ਜਲੰਧਰ: ਦਲਿਤ ਭਾਈਚਾਰੇ ਨਾਲ ਸਬੰਧਤ ਜਥੇਬੰਦੀਆਂ ਨੇ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਿਰੁੱਧ ਐੱਸਸੀਐੱਸਟੀ ਐਕਟ ਤਹਿਤ ਐੱਫਆਈਆਰ ਦਰਜ ਨਾ ਕਰਨ ਦੇ ਵਿਰੋਧ ਵਿਚ ਰਾਮਾਮੰਡੀ ਚੌਕ ’ਚ 6 ਘੰਟਿਆਂ ਤੱਕ ਧਰਨਾ ਦਿੱਤਾ। ਧਰਨਾ ਲਾਉਣ ਨਾਲ ਲੁਧਿਆਣੇ ਵੱਲੋਂ ਆਉਣ ਵਾਲੇ ਵਾਹਨਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਤੇ ਲੋਕ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਖੱਜਲ-ਖੁਆਰ ਹੁੰਦੇ ਰਹੇ। ਇਹ ਧਰਨਾ ਆਲ ਇੰਡੀਆ ਬਾਲਮੀਕਿ ਟਾਈਗਰ ਫੋਰਸ ਤੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੀ ਅਗਵਾਈ ਹੇਠ ਲਾਇਆ ਗਿਆ ਸੀ। ਇਸ ਧਰਨੇ ਵਿਚ ਦਲਿਤ ਭਾਈਚਾਰੇ ਦੇ ਧਾਰਮਿਕ ਆਗੂ ਵੀ ਸ਼ਾਮਲ ਸਨ।ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 21 ਅਪਰੈਲ ਤੱਕ ਜਾਖੜ ਵਿਰੁੱਧ ਐੱਫਆਈਆਰ ਦਰਜ ਨਾ ਹੋਈ ਤਾਂ 22 ਅਪਰੈਲ ਨੂੰ ਵੱਡਾ ਐਕਸ਼ਨ ਕੀਤਾ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ