ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਮਈ
ਦੇਸ਼ ਭਗਤ ਯਾਦਗਾਰ ਹਾਲ ’ਚ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ ਮਿਊਜ਼ੀਅਮ ਨੂੰ ਜਿਥੇ ਮੌਲਿਕ ਤਸਵੀਰਾਂ, ਇਤਿਹਾਸਕ ਟੂਕਾਂ, ਇਤਿਹਾਸਕ ਵਸਤਾਂ ਨਾਲ ਸਜਾਇਆ ਅਤੇ ਨਵਿਆਇਆ ਜਾ ਰਿਹਾ ਹੈ ਉਥੇ ਮਿਊਜ਼ੀਅਮ ਵਿੱਚ ਨਵੀਂ ਰੂਹ ਭਰਨ ਲਈ ਹੋਮ ਥੀਏਟਰ ਬਣਾਉਣ ਲਈ ਵੀ ਤਿਆਰੀਆਂ ਆਰੰਭ ਦਿੱਤੀਆਂ ਹਨ। ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਤੋਂ ਇਲਾਵਾ ਲੋਕ ਪੱਖੀ ਦਸਤਾਵੇਜ਼ੀ ਫਿਲਮਾਂ ਅਤੇ ਕਲਾ ਜਗਤ ਨਾਲ ਜੁੜੀ ਪ੍ਰਤੀਬੱਧਤ ਸੰਸਥਾ ‘ਪੀਪਲਜ਼ ਵਾਇਸ’ ਦੀ ਆਗੂ ਟੀਮ ਕੁਲਵਿੰਦਰ, ਅਰੁਣਦੀਪ ਅਤੇ ਡਾ. ਸੈਲੇਸ ਨੇ ਮਿਊਜ਼ੀਅਮ ਵਿੱਚ ਹੋਮ ਥੀਏਟਰ ਬਣਾਉਣ ਲਈ ਸਭਨਾਂ ਪੱਖਾਂ ਤੋਂ ਜਾਇਜ਼ਾ ਲਿਆ। ਵਿਸ਼ੇਸ਼ ਕਰਕੇ ਸਕਰੀਨ, ਲਾਈਟ ਐਂਡ ਸਾਊਂਡ, ਪ੍ਰੋਜੈਕਟਰ ਅਤੇ ਦਰਸ਼ਕ ਗੈਲਰੀ ਲਈ ਢੁੱਕਵੇਂ ਪ੍ਰਬੰਧ ਕਰਨ ਸਬੰਧੀ ਗੰਭੀਰ ਵਿਚਾਰ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਲੋਕ ਪੱਖੀ ਸੰਸਥਾਵਾਂ ਅਤੇ ਹਾਲ ਵਿਚ ਆਉਣ ਵਾਲੇ ਲੋਕਾਂ ਨੂੰ ਗ਼ਦਰ ਪਾਰਟੀ ਦੇ ਇਤਿਹਾਸ, ਵਿਚਾਰਧਾਰਾ, ਉਦੇਸ਼ਾਂ ਅਤੇ ਦੇਸ਼ ਭਗਤਾਂ ਦੇ ਅਧੂਰੇ ਕਾਜ ਨੇਪਰੇ ਚਾੜ੍ਹਨ ਲਈ ਜਾਗਰੂਕ ਕੀਤਾ ਜਾਵੇਗਾ।