕੇ ਡੀਸੀ ਦਫਤਰ ਤੱਕ ਮੁਜ਼ਾਹਰਾ ਕੀਤਾ ਅਤੇ ਡਿਪਟੀ ਕਮਿਸ਼ਨਰ ਦੀ ਗੈਰਹਾਜ਼ਰੀ ਕਾਰਨ ਗੁੱਸੇ ਵਿੱਚ ਆਏ ਮਜ਼ਦੂਰਾਂ ਨੇ ਨਾਅਰੇਬਾਜ਼ੀ ਕੀਤੀ। ਡੀਸੀ ਦੀ ਵੱਲੋਂ ਐੱਸਡੀਐੱਮ ਹਰਪ੍ਰੀਤ ਸਿੰਘ ਅਟਵਾਲ ਨੇ ਮੰਗ ਪੱਤਰ ਲੈ ਕੇ 18 ਅਕਤੂਬਰ ਨੂੰ ਡੀਸੀ ਨਾਲ ਮੀਟਿੰਗ ਤੈਅ ਕਰਵਾਈ ਅਤੇ ਮਜ਼ਦੂਰਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇ ਮਜ਼ਦੂਰ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇ ਗਾ। ਧਰਨੇ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਬਲਦੇਵ ਸਿੰਘ ਨੂਰਪੁਰੀ, ਹਰਪਾਲ ਸਿੰਘ ਬਿੱਟੂ, ਨਿਰਮਲ ਸਿੰਘ ਮਲਸੀਆਂ, ਸੁਖਜਿੰਦਰ ਲਾਲੀ, ਪਰਮਜੀਤ ਸਿੰਘ ਰੰਧਾਵਾ ਅਤੇ ਸੁਰਿੰਦਰ ਟੋਨੀ ਨੇ ਵੀ ਸੰਬੋਧਨ ਕੀਤਾ।
ਬੀਡੀਪੀਓ ਨੂੰ ਮੰਗ ਪੱਤਰ ਦਿੱਤਾ
ਬਲਾਚੌਰ: (ਪੱਤਰ ਪ੍ਰੇਰਕ): ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅੱਜ ਬੀਡੀਪੀਓ ਸੜੋਆ ਨੂੰ ਮੰਗ ਪੱਤਰ ਦਿੱਤਾ ਗਿਆ। ਪਹਿਲਾਂ ਜਗਦੀਸ਼ ਸੜੋਆ, ਪ੍ਰਦੀਪ ਆਲੋਵਾਲ, ਭਜਨ ਸਹੁੰਗੜਾ ਦੀ ਅਗਵਾਈ ਹੇਠ ਦਾਣਾ ਮੰਡੀ ਇਕੱਠ ਕੀਤਾ ਗਿਆ। ਇਕੱਠ ਨੂੰ ਤਹਿਸੀਲ ਪ੍ਰਧਾਨ ਅਸ਼ੋਕ ਕੁਲਾਰ ਤਹਿਸੀਲ ਸਕੱਤਰ ਬਗ਼ੀਚਾ ਸਿੰਘ ਸਹੂੰਗੜਾ ਇੱਫਟੂ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਰੱਕੜ ਨੇ ਸੰਬਧੋਨ ਕੀਤਾ।