ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਅਗਸਤ
ਗੁਜਰਾਤ ਸਰਕਾਰ ਵੱਲੋਂ ਬਿਲਕੀਸ ਬਾਨੋ ਤੇ ਉਸਦੇ ਪਰਿਵਾਰ ਦੇ ਦੁਖਾਂਤ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਰਿਹਾਅ ਕਰਨ ਦਾ ਜ਼ੋਰਦਾਰ ਵਿਰੋਧ ਕਰਦਿਆਂ ਅੱਜ ਮਹਿਤਪੁਰ ਕਸਬੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਨੀਤਾ ਸੰਧੂ ਦੀ ਅਗਵਾਈ ਹੇਠ ਕਮਿਊਨਿਟੀ ਸੈਂਟਰ (ਸੀਐੱਨਆਈ) ਤੋਂ ਬੱਸ ਸਟੈਂਡ ਤੱਕ ਰੋਸ ਪ੍ਰਦਰਸ਼ਨ ਕੀਤਾ। ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਈਸਾਈ ਆਗੂ ਐਰਟ ਮਸੀਹ, ਪਾਦਰੀ ਅਸ਼ੋਕ ਕੁਮਾਰ, ਐਲਬਰਟ ਗਿੱਲ ਹੇਰਾਂ ਵਿਜੇ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਬਖਸ਼ੋ ਰਾਣੀ, ਜਸਵਿੰਦਰ ਮਹਿਸਮਪੁਰ, ਬਖ਼ਸ਼ੋ ਮਡਿਆਲਾ ਕਿਰਤੀ ਕਿਸਾਨ ਯੂਨੀਅਨ ਦੀ ਆਗੂ ਬੀਬੀ ਸੁਰਜੀਤ ਕੌਰ ਮਾਨ, ਸੰਦੀਪ ਕੌਰ ਆਦਿ ਬੀਬੀਆਂ ਨੇ ਸੰਬੋਧਨ ਕੀਤਾ। ਇਨ੍ਹਾਂ ਆਗੂ ਔਰਤਾਂ ਨੇ ਇੱਕਸੁਰ ਹੁੰਦਿਆ ਕਿਹਾ ਕਿ ਗੁਜਰਾਤ ’ਚ ਮੋਦੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਉਥੇ 2002 ਦੇ ਗੋਧਰਾ ਕਾਂਡ ਮਗਰੋਂ ਜਿਹੜਾ ਕਤਲੇਆਮ ਹੋਇਆ ਤੇ ਔਰਤਾਂ ਨਾਲ ਬਲਾਤਕਾਰ ਕੀਤੇ ਗਏ ਸਨ ਜੋ ਭਾਰਤੀ ਲੋਕਤੰਤਰ ਦੇ ਮੱਥੇ ’ਤੇ ਕਲੰਕ ਹਨ। ਇਸੇ ਤਰ੍ਹਾਂ ਦਾ ਪ੍ਰਗਟਾਵਾ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਕੀਤਾ ਸੀ। ਉਸ ਵੇਲੇ ਬਿਲਕੀਸ ਬਾਨੋ ਨਾਲ ਜਿੱਥੇ ਸਮੂਹਕ ਜ਼ਬਰ-ਜਨਾਹ ਕੀਤਾ ਗਿਆ ਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਤਲ ਕੀਤਾ ਗਿਆ ਸੀ। ਅਜਿਹੇ ਵੱਡੇ ਅਪਰਾਧ ’ਚ ਸ਼ਾਮਲ ਬਲਾਤਕਾਰੀਆਂ ਤੇ ਕਾਤਲਾਂ ਨੂੰ ਆਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਰਿਹਾਅ ਕਰਨਾ ਆਜ਼ਾਦੀ ਦੇ ਨਾਂ ਨੂੰ ਕਲੰਕਿਤ ਕੀਤਾ ਹੈ। ਉਨ੍ਹਾਂ ਸਮੂਹ ਇਨਸਾਫ-ਪਸੰਦ ਅਤੇ ਮਿਹਨਤੀ ਲੋਕਾਂ ਨੂੰ ਇਸ ਗੈਰ-ਇਖਲਾਕੀ ਰਿਹਾਈ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।